ਸਾਵਧਾਨ ਬਾਦਲਾਂ ਦਾ ‘ਪੰਥ’ ਖਤਰੇ ਵਿਚ ਹੈ

ਸਾਵਧਾਨ ਬਾਦਲਾਂ ਦਾ ‘ਪੰਥ’ ਖਤਰੇ ਵਿਚ ਹੈ

ਜਿਸ ਦਿਨ ਦੀ ਪੰਜਾਬ ਵਿਧਾਨ ਸਭਾ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਟੇਬਲ ਹੋਈ ਹੈ, ਪੰਜਾਬ ‘ਚ ਸ਼੍ਰੋਮਣੀ ਅਕਾਲੀ ਦਲ ਅਤੇ ਉਸ ਉਤੇ ਕਬਜ਼ਾ ਜਮਾਈ ਬੈਠੇ ਪ੍ਰਕਾਸ਼ ਸਿੰਘ ਬਾਦਲ ਤੇ ਉਸਦੇ ਪਰਿਵਾਰ ਨੂੰ ਲਾਹਨਤਾਂ ਪੈ ਰਹੀਆਂ ਹਨ। ਸੇਵਾ ਮੁਕਤ ਜਸਟਿਸ ਰਣਜੀਤ ਸਿੰਘ  ਦੀ ਅਗਵਾਈ ਵਿਚ ਪੰਜਾਬ ਸਰਕਾਰ ਨੇ ਇੱਕ ਮੈਂਬਰੀ ਜਾਂਚ ਕਮਿਸ਼ਨ ਦਾ ਗਠਨ, ਰਾਜ ਵਿਚ ਬੀਤੇ ਸਮੇਂ ਦੌਰਾਨ ਹੋਈਆਂ ਗੁਰੂ ਗ੍ਰੰਥ ਸਾਹਿਬ ਸਮੇਤ ਦੂਜੇ ਧਰਮ-ਗ੍ਰੰਥਾਂ ਦੀ ਬੇਹੁਰਮਤੀ ਦੀਆਂ ਘਟਨਾਵਾਂ ਦੀ ਜਾਂਚ ਲਈ ਕੀਤਾ ਸੀ। ਇਸ ਕਮਿਸ਼ਨ ਨੇ ਇਸੇ ਦੌਰਾਨ ਬਹੁਚਰਚਿਤ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡਾਂ ਦੀ ਵੀ ਜਾਂਚ ਕੀਤੀ, ਜਿਨ੍ਹਾਂ ਵਿਚ ਦੋ ਸਿੱਖ ਨੌਜਵਾਨ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਕੇ ਸ਼ਹੀਦ ਹੋਏ ਸਨ ਤੇ ਸੈਂਕੜੇ ਹੋਰ ਸਿੱਖ ਜ਼ਖਮੀ ਹੋਏ ਸਨ।
ਇਸ ਰਿਪੋਰਟ ਦੇ ਬਾਹਰ ਹੋਣ ਤੋਂ ਬਾਅਦ ਅੱਜ ਹਾਲਾਤ ਇਹ ਬਣੇ ਹੋਏ ਹਨ ਕਿ ਸਿੱਖ ਪੰਥ ਵਿਚ ਚਾਰੇ ਪਾਸਿਓਂ ਬਾਦਲ ਪਵਾਰ ਤੇ ਉਸ ਦੇ ਕਬਜ਼ੇ ਵਾਲੇ ਅਕਾਲੀ ਦਲ ਦੀ ਥੂ-ਥੂ ਹੋ ਰਹੀ ਹੈ। ਪਰ ਇਹ ਅਖੌਤੀ ਆਗੂ ਆਪਣੀ ਜ਼ਿੰਮੇਵਾਰੀ ਕਬੂਲ ਕਰਕੇ ਅਹੁਦਿਆਂ ਤੋਂ ਅਸਤੀਫੇ ਦੇਣ ਦੀ ਗੱੱਲ ਤਾਂ ਦੂਰ ਸਗੋਂ ”ਪੰਥ ਨੂੰ ਖਤਰੇ” ਦਾ ਝੂਠਾ ਰਾਗ ਅਲਾਪ ਰਹੇ ਹਨ। ਸਿੱਖ ਸੰਗਤਾਂ ਵੱਲੋਂ ਗੁਰੁ ਸਾਹਿਬ ਦੀ ਬੇਅਦਬੀ ਵਿਰੁੱਧ ਬੇਅਦਬੀ ਕਾਂਡ ਦੇ ਦੋਸ਼ੀਆਂ ਦੇ ਸਿਆਸੀ ਸਰਪ੍ਰਸਤ ਸਾਬਤ ਹੋਏ ਬਾਦਲਕਿਆਂ ਦੇ ਪੁਤਲੇ ਫੂਕੇ ਜਾ ਰਹੇ ਹਨ। ਜਾਗਦੀ ਜ਼ਮੀਰ ਵਾਲੇ ਸਿੱਖ ਨੌਜਵਾਨ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਆਪਣੇ ਮਨ ਦਾ ਰੋਸ ਪ੍ਰਗਟਾਉਂਦੇ ਨਜ਼ਰ ਆਏ ਹਨ।
ਇਸ ਮੌਕੇ ਬਾਦਲ ਦਲ ਨੇ ਪੂਰੀ ਢੀਠਤਾਈ ਨਾਲ ਲੋਕ ਰੋਹ ਨੂੰ ਦਰਕਿਨਾਰ ਕਰਦਿਆਂ ਆਮ ਭੋਲੇ-ਭਾਲੇ ਸਿੱਖਾਂ ਨੂੰ ਗੁੰਮਰਾਹ ਕਰਨ ਦਾ ਪੁਰਾਣਾ ਪੈਂਤੜਾ ਅਖਤਿਆਰ ਕੀਤਾ ਹੈ। ਹੇਠਾਂ ਤੋਂ ਲੈ ਕੇ ਉਪਰ ਤਕ ਦੀ ਅਕਾਲੀ ਲੀਡਰਸ਼ਿਪ ਨੂੰ ਇਸ ਪਰਚਾਰ ਉਤੇ ਲਗਾ ਦਿੱਤਾ ਗਿਆ ਹੈ ਕਿ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਝੂਠੀ ਹੈ ਤੇ ਕਾਂਗਰਸ ਪਾਰਟੀ ਸ਼੍ਰੋਮਣੀ ਕਮੇਟੀ ਉਤੇ ਕਬਜ਼ਾ ਕਰਨ ਦੀ ਤਾਕ ਵਿਚ ਇਹ ਸਭ ਕਰ ਰਹੀ ਹੈ।
ਇਸ ਕਰਕੇ ਹਰ ਜਾਗਤ ਪੰਥ ਦਰਦੀ ਤੇ ਪੰਜਾਬ ਦਾ ਭਲਾ ਚਾਹੁਣ ਵਾਲੇ ਵਿਅਕਤੀ ਦਾ ਇਹ ਫਰਜ਼ ਬਣਦਾ ਹੈ ਕਿ ਉਹ ਬਾਦਲਕਿਆਂ ਦੇ ਇਸ ‘ਸਿਆਸੀ-ਖੇਲ’ ਵਿਚ ਆਮ ਸਿੱਖਾਂ ਦੇ ਅਣਜਾਣੇ ਵਿਚ ਨਾ ਫਸਣ ਨੂੰ ਯਕੀਨੀ ਬਣਾਏ ਜਾਣ ਦੀਆਂ ਕੋਸ਼ਿਸ਼ਾਂ ਵਿਚ ਜੁਟ ਜਾਣ। ਸਿੱਖ ਪੰਥ ਤੇ ਪੰਜਾਬ ਦੀ ਬਿਹਤਰੀ ਵਾਸਤੇ ਗੁਰੂ ਗ੍ਰੰਥ ਦੇ ਗੁਨਾਹਗਾਰਾਂ ਦਾ ਬਿਸਤਰਾ ਗੋਲ ਕਰਨਾ ਲਾਜ਼ਮੀ ਹੈ।
ਬਰਗਾੜੀ ਮੋਰਚੇ ‘ਚ ਸੰਗਤਾਂ ਦੇ ਵਧਦੇ ਹੁੰਗਾਰੇ ਨੇ ਇਹ ਅਹਿਸਾਸ ਜ਼ਰੂਰ ਕਰਵਾਇਆ ਹੈ ਕਿ ਪੰਥਕ ਜਜ਼ਬਾ, ਗੁਰੁ ਸਾਹਿਬ ਦੇ ਨਾਮ ‘ਤੇ ਉਬਾਲਾ ਖਾ ਚੁੱਕਾ ਹੈ। ਹੁਣ ਲੋੜ ਪੰਥ ਦੇ ਦੁਸ਼ਮਣਾਂ ਦੀਆਂ ਲੂੰਬੜ ਚਾਲਾਂ ਨੂੰ ਸਮਝਣ ਦੀ ਹੈ। ਸਿੱਖ ਪੰਥ ਦੇ ਸੁੱਚੇ ਜਜ਼ਬਿਆਂ ਨੂੰ ਸਿਆਸੀ ਲਾਹਾ ਲੈਣ ਲਈ ਕੋਈ ਸਿਆਸੀ ਮੋੜ ਦੇਣ ਦੀ ਕੋਸ਼ਿਸ਼ ਨਾ ਹੋ ਸਕੇ, ਇਸ ਵਾਸਤੇ ਪੰਥ ਦਰਦੀਆਂ ਦੀ ਸੁਚੇਤ ਪਹਿਰੇਦਾਰੀ ਦੀ ਸਖਤ ਜ਼ਰੂਰਤ ਹੈ। ”ਪੰਥ ਖਤਰੇ ਵਿਚ ” ਵਾਲਾ ਬਾਦਲੀ ਜੁਮਲਾ ਭਾਵੇਂ ਹੁਣ ਵੇਲਾ ਵਿਹਾ ਚੁੱਕਾ ਹੈ ਪਰ ਜੋ ਲੋਕ ਸੱਤਾ ਦੇ ਲਾਲਚ ਵਿਚ ਗੁਰੂ ਨੂੰ ਪਿੱਠ ਵਿਖਾ ਗਏ, ਉਨ੍ਹਾਂ ਕੋਲੋਂ ਕਿਸੇ ਭਲੀ ਦੀ ਆਸ ਕਰਨਾ ਹੀ ਬੇਮਾਅਨਾ ਹੈ। ਹਾਲੇ ਵੀ ਵਿਕਾਊ ਮਾਲ ਫੋਕੀਆਂ ਫੜ੍ਹਾਂ ਮਾ ਰਿਹਾ ਹੈ।
ਹਕੀਕਤ ਇਹ ਹੈ ਕਿ ਜਿਸ ਦਿਨ ਸਿਆਸੀ ਆਗੂਆਂ ਦੀ ਭਰੋਸੇਯੋਗਤਾ ਲੋਕਾਂ ‘ਚ ਖ਼ਤਮ ਹੋ ਜਾਂਦੀ ਹੈ, ਉਸੇ ਦਿਨ ਉਨ੍ਹਾਂ ਦੀ ਸਿਆਸੀ ਮੌਤ ਹੋ ਜਾਂਦੀ ਹੈ । ਪਿਛਲੀ ਅੱਧੀ ਸਦੀ ਤੋਂ ਸਿੱਖ ਸਿਆਸਤ ਦੇ ਘਾਗ ਆਗੂ ਬਣ ਕੇ ਚੰਮ ਦੀਆਂ ਚਲਾਉਣ ਵਾਲੇ ਬਾਦਲਕੇ , ਸਿੱਖ ਸਿਆਸਤ ਦੇ ਬਾਬਾ ਬੋਹੜ ਬਣੇ ਹੋਏ ਸਨ। ਹੈਰਾਨੀ ਦੀ ਗੱਲ ਹੈ ਕਿ ਸਿੱਖਾਂ ਦਾ ਦੁਸ਼ਮਣ 60 ਸਾਲ ਤੋਂ ਪੰਥ ਦੀ ਬੁੱਕਲ ਵਿਚ ਬੈਠਾ ਹੀ ਸਿੱਖ ਕੌਮ ਦੀਆਂ ਜੜ੍ਹਾਂ ਵਿਚ ਤੇਲ ਦਿੰਦਾ ਰਿਹਾ। ਸੋਸ਼ਲ ਮੀਡੀਆ ਦੇ ਆਉਣ ਉਤੇ ਇਸ ਸਾਰੇ ਪਾਜ ਹੌਲੀ-ਹੌਲੀ ਉਘੜਦੇ ਗਏ । ਅਫਸੋਸ ਇਹ ਪਤਾ ਲਗਦਿਆਂ-ਲਗਦਿਆਂ ਕੌਮ ਦੀ ਇਕ ਸਦੀ ਬਾਦਲਾਂ ਦੇ ਖੂਹ-ਖਾਤੇ ਚਲੀ ਗਈ।
ਅਜੋਕੇ ਹਾਲਾਤ ਉਤੇ ਪੰਜਾਬੀ ਦੇ ਇਕ ਅਖਬਾਰ ਨੇ ਬੜੀ ਭਾਵਪੂਰਨ ਟਿੱਪਣੀ ਕੀਤੀ ਹੈ ਕਿ ਪਿੰਡਾਂ ‘ਚ ਇਕ ਨਵੀਂ ਮੁਨਾਦੀ ਸੁਣਾਈ ਦੇਣ ਲੱਗ ਪਈ ਹੈ, ”ਗੁਰੂ ਰੂਪੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕਿ ਫ਼ਤਿਹ। ਪਤਾ ਲੱਗਾ ਹੈ ਕਿ ਅੱਜ ਆਪਣੇ ਨਗਰ ‘ਚ ਭਾਈ, ਪੰਥ ਦੋਖੀ ਬਾਦਲਕਿਆਂ ਦਾ ਫ਼ਲਾਣਾ ਆਗੂ ਆ ਰਿਹਾ ਹੈ। ਆਪਾਂ ਭਾਈ! ਸਾਰਿਆਂ ਨੇ ਉਸਦਾ ਬਾਈਕਾਟ ਕਰਨਾ ਹੈ ਤੇ ਕਾਲੀਆਂ ਝੰਡੀਆਂ ਵਿਖਾਉਣੀਆਂ ਹਨ, ਇਨ੍ਹਾਂ ਦੁਸ਼ਟਾਂ ਦਾ ਪੁਤਲਾ ਸਾੜ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ।” ਸਿਆਣੇ ਆਖਦੇ ਹਨ ਕਿ ਅਜਿਹੀਆਂ ਲੋਕ ਲਹਿਰਾਂ ਸਦੀਆਂ ਬਾਅਦ ਹੀ ਉਠਦੀਆਂ ਹਨ। ਬਾਦਲਕਿਆਂ ਦੇ ਝੂਠ ਦੇ ਹੋ ਰਹੇ ਇਸ ਹਸ਼ਰ ਵਿਚ ਵਿਚ ਜੋਸ਼ ਦੇ ਨਾਲ-ਨਾਲ ਹੋਸ਼ ਵਿਚ ਰਹਿੰਦਿਆਂ ਹੰਭਲਾ ਮਾਰਨ ਦੀ ਲੋੜ ਹੈ।