ਬਾਦਲ-ਕੁੱਟ ਮਿਸ਼ਨ ਵਿਚ ਸਾਰੇ ਇਕ ਥਾਂ ‘ਤੇ ਇਕੱਠੇ ਹੋਏ

ਬਾਦਲ-ਕੁੱਟ ਮਿਸ਼ਨ ਵਿਚ ਸਾਰੇ ਇਕ ਥਾਂ ‘ਤੇ ਇਕੱਠੇ ਹੋਏ

ਮਹਿਮਾਨ ਸੰਪਾਦਕੀ
ਕਰਮਜੀਤ ਸਿੰਘ (99150-91063)

ਜਗ੍ਹਾ-ਪੰਜਾਬ ਵਿਧਾਨ ਸਭਾ, ਮਿਤੀ 28 ਅਗਸਤ 2018, ਦਿਨ ਮੰਗਲਵਾਰ : ਉਹ ਸਾਰਾ ਨਜ਼ਾਰਾ ਵੇਖਣ ਵਾਲਾ ਸੀ। ਸੁਣਨ ਵੀ ਵਾਲਾ ਸੀ। ਭਾਵੇਂ ਸੱਤ ਘੰਟੇ ਚੱਲੀ ਬਹਿਸ ਨੂੰ ਲਾਈਵ ਵਿਖਾਇਆ ਜਾ ਰਿਹਾ ਸੀ ਪਰ ਜਿਹੜੇ ਲੋਕ ਅਸੈਂਬਲੀ ਦੇ ਅੰਦਰ ਬੈਠੇ ਸਨ, ਸਿਰਫ ਉਹ ਹੀ ਇਸ ਇਤਿਹਾਸਕ ਨਾਟਕ ਦਾ ਪੂਰਾ-ਪੂਰਾ ਅਨੰਦ ਮਾਣ ਸਕਦੇ ਸਨ ਕਿਉਂਕਿ ਕੈਮਰੇ ਸਾਰੇ ਪਾਸਿਆਂ ਦਾ ਦ੍ਰਿਸ਼ ਨਹੀਂ ਸਨ ਪੇਸ਼ ਕਰ ਸਕਦੇ। ਇਕ ਹੋਰ ਗੱਲ ਵੀ ਨੋਟ ਕਰਨ ਵਾਲੀ ਹੈ। ਉਥੇ ਬੈਠੇ ਬੰਦੇ ਵੀ ਉਹ ਨਜ਼ਾਰਾ ਤਾਂ ਹੀ ਮਾਣ ਸਕਦੇ ਸਨ ਜੇ ਉਨ੍ਹਾਂ ਕੋਲ ਇਤਿਹਾਸ ਦੀ ਮਾੜੀ ਮੋਟੀ ਸਮਝ ਹੋਵੇ, ਰਾਜਨੀਤੀ ਨੂੰ ਵੀ ਥੋੜ੍ਹਾ ਬਹੁਤਾ ਮੂੰਹ ਮਾਰਦੇ ਹੋਣ, ਬਾਦਲ ਪਰਿਵਾਰ ਨੂੰ ਵੀ ਧੁਰ ਅੰਦਰੋਂ ਬਾਹਰੋਂ ਜਾਣਦੇ ਹੋਣ ਅਤੇ ਇਸ ਹਕੀਕਤ ਦੀ ਵੀ ਥੋੜ੍ਹੀ ਬਹੁਤ ਜਾਣਕਾਰੀ ਰੱਖਦੇ ਹੋਣ ਕਿ ਇਸ ਟੱਬਰ ਦੀ ਕਹਿਣੀ ਦਾ ਕਰਨੀ ਨਾਲ ਦੂਰ ਦਾ ਵੀ ਕੋਈ ਰਿਸ਼ਤਾ ਨਹੀਂ ਹੈ। ਭਾਵੇਂ ਮੀਡੀਆ ਦੀਆਂ ਦੋਵੇਂ ਪ੍ਰੈਸ ਗੈਲਰੀਆਂ ਭਰੀਆਂ ਪਈਆਂ ਸਨ ਅਤੇ ਬਹੁਤ ਸਾਰੇ ਪੱਤਰਕਾਰ ਖੜ੍ਹੇ ਖੜ੍ਹੇ ਹੀ ਵਿਧਾਇਕਾਂ ਦੀਆਂ ਤਕਰੀਰਾਂ ਸੁਣ ਰਹੇ ਸਨ ਅਤੇ ਖਬਰਾਂ ਦੇਣ ਲਈ ਆਪਣੇ ਆਪਣੇ ਮੋਬਾਈਲਾਂ ‘ਤੇ ਆਪਣੇ ਆਪਣੇ ਅਖਬਾਰਾਂ ਅਤੇ ਚੈਨਲਾਂ ਨਾਲ ਲਗਾਤਾਰ ਜੁੜੇ ਹੋਏ ਸਨ। ਪਰ ਉਹ ਵੀ ਇਕ ਤਰ੍ਹਾਂ ਦੀਆਂ ‘ਜਾਣਕਾਰੀਆਂ’ ਹੀ ਦੇ ਰਹੇ ਸਨ। ਜਾਣਕਾਰੀਆਂ ਦੇ ਹੇਠ ਸੁੱਤੀਆਂ ਅਤੇ ਗੁੱਝੀਆਂ ਜਾਣਕਾਰੀਆਂ ਵਿਚ ਲੁਕੇ ਤੇ ਅਣਦਿਸਦੇ ਜਜ਼ਬੇ ਉਨ੍ਹਾਂ ਦੀ ਸਮਝ ਤੋਂ ਬਾਹਰ ਸਨ ਜਾਂ ਇਉਂ ਕਹਿ ਲਓ ਕਿ ਸਿੱਖ ਤੇ ਸਿੱਖੀ ਦਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਗੂੜ੍ਹੇ ਤੇ ਪਿਆਰ ਭਰੇ ਰਿਸ਼ਤਿਆਂ ਦੇ ਵੰਨ ਸੁਵੰਨੇ ਰੰਗਾਂ ਦੀ ਉਨ੍ਹਾਂ ਨੂੰ ਪੇਤਲੀ ਜਿਹੀ ਹੀ ਸਮਝ ਸੀ।
ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਮੀਡੀਆ ਵਿਚ ਸਿੱਖਾਂ ਦੀ ਦਾਸਤਾਨ ਨੂੰ ਪੇਸ਼ ਕਰਨ ਵਾਲਿਆਂ ਵਿਚ ਬਹੁਤੇ ਗੈਰ ਸਿੱਖ ਹੀ ਨਜ਼ਰ ਆਉਂਦੇ ਹਨ। ਕਿਤੇ ਕਿਤੇ ਨਜ਼ਰੀਂ ਪੈਂਦੇ ਪੱਗਾਂ ਵਾਲੇ ਪੱਤਰਕਾਰਾਂ ਨੂੰ ਵੀ ਆਪਣੇ ਆਪਣੇ ਅਖਬਾਰਾਂ ਤੇ ਚੈਨਲਾਂ ਦੇ ਮੁਕੱਰਰ ਕੀਤੇ ਏਜੰਡਿਆਂ ਨੇ ਇਕ ਤਰ੍ਹਾਂ ਨਾਲ ਨਜ਼ਰਬੰਦ ਹੀ ਕੀਤਾ ਹੁੰਦਾ ਹੈ। ਉਨ੍ਹਾਂ ਦੇ ਸ਼ਬਦਾਂ, ਵਾਕਾਂ ਅਤੇ ਵਿਚਾਰਾਂ ਵਿਚ ਅਜ਼ਾਦ ਫਿਜ਼ਾ ਦੀ ਖੁਸ਼ਬੋ ਬਹੁਤ ਘੱਟ ਹੀ ਮਿਲਦੀ ਹੈ। ਇਹ ਵੀ ਹੈਰਾਨੀ ਵਾਲੀ ਗੱਲ ਸੀ ਕਿ ‘ਆਪ’ ਦੇ ਅਮਨ ਅਰੋੜਾ ਤੋਂ ਬਿਨਾਂ ਕਿਸੇ ਵੀ ਕਾਂਗਰਸੀ ਹਿੰਦੂ ਨੇ ਬਹਿਸ ਵਿਚ ਹਿੱਸਾ ਨਹੀਂ ਲਿਆ।
ਮੰਗਲਵਾਰ ਵਾਲੇ ਦਿਨ ਵਿਧਾਨ ਸਭਾ ਵਿਚ ਬਾਦਲ ਪਰਿਵਾਰ ਪੂਰੀ ਤਰ੍ਹਾਂ ਘਿਰਿਆ ਹੋਇਆ ਸੀ ਅਤੇ ਉਸ ਦੇ ਨਾਲ ਹੀ ਇਸ ਟੱਬਰ ਨਾਲ ਜੁੜੀਆਂ ਰਾਜਨੀਤਕ ਪੂਛਾਂ, ਖੁਸ਼ਾਮਦ ਅਫਸਰਸ਼ਾਹੀ, ਗੁਲਾਮ ਕੀਤੀ ਗਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਇਸ ਦਾ ਪ੍ਰਧਾਨ ਤਖਤਾਂ ਦੇ ਜਥੇਦਾਰ ਅਤੇ ਵਿਸ਼ੇਸ਼ ਕਰਕੇ ਅਕਾਲ ਤਖਤ ਦਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਚਾਪਲੂਸ ਤੇ ਡਰਪੋਕ ਪੁਲਿਸ ਅਫਸਰ ਅਤੇ ਹਰ ਪੱਖੋਂ ਹੇਠਾਂ ਤੱਕ ਕਾਣੀ ਕੀਤੀ ਅਕਾਲੀ ਲੀਡਰਸ਼ਿਪ ਨੂੰ ਵੀ ਮੁਕੰਮਲ ਘੇਰਾ ਪਿਆ ਹੋਇਆ ਸੀ। ਹਾਲਾਂਕਿ ਸਪੀਕਰ ਨੇ ਅਕਾਲੀ ਦਲ ਦੇ ਵਿਧਾਇਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੂੰ ਬੋਲਣ ਦਾ ਪੂਰਾ ਸਮਾਂ ਦਿੱਤਾ ਜਾਵੇਗਾ ਪਰ ਉਨ੍ਹਾਂ ਦੀ ਗਿਣਤੀ ਮੁਤਾਬਕ ਹੀ ਸਮਾਂ ਦਸਤੂਰ ਮੁਤਾਬਕ ਮਿਥਿਆ ਜਾਵੇਗਾ। ਪਰ ਉਹ ਵੱਧ ਸਮੇਂ ਦੀ ਮੰਗ ਕਰਦੇ ਰਹੇ। ਅਸਲ ਵਿਚ ਉਹ ਵਾਕਆਊਟ ਹੀ ਕਰਨਾ ਚਾਹੁੰਦੇ ਸਨ ਕਿਉਂਕਿ ਉਨ੍ਹਾਂ ਨੂੰ ਪਤਾ ਲੱਗ ਗਿਆ ਸੀ ਕਿ ਉਨ੍ਹਾਂ ਉਤੇ ਤਿੱਖੇ ਵਾਰ ਹੋਣਗੇ। ਇਸ ਲਈ ਉਹ ਇਕ ਤਰ੍ਹਾਂ ਮੂੰਹ ਵਿਖਾਉਣ ਜੋਗੇ ਨਹੀਂ ਰਹਿ ਗਏ ਸਨ। ਸਪੀਕਰ ਨੇ ਵਾਰ ਵਾਰ ਕਿਹਾ ਕਿ ਬਹਿਸ ਭਾਵੇਂ ਰਾਤ ਦੇ 12 ਵਜੇ ਤੱਕ ਚੱਲਦੀ ਰਹੇ, ਕਿਉਂਕਿ ਇਹ ਸੰਜੀਦਾ ਬਹਿਸ ਹੈ, ਇਤਿਹਾਸਕ ਦਿਨ ਹੈ, ਇਸ ਲਈ ਹਰ ਇਕ ਨੂੰ ਬੋਲਣ ਦਾ ਸਮਾਂ ਦਿੱਤਾ ਜਾਵੇਗਾ ਅਤੇ ਘੱਟੋ ਘੱਟ 15 ਮਿੰਟ ਦਾ ਸਮਾਂ ਤਾਂ ਜ਼ਰੂਰ ਹੀ ਹੋਏਗਾ। ਪਰ ਅਕਾਲੀ ਵਿਧਾਇਕ ਕੁਝ ਵੀ ਨਹੀਂ ਸੁਣਨਾ ਚਾਹੁੰਦੇ ਸਨ। ਇਉਂ ਲੱਗਦਾ ਸੀ ਕਿ ਉਹ ਬੈਠਣਾ ਹੀ ਨਹੀਂ ਚਾਹੁੰਦੇ ਸਨ। ਜਦੋਂ ਉਹ ਵਾਕਆਊਟ ਕਰ ਰਹੇ ਸਨ ਤਾਂ ਹੁਕਮਰਾਨ ਬੈਂਚਾਂ ਤੋਂ ਸ਼ੇਮ ਸ਼ੇਮ, ਭੱਜ ਗਏ ਓਏ ਭੱਜ ਗਏ, ਦੀਆਂ ਆਵਾਜ਼ਾਂ ਤੇ ਤਾਹਨਿਆਂ ਦੇ ਸ਼ੋਰ ਵਿਚ ਬੜੇ ਬੇਆਬਰੂ ਹੋ ਕੇ ਵਾਕਆਊਟ ਕਰ ਰਹੇ ਸਨ।
ਹਮਲਾ ਕਰਨ ਵਾਲੇ ਵਿਧਾਇਕ ਆਪਣੇ ਤੀਰਾਂ ਦੀ ਵਾਛੜ ਖਾਲੀ ਸੀਟਾਂ ਵੱਲ ਇਸ ਤਰ੍ਹਾਂ ਕਰ ਰਹੇ ਸਨ ਜਿਵੇਂ ਉਹ ਉਨ੍ਹਾਂ ਨੂੰ ਉਥੇ ਹੀ ਬੈਠੇ ਹੋਏ ਨਜ਼ਰ ਆ ਰਹੇ ਸਨ। ਉਂਜ ਸੱਚ ਤਾਂ ਇਹੋ ਸੀ ਕਿ ਭਾਵੇਂ ਉਨ੍ਹਾਂ ਦੇ ਸਰੀਰ ਵਿਧਾਨ ਸਭਾ ਤੋਂ ਬਾਹਰ ਚਲੇ ਗਏ ਸਨ ਪਰ ਉਨ੍ਹਾਂ ਦੀਆਂ ਰੂਹਾਂ ਕਿਤੇ ਅੰਦਰ ਹੀ ਮੌਜੂਦ ਸਨ ਅਤੇ ਇਨ੍ਹਾਂ ਜ਼ਖਮੀ ਰੂਹਾਂ ਉਤੇ ਗੁੱਸੇ ਤੇ ਰੋਹ ਦੀਆਂ ਮਿਜ਼ਾਈਲਾਂ ਦੁਪਹਿਰ 1 ਵਜੇ ਤੋਂ ਸ਼ੁਰੂ ਹੋ ਕੇ ਰਾਤ 8 ਵਜੇ ਤੱਕ ਚੱਲਦੀਆਂ ਰਹੀਆਂ। ਬਹੁਤੀ ਵਾਰ ਤੋਪਾਂ ਦਾ ਮੀਂਹ ਕਾਂਗਰਸੀ ਵਿਧਾਇਕਾਂ ਵੱਲੋਂ ਆ ਰਿਹਾ ਸੀ ਪਰ ਆਪ ਤੇ ਲੋਕ ਇਨਸਾਫ ਪਾਰਟੀ ਦੀਆਂ ਤੋਪਾਂ ਵੀ ਕੋਈ ਘੱਟ ਸ਼ਕਤੀਸ਼ਾਲੀ ਨਹੀਂ ਸਨ ਅਤੇ ਬਹੁਤ ਦੂਰ ਤੱਕ ਮਾਰ ਕਰਦੀਆਂ ਸਨ।
ਵੇਖਣ ਵਾਲੀ ਗੱਲ ਇਹ ਸੀ ਕਿ ਸ਼ਬਦਾਂ ਦੀਆਂ ਤੋਪਾਂ ਦੇ ਖਜ਼ਾਨੇ ਵਿਚੋਂ ਚੁਣ ਚੁਣ ਕੇ ਸ਼ਬਦਾਂ ਦੀ ਵਰਤੋਂ ਹੋ ਰਹੀ ਸੀ। ਸ਼ਾਇਦ ਹੀ ਕੋਈ ਇਹੋ ਜਿਹਾ ਸ਼ਬਦ ਜਾਂ ਵਾਕ ਰਹਿ ਗਿਆ ਹੋਵੇਗਾ ਜੋ ਉਸ ਦਿਨ ਬਾਦਲ ਟੱਬਰ ਦੀ ਦੁਰਗਤੀ ਲਈ ਵਰਤਿਆ ਨਾ ਗਿਆ ਹੋਵੇ। ਕੀ ਤੁਸੀਂ ਮੰਨ ਸਕਦੇ ਹੋ ਕਿ ਉਥੇ ਇਹੋ ਜਿਹੇ ਸ਼ਬਦ ਤੇ ਵਾਕ ਬਾਦਲਾਂ ਲਈ ਵਰਤੇ ਗਏ ਕਿ ਇਹੋ ਜਿਹੇ ਸ਼ਬਦ ਸੁਣ ਕੇ ਰਤਾ ਵੀ ਸ਼ਰਮ ਮਹਿਸੂਸ ਕਰਨ ਵਾਲਾ ਬੰਦਾ ਕਈ ਕਈ ਮਹੀਨੇ ਘਰੋਂ ਨਹੀਂ ਨਿਕਲ ਸਕਦਾ। ਉਹ ਡਿਪਰੈਸ਼ਨ ਦਾ ਸ਼ਿਕਾਰ ਵੀ ਹੋ ਸਕਦਾ ਹੈ।
ਲਓ ਕੁਝ ਸ਼ਬਦ ਸੁਣੋ, ਸੋਚੋ ਤੇ ਫੈਸਲਾ ਕਰੋ : ਇਹ ਮੱਸਾ ਰੰਘੜ ਹੈ… ਇਹ ਅੱਜ ਦੇ ਮਹੰਤ ਨਰੈਣੂ ਹਨ… ਜ਼ਕਰੀਆ ਖਾਂ ਦੇ ਸਾਥੀ ਹਨ… ਅੱਜ ਦੇ ਸੂਬਾ ਸਰਹੰਦ ਹਨ ਜਿਸਨੇ ਦੋ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣੇ ਜਾਣ ਦਾ ਫੈਸਲਾ ਸੁਣਾਇਆ ਸੀ… ਓਏ ਬਾਦਲਾ! ਤੇਰੇ ਜ਼ੁਲਮ ਮੁਗਲਾਂ ਨਾਲੋਂ ਵੀ ਮਾਤ ਪਾ ਗਏ… ਇਹ ਮਸੰਦ ਹਨ ਤੇ ਕੜਾਹੇ ਵਿਚ ਪਾ ਕੇ ਸਾੜਨੇ ਚਾਹੀਦੇ ਹਨ… ਪੰਥ ਦੇ ਦੋਖੀ ਹਨ ਇਹ… ਗੋਲਕ ਚੋਰ ਹਨ… ਇਨ੍ਹਾਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ…. ਬਾਦਲ ਮਸਖਰਾ ਬਜ਼ੁਰਗ ਹੈ…. ਸਿੱਖੀ ਦੇ ਭੇਸ ਵਿਚ ਬਘਿਆੜ ਹਨ… ਸਿੱਖੀ ਦੀ ਵਿਚਾਰਧਾਰਾ ਨੂੰ ਖਤਮ ਕਰਨ ਵਾਲੇ ਹਨ…. ਇਹ ਪਿਉ-ਪੁੱਤ ਜਰਵਾਣੇ ਸਿੱਧ ਹੋਏ ਹਨ… ਇਨ੍ਹਾਂ ਨੇ ਪੰਥ ਨੂੰ ਵੇਚਿਆ.. ਇਹ ਗੱਦਾਰ-ਏ-ਕੌਮ ਹੈ.. ਇਸ ਦੇ ਗਲ ਵਿਚ ਫ਼ਖਰ-ਏ-ਕੌਮ ਤੇ ਪੰਥ ਰਤਨ ਦੀ ਫੱਟੀ ਲਾਹੀ ਜਾਵੇ.. ਸੰਕਟ ਦੀ ਘੜੀ ਵਿਚ ਖਾੜਕੂ ਲਹਿਰ ਦੌਰਾਨ ਬਾਦਲ ਦਾ ਪੁੱਤ ਅਮਰੀਕਾ ਦੌੜ ਗਿਆ… ਇਹ ਆਪਣੇ ਪਰਿਵਾਰ ਦੇ ਰਾਖੇ ਹਨ ਨਾ ਕਿ ਪੰਥ ਦੇ ਰਾਖੇ…. ਰਾਮ ਰਹੀਮ ਕਹਿੰਦਾ ਹੁੰਦਾ ਸੀ ਕਿ ਮੇਰੀ ਸਲਤਨਤ ਬਹੁਤ ਵੱਡੀ ਹੈ…. ਕਿਥੇ ਹੈ ਹੁਣ ਉਹ ਸਲਤਨਤ… ਅੱਜ ਉਹ ਖੰਡ ਖੰਡ ਹੋਈ ਪਈ ਹੈ… ਓਧਰ ਵੱਲ ਕੋਈ ਮੂੰਹ ਨਹੀਂ ਕਰਦਾ… ਇਨ੍ਹਾਂ ਦਾ ਹਾਲ ਵੀ ਇਹੋ ਹੋਏਗਾ… ਦੇਖਿਆ ਨਹੀਂ 13 ਵਿਧਾਇਕਾਂ ਉਤੇ ਆਣ ਡਿੱਗੇ ਹਨ.. ਆਉਣ ਵਾਲੇ ਕੱਲ੍ਹ ਨੂੰ 13 ਵੀ ਨਹੀਂ ਰਹਿਣੇ..।
ਕੁਝ ਵਿਧਾਇਕਾਂ ਦੀਆਂ ਆਵਾਜ਼ਾਂ ਵਿਚ ਇਉਂ ਲੱਗਦਾ ਸੀ ਜਿਵੇਂ ਵਿਧਾਨ ਸਭਾ ਵਿਚ ਵੈਣ ਪਾਏ ਜਾ ਰਹੇ ਹੋਣ। ਉਹ ਪ੍ਰਕਾਸ਼! ਤੂੰ ਕਿਥੇ ਲੇਖੇ ਦੇਵੇਂਗਾ… ਤੂੰ ਕੀੜੇ ਪੈ ਪੈ ਕੇ ਮਰੇਂਗਾ… ਜਿਸ ਸਾਡੇ ਪਿਉ ਦੀ ਤੂੰ ਬੇਅਦਬੀ ਕੀਤੀ ਹੈ ਅਤੇ ਪੁਰਅਮਨ ਧਰਨੇ ‘ਤੇ ਬੈਠੀ ਅਤੇ ਜਾਪ ਕਰਦੀ ਸੰਗਤਾਂ ਉਤੇ ਗੋਲੀਆਂ ਚਲਾਉਣ ਦਾ ਫੁਰਮਾਨ ਜਾਰੀ ਕੀਤਾ…. ਓਏ ਤੇਰੇ ਉਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ ਹੈ… ਧਾਰਾ 295 ਵਿਚ ਇਸਨੂੰ ਅੰਦਰ ਕੀਤਾ ਜਾਵੇ… ਇਹ ਜਨਰਲ ਡਾਇਰ ਹੈ….ਦਰਸਅਲ ਡਾਇਰ ਨੇ ਵੀ ਜਲਿਆਂਵਾਲੇ ਬਾਗ ਵਿਚ ਗੋਲੀ ਨਹੀਂ ਸੀ ਚਲਾਈ, ਉਸਨੇ ਗੋਲੀ ਚਲਾਉਣ ਦਾ ਹੁਕਮ ਹੀ ਦਿੱਤਾ ਸੀ….. ਉਹੋ ਹੁਕਮ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਚ ਗੋਲੀਆਂ ਚਲਾਉਣ ਦਾ ਹੁਕਮ ਇਸੇ ਡਾਇਰ ਨੇ ਦਿੱਤਾ… ਓਏ ਬਾਦਲਾ! ਤੂੰ ਗੁਰੂ ਗਰੰਥ ਸਾਹਿਬ, ਤੂੰ ਸਾਡੇ ਪਿਉ ਨੂੰ ਗਲੀਆਂ ਵਿਚ ਰੋਲਣ ਦਾ ਦੋਸ਼ੀ ਹੈਂ…. ਓਏ ਤੇਰੀ ਅੰਤਿਮ ਅਰਦਾਸ ਵੀ ਉਸੇ ਗੁਰੂ ਗਰੰਥ ਸਾਹਿਬ ਦੇ ਸਾਹਮਣੇ ਹੋਣੀ ਹੈ… ਓਏ ਕੀ ਮੂੰਹ ਲੈ ਕੇ ਜਾਏਂਗਾ…ਓਏ ਉਪਰ ਵੀ ਗੁਰੂ ਗੋਬਿੰਦ ਸਿੰਘ ਹੀ ਬੈਠੇ ਹੋਏ ਹਨ…. ਕੀ ਜਵਾਬ ਦਏਂਗਾ ਉਨ੍ਹਾਂ ਨੂੰ….।
ਇਉਂ ਜਾਪਦਾ ਸੀ ਜਿਵੇਂ ਵਿਧਾਇਕਾਂ ਦੀ ਬੁਗਬੁਗਾਹਟ ਰੁਕਣ ਵਿਚ ਹੀ ਨਹੀਂ ਸੀ ਆ ਰਿਹਾ। ਓਏ ਬਾਦਲਾ!  ਤੂੰ ਕਰਮਾਂ ਪੱਖੋਂ ਡਾਇਰ ਹੈਂ…. ਤੂੰ ਗੁੜ ਦੇ ਕੇ ਮਾਰਦੈਂ… ਤੂੰ 6 ਫੁੱਟ 2 ਇੰਚ ਉਪਰ ਹੈ ਪਰ 120 ਫੁੱਟ ਥੱਲੇ ਹੈਂ…. ਤੂੰ ਸਿਆਸੀ ਵੀ ਨਹੀਂ, ਸਿਆਸਤਦਾਨ ਵੀ ਨਹੀਂ, ਤੂੰ ਤਾਂ ਸੌਦਾਗਰ ਹੈਂ…. ਪੈਸੇ ਦਾ ਵਪਾਰ ਕਰਦਾ ਹੈਂ… ਜਰਾ ਦੱਸ ਖਾਂ ਡੇਰੇ ਵਾਲੇ ਤੋਂ 100 ਕਰੋੜ ਰੁਪਏ ਲੈ ਕੇ ਕਿਥੇ ਖਰਚੇ…? ਕੀ ਇਹ ਸੁੱਖ ਬਿਲਾਸ ਹੋਟਲ ‘ਤੇ ਲੱਗਿਆ… ਉਹ ਤੁਸੀਂ 40 ਦਿਨ ਘਰਾਂ ‘ਚ ਵੜੇ ਰਹੇ… ਸੁਖਬੀਰ ਕੰਧ ਪਾੜ ਕੇ ਭੱਜਿਆ… ਮਲੂਕੇ ਦੇ ਛਿੱਤਰ ਵੱਜੇ… ਹੁਣ ਜੀ.ਕੇ. ਦੇ ਅਮਰੀਕਾ ਵਿਚ ਛਿੱਤਰ ਵੱਜ ਰਹੇ ਹਨ… ਇਹ ਜੀ.ਕੇ. ਨਿਊਯਾਰਕ ਵਿਚ ਬੱਚ ਨਿਕਲਿਆ… ਬਾਹਰ ਬੈਠ ਕੇ ਵੀਡੀਓ ਬਣਾ ਕੇ ਸ਼ੋਸਲ ਮੀਡੀਆ ‘ਤੇ ਵਾਇਰਲ ਕਰਦਾ ਰਿਹਾ…. ਫਿਰ ਉਨ੍ਹਾਂ ਕਿਹਾ ਪੁੱਤ! ਆਈਂ ਯੂਬਾ ਸਿਟੀ…. ਤੈਨੂੰ ਵੇਖਾਂਗੇ ਉਥੇ….. ਕੈਪਟਨ ਸਾਹਿਬ! ਸਰ, ਮੈਂ ਝੋਲੀ ਅੱਡ ਕੇ ਖੜ੍ਹਾ ਹਾਂ… ਜੇ ਇਨ੍ਹਾਂ ਨੂੰ ਸਜ਼ਾ ਨਾ ਮਿਲੀ ਤਾਂ ਪੰਜਾਬ ਅਤੇ ਪੰਜਾਬੀਆਂ ਦੇ ਕਾਲਜੇ ਠੰਡ ਨਹੀਂ ਪੈਣੀ…. ਇਹ ਮੇਰੀ ਰੂਹ ਦੀ ਕੁਰਲਾਹਟ ਹੈ…. ਫੜ ਕੇ ਫਾਹੇ ਲਾਓ ਇਨ੍ਹਾਂ ਨੂੰ…. ਫੈਸਲਾ ਸੀਬੀਆਈ ਕਿਉਂ ਕਰੇ… ਸੀਬੀਆਈ ਤਾਂ ਮੋਦੀ ਸਰਕਾਰ ਦੀ ਕਠਪੁਤਲੀ ਹੈ…. ਮੈਨੂੰ ਸਾਰਾ ਪਤੈ…. ਫੈਸਲਾ ਕੈਪਟਨ ਦੀ ਸਰਕਾਰ ਇਥੇ ਕਰੂ…. ਤੇ ਸਜ਼ਾ ਦੇਵੇ…. ਓਏ ਹਿੰਮਤ ਸਿਆਂ, ਤੂੰ ਸੱਚਮੁੱਚ ਹੀ ਹਿੰਮਤ ਸਿੰਘ ਹੈਂ…. ਤੇਰੀ ਮਾਂ ਨੇ ਠੀਕ ਹੀ ਰੱਖਿਐ ਤੇਰਾ ਨਾਮ…. ਕਿਉਂਕਿ ਜਿੰਨੀ ਬੇਸ਼ਰਮੀ ਤੂੰ ਵਿਖਾਈ ਹੈ ਇੰਨੀ ਬੇਸ਼ਰਮੀ ਲਈ ਤਾਂ ਹਿੰਮਤ ਹੀ ਚਾਹੀਦੀ ਹੈ….. ਇਹ ਗਗਨ ਬਰਾੜ ਜਿਹੜਾ ਕਮਿਸ਼ਨ ਅੱਗੇ ਕਹਿੰਦਾ ਹੈ ਕਿ ਮੈਨੂੰ ਯਾਦ ਨਹੀਂ ਕਿ ਉਸ ਸਮੇਂ ਕੀ ਹੋਇਆ ਸੀ….. ਪਰ ਜੇ ਇਸਨੂੰ ਯਾਦ ਨਹੀਂ ਤਾਂ ਜਿਸ ਦੀ ਯਾਦਦਾਸ਼ਤ ਹੀ ਨਹੀਂ ਉਸਨੂੰ ਸਰਕਾਰ ਨੌਕਰੀ ਤੋਂ ਡਿਸਮਿਸ ਕਰੇ..
ਅੱਜ ਦੇ ਬਾਦਲ-ਕੁੱਟ ਮਿਸ਼ਨ ਵਿਚ ਕਾਂਗਰਸ, ਆਪ ਤੇ ਲੋਕ ਇਨਸਾਫ ਪਾਰਟੀ ਬਹੁਤੀ ਵਾਰ ਇਕੱਠੇ ਹੀ ਜੰਗ ਲੜ ਰਹੇ ਸਨ ਪਰ ਕਈ ਵਾਰ ਵੱਖਰੇ ਵੀ ਹੋ ਜਾਂਦੇ ਸਨ ਅਤੇ ਤੂੰ ਤੂੰ ਮੈਂ ਮੈਂ ‘ਤੇ ਵੀ ਉਤਰ ਆਉਂਦੇ ਸਨ। ਇਹ ਦੋਵੇਂ ਵਿਰੋਧੀ ਪਾਰਟੀਆਂ ਸਜ਼ਾ ਦੇ ਮਾਮਲੇ ਵਿਚ ਕੈਪਟਨ ਤੋਂ ਬਹੁਤੀਆਂ ਉਮੀਦ ਨਹੀਂ ਰੱਖਦੀਆਂ, ਪਰ ਉਹ ਇਸ ਗੱਲ ਤੋਂ ਖੁਸ਼ ਹਨ ਕਿ ਆਖਰ ਮਾਮਲਾ ਸੀਬੀਆਈ ਤੋਂ ਵਾਪਸ ਲੈ ਲਿਆ ਗਿਆ ਤੇ ਮਾਮਲਾ ਵਿਸ਼ੇਸ਼ ਜਾਂਚ ਕਮੇਟੀ ਦੇ ਹਵਾਲੇ ਕਰ ਦਿੱਤਾ ਗਿਆ। ਪਰ ਇਕ ਅਜਿਹਾ ਸਵਾਲ ਜੋ ਫੂਲਕਾ ਸਾਹਿਬ ਨੇ ਉਠਾਇਆ ਕਿ ਵੱਡੇ ਮਗਰਮੱਛ ਅਰਥਾਤ ਵੱਡਾ ਬਾਦਲ, ਛੋਟਾ ਬਾਦਲ ਤੇ ਮਜੀਠੀਏ ਉਤੇ ਵੀ ਮੁਕੱਦਮੇ ਚੱਲਣਗੇ? ਭਾਵੇਂ ਕੈਪਟਨ ਇਸ ਦਾ ਜਵਾਬ ‘ਹਾਂ’ ਵਿਚ ਦੇ ਰਿਹਾ ਸੀ ਪਰ ਇਹ ‘ਹਾਂ’ ਮਰੀਅਲ, ਕਮਜ਼ੋਰ ਤੇ ਮਜਬੂਰ ਜਿਹੀ ਹੀ ਜਾਪਦੀ ਹੈ। ਦੇਖੋ ਆਗੇ ਆਗੇ ਹੋਤਾ ਹੈ ਕਿਆ।
ਮੈਂ ਵਿਧਾਨ ਸਭਾ ਵਿਚ ਹੋਈਆਂ ਬਹਿਸਾਂ ਦੀ ਰਿਪੋਰਟਿੰਗ ਕਰਦਾ ਰਿਹਾ ਹਾਂ, ਪਰ ਅੱਜ ਦੀ ਬਹਿਸ ਬੇਮਿਸਾਲ ਇਸ ਪੱਖ ਤੋਂ ਸੀ ਕਿ ਇਸ ਬਹਿਸ ਵਿਚ ਇਕ ਅਨੋਖਾ ਦਰਦ ਲੁਕਿਆ ਹੋਇਆ ਸੀ। ਵਿਧਾਇਕਾਂ ਦੀਆਂ ਤਕਰੀਰਾਂ ਵਿਚ ਸਿਆਸਤ ਗਾਇਬ ਹੀ ਸੀ, ਸਿਰਫ ਗੁਰੂ ਗਰੰਥ ਸਾਹਿਬ ਦੀਆਂ ਗੱਲਾਂ ਹੀ ਹੋ ਰਹੀਆਂ ਸੀ। ਜਿਸ ਤਰ੍ਹਾਂ ਦਾ ਗੁੱਸਾ ਤੇ ਰੋਹ ਰੰਧਾਵਾ, ਵੜਿੰਗ, ਕੁਸ਼ਲਦੀਪ, ਫੂਲਕਾ, ਬਾਜਵਾ, ਖਹਿਰਾ, ਬੈਂਸ, ਕੰਵਰ ਸੰਧੂ, ਅਮਨ ਅਰੋੜਾ ਤੇ ਬਲਜਿੰਦਰ ਕੌਰ ਵੱਲੋਂ ਪ੍ਰਗਟ ਹੋ ਰਿਹਾ ਸੀ, ਉਸ ਵਿਚ ਬਾਦਲਾਂ ਨੂੰ ਬਹੁਤੀ ਵਾਰੀ ਤੂੰ ਤੂੰ ਦੇ ਸ਼ਬਦ ਵੀ ਬਹੁਤੀ ਵਾਰੀ ਇਸਤੇਮਾਲ ਵੀ ਕੀਤੇ ਜਾ ਰਹੇ ਸੀ। ਬਾਦਲਾਂ ਲਈ ਸਤਿਕਾਰ, ਸਲੀਕੇ ਜਾਂ ਇਜ਼ੱਤ ਵਾਲੇ ਸ਼ਬਦ ਮੰਗਲਵਾਰ ਵਾਲੇ ਦਿਨ ਅਲੋਪ ਹੋ ਗਏ ਸੀ। ਇਉਂ ਲੱਗਦਾ ਸੀ ਜਿਵੇਂ ਉਨ੍ਹਾਂ ਨੂੰ ਕਟਿਹਰੇ ਵਿਚ ਖੜ੍ਹਾ ਕਰਕੇ ਸਜ਼ਾ ਦਾ ਐਲਾਨ ਹੋ ਰਿਹਾ ਹੋਵੇ। ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਇੰਗਲੈਂਡ, ਮਲੇਸ਼ੀਆ, ਜਰਮਨ, ਸਵਿਟਰਜ਼ਲੈਂਡ ਅਤੇ ਦਰਜਨਾਂ ਹੋਰ ਮੁਲਕਾਂ ਦੇ ਸਿੱਖਾਂ ਨੇ ਟੀਵੀ ਉਤੇ ਬਾਦਲਾਂ ਉਤੇ ਹੋ ਰਹੇ ਹਮਲੇ ਅਤੇ ਉਨ੍ਹਾਂ ਨੂੰ ਵੱਢੀਆਂ ਜਾ ਰਹੀਆਂ ਚੂੰਢੀਆਂ ਦਾ ਅਨੰਦ ਮਾਣ ਰਹੇ ਸੀ। ਜਿਵੇਂ ਬਾਦਲ-ਟੱਬਰ ਪਹਿਲੀ ਵਾਰ ਫੜਿਆ ਗਿਆ ਹੋਵੇ। ਸਪੀਕਰ ਵੱਲੋਂ ਵੀ ਕੋਈ ਰੋਕ ਟੋਕ ਨਹੀਂ ਸੀ ਤੇ ਵਿਧਾਇਕਾਂ ਦੀ ਤਕਰੀਰਾਂ ਇੰਨ ਬਿੰਨ ਹੀ ਰਿਕਾਰਡ ਹੋ ਰਹੀਆਂ ਸਨ। ਜੇ ਇਹ ਸਾਰੀਆਂ ਕਿਤਾਬਚੇ ਦੇ ਰੂਪ ਵਿਚ ਛਪ ਗਈਆਂ ਤਾਂ ਇਹ ਬਾਦਲਾਂ ਨੂੰ ਸੱਚਮੁੱਚ ਹੀ ਸ਼ਰਮਸਾਰ ਕਰਨਗੀਆਂ ਅਤੇ ਹੋ ਸਕਦੈ ਉਨ੍ਹਾਂ ਦਾ ਰਾਜਨੀਤਕ ਵਜੂਦ ਹੀ ਖਤਮ ਹੋ ਜਾਵੇ।