ਡੇਰਾਵਾਦ ਤੋਂ ਦੇਸ਼-ਕੌਮ ਨੂੰ ਵੱਡਾ ਖਤਰਾ

ਡੇਰਾਵਾਦ ਤੋਂ ਦੇਸ਼-ਕੌਮ ਨੂੰ ਵੱਡਾ ਖਤਰਾ

ਪੰਜਾਬ ਸਮੇਤ ਪੂਰੇ ਭਾਰਤ ਵਿਚ ਕੁਝ ਅਖੌਤੀ ਡੇਰੇਦਾਰਾਂ ਦੀਆਂ ਗੈਰਕਾਨੂੰਨੀ ਆਪ-ਹੁਦਰੀਆਂ ਨੇ ਹੁਣ ਤਕ ਖਾਸੇ ”ਚਮਤਕਾਰ” ਦਿਖਾ ਦਿੱਤੇ ਹਨ, ਜੋ ਸਾਡੇ ਸਮਾਜ ਵਿਚ ਗੁਰੂ ਡੰਮ ਜਾਂ ਡੇਰਾਵਾਦ ਦੇ ਖਤਰਨਾਕ ਵਰਤਾਰੇ ਦੀ ਘਿਨਾਉਣੀ ਤਸਵੀਰ ਪੇਸ਼ ਕਰਨ ਵਾਸਤੇ ਕਾਫੀ ਹਨ। ਅਗਸਤ ੨੦੧੭ ਵਿਚ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿਚ ਉਮਰ ਕੈਦ ਹੋਣ ਕਰਕੇ ਜੇਲ੍ਹ ਵਿਚ ਬੰਦ ਬਦਨਾਮ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਗੁਨਾਹਾਂ ਵਿਚ ਹੁਣ ਇਕ ਹੋਰ ਵਾਧਾ ਹੋਇਆ ਹੈ। ਹਾਲ ਹੀ ‘ਚ ਪੰਜਾਬ ਪੁਲਿਸ ਨੇ ਡੇਰੇ ਨੂੰ ਸੰਨ ੨੦੧੫ ਦੌਰਾਨ ਪੰਜਾਬ ਵਿਚ ਵਾਪਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਵਿੱਤਰ ਬੀੜਾਂ ਦੀ ਬੇਅਦਬੀ ਕਾਂਡ ਦਾ ਮੁੱਖ ਸਾਜ਼ਿਸ਼ਘਾੜਾ ਮੰਨਿਆ ਹੈ।
ਮੀਡੀਆ ਵਿਚ ਹੋ ਰਹੇ ਤਾਜ਼ਾ ਖੁਲਾਸਿਆਂ ਨੇ ਪਹਿਲਾਂ ਹੀ ਚਿੰਤਤ ਸਿੱਖਾਂ ਨੂੰ ਹੋਰ ਚਿੰਤਾ ‘ਚ ਪਾ ਦਿੱਤਾ ਹੈ। ਪਹਿਲੀ ਜੂਨ 2015 ਨੂੰ, ਜਿਸ ਦਿਨ ਬੁਰਜ ਜਵਾਹਰ ਸਿੰਘ ਵਾਲਾ ਪਿੰਡ ‘ਚੋਂ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਸ਼ੁਰੂ ਹੋਈਆਂ ਸਨ, ਉਸ ਸਮੇਂ ਤੋਂ ਹੀ ਸ਼ੱਕ ਦੀ ਸੂਈ ਡੇਰਾ ਸਿਰਸਾ ਤੇ ਇਸ ਦੇ ਬਦਨਾਮ ਸਾਧ ਮੁਖੀ ਵੱਲ ਜਾਂਦੀ ਸੀ। ਪਿੰਡ ਭੂੰਦੜ ਵਿਖੇ, ਜਿਸ ਔਰਤ ਨੇ ਗੁਰੁ ਸਾਹਿਬ ਨੂੰ ਚੁੱਕ ਕੇ ਲੈ ਜਾਣ ਦੀ ਕੋਸ਼ਿਸ਼ ਕੀਤੀ ਸੀ, ਉਹ ਵੀ ਡੇਰਾ ਪ੍ਰੇਮਣ ਨਿਕਲੀ ਸੀ। ਇਸੇ ਤਰ੍ਹਾਂ ਚੰਦਬਾਜ਼ਾ (ਫ਼ਰੀਦਕੋਟ) ਪਿੰਡ ਦੇ ਗੁਰੁ ਘਰ ‘ਚ ਜਿਹੜੇ ਲੌਕਟਧਾਰੀ ਪ੍ਰੇਮੀਆਂ ਨੇ ਗੁਰੂ ਘਰ ‘ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ, ਉਹ ਵੀ ਸਿਰਸਾ ਸਾਧ ਦੇ ਪ੍ਰੇਮੀ ਹੀ ਸਨ। ਸਿੱਖ ਕੌਮ ‘ਚ ਚਿੰਤਾ  ਹੋਣੀ ਕੁਦਰਤੀ ਹੈ ਕਿ ਡੇਰਾ ਸਿਰਸਾ ਦੇ ਪ੍ਰੇਮੀ ਕਿਹੜੀ ਡੂੰਘੀ ਸਾਜਿਸ਼ ਅਧੀਨ, ਗੁਰੂ ਸਾਹਿਬ ਦੀ ਬੇਅਦਬੀ ਲਈ ਮੁੜ-ਮੁੜ ਸਰਗਰਮ ਹੁੰਦੇ ਆ ਰਹੇ ਹਨ?
ਜਿਸ ਸਮੇਂ ਗੁਰੁ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨਿਰੰਤਰ ਹੋ ਰਹੀਆਂ ਸਨ, ਉਸ ਸਮੇਂ ਦੀ ਅਕਾਲੀ-ਭਾਜਪਾ ਸਰਕਾਰ ਨੇ ਦੋਸ਼ੀਆਂ ਨੂੰ ਨਕੇਲ ਪਾਉਣ ਦੀ ਥਾਂ, ਰੋਸ ਪ੍ਰਗਟਾ ਰਹੇ ਸਿੱਖਾਂ ‘ਤੇ ਗੋਲ਼ੀ ਚਲਾ ਕੇ 2 ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਸੀ। ਗੁਰੂ ਸਾਹਿਬ ਦੀ ਬੇਅਦਬੀ ਦੇ ਕਾਂਡ ਦੀਆਂ ਤਾਰਾਂ ਉਦੋਂ ਵੀ ਸਿਰਸਾ ਡੇਰੇ ਨਾਲ ਜੁੜਦੀਆਂ ਸਨ। ਹਾਲਾਂ ਵੀ ਵੋਟ ਰਾਜਨੀਤੀ ਵਰਤੀ ਜਾ ਰਹੀ ਹੈ ਅਤੇ ਸੌਦਾ ਸਾਧ ਤੋਂ ਕਿਸੇ ਹੋਰ ਲਾਹੇ ਦੀ ਉਮੀਦ ਕੀਤੀ ਜਾ ਰਹੀ ਹੈ। ਜੇ ਭਾਰਤੀ ਕਾਨੂੰਨ ਮੁਤਾਬਕ ਹੀ ਗੱਲ ਕਰੀਏ ਤਾਂ ਸਰਕਾਰ ਦਾ ਮੁਢਲਾ ਫ਼ਰਜ਼ ਹੈ ਕਿ ਉਹ ਆਪਣੇ ਨਾਗਰਿਕਾਂ ਨੂੰ ਠੱਗੀ-ਠੋਰੀ ਤੋਂ ਬਚਾਵੇ, ਉਨਾਂ ਦਾ ਕਿਸੇ ਤਰਾਂ ਦਾ ਸ਼ੋਸ਼ਣ ਨਾ ਹੋਣ ਦਿੱਤਾ ਜਾਵੇ, ਉਨਾਂ ਨੂੰ ਕੋਈ ਬਲੈਕਮੇਲ ਨਾ ਕਰ ਸਕੇ। ਸਿਰਸੇ ਵਾਲਾ ਸਾਧ ਇਹ ਸਾਰਾ ਕੁਝ ਕਰਦਾ ਆ ਰਿਹਾ ਹੈ। ਉਸ ਖਿਲਾਫ ਉਪਰੋਕਤ ਸਾਰੇ ਦੋਸ਼ ਸਾਬਤ ਹੋ ਚੁੱਕੇ ਹਨ। 28 ਅਗਸਤ 2017 ਨੂੰ ਸਾਧ ਨੂੰ ਅਦਾਲਤ ਨੇ ਬਲਾਤਕਾਰੀ ਐਲਾਨ ਦਿੱਤਾ ਸੀ। ਉਸ ਵਕਤ ਕੁਝ ਸਮੇਂ ਲਈ ਤਾਂ ਸਰਕਾਰ ਨੇ ਇਨਾਂ ਦੇ ਕੂੜ ਪਰਚਾਰ ਦੀਆਂ ਦੁਕਾਨਾਂ ਨੂੰ ਬੰਦ ਕਰਵਾ ਦਿੱਤਾ ਸੀ ਪਰ ਬਾਅਦ ਵਿਚ ਪੰਜਾਬ ‘ਚ ਮੁੱਖ ਡੇਰਾ ਸਲਾਬਤਪੁਰਾ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ। ਸਥਾਨਕ ਲੋਕ ਇਸ ਡੇਰੇ ਬਾਰੇ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਅਕਸਰ ਕਰਦੇ ਆ ਰਹੇ ਹਨ। ਹਰਿਆਣਾ ਸਰਕਾਰ ਇਹ ਸਾਬਤ ਕਰ ਚੁੱਕੀ ਹੈ ਕਿ ਪੰਚਕੂਲੇ ‘ਚ ਹੋਈ ਹਿੰਸਾ ‘ਚ ਡੇਰੇ ਦਾ ਵੱਡਾ ਰੋਲ ਸੀ, ਜਿਸ ਵਿਚ 50 ਕੁ ਦੇ ਆਸ-ਪਾਸ ਲੋਕ ਮਾਰੇ ਗਏ ਸਨ ਅਤੇ ਸਾੜ-ਫੂਕ ਤੇ ਭੰਨ-ਤੋੜ ਦਾ ਤਾਂ ਕੋਈ ਹਿਸਾਬ ਹੀ ਨਹੀਂ ਰਿਹਾ ਸੀ। ਦੂਜੇ ਪਾਸੇ ਪੰਜਾਬ ਪੁਲਿਸ ਮੌੜ ਬੰਬ ਕਾਂਡ ਦੀਆਂ ਤਾਰਾਂ ਵੀ ਡੇਰਾ ਸਿਰਸਾ ਨਾਲ  ਜੋੜ ਰਹੀ ਹੈ। ਗੁਰੂ ਗੰ੍ਰਥ ਸਾਹਿਬ ਦੇ ਬੇਅਦਬੀ ਕਾਂਡ ਵਿਚ ਡੇਰੇ ਦਾ ਸਿੱਧਾ ਹੱਥ ਸਾਬਤ ਹੋ ਚੁੱਕਾ ਹੈ। ਇਹ ਸਰਕਾਰ ਅਤੇ ਇਨਸਾਫ਼ ਦੋਵਾਂ ਦਾ ਜਲੂਸ ਨਿਕਲ ਰਿਹਾ ਹੈ। ਇਹ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਹੈ। ਤਾਜ਼ਾ ਖੁਲਾਸਿਆਂ ਤੋਂ ਬਾਅਦ ਕੇਵਲ ਸਿੱਖ ਹੀ ਨਹੀਂ ਸਗੋਂ ਕਿਸੇ ਵੀ ਧਰਮ ਨੂੰ ਮੰਨਣ ਵਾਲਾ ਕੋਈ ਜ਼ਿੰਮੇਵਾਰ ਨਾਗਰਿਕ ਇਸ ਗੱਲ ਦੇ ਖਿਲਾਫ ਹੀ ਜਾਵੇਗਾ ਕਿ ਇਕ ਬਲਾਤਕਾਰੀ, ਗੁੰਡੇ, ਅਯਾਸ਼ ਤੇ ਬਦਮਾਸ਼ ਦੀ ਗੁਰੂਆਂ ਦੀ ਪਵਿੱਤਰ ਧਰਤੀ ‘ਤੇ ਇਕ ਧਾਰਮਿਕ ਆਗੂ ਵਜੋਂ ਮਾਨਤਾ ਜਾਰੀ ਰਹਿੰਦੀ ਹੋਵੇ।
ਸਿੱਖ ਦੁਸ਼ਮਣ ਤਾਕਤਾਂ ਸਿੱਖੀ ਦੇ ਨਿਆਰੇਪਣ ਨੂੰ ਖ਼ਤਮ ਕਰਨ ਲਈ ਹਰ ਹਥਿਆਰ ਦੀ ਵਰਤੋਂ ਕਰਦੀਆਂ ਆ  ਰਹੀਆਂ ਹਨ ।ਇਨ੍ਹਾਂ ਵਿਚ ਹੀ ਡੇਰਾਵਾਦ ਵੀ ਇਕ ਵੱਡਾ ਹਥਿਆਰ ਬਣਿਆਂ ਹੋਇਆ ਹੈ।  ਸਿੱਖੀ ‘ਤੇ ਬ੍ਰਾਹਮਣਵਾਦ ਦੀ ਪਾਣ ਚੜ੍ਹਾਉਣ ਲਈ, ਡੇਰਾਵਾਦ ਨੂੰ ਪੰਜਾਬ ਦੀ ਧਰਤੀ ‘ਤੇ  ਇਕ ਯੋਜਨਾਬੱਧ ਢੰਗ ਨਾਲ ਪ੍ਰਫੁਲਿਤ ਕੀਤਾ ਗਿਆ। ਬਿਪਰਵਾਦ ਤੇ ਗੁਰੂ ਘਰ ਦਾ ਟਕਰਾਅ ਮੁੱਢ ਕਦੀਮੀ ਤੁਰਿਆ ਆ ਰਿਹਾ ਹੈ। ਗੁਰੂ ਕਾਲ ਵਿਚ ਤਾਂ 22 ਮੰਜੀਆਂ ਹੀ ਡਾਹੀਆਂ ਗਈਆਂ ਸਨ, ਪ੍ਰੰਤੂ ਅੱਜ ਗਿਣਤੀ ਕਰਨੀ ਔਖੀ ਹੋ ਚੁੱਕੀ ਹੈ। ਅੰਗਰੇਜ਼ਾਂ ਦੇ ਸਮੇਂ ਮਹੰਤ ਨਰਾਇਣ ਦਾਸ ਨੇ ਕੀ ਕਹਿਰ ਵਰਤਾਇਆ ਸੀ, ਉਹ ਸਭ ਤਾਰੀਖ ਵਿਚ ਦਰਜ ਹੈ। ਸੰਨ ੧੯੭੮ ਦੀ ਵਿਸਾਖੀ ਵਾਲੇ ਦਿਨ ਇਕ ਨਿਰੰਕਾਰੀ ਡੇਰੇਦਾਰ ਦੁਆਰਾ ਸਿੱਖਾਂ ਨੂੰ ਸ਼ਹੀਦ ਕਰ ਦੇਣ ਦੇ ਵਾਕਿਆਤ ਮਗਰੋਂ ਪੰਜਾਬ ਨੇ ਕਿੰਨਾ ਸੰਤਾਪ ਝੱਲਿਆ, ਉਹ ਵੀ ਕਿਸੇ ਜਾਣਕਾਰੀ ਦਾ ਮੁਹਤਾਜ ਨਹੀਂ।
ਗੁਰੂ ਪਿਤਾ ਨੇ ਸਾਨੂੰ ਬਾਣੀ ਰਾਹੀਂ ਕਿਰਤ ਕਰੋ, ਵੰਡ ਛਕੋ ਅਤੇ “ਸੇਵਾ ਤੇ ਸਿਮਰਨ ”ਦਾ ਰਾਹ ਦੱਸਿਆ ਹੈ। ਸਿੱਖ ਧਰਮ ਵਿਚ ਕਿਸੇ ਵੀ ਕਿਸਮ ਦੇ ਪਾਖੰਡ ਤੇ ਕਰਮ ਕਾਂਡ ਲਈ ਕੋਈ ਥਾਂ ਨਹੀਂ ਹੈ। ਫਿਰ ਇਹ ਸੋਚਣ ਦੀ ਲੋੜ ਹੈ ਕਿ ਅੱਜ ਹਰ ਕੋਈ ਆਪੋ-ਆਪਣੀ ਮਨ-ਮਰਜ਼ੀ ਨਾਲ ਸਿੱਖ  ਸਿਧਾਂਤਾਂ ਨਾਲ ਕਿਵੇਂ ਖਿਲਵਾੜ ਕਰੀ ਜਾ ਰਿਹਾ ਹੈ। ਸਿਆਸਤਦਾਨਾਂ ਨੇ ਵੋਟਾਂ ਖਾਤਰ ਡੇਰਾਵਾਦ ਨੂੰ ਸ਼ਹਿ ਦੇਣ ਦਾ ਕੰਮ ਫੜ ਲਿਆ ਹੋਇਆ ਹੈ। ਆਰਐਸਐਸ ਨੂੰ ਇਸ ਨਾਪਾਕ ਗੱਠਜੋੜ ਦੀ ਤੀਜੀ ਧਿਰ ਆਖਿਆ ਜਾ ਸਕਦਾ ਹੈ, ਕਿਉਂਕਿ ਡੇਰਾਵਾਦ ਰਾਹੀਂ ਦੂਜੇ ਘੱਟ ਗਿਣਤੀ ਧਰਮਾਂ ਦੀ ਪਹਿਲ ਤਾਜ਼ਗੀ ਖਤਮ ਕਰਕੇ ਹਿੰਦੂਤਵ ‘ਚ ਜਜ਼ਬ ਕਰਨ ਦੇ ਉਸ ਦੇ ਮਨਸੂਬੇ ਪੂਰੇ ਹੋ ਰਹੇ ਹਨ।
ਪੰਜਾਬ ‘ਚ ਸਰਕਾਰ ਬਦਲਣ ‘ਤੇ ਵੀ ਬੇਅਦਬੀ ਦੀਆਂ ਘਟਨਾਵਾਂ ਨਿਰੰਤਰ ਜਾਰੀ ਹਨ। ਸਾਫ ਹੈ ਕਿ ਇਨਾਂ  ਮੰਦਭਾਗੀਆਂ ਘਟਨਾਵਾਂ ਪਿੱਛੇ ਵੱਡੀਆਂ ਤਾਕਤਾਂ ਹਨ। ਇਸ ਸਮੇਂ ਜੇ ਸੌਦਾ ਸਾਧ ਜੇਲ੍ਹ ‘ਚ ਬੈਠਾ, ਆਪਣੇ ਪ੍ਰੇਮੀਆਂ ਰਾਹੀਂ, ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਗੋਂਦਾਂ ਗੁੰਦ ਸਕਦਾ ਹੈ ਤਾਂ ਉਸ ਪਿੱਛੇ ਕੌਣ ਹੋ ਸਕਦਾ ਹੈ? ਮੀਡੀਆ ਚ ਚਰਚਿਤ ਇਹ ਸੁਆਲ ਕਈ ਸ਼ੰਕੇ ਖੜੇ ਕਰਦਾ ਹੈ ਕਿ ਕੀ ਕੈਪਟਨ ਸਰਕਾਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਂਡ ਦਾ ਸੱਚ, ਲੋਕਾਂ ਸਾਹਮਣੇ ਨਹੀਂ ਲਿਆਉਣਾ ਚਾਹੁੰਦੀ? ਹੁਣ ਵੀ ਜੇ ਸਰਕਾਰ ਸਿਰਸਾ ਡੇਰੇ ਦੇ ਸਾਧ ਤੇ ਉਸਦੇ ਚੇਲਿਆਂ ਦੀ ਪੁਸ਼ਤ ਪਨਾਹੀ ਕਰਦੀ ਹੈ ਤਾਂ ਇਸ ਦਾ ਸਾਫ਼ ਤੇ ਸਪੱਸ਼ਟ ਸੰਕੇਤ ਹੈ ਕਿ ਸਿੱਖੀ ਦੇ ਘਾਣ ਲਈ ਆਰਐਸਐਸ, ਭਾਜਪਾ ਤੇ ਉਨ੍ਹਾਂ ਦੇ ਜੋਟੀਦਾਰਾਂ ਸਮੇਤ ਕਾਂਗਰਸੀ ਵੀ ਇੱਕ-ਮਿੱਕ ਹਨ। ਕੈਪਟਨ ਅਮਰਿੰਦਰ ਸਿੰਘ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਮੁਹਿੰਮ ਦੀ ਆਰੰਭਤਾ ਕਰਦਿਆਂ ਹੱਥ ‘ਚ ਪਾਵਨ ਗੁਟਕਾ ਸਾਹਿਬ ਲੈ ਕੇ, ਆਪਣੀ ਸਰਕਾਰ ਬਣਨ ਦੇ 4 ਹਫ਼ਤਿਆਂ ਦੇ ਅੰਦਰ ਪੰਜਾਬ ‘ਚੋਂ ਨਸ਼ਾ, ਕਰਜ਼ਾ, ਬੇਰੁਜ਼ਗਾਰੀ ਦੂਰ ਕਰਨ ਦੇ ਵਾਅਦੇ ਦੇ ਨਾਲ-ਨਾਲ ਜੂਨ-2015 ਤੋਂ ਗੁਰੂ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਕਟਿਹਰੇ ‘ਚ ਖੜਾ ਕਰਨ ਦਾ ਵਾਅਦਾ ਕੀਤਾ ਸੀ। ਹੁਣ ਜਦੋਂ ਪੁਲਿਸ ਦੁਆਰਾ ਇਸ ਕਾਂਡ ਦੀ ਜਾਂਚ ਵਿਚ ਤਾਜ਼ਾ ਖੁਲਾਸੇ ਬਾਹਰ ਆ ਰਹੇ ਹਨ ਤਾਂ ਸਰਕਾਰ ਦਾ ਅਜੇ ਤਕ ਵੀ ਚੁੱਪ ਰਹਿਣਾ ਬੇਹੱਦ ਹੈਰਾਨੀਜਨਕ ਹੈ।
ਕੈਪਟਨ ਸਰਕਾਰ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜੇ ਪੰਜਾਬ ‘ਚੋਂ ਬਾਦਲ ਸਰਕਾਰ ਦੀ ਜੜ ਪੁੱਟੀ ਗਈ ਸੀ ਤਾਂ ਉਸ ਵਿਚ ਵੱਡਾ ਕਾਰਨ ਪੰਜਾਬ ‘ਚ ਗੁਰੂ ਸਾਹਿਬ ਦੀ ਹੋਈ ਬੇਅਦਬੀ ਦੀਆਂ ਘਟਨਾਵਾਂ ਜ਼ਿੰਮੇਵਾਰ ਸਨ। ਇਸ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਬੇਅਦਬੀ ਕਾਂਡ ਵਿਚ ਹੋ ਰਹੇ ਤਾਜ਼ਾ ਖੁਲਾਸਿਆਂ ਨੂੰ ਪਹਿਲ ਦੇ ਅਧਾਰ ਲੈ ਕੇ ਪੂਰੀ ਜ਼ਿੰਮੇਵਾਰੀ ਨਾਲ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਸਾਰੀਆਂ ਪੰਥਕ ਧਿਰਾਂ ਨੂੰ ਵੀ ਇੱਕਜੁੱਟ ਹੋ ਕੇ ਇਸ ਮਸਲੇ ਦੇ ਪੱਕੇ ਹੱਲ ਲਈ ਸਾਂਝਾ ਮੁਹਾਜ਼ ਖੜ੍ਹਾ ਕਰਕੇ ਅੱਗੇ ਵਧਣ ਦੀ ਜ਼ਰੁਰਤ ਹੈ।