ਇਤਿਹਾਸ ਉਤੇ ਠੱਪੀ ਜਾ ਰਹੀ ‘ਨਾਗਪੁਰੀ ਛਾਪ’

ਇਤਿਹਾਸ ਉਤੇ ਠੱਪੀ ਜਾ ਰਹੀ ‘ਨਾਗਪੁਰੀ ਛਾਪ’

ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਗਿਆਰਵੀਂ ਤੇ ਬਾਰਵੀਂ ਜਮਾਤ ਦੀਆਂ ਇਤਿਹਾਸ ਨਾਲ ਸਬੰਧਤ ਕਿਤਾਬਾਂ ਉਤੇ ਛਿੜੇ ਵਿਵਾਦ ਨੇ ਭਾਰਤ ਦੇ ਸਿੱਖਿਆ ਤੰਤਰ ਵਿਚ ਅੰਦਰਖਾਤੇ ਅਛੋਪਲੇ ਜਿਹੇ ਹੋਰ ਕੀ- ਕੀ ਵਾਪਰ ਰਿਹਾ ਹੈ, ਉਸ ਦੀਆਂ ਪਰਤਾਂ ਵੀ ਉਧੇੜ ਦਿਤੀਆਂ ਹਨ। ਭਾਵੇਂ ਉਪਰੋਕਤ ਕਿਤਾਬਾਂ ਬਾਰੇ ਛਿੜੇ ਜਾਂ ਛੇੜੇ ਗਏੇ ਵਿਵਾਦ ਪਿੱਛੇ ਸੱਤਾ ਦੀ ਖੋਹਖਿੱਚ ਵਾਲੀ ਰਾਜਨੀਤੀ ਅਤੇ ਨਿੱਜੀ ਪ੍ਰਕਾਸ਼ਕਾਂ ਦੇ ਹੱਥੋਂ ਕਿਤਾਬਾਂ ਛਾਪਣ ਦੇ ਮੁਨਾਫੇ ਵਾਲੇ ਧੰਦੇ ਦੇ ਨਿਕਲ ਜਾਣ ਨੂੰ ਮੰਨਿਆ ਜਾ ਰਿਹਾ ਹੈ ਪਰ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਕੇਂਦਰ ਵਿਚਲੀ ਭਗਵਾਂ ਸਰਕਾਰ ਦੁਆਰਾ ਦੇਸ਼ ਦੇ ਸਕੂਲੀ ਸਿਲੇਬਸ ਵਿਚ ਕਿਸ ਹੱਦ ਤਕ ਜਾ ਕੇ? ਇਤਿਹਾਸ ਦੇ ਤੱਥਾਂ ਨਾਲ ਛੇੜਛਾੜ ਕੀਤੀ ਜਾ ਰਹੀ ਹੈ, ਵੀ ਸਾਹਮਣੇ ਆ ਗਿਆ ਹੈ। ਉਪਰੋਕਤ ਦੋਵੇਂ ਕਿਤਾਬਾਂ ਵਿਚਲੇ ਪਾਠਕਰਮ ਨੂੰ ਤਰਤੀਬ ਦੇਣ ਅਤੇ ਬੱਚਿਆਂ ਦੇ ਬਸਤੇ ਦਾ ਭਾਰ ਘੱਟ ਕਰਨ ਦੇ ਨਾਂ ‘ਤੇ ਸਿੱਖਾਂ ਤੇ ਪੰਜਾਬ ਦੇ ਇਤਿਹਾਸ ਨਾਲ ਸਬੰਧਤ ਕਈ ਅਹਿਮ ਅਧਿਆਇ ਗਾਇਬ ਕਰ ਦੇਣ ਬਾਰੇ ਤਾਂ ਖੁਦ ਪੰਜਾਬ ਦੀ ਸਰਕਾਰ ਵੀ ਅੱਧੇ ਜਿਹੇ ਮਨ ਨਾਲ ਮੰਨ ਗਈ ਹੈ ਪਰ ਸਕੂਲੀ ਪਾਠਕਰਮ ਰਾਹੀਂ ਇਕ ਖਾਸ ਵਿਚਾਰਧਾਰਾ ਨੂੰ ਬਾਲਮਨਾਂ ਵਿਚ ਘੁਸੇੜਨ ਅਤੇ ਦੂਜੀਆਂ ਵਿਚਾਰਧਾਰਾਵਾਂ ਨੂੰ ਛੁਟਿਆ ਕੇ ਪੇਸ਼ ਕਰਨ ਦੇ ਮਨਸੂਬੇ ਪੰਥਕ ਵਿਦਵਾਨਾਂ ਦੁਆਰਾ ਇਸ ਮੁੱਦੇ ਪ੍ਰਤੀ ਦਿਖਾਈ ਸੰਜੀਦਗੀ ਨਾਲ ਆਮ ਲੋਕਾਂ ਦੇ ਦ੍ਰਿਸ਼ਟੀਗੋਚਰ ਹੋਏ ਹਨ।
ਸਿੱਖ ਇਤਿਹਾਸਕਾਰਾਂ ਨੇ ਉਕਤ ਕਿਤਾਬ ਬਾਰੇ ਜੋ ਤੱਥ ਪੇਸ਼ ਕੀਤੇ ਹਨ, ਉਹ ਸਾਬਤ ਕਰਦੇ ਹਨ ਕਿ ਤਵਾਰੀਖ ਬਾਰੇ ਇੰਨੀਆਂ ਬੱਜਰ ਕੁਤਾਹੀਆਂ ਕਰਨਾ ਜਾਣਬੁੱਝ ਕੇ ਕੀਤੀ ਗਈ ‘ਸ਼ਰਾਰਤ’ ਹੀ ਹੈ। ਕਿਤਾਬ ਵਿੱਚ ਖਾਲਸਾ ਰਾਜ ਨੂੰ ਬਹੁਤ ਹੀ ਕੋਹਝੇ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਜੋ ਗੱਲਾਂ ਸਿੱਖੀ ਫਲਸਫੇ  ਵਿੱਚ ਵਰਜਿਤ ਹਨ, ਉਨ•ਾਂ ਨੂੰ ਵਧੇਰੇ ਉਭਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਕਿਤਾਬ ਵਿੱਚ ਮੰਦਰ ਵਿੱਚ ਕੀਰਤਨ ਹੋਣ ਦਾ ਜ਼ਿਕਰ ਅਸਿੱਧੇ ਢੰਗ ਕੀਤਾ ਗਿਆ ਹੈ, ਜਦ ਕਿ ਮੰਦਰ ਵਿੱਚ ਭਜਨ ਹੁੰਦਾ ਹੈ, ਕੀਰਤਨ ਨਹੀਂ।
ਇਸੇ ਤਰ•ਾਂ ਮਹਾਤਮਾ ਬੁੱਧ ਬਾਰੇ ਕਿਹਾ ਗਿਆ ਹੈ ਕਿ ਉਨ•ਾਂ ਨੂੰ ਪ੍ਰਮਾਤਮਾ ਦਾ ਗਿਆਨ ਹੋ ਗਿਆ, ਜਦਕਿ ਬੁੱਧਇਜ਼ਮ ਵਿੱਚ ਕਿਤੇ ਵੀ ਪਰਮਾਤਮਾ ਦਾ ਜ਼ਿਕਰ ਨਹੀਂ। ਸ਼ਹੀਦ ਕਰਤਾਰ ਸਿੰਘ ਸਰਾਭਾ ਬਾਰੇ ਸਭ ਜਾਣਦੇ ਹਨ ਕਿ ਉਹ ਲੁਧਿਆਣਾ ਦੇ ਪਿੰਡ ਸਰਾਭਾ ਦੇ ਜੰਮਪਲ ਸਨ ਪਰ ਕਿਤਾਬ ਵਿਚ ਉਨ•ਾਂ ਦਾ ਜਨਮ ਲੁਧਿਆਣਾ ਦਾ ਲਿਖਿਆ ਗਿਆ ਹੈ।
ਭਾਰਤੀ ਰਾਸ਼ਟਰਵਾਦ ਨੂੰ ਤਿੰਨ ਪਾਠਾਂ ਵਿਚ ਰੱਖਿਆ ਗਿਆ ਹੈ ਜਦੋਂ ਕਿ ਰਾਸ਼ਟਰਵਾਦ ਇਤਿਹਾਸ ਨਾਲੋਂ ਵਧੇਰੇ ਰਾਜਨੀਤੀ ਵਿਗਿਆਨ ਦਾ ਵਿਸ਼ਾ ਹੈ। ਪੰਜਾਬ ਦੇ ਇਤਿਹਾਸ ਦੇ ਮਹੱਤਵ ਨੂੰ ਘਟਾਉਣ ਲਈ ਪੰਜਾਬ ਸਕੂਲ ਸਿਖਿਆ ਬੋਰਡ ਵਲੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਤਿਆਰ ਕੀਤੀ ਇਤਿਹਾਸ ਦੀ ਕਿਤਾਬ ਬਾਰੇ ਜੀਆਈਐਚਸੀ. ਵਲੋਂ ਤਿਆਰ ਕੀਤੀ ਰਿਵਿਊ ਰਿਪੋਰਟ ਵਿਚ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ ਇਹ ਪਾਠ ਪੁਸਤਕ ਕਿਸੇ ਵੀ ਪੱਖ ਤੋਂ ਮਿਆਰੀ ਨਹੀਂ ਹੈ। ਇਸ ਪੁਸਤਕ ਵਿਚ ਮਿਥਿਹਾਸ ਨੂੰ ਇਤਿਹਾਸ ਸਿੱਧ ਕਰਨ ਲਈ ਇਤਿਹਾਸਕ ਤੱਥਾਂ ਦੀ ਭੰਨ ਤੋੜ ਕੀਤੀ ਗਈ ਹੈ। ਸੈਕੂਲਰ ਰਾਸ਼ਟਰ ਦੀ ਥਾਂ ਤੇ ਹਿੰਦੂਤਵਵਾਦੀ ਰਾਸ਼ਟਰ ਦੀ ਨੀਂਹ ਮਜਬੂਤ ਕਰਨ ਲਈ ਅਤੇ ਸਿੱਖ ਪਛਾਣ ਦੀ ਮੌਲਕਿਤਾ ਨੂੰ ਖਤਮ ਕਰਨ ਦੀ ਸਾਜ਼ਿਸ਼ ਦੇ ਅਧੀਨ ਇਹ ਪੁਸਤਕ ਤਿਆਰ ਕੀਤੀ ਗਈ ਹੈ। ਪਹਿਲਾਂ 12ਵੀਂ ਦੀ ਕਿਤਾਬ ਤਿਆਰ ਕੀਤੀ ਹੈ, 11ਵੀਂ ਜਮਾਤ ਵਿਚ ਪੰਜਾਬ ਦੇ ਇਤਿਹਾਸ  ‘ਤੇ ਕੇਵਲ ਇਕ ਭਾਗ ਰੱਖਿਆ ਹੈ।
ਸਿੱਖ ਧਰਮ ਨੂੰ ਹਿੰਦੂ-ਧਾਰਾ ਦੀ ‘ਰਾਮ ਭਗਤੀ’ ਦਾ ਹਿੱਸਾ ਬਣਾਉਣ ਦੀ ਸਾਜਿਸ਼ ਵੀ ਇਸ ਪੁਸਤਕ ਚ ਹੋਈ ਹੈ। ਗੁਰੂ ਨਾਨਕ ਸਾਹਿਬ ਅਤੇ ਗੁਰੂ ਸਾਹਿਬਾਨ ਨੂੰ ਭਗਤੀ ਦੇ ਨਵੇਂ ਰੰਗ ਵਿਚ ਪੇਸ਼ ਕੀਤਾ ਹੈ ਪਰੰਤੂ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਉਨ•ਾਂ ਵਲੋਂ ਸਾਜੇ ਖਾਲਸੇ ਦਾ ਜ਼ਿਕਰ ਜਾਣ ਬੁਝ ਕੇ ਨਹੀਂ ਕੀਤਾ ਗਿਆ। ਭਗਤ ਨਾਮਦੇਵ ਜੀ ਦੇ ਗੁਰਦੁਆਰੇ ਨੂੰ ਮੰਦਰ ਲਿਖਿਆ ਹੈ। ਸ਼ਹੀਦ ਕਰਤਾਰ ਸਿੰਘ ਸਰਾਭੇ ਦੇ ਬੁੱਤ ਨੂੰ ਮੂਰਤੀ ਲਿਖਿਆ ਹੈ। ਪੁਰਾਣ ਸਾਹਿਤ ਨੂੰ ਇਤਿਹਾਸ ਬਣਾਉਣ ਦੀ ਗੈਰ-ਇਤਿਹਾਸਕ ਕੋਸ਼ਿਸ਼ ਕੀਤੀ ਗਈ ਹੈ। ਮਹਾਤਮਾ ਬੁੱਧ ਦੇ ਗਿਆਨ ਨੂੰ ਪਰਮਾਤਮਾ ਦਾ ਗਿਆਨ ਲਿਖਿਆ ਹੈ ਜਦੋਂ ਕਿ ਬੁੱਧ ਸਬੰਧੀ ਸਾਹਿਤ ਵਿਚ ਪਰਮਾਤਮਾ ਦੇ ਗਿਆਨ ਦਾ ਕੋਈ ਜ਼ਿਕਰ ਹੀ ਨਹੀਂ ਹੈ।
ਇਸ ਵਿਵਾਦ ਦੀਆਂ ਜੜ•ਾਂ ਨੂੰ ਕੁਰੇਦਣ ਤੋਂ ਬਾਅਦ ਬਹੁਤ ਸਾਰੇ ਉਹ ਸਵਾਲ ਵੀ ਉੱਠ ਖੜ•ੇ ਹੋਏ ਹਨ, ਜੋ ਕੇਵਲ ਪੰਜਾਬ ਜਾਂ ਸਿੱਖਾਂ ਜਾਂ ਫਿਰ ਕਿਸੇ ਇਕ ਜਾਂ ਦੋ ਰਾਜਾਂ ਦੇ ਸਕੂਲੀ ਸਿਲੇਬਸ ਦੇ ਘੜਨ-ਭੰਨਣ ਤਕ ਹੀ ਮਹਿਦੂਦ ਨਹੀਂ ਰਹਿ ਜਾਂਦੇ। ਇਹ ਸਵਾਲ ਸਮੁੱਚੇ ਭਾਰਤ ਦੀ ਸਭਿਆਚਾਰਕ, ਸਮਾਜਕ, ਧਾਰਮਕ ਤੇ ਬਹੁਧਾਰਾਈ ਵੰਨ-ਸੁਵੰਨਤਾ ਉਤੇ ਪੈ ਰਹੇ ‘ਨਾਗਪੁਰੀ ਪਰਛਾਵੇਂ’ ਦੇ ਚਲਿੱਤਰੀ ਕੋਹਜ ਦੀ  ਸਮਰੱਥਾ ਤੇ ਬੌਧਿਕ ਖੇਤਰਾਂ ਵਿਚ ਰਸਾਈ ਦੇ ਵਿਰਾਟ ਪਾਸਾਰ ਵੱਲ ਵੀ ਸੇਧਤ ਹੋ ਰਹੇ ਹਨ। ਇਥੇ ਇਹ ਗੱਲ ਵੀ ਗੌਰ ਕਰਨ ਵਾਲੀ ਹੈ ਕਿ ਜਦੋਂ ਤੋਂ ਕੇਂਦਰ ਵਿਚ ਪਹਿਲੀ ਪੂਰਨ ਬਹੁਮਤ ਵਾਲੀ ਭਾਜਪਾ ਸਰਕਾਰ ਹੋਂਦ ਵਿਚ ਆਈ ਹੈ, ਉਦੋਂ ਤੋਂ ਹੀ ਬਹੁਤ ਸਾਰੀਆਂ ਧਾਰਮਿਕ ਤੁਅੱਸਬ ਦੀਆਂ ਘੁਣਤਰਾਂ ਦੇ ਨਾਲ-ਨਾਲ ਵਿਸ਼ੇਸ਼ ਤੌਰ ਸਾਡੇ ਅਕਾਦਮਿਕ ਖੇਤਰ ਵਿਚ ਇਤਿਹਾਸ ਨੂੰ ਦੁਬਾਰਾ ਲਿਖਣ, ਮਿਥਿਹਾਸ ਨੂੰ ਇਤਿਹਾਸ ਬਣਾ ਕੇ ਪੇਸ਼ ਕਰਨ ਅਤੇ ਕਥਿਤ ਪੁਰਾਣਾਂ, ਸ਼ਾਸਤਰਾਂ-ਸਿਮ੍ਰਤੀਆਂ ਦੇ ਨਾਮ ‘ਤੇ ਮਾਨਸਿਕ ਗੁਲਾਮੀ ਦੀਆਂ ਪ੍ਰਤੀਕ  ਲਿਖਤਾਂ ਨੂੰ ਸਰਕਾਰੀ ਤੇ ਅਕਾਦਮਿਕ ਮਾਨਤਾ ਦਿਵਾਉਣ ਦੀ ਕਸਰਤ ਹੋ ਰਹੀ ਹੈ। ਇਹ ਇਕ ਬਹੁਤ ਹੀ ਪਿਛਾਂਹ-ਖਿਚੂ ਤੇ ਮਨੁੱਖਤਾ ਮਾਰੂ ਰੁਝਾਨ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਇਤਿਹਾਸ ਨਾਲ ਸਬੰਧਤ ਸਿਲੇਬਸ ਨਾਲ ਹੋਈ ਛੇੜਛਾੜ ਤੋਂ ਬਾਅਦ ਇਹ ਸ਼ੱਕ ਪੈਦਾ ਹੋਣਾ ਲਾਜ਼ਮੀ ਹੈ ਕਿ ਪਿਛਲੇ ਸਮੇਂ ਦੌਰਾਨ ਦੂਜੇ ਵਿਸ਼ਿਆਂ, ਜਮਾਤਾਂ ਅਤੇ ਬੋਰਡਾਂ ਵਿਚ ਸਿਲੇਬਸ ਬਦਲਣ ਦੇ ਨਾਮ ਉਤੇ ਵੀ ਕੀ ਅਜਿਹੀ ਹੀ ਖੇਡ ਤਾਂ ਨਹੀਂ ਖੇਡੀ ਜਾ ਚੁੱਕੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਇਲਾਵਾ ਸੀਬੀਐਸਈ ਵਰਗੇ ਕੇਂਦਰੀ ਕੰਟਰੋਲ ਹੇਠਲੇ ਅਦਾਰਿਆਂ ਦਾ ਸਿਲੇਬਸ ਵੀ ਗਹਿਰੀ ਪੁਣਛਾਣ ਦੀ ਮੰਗ ਕਰਦਾ ਹੈ। ਧਿਆਨ ਦੇਣਯੋਗ ਹੈ ਕਿ ਸਾਡੇ ਅੱਜ ਦੇ ਬਹੁਗਿਣਤੀ ਬੱਚੇ ਨਿੱਜੀ ਸਕੂਲਾਂ ਵਿਚ ਪੜ•ਾਈ ਕਰਨ ਨੂੰ ਤਰਜੀਹ ਦਿੰਦੇ ਹਨ। ਬਹੁਤੇ ਨਿੱਜੀ ਸਕੂਲ ਰਾਜ ਬੋਰਡਾਂ ਦੀ ਬਜਾਇ ਸੀਬੀਐਸਈ (ਸੈੱਟਰਲ ਬੋਰਡ ਆਫ ਸਕੂਲ ਐਜੂਕੇਸ਼ਨ) ਨਾਲ ਜੁੜੇ ਹੋਏ ਹਨ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਬੰਧਤ ਸਿਲੇਬਸ ਦੀਆਂ ਕਿਤਾਬਾਂ ਦੀ ਮੁੜ ਜਾਂਚ ਪੜਤਾਲ ਵਾਸਤੇ ਵਿਦਵਾਨਾਂ ਦੀ ਛੇ ਮੈਂਬਰੀ ਕਮੇਟੀ ਕਾਇਮ ਕੀਤੀ ਹੈ। ਜਿਥੋਂ ਤਕ ਸਕੂਲੀ ਕਿਤਾਬਾਂ ਵਿਚ ਭਾਸ਼ਾਈ ਬਬਦ-ਜੋੜਾਂ ਦੀਆਂ ਤਰੁੱਟੀਆਂ ਦਾ ਸਵਾਲ ਹੈ, ਇਹ ਮਾਮਲਾ ਭਾਸ਼ਾ ਮਾਹਰਾਂ ਦੇ ਪੱਧਰ ਉਤੇ ਸੌਖਿਆਂ ਹੀ ਨਜਿੱਠਿਆ ਜਾ ਸਕਦਾ ਹੈ ਪਰ ਇਤਿਹਾਸ ਨਾਲ ਸਬੰਧਤ ਸਿਲੇਬਸ ਨਾਲ ਹੋਈ ਛੇੜਛਾੜ ਬਾਰੇ ਹੋਰ ਵਧੇਰੇ ਚੌਕਸ ਹੋਣ ਦੀ ਜ਼ਰੂਰਤ ਹੈ।