ਅਪਣੀਆਂ ਹੀ ਜੜ੍ਹਾਂ ਵੱਢ ਰਹੇ ਨੇ ‘ਆਪ’ ਦੇ ਰਖ਼ਵਾਲੇ

ਅਪਣੀਆਂ ਹੀ ਜੜ੍ਹਾਂ ਵੱਢ ਰਹੇ ਨੇ ‘ਆਪ’ ਦੇ ਰਖ਼ਵਾਲੇ

ਅਪਣੇ ਜਨਮ ਤੋਂ ਲੈ ਕੇ ਲਗਾਤਾਰ ਚਰਚਾ ਅਤੇ ਵਿਵਾਦਾਂ ਵਿੱਚ ਘਿਰੀ ਆ ਰਹੀ ਆਮ ਆਦਮੀ ਪਾਰਟੀ (ਆਪ) ਦੇ ਸੰਸਥਾਪਕ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਵਲੋਂ ਮਾਨ-ਹਾਨੀ ਦੇ ਇੱਕ ਮਾਮਲੇ ‘ਚ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਲਿਖਤੀ ਮਾਫ਼ੀ ਮੰਗਣ ਬਾਅਦ ਇਸਦੀ ਪੰਜਾਬ ਇਕਾਈ ਵਲੋਂ ਪਾਰਟੀ ਦੀ ਹਾਈਮਕਾਂਡ ਵਿਰੁਧ ਬਗਾਵਤ ਤੋਂ ਇਸਦੇ ਵਿਰੋਧੀਆਂ ਦਾ ਖੁਸ਼ੀ ਵਿੱਚ ਕੱਛਾਂ ਵਜਾਉਣਾ ਸੁਭਾਵਕ ਹੈ। ਵੈਸੇ ਤਾਜ਼ਾ ਸੰਕੇਤਾਂ ਅਨੁਸਾਰ ਭਾਰਤ ਦੀ ਰਾਜਧਾਨੀ ਵਾਲੇ ਕੇਂਦਰ ਸ਼ਾਸ਼ਤ ਪ੍ਰਦੇਸ਼ ਦਿੱਲੀ ਦੀਆਂ ਸੰਨ 2015 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਮੁੱਖ ਕੌਮੀ ਪਾਰਟੀਆਂ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਪਾਰਟੀ ਦਾ ਦਿੱਲੀ ਖੇਤਰ ਵਿਚੋਂ ਸਫ਼ਾਇਆ ਕਰਨ ਬਾਅਦ ਭਾਰਤੀ ਰਾਜਨੀਤੀ ਦੇ ਸ਼ੇਰ ਸਮਝੇ ਜਾਂਦੇ ਕੇਜਰੀਵਾਲ ਨੂੰ ‘ਮੁਆਫ਼ੀਨਾਮਾ ਕਾਂਡ’ ਨੇ ਉਸਦੇ ਪ੍ਰਸੰਸਕਾਂ ਅਤੇ ਹਮਾਇਤੀਆਂ ਦੀਆਂ ਨਜ਼ਰਾਂ ਵਿੱਚ ‘ਕਾਗਜੀ ਸ਼ੇਰ’ ਬਣਾ ਕੇ ਰੱਖ ਦਿੱਤਾ ਹੈ। ਪੰਜਾਬ ਵਿਧਾਨ ਸਭਾ ਦੀਆਂ ਪਿਛਲੇ ਸਾਲ ਹੋਈਆਂ ਚੋਣਾਂ ਦੌਰਾਨ ਸੂਬੇ ਦੇ ਤੂਫਾਨੀ ਦੌਰੇ ਮੌਕੇ ਜਿਸ ਸਖ਼ਸ਼ ਨੂੰ ਵੇਖਣ-ਸੁਨਣ ਲਈ ਥਾਂ ਥਾਂ ਉਮੜਦੇ ਲੋਕਾਂ ਦੇ ਹੜ੍ਹ ਨੂੰ ਵੇਖਦਿਆਂ ਧੁਨੰਤਰ ਰਾਜਸੀ ਵਿਸ਼ਲੇਸ਼ਕ ਵੀ ਉਸਦੀ ‘ਮਸੀਹਾਈ’ ਪ੍ਰਤਿਭਾ ਦੇ ਸੋਹਲੇ ਗਾਉਣ ਲਈ ਮਜਬੂਰ ਸਨ, ਉਸੇ ਕੇਜਰੀਵਾਲ ਨੇ ‘ਮੁਆਫ਼ੀ’ ਮੰਗ ਕੇ ਰਾਜਸੀ ਤੌਰ ਉੱਤੇ ਕੌਮੀ ਤੇ ਸੂਬਾਈ ਪੱਧਰ ਉੱਤੇ ਅਪਣੇ ਤੇ ਪਾਰਟੀ ਦੇ ਵੱਕਾਰ ਨੂੰ ਮਿੱਟੀ ਘੱਟੇ ਰੋਲਣ ਵਾਲਾ ਕੰਂਮ ਕੀਤਾ ਹੈ। ਬੇਸ਼ੱਕ ਮੌਕੇ ਤੇ ਪ੍ਰਸਥਿੱਤੀਆਂ ਅਨੁਸਾਰ ਅਪਣੇ ਪੈਂਤੜੇ ਬਦਲਣੇ ਤੇ ਸਮਝੌਤੇ ਕਰਨੇ ਰਾਜਨੀਤੀ ਦਾ ਹਿੱਸਾ ਹੁੰਦੇ ਹਨ ਪਰ ਕੋਈ ਵੀ ਅਹਿਮ ਕਦਮ ਚੁੱਕਣ ਤੋਂ ਪਹਿਲਾਂ ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖ ਕੇ ਚੱਲੀ ਚਾਲ ਬੇਹਤਰ ਸਮਝੀ ਜਾਂਦੀ ਤੇ ਚੰਗੇ ਸਿੱਟੇ ਸਾਹਮਣੇ ਲਿਆਉਂਦੀ ਹੈ। ਮੌਜੂਦਾ ਮਾਮਲੇ ਵਿੱਚ ਕਾਹਲੀ ਤੋਂ ਵੱਧ ਫੈਸਲੇ ਨੂੰ ਅਪਣਿਆਂ ਤੋਂ ‘ਲੁਕਾਉਣ ਦੀ ਚਾਲ’ ਨੇ ਕੇਜਰੀਵਾਲ ਦੀ ਬਾਣੀਆ ਬਿਰਤੀ ਨੂੰ ਸ਼ਰੇਆਮ ਨੰਗਿਆਂ ਕੀਤਾ ਹੈ। ਇਸੇ ਲਈ ਇਸ ‘ਮਾਆਫ਼ੀ’ ਪਿੱਛੇ ਹੋਰ ਨਿੱਜੀ ਹਿੱਤ ਛੁਪੇ ਹੋਣ ਦੇ ਸ਼ੰਕਿਆਂ ਨੂੰ ਸ਼ਹਿ ਮਿਲ ਰਹੀ ਹੈ। ਅੰਨਾ ਹਜ਼ਾਰੇ ਦੇ ਭ੍ਰਿਸ਼ਟਾਚਾਰ ਵਿਰੋਧੀ ਦੇਸ਼ ਵਿਆਪੀ ਅੰਦਲਨ ਬਾਅਦ ਆਮ ਆਦਮੀ ਪਾਰਟੀ ਦਾ ਸਾਰਾ ਦਾਰੋ-ਮਦਾਰ ਭਾਰਤ ਦੀਆਂ ਮੁੱਖ ਵਿਰੋਧੀ ਪਾਰਟੀਆਂ ਦੇ ਆਗੂਆਂ ਵਲੋਂ ਭ੍ਰਿਸ਼ਟਾਚਾਰੀਆਂ ਨੂੰ ਸ਼ਹਿ ਦੇਣ ਅਤੇ ਖੁਦ ਭ੍ਰਿਸ਼ਟ ਤਰੀਕਿਆਂ ਨਾਲ ਮੱਚਾਈ ਚਲੀ ਆ ਰਹੀ ਲੁੱਟ ਨੂੰ ਖ਼ਤਮ ਕਰਨ ਦਾ ਸੀ। ਇਸੇ ਲਈ ਕੇਜਰੀਵਾਲ ਅਤੇ ਉਸਦੇ ਸਾਥੀਆਂ ਨੇ ਢੋਲ ਵਜਾ ਵਜਾ ਕੇ ਇਸ ਮੁਹਿੰਮ ਨੂੰ ਦਿਨੋਂ ਦਿਨ ਤੇਜ ਕੀਤਾ। ਇਸ ਲਈ ਜਰੂਰੀ ਸੀ ਕਿ ਪਾਰਟੀਆਂ ਅਤੇ ਆਗੂਆਂ ਦੇ ਨਾਂਅ ਸ਼ਰੇਆਮ ਉਜਾਗਰ ਕੀਤੇ ਜਾਂਦੇ। ਕੇਜਰੀਵਾਲ ਤੇ ਉਸਦੇ ਸਹਿਯੋਗੀ ਜੇ ਉਸ ਵੇਲੇ ਇਹ ਪਹਿਲੂ ਵੀ ਧਿਆਨ ਵਿੱਚ ਰਖਦੇ ਕਿ ਅਜਿਹੇ ਦੋਸ਼ ਉਲਟੇ ਵੀ ਪੈ ਸਕਦੇ ਹਨ ਤਾਂ  ਅੱਜ ‘ਗੋਡੇ ਟੇਕਣ’ ਵਾਲੇ ਦਿਨ ਨਾ ਵੇਖਣੇ ਪੈਂਦੇ।
ਇਸੇ ਤਰ੍ਹਾਂ ਪਹਿਲਾਂ ਸੰਨ 2014 ਪੰਜਾਬ ਦੀਆਂ ਲੋਕ ਸਭਾ ਤੇ ਫਿਰ ਫਰਵਰੀ 2017 ਵਿੱਚ ਵਿਧਾਨ ਸਭਾ ਚੋਣਾਂ ਮੌਕੇ ਆਮ ਆਦਮੀ ਪਾਰਟੀ ਦੀ ਸੂਬਾ ਇਕਾਈ ਨੇ ਸੱਤਾਧਾਰੀ ਅਕਾਲੀ ਦਲ (ਬਾਦਲ), ਬਾਦਲ ਪਰਿਵਾਰ ਅਤੇ ਹੋਰਨਾਂ ਨੇਤਾਵਾਂ ਵਿਰੁਧ ਪੰਜਾਬ ਦੇ ਲੋਕਾਂ ਦੀ ਲੁੱਟ ਅਤੇ ਨਸ਼ਿਆਂ ਦਾ ਧੰਦਾ ਕਰਵਾਉਣ ਦੇ ਭੰਡੀ ਪ੍ਰਚਾਰ ਦੀ ਮੁਹਿੰਮ ਵਿੱਢੀ। ਸਭ ਤੋਂ ਤਕੜਾ ਤਵਾ ਕੈਬਨਿਟ ਮੰਤਰੀ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਰਿਸ਼ਤੇਦਾਰ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਲਾਇਆ ਜਾਂਦਾ ਸੀ। ਚੋਣਾਂ ਹਾਰਨ ਬਾਅਦ ਬਿਕਰਮ ਮਜੀਠੀਆ ਵਲੋਂ ਕੇਜਰੀਵਾਲ, ਸੰਜੇ ਸਿੰਘ ਤੇ ਹੋਰਨਾਂ ਆਗੂਆਂ ਵਿਰੁਧ ਮਾਨ ਹਾਨੀ ਦਾ ਕੇਸ ਕਰਕੇ ਅਦਾਲਤ ਵਿੱਚ ਘੜੀਸਣਾ ਉਸਦੀ ਸਮਾਜਿਕ ਤੇ ਨੈਤਿਕ ਤੋਂ ਕਿਸੇ ਵੱਧ ਸਿਆਸੀ ਲੋੜ ਸੀ। ਹੁਣ ਕੇਜਰੀਵਾਲ ਨੇ ਜਿੱਥੇ ਅੰਦਰਖਾਤੇ ਬਿਕਰਮ ਸਿੰਘ ਮਜੀਠੀਆ ਤੋ੬ ਮੁਆਫ਼ੀ ਮੰਗ ਕੇ ਅਕਾਲੀ ਦਲ (ਬਾਦਲ) ਨੂੰ ਸਿਆਸੀ ਜਿੱਤ ਦਿਵਾਈ ਹੈ ਉੱਥੇ ਪਾਰਟੀ ਦੀ ਪੰਜਾਬ ਵਿਚਲੀ ਇਕਾਈ ਵਿਚ ਵਿਦਰੋਹ ਪੈਦਾ ਹੋਣ ਦਾ ਜੁੰਮੇਵਾਰ ਵੀ ਕੋਈ ਹੋਰ ਨਹੀਂ ਬਲਕਿ ਕੇਜਰੀਵਾਲ ਖੁਦ ਹੀ ਹੈ।
ਭਾਵੇਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਇਹ ਦਲੀਲ ਕਿ ਉਹ ”ਹਉਮੈ ਦੀ ਲੜਾਈ” ਵਿਚ ਪੈਣ ਦੇ ਖਾਹਸ਼ਮੰਦ ਨਹੀਂ੬ ਹਨ ਅਤੇ ਕਾਨੂੰਨੀ ਉਲਝਣਾ੬ ਵਿਚ ਸਮਾ੬ ਬਰਬਾਦ ਕਰਨ ਦੀ ਬਜਾਏ ਲੋਕ ਸੇਵਾ ਕਰਨਾ ਚਾਹੁੰਦੇ ਹਨ।’ ਕੇਜਰੀਵਾਲ ਦੇ ਪੱਖ ਨੂੰ ਪੇਸ਼ ਕਰਦੀ ਹੈ ਪਰ ਮਸਲਾ ਤਾਂ ਪਾਰਟੀ ਦੇ ਪੰਜਾਬ ਵਿਚਲੇ ਆਗੂਆਂ ਤੋਂ ਮੁਆਫ਼ੀ ਦੀ ਗੱਲ ਛੁਪਾਉਣ ਦਾ ਹੈ।
ਭਾਰਤ ਦੀਆਂ ਸਾਰੀਆਂ ਹੀ ਰਾਜਸੀ ਪਾਰਟੀਆਂ ਦੇ ਲੋਟੂ-ਲਾਣੇ ਤੋਂ ਦੇਸ ਅਤੇ ਅਪਣੇ ਆਪ ਨੂੰ ਮੁਕਤ ਕਰਨ ਦੀ ਆਸ ਨਾਲ ਕੁਝ ਸਾਲ ਪਹਿਲਾਂ ਆਸ ਦੀ ਕਿਰਨ ਬਣ ਕੇ ਉਭਰੀ ਆਮ ਆਦਮੀ ਪਾਰਟੀ (ਆਪ) ਦੇ ਹੱਕ ‘ਚ ਨਿਤਰਣ ਵਾਲੇ ਲੋਕ ਪਾਰਟੀ ਵਿਚਲੇ ਕਾਟੋ-ਕਲੇਸ਼ ਤੋਂ ਸਿਰਫ਼ ਨਿਰਾਸ਼ ਹੀ ਨਹੀਂ ਬੇਹੱਦ ਉਦਾਸ ਵੀ ਨੇ।
ਪੰਜਾਬ ਦੀ ‘ਆਪ’ ਇਕਾਈ ਵਿਚਲੇ ਸੰਕਟ ਨੂੰ ਮੱਠਾ ਪਾਉਣ ਵਿੱਚ ਵਕਤੀ ਤੌਰ ਉੱਤੇ ਕਾਮਯਾਬ ਹੋਣ ਦੇ ਬਾਵਜੂਦ ਪਾਰਟੀ ਦੇ ਦਿੱਲੀ ਵਿਚਲੇ ਪ੍ਰਭੂਆਂ ਦੀ ਰਾਜਸੀ ਸੂਝ-ਬੂਝ, ਰਣਨੀਤੀਆਂ ਅਤੇ ਦਿਆਨਤਦਾਰੀ ਵਿਚੋਂ ਪਾਰਟੀ ਦੇ ਆਗੂਆਂ, ਸਰਗਰਮ ਵਰਕਰਾਂ ਤੇ ਆਮ ਲੋਕਾਂ ਦਾ ਜਿਹੜਾ ਮੋਹ ਭੰਗ ਹੋਰ ਤੇਜ ਹੋਣ ਲੱਗਾ ਹੈ ਉਸ ਨੁਕਸਾਨ ਨੂੰ ਰੋਕਣਾ ਸ਼ਾਇਦ ਕਿਸੇ ਦੇ ਵੀ ਵੱਸ ਵਿੱਚ ਨਹੀਂ।
ਕਿਸੇ ਨੂੰ ਨਾਇਕ ਸਮਝਣ ਬਾਅਦ ਅਪਣਾ ਸਭ ਕੁਝ ਦਾਅ ਉੱਤੇ ਲਾਉਣ/ਲੁਟਾਉਣ ਵਾਲੇ ਪੰਜਾਬੀਆਂ ਖ਼ਾਸ ਕਰ ਪਰਵਾਸੀਆਂ ਨੇ ਜਿਸ ਤਰ੍ਹਾਂ ‘ਆਪ’ ਲਈ ਆਪਾ ਸਮਰਪਣ ਕੀਤਾ ਸੀ ਉਸ ਭਰੋਸੇ ਦਾ ਟੁਟਣਾ ਸੂਬੇ ਤੇ ਲੋਕਾਂ ਨੂੰ ਢਹਿੰਦੀ ਕਲਾ ਵੱਲ ਲਿਜਾਣ ਵਰਗਾ ਹੈ। ਜਿਸ ਪੰਜਾਬ ਦੀ ਫਿਜ਼ਾ ਵਿੱਚ ‘ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ’ ਦੇ ਨਾਅਰੇ ਗੂੰਜੇ, ਉਸੇ ਪੰਜਾਬ ਵਿਚੋਂ ‘ਕੇਜਰੀਵਾਲ ਕੇਜਰੀਵਾਲ, ਤੈਨੂੰ ਲੱਖ ਲੱਖ ਫਿਟਕਾਰ’ ਦੀ ਖਾਮੋਸ਼ ਧੁਨ ਦਾ ਉਭਰਣਾ, ਬੜਾ ਉਦਾਸਮਈ ਕਰਮ ਹੈ।