ਰਾਜੇ ਨੂੰ ਕੌਣ ਕਹੇਗਾ… ਰਾਜੇ ਭਲਾਂ ਕਦ ਸੁਣਦੇ ਨੇ !
ਪੰਜਾਬ ਦੇ ਲੋਕਾਂ ਨੇ ਨਹੀਂ ਸੀ ਚਾਹੀ ਅਜਿਹੇ ‘ਕੈਪਟਨ ਸਰਕਾਰ’
ਅਜੇ ਤਾਂ ਇੱਕ ਸਾਲ ਵੀ ਪੂਰਾ ਨਹੀਂ ਹੋਇਆ… ਪਿਛਲੇ ਸਾਲ ਫਰਵਰੀ ਮਹੀਨੇ ਪਈਆਂ ਵੋਟਾਂ ਦੀ ਮਾਰਚ ਮਹੀਨੇ ਦੌਰਾਨ ਹੋਈ ਗਿਣਤੀ ਬਾਅਦ ਦੂਜੀ ਵਾਰ ਮੁੱਖ ਮੰਤਰੀ ਬਣੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਹੇਠ ਪੰਜਾਬ ਦੇ ਲੋਕਾਂ ਦਾ ਰੱਬ ਹੀ ਰਾਖਾ। ਸ੍ਰੋਮਣੀ ਅਕਾਲੀ ਦਲ (ਬਾਦਲ) ਦੀ ਅਗਵਾਈ ਹੇਠਲੀ ਭਾਰਤੀ ਜਨਤਾ ਭਾਰਤੀ ਦੀ ਭਾਈਵਾਲੀ ਵਾਲੀ ਸਰਕਾਰ ਦੇ ਲਗਾਤਾਰ 10 ਸਾਲਾਂ ਦੇ ਕੁਸ਼ਾਸਨ ਦੇ ਸਤਾਏ ਲੋਕਾਂ ਨੇ ਜਿਹੜੇ ਕੈਪਟਨ ਉੱਤੇ ਆਸਾਂ ਲਾ ਕੇ ਕਾਂਗਰਸ ਪਾਰਟੀ ਨੂੰ ਬਹੁਮਤ ਦਿੱਤਾ ਸੀ, ਉਹ ਅਮਰਿੰਦਰ ਸਿੰਘ ਦੇ ਰਾਜਾਸ਼ਾਹੀ ਪਿਛੋਕੜ ਦੇ ਭਾਰੂ ਹੋਣ ਕਾਰਨ ਉਸਦੀ ਪਿਛਲੇ 11 ਮਹੀਨਿਆਂ ਦੀ ਕਾਰ-ਗੁਜ਼ਾਰੀ ਤੋਂ ਹੈਰਾਨ ਪ੍ਰੈਸ਼ਾਨ ਹਨ। ਬੇਸ਼ੱਕ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਬਾਦਲ ਪਿਓ-ਪੁੱਤ ਵਲੋਂ ਸਰਕਾਰੀ ਪੈਸੇ ਦੀ ਦੁਰਵਰਤੋਂਂ ਅਤੇ ਉਨ੍ਹਾਂ ਦੇ ਕੁਨਬੇ ਸਮੇਤ ਹਰ ਛੋਟੇ ਵੱਡੇ ਅਕਾਲੀ ਨੂੰ ਪੰਜਾਬ ਦੀ ਆਰਥਿਕ ਲੁੱਟ ਕਰਨ ਦੀ ਖੁਲ੍ਹੀ ਛੁੱਟੀ ਦਿੱਤੇ ਜਾਣ ਦੇ ਸਿੱਟੇ ਵਜੋਂ ਕੈਪਟਨ ਸਰਕਾਰ ਦੇ ਹੱਥ ‘ਭਾਂ-ਭਾਂ ਕਰਦਾ ਖਜ਼ਾਨਾ’ ਲੱਗਣ ਕਾਰਨ ਹਾਲਤ ਬੇਹੱਦ ਮਾੜੇ ਕਹੇ ਜਾ ਸਕਦੇ ਹਨ। ਅਜਿਹੀ ਸਥਿੱਤੀ ਵਿੱਚ ਪੰਜਾਬ ਦੇ ਲੋਕਾਂ ਖ਼ਾਸ ਕਰ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨਾ ਇੰਨਾ ਸੁਖ਼ਾਲਾ ਨਹੀਂ। ਜਿਸ ਸਰਕਾਰ ਕੋਲ ਅਪਣੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਦੇਣ ਲਈ ਵੀ ਧੇਲਾ ਨਾ ਹੋਵੇ, ਉਸ ਲਈ ਪਿਛਲੇ ਵਿਕਾਸ ਕਾਰਜ ਪੂਰੇ ਕਰਨੇ ਤੇ ਨਵੇਂ ਸ਼ੁਰੂ ਕਰਨੇ ਬਹੁਤ ਮਸ਼ਕਲ ਹੋਣੇ ਹੀ ਸਨ। ਅਜਿਹੇ ਹਾਲਤ ਵਿੱਚ ਸਿਆਣੇ ਪ੍ਰਸ਼ਾਸ਼ਕ ਦੀ ਨੈਤਿਕ ਜਿੰਮੇਵਾਰੀ ਬਣਦੀ ਹੈ ਕਿ ਉਹ ਸਭ ਤੋਂ ਪਹਿਲਾਂ ਅਪਣੇ ਨਿੱਜੀ ਖ਼ਰਚਿਆਂ ਪ੍ਰਤੀ ਸੰਜਮੀ ਪਹੁੰਚ ਅਪਣਾਏ। ਉਸਤੋਂ ਬਾਅਦ ਹੀ ਉਹ ਅਪਣੇ ਸਹਿਯੋਗੀਆਂ ਅਤੇ ਹੋਰਨਾਂ ਨੂੰ ਫਜੂਲ ਖ਼ਰਚਿਆਂ ਤੋਂ ਵਰਜ਼ ਸਕਣ ਦਾ ਹੱਕਦਾਰ ਬਣਦਾ ਹੈ। ਪਿਛਲੇ ਕਈ ਦਹਾਕਿਆਂ ਤੋਂ ਦੀਵਾਲੀਆ ਹੋਈ ਚਲੀ ਆ ਰਹੀ ਪੰਜਾਬ ਸਰਕਾਰ ਨੂੰ ਪੈਰਾਂ ਸਿਰ ਕਰਨ ਲਈ ਜਿਸ ਦੂਰਅੰਦੇਸ਼, ਨਿਮਰ, ਸੱਚੇ-ਸੁੱਚੇ, ਦ੍ਰਿੜ ਇਰਾਦਿਆਂ ਅਤੇ ਕੁਰਬਾਨੀ ਦੇ ਜ਼ਜ਼ਬੇ ਵਾਲੇ ਸ਼ਾਸ਼ਕ ਦੀ ਲੋੜ ਸੀ, ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਮੁਖ ਮੰਤਰੀ ਵਜੋਂ ਪਿਛਲੇ ਤਜਰਬੇ ਕਾਰਨ ਕਿਸੇ ਹੱਦ ਅਜਿਹੇ ਸਖ਼ਸ ਦਾ ਧੁੰਦਲਾ ਜਿਹਾ ਅਕਸ ਰੱਖਣ ਵਾਲਾ ਪਟਿਆਲਾ ਦੇ ਸ਼ਾਹੀ ਘਰਾਣੇ ਦਾ ਆਖ਼ਰੀ ‘ਮਹਾਰਾਜਾ’ ਇਸ ਵਾਰ ਅਜਿਹੀਆਂ ਖੂਬੀਆਂ ਦੇ ਨੇੜ੍ਹੇ ਤੇੜੇ ਵੀ ਨਜ਼ਰ ਨਹੀਂ ਆ ਰਿਹਾ। ਮੁੱਖ ਮੰਤਰੀ ਵਜੋਂ ਸਹੁੰ ਚੁਕਣ ਬਾਅਦ ਅਮਰਿੰਦਰ ਸਿੰਘ ਨੇ ਦਰਬਾਰੀਆਂ ਦੀ ਫੌਜ ਕਾਇਮ ਕਰਕੇ ਅਪਣੇ ਅਹਿਲਕਾਰਾਂ ਦੀਆਂ ਤਨਖਾਹਾਂ ਤੇ ਭੱਤਿਆਂ ਉੱਤੇ ਪੰਜਾਬ ਦੇ ਸਰਕਾਰੀ ਖਜ਼ਾਨੇ ਨੂੰ ਜਿਸ ਕਦਰ ਦੋਹੀਂ ਹੱਥੀਂ ਉਡਾਉਣਾ ਸ਼ੁਰੂ ਕੀਤਾ ਉਹ ਬਾਦਲਾਂ ਦੇ ਰਾਜ ਨੂੰ ਮਾਤ ਪਾਉਣ ਵਾਲੀ ਕਾਰਵਾਈ ਨਹੀਂ ਤਾਂ ਹੋਰ ਕੀ ਕਿਹਾ ਜਾਵੇਗਾ। ਹੈਰਾਨੀ ਤਾਂ ਇਸ ਗੱਲ ਦੀ ਕਿ ਕੈਪਟਨ ਦੇ ਸਲਾਹਕਾਰਾਂ ਦੇ ਟੋਲੇ ਖ਼ਾਸ ਕਰ ‘ਨਿੱਜੀ ਸੂਬੇਦਾਰਾਂ’ ਵਿਚੋਂ ਕਿਸੇ ਕੋਲ ਵੀ ਨਾ ਤਾਂ ਪੰਜਾਬ ਦੀ ਉਲਝੀ ਤਾਣੀ ਨੂੰ ਸੁਲਝਾਉਣ ਦੀ ਸਮਝ ਹੈ, ਨਾ ਯੋਗਤਾ ਤੇ ਨਾ ਹੀ ਨੀਅਤ। ਸਲਾਹਕਾਰ ਹਮੇਸ਼ਾਂ ਲੋਕਾਂ ਤੇ ਪ੍ਰਸ਼ਾਸ਼ਕ ਵਿਚਾਲੇ ਪੁਲ ਬਣਦਿਆਂ ਇੱਕ ਦੂਜੇ ਨੂੰ ਜੋੜਣ ਵਾਲੀ ਕੜੀ ਦਾ ਕੰਮ ਕਰਦੇ ਹਨ। ਜਰੂਰੀ ਹੈ ਕਿ ਅਜਿਹੇ ਬੰਦੇ ਲੋਕਾਂ ਵਿਚੋਂ ਹੋਣ ਤੇ ਲੋਕਾਂ ਦਾ ਦਰਦ ਜਾਣਨ ਦੇ ਨਾਲ ਨਾਲ ਲੋਕ ਮਸਲਿਆਂ ਦੀ ਸਮਝ ਅਤੇ ਉਨ੍ਹਾਂ ਪ੍ਰਤੀ ਈਮਾਨਦਾਰੀ ਵਾਲੀ ਪਹੁੰਚ ਰਖਦੇ ਹੋਣ। ਸਲਾਹਕਾਰਾਂ ਰਾਹੀਂ ਹੀ ਉਹ ਪੱਖ ਜਾਣਨੇ/ਸਮਝਣੇ ਹੁੰਦੇ ਹਨ ਜਿਹੜੇ ਸਿੱਧੀ ਤਰ੍ਹਾਂ ਕਿਸੇ ਸ਼ਾਸ਼ਕ ਕੋਲ ਪੁਜਦੇ ਜਾਂ ਪੁੱਜਣ ਨਹੀਂ ਦਿੱਤੇ ਜਾਂਦੇ। ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰਾਂ ਦੀ ਜੁੰਡਲੀ ਉਸਦਾ ਅਕਸ ਸੁਧਾਰਨ ਦੀ ਬਜਾਏ ਅਪਣਾ ਭਵਿੱਖ ਸੰਵਾਰਨ ਤੋਂ ਬਿਨਾਂ ਕੁਝ ਕਰਦੀ ਨਜ਼ਰ ਨਹੀਂ ਆਉਂਦੀ।
ਇਸਦੇ ਸਿੱਟੇ ਵਜੋਂ ਕਿਸਾਨ ਕਰਜ਼ਿਆਂ ਸਬੰਧੀ ਕੈਪਟਨ ਸਰਕਾਰ ਦਾ ਸਮੁੱਚਾ ਰਵੱਈਆ ਬਹੁਤ ਹੀ ਨਿਰਾਸ਼ਾਜਨਕ ਅਤੇ ਬੇਸਿਰ ਪੈਰ ਸਿੱਧ ਹੋ ਰਿਹਾ ਹੈ। ਮੌਜੂਦ ਸਥਿੱਤੀ ਵਿੱਚ ਗੰਭੀਰ ਆਰਥਿਕ ਔਕੜਾਂ ਦੇ ਹੁੰਦਿਆਂ ਜੇ ਨਿਸਚੇ ਹੀ ਅਮਰਿੰਦਰ ਸਿੰਘ ਨੂੰ ਸਾਰੇ ਕਿਸਾਨੀ ਕਰਜ਼ੇ ਮਾਫ਼ ਕਰਨ ਦੇ ਅਪਣੇ ਨਿੱਜੀ ਵਾਅਦੇ ਅਤੇ ਕਾਂਗਰਸ ਦੇ ਚੋਣ ਮੈਨੀਫੈਸਟੋ ਵਿਚਲੇ ਅਹਿਮ ਐਲਾਨ ਨੂੰ ਅਮਲੀ ਜਾਮਾ ਪਹਿਨਾਉਣ ‘ਚ ਮੁਸ਼ਕਲਾਂ ਹਨ ਤਾਂ ਕੈਪਟਨ ਨੂੰ ਚਾਹੀਦਾ ਸੀ ਕਿ ਜਿੰਨਾਂ ਲੋਕਾਂ ਦੀ ਕਚਹਿਰੀ ਵਿੱਚ ਉਸਨੇ ਇਹ ਵਾਅਦੇ ਕੀਤੇ ਸਨ ਉਨ੍ਹਾਂ ਦੇ ਸਨਮੁੱਖ ਪੇਸ਼ ਹੋ ਕੇ ਦਸਦਾ ਕਿ ਉਸਨੇ ਸਰਕਾਰ ਦੀ ਮਾਲੀ ਹਾਲਤ ਸੁਧਾਰਨ ਲਈ ਅੱਜ ਤੱਕ ਕਿਹੜੇ ਕਦਮ ਚੁੱਕੇ ਹਨ ਤੇ ਭਵਿੱਖ ਵਿੱਚ ਚੁਕਣ ਦਾ ਨਿਸ਼ਾਨਾ ਹੈ।
ਜਿੱਥੋਂ ਤੱਕ ਪੰਜਾਬ ਦੀ ਜਵਾਨੀ ਨੂੰ ਘਾਣ ਹੋਣ ਤੋਂ ਬਚਾਉਣ ਲਈ ਨਸ਼ਿਆਂ ਦੇ ਖਾਤਮੇ ਲਈ ਸਹੁੰ ਚੁਕਣ ਦਾ ਸਵਾਲ ਹੈ, ਲੋਕਾਂ ਦੇ ਕੁਝ ਪਿੜ-ਪੱਲੇ ਨਹੀਂ ਪੈ ਰਿਹਾ ਕਿ ਕੈਪਟਨ ਸਰਕਾਰ ਵਲੋਂ ਬਣਾਈ ਵਿਸ਼ੇਸ਼ ਜਾਂਚ ਕਮੇਟੀ ਕਿੱਥੇ ਤੇ ਕਿਉਂ ਗੁੰਮ ਹੋ ਗਈ ਹੈ।
ਕਾਂਗਰਸੀ ਵਜ਼ਾਰਤ ਵਿੱਚ ਕੈਪਟਨ ਦੇ ਸਭ ਤੋਂ ਲਾਡਲੇ ਕਰੋੜਾਂ ਰੁਪਏ ਦੇ ਕਾਰੋਬਾਰ ਤੇ ਖੰਡ ਮਿਲਾਂ ਦੇ ਮਾਲਕ ਰਾਣਾ ਗੁਰਜੀਤ ਸਿੰਘ ਦਾ ਰੇਤੇ ਦੀਆਂ ਖੱਡਾਂ ‘ਚ ਝੂਠ ਬੋਲਣਾ ਸਾਹਮਣੇ ਆਉਣ ਬਾਅਦ ਉਸ ਵਲੋਂ ਬੇਸ਼ਰਮੀ ਨਾਲ ਵਜ਼ੀਰੀ ਨੂੰ ਚਿੰਬੜੇ ਰਹਿਣ ਦੇ ਮਾਮਲੇ ‘ਚ ਕੈਪਟਨ ਦੀ ਜਿਹੜੀ ਖੇਹ ਹੋਈ ਹੈ ਉਹ ਉਸ ਤੋਂ ਬਚ ਸਕਦਾ ਸੀ। ਪਰ ਨਿੱਜੀ ਹਿੱਤਾਂ ਕਾਰਨ ਅਮਰਿੰਦਰ ਸਿੰਘ ਜਿਹੜੀ ਕਾਰਵਾਈ ਕਰਨੋਂ ਟਾਲਾ ਵਟਦਾ ਰਿਹਾ ਰਾਹੁਲ ਗਾਂਧੀ ਦੀ ਘੁਰਕੀ ਬਾਅਦ ਅਸਤੀਫ਼ਾ ਮਨਜੂਰ ਕਰਨ ਨੇ ਉਸਦੀ ਹੋਰ ਹੇਠੀ ਕਰਵਾਈ। ਪੰਜਾਬ ਵਿਧਾਨ ਸਭਾ ਦੀ 2017 ਦੀ ਚੋਣ ਦੌਰਾਨ ਪੰਜਾਬ ‘ਚ ‘ਚਾਹੁੰਦਾ ਹੈ ਪੰਜਾਬ, ਕੈਪਟਨ ਦੀ ਸਰਕਾਰ’ ਦੇ ਥਾਂ ਥਾਂ ਵੇਖਣ ਨੂੰ ਮਿਲਦੇ ਇਸ਼ਤਿਹਾਰ ਦੇ ਰੰਗ ਤੇ ਚੋਣ ਪ੍ਰਚਾਰ ਦੌਰਾਨ ਗੂੰਜਦੇ ਨਾਅਰਿਆਂ ਦੀ ਗੂੰਜ ਭਾਵੇਂ ਫਿਕੀ ਪੈਣੀ ਸੁਭਾਵਕ ਸੀ ਪਰ ‘ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ’ ਅਤੇ ‘ਪੰਜਾਬ ਵਿਚੋਂ ਨਸ਼ਿਆਂ ਦੇ ਮੁਕੰਮਲ ਖ਼ਾਤਮੇ’ ਬਾਰੇ ਕੈਪਟਨ ਵਲੋਂ ਕੀਤੇ ਵਾਅਦੇ ਅਸਲ ਵਿੱਚ ਬਾਦਲਾਂ ਵਲੋਂ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣ ਵਾਲੇ ਦਮਗਜਿਆਂ ਤੋਂ ਵੱਧ ਕੁਝ ਨਹੀਂ ਜਾਪਦੇ।
ਸਰਕਾਰ ਦੀ ਬੇਹੱਦ ਢਿਲੀ ਕਾਰਗੁਜ਼ਾਰੀ, ਪਹਿਲਾਂ ਹੀ ਬਦਨਾਮ ਰਹੇ ਸਲਾਹਕਾਰਾਂ ਦੇ ਬਾਦਲਾਂ ਨਾਲ ਰਲੇ ਹੋਣ, ਮਨਮਰਜ਼ੀਆਂ ਪੁਗਉਣ ਲਈ ਖੁਲ੍ਹੀਆਂ ਲਗਾਮਾਂ, ਉਲਟਾ ਕੈਪਟਨ ਨੂੰ ਗਲਤ ਤੇ ਪੁਠੀਆਂ ਸਲਾਹਾਂ ਦੇਣ ਦੌਰਾਨ ਕਾਂਗਰਸ ਪਾਰਟੀ ਖ਼ਾਸ ਕਰ ਵਿਧਾਇਕਾਂ ਵਿੱਚ ਦਿਨੋਂ ਦਿਨ ਵੱਧ ਰਿਹਾ ਵਿਰੋਧ ਜੇ ਕੈਪਟਨ ਨੇ ਨਾ ਸਮਝਿਆ ਤੇ ਸੁਲਝਾਇਆ ਤਾਂ ਉਸਨੂੰ ਮੁੱਖ ਮੰਤਰੀ ਦੀ ਕੁਰਸੀ ਅੱਧ ਵਿਚਾਲਿਓਂ ਖੁਸਣ ਤੋਂ ਬਚਾਉਣੀ ਔਖੀ ਹੋ ਜਾਵੇਗੀ। ਪਰ ਰਾਜੇ ਨੂੰ ਅਜਿਹਾ ਕਹਿਣ ਲਈ ਕੌਣ ਅੱਗੇ ਆਏਗਾ… ਤੇ ਰਾਜੇ ਕਿਸੇ ਦੀ ਕਦ ਸੁਣਦੇ ਹਨ…।
Comments (0)