ਸਦਾ ਜਿਉਂਦੀਆਂ ਯਾਦਾਂ, ਉਮਰਾਂ ਲੰਮੇ ਜ਼ਖ਼ਮ

ਸਦਾ ਜਿਉਂਦੀਆਂ ਯਾਦਾਂ, ਉਮਰਾਂ ਲੰਮੇ ਜ਼ਖ਼ਮ

ਇਤਿਹਾਸ ਦਾ ਆਪਣਾ ਹੀ ਕਰਮ ਹੈ। ਜਿੱਥੇ ਇਹ ਸਾਨੂੰ ਬੀਤੇ ਦੀਆਂ ਪ੍ਰਾਪਤੀਆਂ ਤੋਂ ਸਬਕ ਸਿੱਖ ਕੇ ਅੱਗੇ ਵੱਧਣ ਲਈ ਰਾਹ ਦਰਸਾਉਂਦਾ ਹੈ ਉੱਥੇ ਕੁਝ ਦਰਦੀਲੀਆਂ ਅਤੇ ਕੁਸੈਲੀਆਂ ਯਾਦਾਂ ਦੇ ਜ਼ਰੀਏ ਸਾਨੂੰ ਵਾਰ ਵਾਰ ਬੇਚੈਨ ਵੀ ਕਰਦਾ ਹੈ। ਕਿਉਂਕਿ ਇਤਿਹਾਸ ਨਾ ਬਦਲਿਆ ਜਾ ਸਕਦਾ ਤੇ ਨਾ ਹੀ ਭੁਲਾਇਆ, ਇਹ ਸਦਾ ਸਾਡੇ ਅੰਗ ਸੰਗ ਰਹਿੰਦਾ ਹੈ। ਇਸ ਲਈ ਸਮੁੱਚੀ ਦੁਨੀਆ ਦਾ ਸਾਂਝਾ ਇਤਿਹਾਸ ਹੋਣ ਦੇ ਨਾਲ ਇਸ ਸਮੁੱਚੇ ਵਰਤਾਰੇ ਵਿਚੋਂ ਮਨੁੱਖਾਂ, ਕੌਮਾਂ ਅਤੇ ਮੁਲਕਾਂ ਦੇ ਆਪਣੇ ਵੀ ਇਤਿਹਾਸ ਹੁੰਦੇ ਹਨ। ਕਿਸੇ ਕਬੀਲੇ, ਕੌਮ ਅਤੇ ਭੂਗੋਲਿਕ ਖਿਤੇ ਦੇ ਹੋਂਦ ਵਿੱਚ ਆਉਣ ਤੋਂ ਲੈ ਕੇ ਮੌਜੂਦਾ ਸਮੇਂ ਤੱਕ ਦੀ ਕਹਾਣੀ ਉਸ ਦੇ ਭੂਤਕਾਲ ਬਾਰੇ ਸਾਨੂੰ ਸੋਝੀ ਦਿੰਦੀ ਹੋਈ ਭਵਿੱਖ ਲਈ ਚਾਨਣਮੁਨਾਰਾ ਬਣਨ ਦੀ ਭੂਮਿਕਾ ਅਦਾ ਕਰਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਲਾਏ ਸਿੱਖੀ ਦੇ ਬੂਟੇ ਨੂੰ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਖਾਲਸਾ ਦਾ ਰੂਪ ਦਿੰਦਿਆਂ ਵੱਖਰੀ ਕੌਮ ਵਜੋਂ ਸਥਾਪਤ ਕਰਨ ਬਾਅਦ ਖਾਲਸਾ ਪੰਥ ਦਾ ਇਤਿਹਾਸ ਬੜਾ ਜੁਝਾਰੂ ਅਤੇ ਸ਼ਾਨਾਂਮੱਤਾ ਹੈ। ਜਬਰ ਜ਼ੁਲਮ ਦੇ ਖ਼ਿਲਾਫ ਲੜਣ ਅਤੇ ਮਲਜ਼ੂਮਾਂ ਦੀ ਰੱਖਿਆ ਕਰਨ ਵਾਲੀ ਸਿੱਖ ਕੌਮ ਨੇ ਮਹਿਜ਼ ਆਪਣੇ ਲਈ ਨਹੀਂ ਬਲਕਿ ਹੋਰਨਾਂ ਧਰਮਾਂ ਅਤੇ ਫਿਰਕਿਆਂ ਦੇ ਲੋਕਾਂ ਦੀ ਰੱਖਿਆ ਲਈ ਜਦੋ-ਜਹਿਦ ਕਰਦਿਆਂ ਕੁਰਬਾਨੀਆਂ ਵੀ ਦਿੱਤੀਆਂ।
ਹੱਕ ਸੱਚ ਲਈ ਖੜ੍ਹਣ ਤੇ ਲੜਣ ਵਾਲੀ ਸਿੱਖ ਕੌਮ ਦਾ ਸਮੇਂ ਦੇ ਹਾਕਮਾਂ ਨਾਲ ਟਕਰਾਅ ਸੁਭਾਵਕ ਸੀ ਅਤੇ ਹੁੰਦਾ ਆਇਆ ਹੈ। ਮੁਗ਼ਲ ਹਾਕਮਾਂ ਤੋਂ ਬਾਅਦ ਅੰਗਰੇਜ਼ ਹਕੂਮਤ ਦੇ ਵਿਰੁਧ ਸਿੱਖ ਚੱਟਾਨ ਵਾਂਗ ਖੜ੍ਹੇ। ਭਾਰਤ ਦੀ ਆਜ਼ਾਦੀ ਦੀ ਲੜਾਈ ਲਈ ਸਭ ਤੋਂ ਵੱਧ ਸ਼ਹਾਦਤਾਂ ਪਾਉਣ ਵਾਲੇ ਸਿੱਖਾਂ ਦੇ ਯੋਗਦਾਨ ਨੂੰ ਨਵੇਂ ਸ਼ਾਸ਼ਕਾਂ ਨੇ ਜਦੋਂ ਅਣਗੌਲਿਆਂ ਕਰਨਾ ਸ਼ੁਰੂ ਕੀਤਾ ਤਾਂ ਮੌਜੂਦਾ ਸੰਘਰਸ਼ ਦਾ ਮੁੱਢ ਬੱਝਿਆ। ਮਹਾਤਮਾ ਗਾਂਧੀ ਅਤੇ ਜਵਾਹਰ ਲਾਲ ਨਹਿਰੂ ਵਲੋਂ ਭਾਰਤ ਦੀ ਵੰਡ ਵੇਲੇ ਕੀਤੇ ਵਾਅਦਿਆਂ ਤੋਂ ਬਾਅਦ ਵਿੱਚ ਮੁਕਰ ਜਾਣ ਨਾਲ ਸਿੱਖਾਂ ਦਾ ਭਾਰਤੀ ਸਟੇਟ ਅਤੇ ਹਾਕਮਾਂ ਤੋਂ ਭਰੋਸਾ ਉੁਠ ਜਾਣਾ ਸੁਭਾਵਕ ਸੀ। ਫਿਰ ਪੰਜਾਬੀ ਸੂਬੇ ਵੇਲੇ ਕੀਤੇ ਧੱਕੇ ਅਤੇ ਪਾਣੀਆਂ ਦੀ ਕਾਣੀ ਵੰਡ ਨੇ ਸਿੱਖਾਂ ਨੂੰ ਵਾਰ ਵਾਰ ਸੰਰਘਸ਼ ਦੇ ਰਾਹ ਪੈਣ ਲਈ ਮਜਬੂਰ ਕੀਤਾ। ਪੰਜਾਬੀ ਬੋਲਦੇ ਇਲਾਕੇ ਅਤੇ ਅਪਣੇ ਦਰਿਆਈ ਪਾਣੀਆਂ ਦਾ ਹੱਕ ਬਹਾਲ ਕਰਾਉਣ ਲਈ ਸ਼ੁਰੂ ਕੀਤੇ ਧਰਮ ਯੁੱਧ ਮੋਰਚੇ ਪ੍ਰਤੀ ਵੇਲੇ ਦੀ ਕੇਂਦਰ ਸਰਕਾਰ ਵਲੋਂ ਦੇਸ਼ ਵਿਰੋਧੀ ਯੁੱਧ ਕਰਾਰ ਦੇ ਕੇ ਕੀਤੀਆਂ ਕਾਰਵਾਈਆਂ ਨੂੰ ਜੂਨ 84 ਵਿੱਚ ਅਪਰੇਸ਼ਨ ਬਲਿਊ ਸਟਾਰ ਦੇ ਨਾਂਅ ਹੇਠ ਅੰਜਾਮ ਦੇਣ ਨਾਲ ਜੋ ਸਿੱਟੇ ਸਾਹਮਣੇ ਆਏ, ਉਹ ਸਭਨਾਂ ਸਿੱਖਾਂ ਲਈ ਬੇਹੱਦ ਦੁਖਦਾਈ ਵੀ ਹਨ, ਅਸਹਿ ਵੀ ਅਤੇ ਨਾ ਭੁਲਣਯੋਗ ਵੀ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸਿੱਖਾਂ ਦੇ ਸਰਬਉੱਚ ਧਾਰਮਿਕ ਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ ਜੂਨ 1984 ਦੇ ਪਹਿਲੇ ਹਫ਼ਤੇ ਭਾਰਤੀ ਫੌਜ ਦਾ ਜ਼ਾਲਮਾਨਾ ਹਮਲਾ, ਸੈਂਕੜੇ ਸਿੱਖਾਂ ਨੂੰ ਸ਼ਹੀਦ ਕਰਨਾ ਅਤੇ ਮੀਰੀ ਪੀਰੀ ਦੇ ਸੂਚਕ ਅਕਾਲ ਤਖ਼ਤ ਸਾਹਿਬ ਨੂੰ ਢਾਹ-ਢੇਰੀ ਕਰਨ ਵਾਲੀ ਕਾਰਵਾਈ ਦਾ ਸਿੱਟਾ ਹਮਲੇ ਦੀ ਕਰਤਾ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ, ਉਸ ਵੇਲੇ ਦੇ ਫੌਜੀ ਮੁਖੀ ਜਨਰਲ ਵੈਦਿਆ ਅਤੇ ਹੋਰਨਾਂ ਨੂੰ ਸਿੱਖ ਰਵਾਇਤਾਂ ਅਨੁਸਾਰ ਦਿੱਤੀ ਸਜ਼ਾ ਦੇ ਰੂਪ ਵਿੱਚ ਸਾਹਮਣੇ ਆਇਆ। ਦਰਬਾਰ ਸਾਹਿਬ ਦੀ ਪਰਿਕਰਮਾ ਵਿਚੋਂ ਭਾਰਤੀ ਫੌਜ ਦੇ ਵਿਸ਼ੇਸ਼ ਸਿਖਲਾਈਯਾਫ਼ਤਾ ਅਤੇ ਅਤਿ ਆਧੁਨਿਕ ਹਥਿਆਰਾਂ ਨਾਲ ਲੈੱਸ ਵਿਸ਼ੇਸ਼ ਦਸਤਿਆਂ ਨੂੰ ਢੇਰੀ ਕਰਨ ਅਤੇ ਟੈਕਾਂ ਦੇ ਮੂੰਹ ਮੋੜ ਦੇਣ ਵਾਲੀ ਗਹਿਗੱਚ ਲੜਾਈ ਵਿੱਚ ਸ਼ਹਾਦਤ ਪਾਉਣ ਵਾਲੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵਲੋਂ ਕੌਮ ਨੂੰ ਦਰਸਾਏ ਰਾਹ ਉੱਤੇ ਪਹਿਰਾ ਦਿੰਦੇ ਹੋਏ ਸਿੱਖ ਖਾੜਕੂਆਂ ਨੇ ਜਿਹੜੀ ਲੜਾਈ ਲੜੀ, ਉਹ ਸਿੱਖ ਇਤਿਹਾਸ ਦਾ ਸ਼ਾਨਦਾਰ ਅਧਿਆਏ ਹੈ। ਉਸ ਦੌਰਾਨ ਸਮੁੱਚੇ ਸਿੱਖ ਪੰਥ ਅਤੇ ਪੰਜਾਬੀਆਂ ਨੇ ਜਿਹੜੇ ਦੁੱਖ ਝੱਲੇ ਅਤੇ ਬਹਾਦਰੀ ਨਾਲ ਹੁਣ ਤੱਕ ਇਨਸਾਫ਼ ਖ਼ਾਤਰ ਜਦੋ-ਜਹਿਦ ਕਰਦੇ ਆ ਰਹੇ ਹਨ, ਉਸ ਲੜਾਈ ਜ਼ਰੂਰ ਕਿਸੇ ਚੰਗੇ ਭਵਿੱਖ ਲਈ ਸਹਾਈ ਹੋਵੇਗੀ। ਅਪਰੇਸ਼ਨ ਬਲਿਊ ਸਟਾਰ, ਜਿਸ ਨੂੰ ਸਿੱਖ ਕੌਮ ਨੇ ”ਜੂਨ 84 ਘੱਲੂਘਾਰਾ” ਵਜੋਂ ਚੇਤਿਆਂ ਵਿੱਚ ਵਸਾਇਆ ਹੋਇਆ ਹੈ, ਦੇ ਮੌਕੇ ਸਮੂਹ ਸ਼ਹੀਦਾਂ ਨੂੰ ਸਿਜਦਾ ਕਰਦਿਆਂ ਹਕੂਮਤੀ ਜ਼ੁਲਮਾਂ ਅਤੇ ਵਧੀਕੀਆਂ ਸਹਿਣ ਵਾਲੇ ਸਭਨਾਂ ਲੋਕਾਂ ਅੱਗੇ ਹਰ ਸਿੱਖ ਦਾ ਸਿਰ ਝੁਕਦਾ ਹੈ। ਦੁਨੀਆ ਦੇ ਕੋਨੇ ਕੋਨੇ ਵਿੱਚ ਵਸਦਾ ਸਿੱਖ ਭਾਈਚਾਰਾਂ ਇਸ ਖੂਨੀ ਕਾਂਡ ਵਿਰੁੱਧ ਰੋਸ ਮੁਜ਼ਾਹਰੇ ਅਤੇ ਸ਼ਹੀਦਾਂ ਦੀ ਯਾਦ ਵਿੱਚ ਨਗਰ ਕੀਰਤਨ, ਸ਼ਹੀਦੀ ਸਮਾਗਮ ਅਤੇ ਸੈਮੀਨਾਰ ਕਰਵਾ ਕੇ ਸਿੱਖ ਨਿਸ਼ਾਨੇ ਨਾਲ ਆਪਣੀ ਪ੍ਰਤੀਬੱਧਤਾ ਦ੍ਰਿੜਾਉਂਦੇ ਹਨ। ਅਜਿਹੇ ਮੌਕੇ ਕੌਮ ਦੀ ਨਵੀਂ ਪੀੜ੍ਹੀ ਲਈ ਬੜਾ ਕੁਝ ਸਿੱਖਣ ਅਤੇ ਸਮਝਣ ਲਈ ਸਹਾਈ ਹੁੰਦੇ ਹਨ। ਨਿਰਸੰਦੇਹ ਸਦਾ ਜਿਉਂਦੀਆਂ ਯਾਦਾਂ, ਉਮਰਾਂ ਲੰਮੇ ਜ਼ਖ਼ਮ ਕਿਸੇ ਵੀ ਕੌਮ ਦੇ ਲੋਕਾਂ ਨੂੰ ਸਦੀਆਂ ਤੱਕ ਬੇਚੈਨ ਕਰਦੇ ਰਹਿੰਦੇ ਹਨ। ਪਰ ਇਹ ਯਾਦਾਂ, ਇਹ ਜ਼ਖ਼ਮ ਇਨਸਾਫ਼ ਪ੍ਰਾਪਤ ਕਰਨ ਲਈ ਲਗਾਤਾਰ ਜੂਝਣ ਦਾ ਬਲ ਵੀ ਬਖ਼ਸ਼ਦੀਆਂ ਹਨ।