‘ਆਪ’ ਨਹੀਂ, ਆਮ ਲੋਕਾਂ ਦੀਆਂ ਉਮੀਦਾਂ ਟੁੱਟੀਆਂ

‘ਆਪ’ ਨਹੀਂ, ਆਮ ਲੋਕਾਂ ਦੀਆਂ ਉਮੀਦਾਂ ਟੁੱਟੀਆਂ

‘ਮੈਂ’ ਤੋਂ ‘ਆਪ’ ਦੇ ਸਫ਼ਰ ਦੀ ਲੋੜ
ਭ੍ਰਿਸ਼ਟਾਚਾਰ ਵਿਰੋਧੀ ਅੰਨਾ ਹਜ਼ਾਰੇ ਦੇ ਦੇਸ਼ ਵਿਆਪੀ ਜਨ ਅੰਦੋਲਨ ਵਿਚੋਂ ਨਿਕਲੀ ‘ਆਮ ਆਦਮੀ ਪਾਰਟੀ’ ਜਦੋਂ ਦੁਨੀਆ ਦੀ ਨਜ਼ਰ ਵਿਚ ਉਭਰੀ ਤਾਂ ਹਰ ਪਾਸੇ ‘ਸਫ਼ੇਦ ਟੋਪੀਆਂ’ ਤੇ ‘ਪੀਲੀਆਂ ਪੱਗੜੀਆਂ’ ਦਾ ਫ਼ੈਸ਼ਨ ਹੋ ਤੁਰਿਆ। ਜਿੰਨੀ ਤੇਜ਼ੀ ਨਾਲ ਇਹ ਫ਼ੈਸ਼ਨ ਲੋਕਾਂ ਦੇ ਸਿਰ ਚੜ• ਬੋਲਿਆ, ਓਨੇ ਤੇਜ਼ ਰਫ਼ਤਾਰੇ ਇਹ ਲਹਿੰਦਾ ਵੀ ਜਾ ਰਿਹਾ ਹੈ। ਆਮ ਆਦਮੀ ਪਾਰਟੀ ਟੁੱਟਣ ਨਾਲ ‘ਖ਼ਾਸ’ ਲੋਕਾਂ ਨੂੰ ਤਾਂ ਫ਼ਰਕ ਨਹੀਂ ਪੈਣਾ ਪਰ ਆਮ ਲੋਕਾਂ ਦੀਆਂ ਉਮੀਦਾਂ ਜ਼ਰੂਰ ਟੁੱਟੀਆਂ ਹਨ। ਭਾਰਤੀ ਅਵਾਮ ਨੂੰ ਲੁੱਟਦੀਆਂ ਆ ਰਹੀਆਂ ਰਵਾਇਤੀ ਪਾਰਟੀਆਂ ਤੋਂ ਅੱਕੇ-ਥੱਕੇ ਲੋਕਾਂ ਨੂੰ ‘ਆਪ’ ਰਾਹੀਂ ਕੁਝ ਚੰਗਾ ਹੋ-ਵਾਪਰਨ ਦੀ ਉਮੀਦ ਬੱਝੀ ਸੀ ਪਰ ਉਹ ਹੁਣ ਨਾ ਸਿਰਫ਼ ਬੇਉਮੀਦੇ ਹੋ ਕੇ ਘਰਾਂ ਨੂੰ ਪਰਤ ਗਏ ਹਨ, ਸਗੋਂ ਆਮ ਆਦਮੀ ਦੀ ਲੜਾਈ ਹੋਰ ਕਈ ਵਰ•ੇ ਪਿੱਛੇ ਪੈ ਗਈ ਹੈ।
ਜਿੱਥੇ ਦਿੱਲੀ ਦੇ ਲੋਕਾਂ ਨੇ ‘ਆਪ’ ਲਈ ਦਿਲਦਾਰੀ ਦਿਖਾਈ, ਉਥੇ ਦੇਸ਼-ਵਿਦੇਸ਼ ਵਿਚ ਵੱਸਦੇ ਪੰਜਾਬੀਆਂ ਨੇ ਵੀ ਇਸ ਨੂੰ ਆਪਣੀਆਂ ਪਲਕਾਂ ‘ਤੇ ਬਿਠਾਇਆ। ਆਪਣੀਆਂ ਹੀ ਬੇਸ਼ੁਮਾਰ ਗ਼ਲਤੀਆਂ ਸਦਕਾ ਅੱਜ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਦਿੱਲੀ-ਪੰਜਾਬ ਦੋਹਾਂ ਮੋਰਚਿਆਂ ‘ਤੇ ਮਾਤ ਖਾ ਗਏ ਹਨ। ਭ੍ਰਿਸ਼ਟਾਚਾਰ ਵਿਰੁੱਧ ਜ਼ੋਰਦਾਰ ਆਵਾਜ਼ ਬੁਲੰਦ ਕਰਨ ਵਾਲੇ ਕੇਜਰੀਵਾਲ ਅੱਜ ਖ਼ੁਦ ‘ਭ੍ਰਿਸ਼ਟ’ ਵਿਅਕਤੀਆਂ ਦੀ ਕਤਾਰ ਵਿਚ ਖੜ•ੇ ਹਨ।
ਖ਼ੈਰ, ਇਸ ‘ਤੇ ਯਕੀਨ ਕਰਨਾ ਸੌਖਾ ਨਹੀਂ ਹੈ ਕਿਉਂਕਿ ਕੇਜਰੀਵਾਲ ਦੇ ਹੀ ਭਰੋਸੇਯੋਗ ਜਲ ਸਰੋਤ ਮੰਤਰੀ ਕਪਿਲ ਮਿਸ਼ਰਾ ਨੇ ਉਨ•ਾਂ ‘ਤੇ 2 ਕਰੋੜ ਰੁਪਏ ਦੀ ‘ਦਲਾਲੀ’ ਦੇ ਦੋਸ਼ ਉਦੋਂ ਲਾਏ, ਜਦੋਂ ਉਨ•ਾਂ ਨੂੰ ਅਹੁਦੇ ਤੋਂ ਹਟਾਇਆ ਗਿਆ। ਹਰੇਕ ਪਾਰਟੀ ਵਿਚ ਇਹੀ ਹੁੰਦਾ ਹੈ, ਜਦੋਂ ਕਿਸੇ ਵਿਧਾਇਕ ਜਾਂ ਮੰਤਰੀ ਨੂੰ ਅਹੁਦੇ ਤੋਂ ਫਾਰਗ਼ ਕੀਤਾ ਜਾਂਦਾ ਹੈ ਤਾਂ ਉਹ ਅਜਿਹੇ ਇਲਜ਼ਾਮਾਂ ਨਾਲ ਮੀਡੀਆ ਸਾਹਮਣੇ ਆਉਂਦਾ ਹੈ। ਇਸ ਦਾ ਮਤਲਬ ਜਦੋਂ ਤਕ ਉਹ ਅਹੁਦੇ ‘ਤੇ ਕਾਇਮ ਹੈ ਤਾਂ ਉਸੇ ‘ਭ੍ਰਿਸ਼ਟ ਸਿਸਟਮ’ ਦਾ ਹਿੱਸਾ ਹੁੰਦਾ ਹੈ। ਸਵਾਲਾਂ ਦਾ ਸਵਾਲ ਤਾਂ ਇਹ ਹੈ ਕਿ ਹੁਣ ਤਕ ਕੇਜਰੀਵਾਲ ਲਈ ਕਪਿਲ ਮਿਸ਼ਰਾ ਸਭ ਤੋਂ ਕਾਬਿਲ ਸਨ ਤੇ ਅਚਾਨਕ ਉਨ•ਾਂ ‘ਤੇ ਦਿੱਲੀ ਵਾਸੀਆਂ ਦੀ ਪਾਣੀ ਦੀ ਕਿੱਲਤ ਦੂਰ ਨਾ ਕਰਨ ਦੇ ਸਮਰਥ ਨਾ ਹੋਣ ਦਾ ਦੋਸ਼ ਲਾ ਕੇ ਅਹੁਦੇ ਤੋਂ ਫ਼ਾਰਗ ਕਰ ਦਿੱਤਾ ਗਿਆ। ਤੇ ਕਪਿਲ ਮਿਸ਼ਰਾ ਨੇ ਵੀ ਬਰਾਬਰ ਵਾਰ ਕਰਦਿਆਂ ਦੋਸ਼ ਲਾਇਆ ਕਿ ਸਤੇਂਦਰ ਜੈਨ ਨੇ ਕੇਜਰੀਵਾਲ ਦੇ ਇਕ ਰਿਸ਼ਤੇਦਾਰ ਨੂੰ 50 ਕਰੋੜ ਰੁਪਏ ਦੀ ਜ਼ਮੀਨ ਸੌਦੇ ਵਿਚ ਮਦਦ ਕੀਤੀ। ਇਨ•ਾਂ ਦੀ ਸਚਾਈ ਬਾਰੇ ਕੁਝ ਵੀ ਕਹਿਣਾ ਮੁਸ਼ਕਲ ਹੈ ਕਿਉਂਕਿ ਕਪਿਲ ਮਿਸ਼ਰਾ ਨੇ ਕਿਸੇ ਤਰ•ਾਂ ਦੇ ਪ੍ਰਮਾਣ ਪੱਤਰ ਪੇਸ਼ ਨਹੀਂ ਕੀਤੇ ਪਰ ‘ਆਪ’ ਲੀਡਰਸ਼ਿਪ ਦਾ ਇਸ ਮਹਿਜ਼ ‘ਬੇਬੁਨਿਆਦ ਦੋਸ਼’ ਕਹਿ ਕੇ ਪਿੱਛਾ ਨਹੀਂ ਛੁਡਾਇਆ ਜਾ ਸਕਦਾ। ਇਸ ਤੋਂ ਪਹਿਲਾਂ ਪਾਰਟੀ ਵਿਧਾਇਕ ਅਮਾਨਤੁੱਲ•ਾ ਖਾਨ ਤੇ ਸੀਨੀਅਰ ਆਗੂ ਕੁਮਾਰ ਵਿਸ਼ਵਾਸ ਵਿਚਾਲੇ ਤੋਹਮਬਾਜ਼ੀ ਦਾ ਵਿਵਾਦ ਭਖਿਆ ਤਾਂ ਅਮਾਨਤੁੱਲ•ਾ ਨੂੰ ਅਹੁਦੇ ਤੋਂ ਹਟਾ ਕੇ ਕੁਮਾਰ ਵਿਸ਼ਵਾਸ ਨੂੰ ਰਾਜਸਥਾਨ ਦੀ ਇੰਚਾਰਜੀ ਦੇ ਕੇ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।
ਪੰਜਾਬ ਵਿਚ ਵੀ ਪਾਰਟੀ ਦੇ ਹਾਲਾਤ ਸੁਖਾਵੇਂ ਨਹੀਂ ਹਨ। ਭਗਵੰਤ ਮਾਨ, ਗੁਰਪ੍ਰੀਤ ਸਿੰਘ ਵੜੈਚ, ਸੁਖਪਾਲ ਖਹਿਰਾ ਤੇ ਐਚ.ਐਸ. ਫੂਲਕਾ ਦੇ ਚਾਰੋ ਗੁੱਟਾਂ ਦੀ ਆਪਸੀ ਖਹਿਬਾਜ਼ੀ ਦਾ ਸਿੱਟਾ ਭਗਵੰਤ ਮਾਨ ਨੂੰ ਪਾਰਟੀ ਦੀ ਕਮਾਂਡ ਸੌਂਪਣ ਦੇ ਰੂਪ ਵਿਚ ਸਾਹਮਣੇ ਆਇਆ। ਪਰ ਇਹ ਕਲੇਸ਼ ਇੱਥੇ ਹੀ ਮੁਕਦਾ ਨਜ਼ਰ ਨਹੀਂ ਆਉਂਦਾ। ਮਾਨ ਨੂੰ ਪ੍ਰਧਾਨ ਬਣਾਉਂਦਿਆਂ ਹੀ ਸਾਰੇ ਪਾਸਿਆਂ ਤੋਂ ਵਿਰੋਧ ਤਿੱਖਾ ਹੋ ਗਿਆ ਹੈ। ਇਸ ਅੰਦਰੂਨੀ ਕਾਟੋ ਕਲੇਸ਼ ਦੇ ਸੰਕੇਤ ਤਾਂ ਪਾਰਟੀ ਦੇ ਇੱਕ ਸੀਨੀਅਰ ਆਗੂ,ਜਿਹੜਾ ਖੁਦ ਪ੍ਰਧਾਨ ਬਣਨ ਲਈ ਤਰਲੋਮੱਛੀ ਹੋ ਰਿਹਾ ਸੀ, ਵਲੋਂ ਕੌਮੀ ਕਨਵੀਨਰ ਦੇ ਨਾਂਅ ਕੁਝ ਪ੍ਰਵਾਸੀਆਂ ਵਲੋਂ ਲਿਖਾਈ ਅਤੇ ਪ੍ਰੈਸ ਲਈ ਜਾਰੀ ਕੀਤੀ ਉਸ ਚਿੱਠੀ ਤੋਂ ਹੀ ਸਾਫ਼ ਸਾਹਮਣੇ ਆ ਗਏ ਸਨ ਜਿਸ ‘ਚ ਭਗਵੰਤ ਮਾਨ ਉੱਤੇ ਕਈ ਤਰ•ਾਂ ਦੇ ਦੇਸ਼ ਲਾ ਕੇ ਪ੍ਰਧਾਨ  ਬਣਾਉਣ ਵਿਰੁਧ ਅਗਾਊ ਚੌਕਸ ਕੀਤਾ ਗਿਆ ਸੀ।  ਹੁਣ ਮਾਨ ਨੂੰ ਪੰਜਾਬ ਦੀ ਕਮਾਂਡ ਸੌਂਪ ਦਿੱਤੇ ਜਾਣ ਤੋਂ ਦੁਆਬੇ ਤੇ ਮਾਝੇ ਦੇ ਸਮਰਥਕ ਨਾਰਾਜ਼ ਹੋ ਗਏ ਹਨ। ਸੁਖਪਾਲ ਖਹਿਰਾ ਨੇ ਇਸ ਦਾ ਵਿਰੋਧ ਜ਼ਾਹਰ ਕਰਦਿਆਂ ਚੀਫ਼ ਵਿ•ਪ ਅਤੇ ਤਰਜਮਾਨ ਦੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ, ਜਦਕਿ ਗੁਰਪ੍ਰੀਤ ਘੁੱਗੀ ਨੇ ਵੀ ਆਪਣੀ ਨਾਰਾਜ਼ਗੀ ਪ੍ਰਗਟ ਕਰਦਿਆਂ ਕਹਿ ਦਿੱਤਾ ਹੈ ਕਿ ‘ਜੇ ਇੰਜ ਹੀ ਕਰਨਾ ਸੀ ਤਾਂ ਮੈਨੂੰ ਸੱਦਣ ਦੀ ਕੀ ਲੋੜ ਸੀ, ਘਰੇ ਬੈਠੇ ਨੂੰ ਹੀ ਦੱਸ ਦੇਣਾ ਸੀ।’ ਐਚ.ਐਸ. ਫੂਲਕਾ ਨੇ ਭਾਵੇਂ ਕੋਈ ਟਿੱਪਣੀ ਨਹੀਂ ਕੀਤੀ ਪਰ ਉਹ ਸ਼ੁਰੂ ਤੋਂ ਹੀ ਭਗਵੰਤ ਮਾਨ ਦੇ ਖ਼ਿਲਾਫ਼ ਦੱਸੇ ਜਾਂਦੇ ਹਨ।
ਨਵੇਂ ਉਭਰੇ ਸਮੀਕਰਨਾਂ ਨੇ ਹੁਣ ਇਹ ਚਰਚਾ ਛੇੜ ਦਿੱਤੀ ਹੈ ਕਿ ਆਖ਼ਰ ਘੁੱਗੀ ਤੇ ਖਹਿਰਾ ਦਾ ‘ਆਪ’ ਵਿਚ ਕੋਈ ਭਵਿੱਖ ਹੈ ਜਾਂ ਫਿਰ ਉਹ ਕਿਸੇ ਹੋਰ ਪਾਰਟੀ ਵੱਲ ਰੁਖ਼ ਕਰਨਗੇ। ਇਧਰੋਂ-ਉਧਰੋਂ ਮਿਲ ਰਹੀਆਂ ਕਨਸੋਆਂ ਮੁਤਾਬਕ ਤਾਂ ਖਹਿਰਾ ਦਾ ਹੁਣ ‘ਆਪ’ ਵਿਚ ਗੁਜ਼ਾਰਾ ਮੁਸ਼ਕਲ ਲੱਗ ਰਿਹਾ ਹੈ ਤੇ ਉਹ ਜਲਦੀ ਹੀ ਇਸ ਨੂੰ ਅਲਵਿਦ•ਾ ਕਹਿ ਕੇ ‘ਭਾਜਪਾ’ ਵਿਚ ਸ਼ਾਮਲ ਹੋ ਸਕਦੇ ਹਨ। ਕਾਂਗਰਸ ਛੱਡ ਕੇ ‘ਆਪ’ ਵਿਚ ਆਪਣਾ ਭਵਿੱਖ ਤਲਾਸ਼ਣ ਆਏ ਖਹਿਰਾ ਦੇ ਭਾਜਪਾ ਵਿਚ ਜਾਣ ਨਾਲ ਕੋਈ ਹੈਰਾਨੀ ਵੀ ਨਹੀਂ ਹੋਣ ਵਾਲੀ। ਪਾਰਟੀ ਲੀਡਰਸ਼ਿਪ ਘੁੱਗੀ ਨੂੰ ਮਨਾਉਣ ਲਈ ਗੁਰਦਾਸਪੁਰ ਲੋਕ ਸਭਾ ਦੀ ਜ਼ਿਮਨੀ ਚੋਣ ਵੀ ਲੜਾ ਸਕਦੀ ਹੈ।
ਕੌਮੀ ਲੀਡਰਸ਼ਿਪ ਪਾਰਟੀ ਨੂੰ ਬਚਾਉਣ ਲਈ ਹੁਣ ਕਿੰਨੀ ਵੀ ਜ਼ੋਰ-ਅਜ਼ਮਾਈ ਕਰ ਲਵੇ ਪਰ ਇਹਦਾ ਉਭਰਨਾ ਹੁਣ ਏਨਾ ਸੌਖਾ ਨਹੀਂ ਹੈ। ਇਹਦਾ ਵੱਡਾ ਕਾਰਨ ਇਹ ਹੈ ਕਿ ਲਹਿਰ ਵਿਚੋਂ ਉਪਜੀ ‘ਆਪ’ ਆਪਣੀਆਂ ਹੀ ਗ਼ਲਤੀਆਂ ਦੇ ਵਹਿਣ ਵਿਚ ਵਹਿ ਗਈ ਹੈ।  ‘ਆਪ’ ਦਾ ਉਭਾਰ ਤੀਜੀ ਧਿਰ ਵਜੋਂ ਹੋਇਆ ਸੀ। ਨਵੀਂ ਆਸ ਨਾਲ ਲੋਕ ਆਪ ਮੁਹਾਰੇ ਇਹਦੇ ਨਾਲ ਜੁੜੇ ਸਨ। ਲੋਕਾਂ ਦੇ ਭਰਵੇਂ ਹੁੰਗਾਰੇ ਨੂੰ ਦੇਖਦਿਆਂ ਹੀ ਇਸ ਵਿਚ ਸੱਤਾ ਦੇ ਲਾਲਚੀ ਲੋਕ ਜੁੜਦੇ ਗਏ ਤੇ ਸੰਜੀਦਗੀ ਨਾਲ ਕੰਮ ਕਰਨ ਵਾਲਿਆਂ ਦੀ ਛਾਂਟੀ ਹੁੰਦੀ ਰਹੀ। ਸਾਫ਼-ਸੁਥਰਾ ਪ੍ਰਸ਼ਾਸਨ ਦੇਣ ਦੇ ਆਦਰਸ਼ ਨਾਲ ਤੁਰੀ ਪਾਰਟੀ ਵਿਚਾਰਾਂ ਤੋਂ ਕੋਰੀ ਰਹੀ। ਚੋਣ ਜਿੱਤਣ ਲਈ ਰਵਾਇਤੀ ਪਾਰਟੀਆਂ ਵਾਂਗ ਦਾਅਵਿਆਂ, ਲਾਰਿਆਂ, ਨਾਅਰਿਆਂ ਦੀ ਹੇਠਲੇ ਪੱਧਰ ਦੀ ਸਿਆਸਤ ਤਕ ਆ ਗਈ। ਲੋਕਾਂ ਵਿਚ ਜ਼ਮੀਨੀ ਪੱਧਰ ਨਾਲ ਜੁੜਨ, ਵਿਚਾਰਾਂ ਦੀ ਲਹਿਰ ਬਣਾਉਣ ਦੀ ਥਾਂ ਇਹ ਸੱਤਾ ਪ੍ਰਾਪਤੀ ਦੇ ਰਾਹ ਤੁਰ ਪਈ। ਚੋਣਾਂ ਵਿਚ ਜਾਣ ਤੋਂ ਪਹਿਲਾਂ ਪਾਰਟੀ ਦੀ ਮਜ਼ਬੂਤੀ ਜ਼ਿਆਦਾ ਜ਼ਰੂਰੀ ਸੀ। ‘ਆਪ’ ਆਮ ਲੋਕਾਂ ਨਾਲੋਂ ਟੁੱਟ ਕੇ ਅਮੀਰ ਤੇ ਰਸੂਖ਼ਵਾਨ ਚਿਹਰਿਆਂ ਦੇ ਨੇੜੇ ਲੱਗ ਗਈ। ਜਿਨ•ਾਂ ਸੜਕਾਂ ਤੋਂ ‘ਆਪ’ ਨਿਕਲੀ ਸੀ, ਉਨ•ਾਂ ਨੂੰ ਹਾਲੇ ਵੀ ਅਜਿਹੀ ਲਹਿਰ ਦੀ ਲੋੜ ਹੈ ਜੋ ਆਮ ਲੋਕਾਂ ਦੀ ਆਵਾਜ਼ ਸੰਸਦ ਤੱਕ ਬੁਲੰਦ ਕਰੇ। ਪੈਂਡਾ ਔਖਾ ਹੈ ਪਰ  ਈਮਾਨਦਾਰੀ ਨਾਲ ਆਪਾ ਪੜਚੋਲ, ਡੂੰਘੀ ਸੂਝ ਬੂਝ, ਸਭਨਾਂ ਦੇ ਸਹਿਯੋਗ ਨਾਲ ਇਸ ‘ਤੇ ਇਸ ਉੱਤੇ ਸਾਬਤ ਕਦਮੀਂ ਤੁਰਦਿਆਂ ਸਫ਼ਲਤਾ ਨਾਲ ਮੰਜ਼ਲ ਵਲ ਵੱਧਣਾ ਨਾਮੁਮਕਿਨ ਨਹੀਂ।