ਸਰਹੰਦ ‘ਚ ਜੁੜੀ ਸੰਗਤ ਦਾ ਸੁਨੇਹਾ

ਸਰਹੰਦ ‘ਚ ਜੁੜੀ ਸੰਗਤ ਦਾ ਸੁਨੇਹਾ

‘ਆਪ’ ਦੀ ਕਾਨਫਰੰਸ ਰਾਜਸੀ ਚੜ੍ਹਤ ਦਾ ਸੰਕੇਤ, ਦਸਤਾਰਾਂ ਫਿਰ ਪਰਤ ਆਈਆਂ

ਮਹਿਮਾਨ ਸੰਪਾਦਕੀ
ਕਰਮਜੀਤ ਸਿੰਘ ਚੰਡੀਗੜ੍ਹ (ਮੋਬਾਇਲ 99150-91063)

ਦਸਮੇਸ਼ ਪਿਤਾ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਫਤਹਿਗੜ੍ਹ ਸਾਹਿਬ ਵਿਖੇ ਜੁੜੀਆਂ ਰਾਜਸੀ ਕਾਨਫਰੰਸਾਂ ਦਾ ਵਿਸ਼ੇਸ਼ ਪਹਿਲੂ ਇਹ ਸੀ ਕਿ ਹਾਕਮ ਅਕਾਲੀ ਦਲ ਦੀ ਕਾਨਫਰੰਸ ਨੂੰ ਛੱਡ ਕੇ ਬਾਕੀ ਸਾਰੀਆਂ ਕਾਨਫਰੰਸਾਂ ਵਿਚ ਇਸ ਮਹਾਨ ਸ਼ਹਾਦਤ ਦੇ ਸਾਕੇ ਨੂੰ ਪੰਜਾਬ ਦੀ ਵਿਗੜੀ ਹਾਲਤ ਨਾਲ ਜੋੜ ਕੇ ਹੀ ਪੇਸ਼ ਕੀਤਾ ਜਾ ਰਿਹਾ ਸੀ। ਮੈਂ ਪਿਛਲੇ 30 ਸਾਲਾਂ ਤੋਂ ਸਰਹਿੰਦ ਦੇ ਦਰਦਨਾਕ ਸਾਕੇ ਬਾਰੇ ਹਰ ਸਾਲ ਸ਼ਾਮਲ ਹੋ ਕੇ ਲੋਕਾਂ ਦੀ ਬੇਮਿਸਾਲ ਸ਼ਰਧਾ ਅਤੇ ਉਨ੍ਹਾਂ ਦੇ ਧਾਰਮਿਕ ਅਤੇ ਰਾਜਸੀ ਮਨਾਂ ਦਾ ਵਿਸ਼ਲੇਸ਼ਣ ਕਰਦਾ ਆ ਰਿਹਾ ਹਾਂ। ਪਰ ਇਸ ਵਾਰ ਜਿਸ ਤਰ੍ਹਾਂ ਹਾਕਮ ਅਕਾਲੀ ਦਲ ਪ੍ਰਤੀ ਜਨਤਾ ਦੀ ਬੇਗਾਨਗੀ, ਰੋਸ, ਗੁੱਸਾ ਅਤੇ ਨਫ਼ਰਤ ਇਸ ਵਾਰ ਵੇਖੀ, ਉਹ ਪਹਿਲਾਂ ਕਦੇ ਵੀ ਨਹੀਂ ਸੀ ਵੇਖੀ।
ਹੈਰਾਨੀ ਇਸ ਗੱਲ ਦੀ ਸੀ ਕਿ ਜਿਸ ਕਾਂਗਰਸ ਨੂੰ 1984 ਤੋਂ ਪਿਛੋਂ ਲੋਕ ਨਫ਼ਰਤ ਕਰਦੇ ਸਨ, ਉਸੇ ਕਾਂਗਰਸ ਦੀ ਕਾਨਫਰੰਸ ਵਿਚ ਲੋਕ ਹੁੰਮ-ਹੁਮਾ ਕੇ ਪਹੁੰਚੇ ਹੋਏ ਸਨ ਅਤੇ ਉਸ ਤੋਂ ਵੀ ਵੱਧ ਹੈਰਾਨੀ ਇਹ ਵੇਖ ਕੇ ਹੋਈ ਕਿ ਸਾਰਾ ਪੰਥ ਆਮ ਆਦਮੀ ਪਾਰਟੀ ਦੀਆਂ ਰੌਣਕਾਂ ਨੂੰ ਹੀ ਵਧਾਉਣ ਵਿਚ ਲੱਗਾ ਹੋਇਆ ਸੀ। ਜੇ ਸੰਗਤਾਂ ਦਾ ਇਕੱਠ, ਸੰਗਤਾਂ ਵਿਚ ਉਤਸ਼ਾਹ ਤੇ ਜੋਸ਼, ਸਰਕਾਰ ਪ੍ਰਤੀ ਗੁੱਸਾ ਤੇ ਰੋਹ ਅਤੇ ਘੰਟਿਆਂਬੱਧੀ ਨਿੱਠ ਕੇ ਬੁਲਾਰਿਆਂ ਨੂੰ ਸੁਨਣ ਦਾ ਸਬਰ, ਧੀਰਜ ਤੇ ਸ਼ੌਕ ਕੋਈ ਇਸ਼ਾਰਾ ਹੁੰਦਾ ਹੈ ਤਾਂ ਫਿਰ ਇਹ ਗੱਲ ਸਹਿਜੇ ਹੀ ਕਹੀ ਜਾ ਸਕਦੀ ਹੈ ਕਿ ਪੰਜਾਬ ਵਿੱਚ 2017 ਦੀ ਸਰਕਾਰ ਆਮ ਆਦਮੀ ਪਾਰਟੀ ਦੀ ਹੀ ਹੋ ਸਕਦੀ ਹੈ। ਮੈਂ ਇਹ ਗੱਲ ਹਾਕਮ ਅਕਾਲੀ ਦਲ, ਮਾਨ ਅਕਾਲੀ ਦਲ ਅਤੇ ਕਾਂਗਰਸ ਦੀਆਂ ਕਾਨਫਰੰਸਾਂ ਨੂੰ ਸਾਰੇ ਪੱਖਾਂ ਤੋਂ ਵੇਖਣ ਪਿਛੋਂ ਹੀ ਕਹਿ ਰਿਹਾ ਹਾਂ।
ਇਨ੍ਹਾਂ ਕਾਨਫਰੰਸਾਂ ਵਿਚ ਇਕ ਹੋਰ ਗੱਲ ਵੀ ਵੇਖਣ ਵਿਚ ਆਈ ਕਿ ਮਾਨ ਅਕਾਲੀ ਦਲ ਦਾ ਇਕੱਠ ਅਤੇ ਇਸ ਇਕੱਠ ਵਿਚ ਸੰਗਤ ਦਾ ਜਜ਼ਬਾ ਵੇਖਣ ਵਾਲਾ ਹੀ ਸੀ। ਜੇ ਮੈਂ ਗਲ਼ਤ ਨਾ ਹੋਵਾਂ ਤਾਂ ਹੁਣ ਤੱਕ ਹੋਏ ਇਕੱਠਾਂ ਦੇ ਮੁਕਾਬਲੇ ਇਸ ਵਾਰ ਇਸ ਪਾਰਟੀ ਦਾ ਇਕੱਠ ਸਭ ਤੋਂ ਵੱਡਾ ਸੀ ਤੇ ਇਹ ਵੀ ਲੱਗਦਾ ਸੀ ਕਿ ਆਮ ਜਨਤਾ ਅੰਦਰ ਇਸ ਪਾਰਟੀ ਪ੍ਰਤੀ ਫਿਰ ਹਮਦਰਦੀ ਪੈਦਾ ਹੋਣੀ ਸ਼ੁਰੂ ਹੋ ਗਈ ਹੈ। ਪਰ ਇਹ ਪਾਰਟੀ ਵੋਟਾਂ ਹਾਸਲ ਕਰਨ ਦੇ ਮੈਦਾਨ ਵਿਚ ਕਿੰਨੀ ਕੁ ਸਫ਼ਲ ਹੋਵੇਗੀ, ਇਸ ਬਾਰੇ ਕੋਈ ਬਹੁਤੀਆਂ ਵੱਡੀਆਂ ਉਮੀਦਾਂ ਨਹੀਂ। ਮਾਨ ਦਲ ਦਾ ਇਕੱਠ ਕਾਂਗਰਸ ਦੇ ਇਕੱਠ ਨਾਲੋਂ ਥੋੜਾ ਜਿੰਨਾ ਹੀ ਘੱਟ ਸੀ ਪਰ ਦੋਵਾਂ ਇਕੱਠਾਂ ਵਿਚ ਸਾਂਝੀ ਗੱਲ ਇਹ ਸੀ ਕਿ ਸੰਗਤਾਂ ਖੁੱਲ੍ਹੀਆਂ ਖੁੱਲ੍ਹੀਆਂ ਬੈਠੀਆਂ ਸਨ ਜਦਕਿ ‘ਆਪ’ ਦੇ ਇਕੱਠ ਵਿਚ ਦੋ ਬੰਦਿਆਂ ਵਿਚਕਾਰ ਕੋਈ ਵੀ ਖਾਲੀ ਥਾਂ ਵੇਖਣ ਵਿਚ ਨਹੀਂ ਮਿਲੀ।
ਇਕ ਹੋਰ ਖੁਸ਼ੀ ਵਾਲੀ ਗੱਲ ਜਿਹੜੀ ਇਸੇ ਸ਼ਹੀਦੀ ਜੋੜ ਮੇਲੇ ‘ਚ ਵੇਖਣ ਨੂੰ ਮਿਲੀ, ਉਹ ਇਹ ਕਿ ਪੱਗਾਂ ਵਾਲੇ ਹੁਣ ਵੱਡੀ ਗਿਣਤੀ ਵਿਚ ਆ ਗਏ ਹਨ। ਪਿਛਲੇ 10 ਵਰ੍ਹਿਆਂ ਤੋਂ ਮੈਂ ਇਹ ਲਗਾਤਾਰ ਵੇਖ ਰਿਹਾ ਸੀ ਕਿ ਪੱਗਾਂ ਵਾਲੇ ਗੱਭਰੂਆਂ ਦੀ ਗਿਣਤੀ ਲਗਾਤਾਰ ਘੱਟਦੀ ਜਾ ਰਹੀ ਸੀ ਪਰ ਇਸ ਵਾਰ ਦਸਤਾਰਾਂ ਤੋਂ ਸੱਖਣੇ ਮੁੰਡੇ ਬਹੁਤ ਘੱਟ ਵੇਖਣ ਵਿਚ ਆਏ। ਕੁਦਰਤ ਦਾ ਇਹ ਅਜੀਬ ਕ੍ਰਿਸ਼ਮਾ ਹੈ ਕਿ ਜਦੋਂ ਵੀ ਸਿੱਖ ਕੌਮ ਉਤੇ ਸੰਕਟ ਆਉਂਦਾ ਹੈ ਤਾਂ ਦਸਤਾਰਾਂ ਦੀ ਗਿਣਤੀ ਵਧਣ ਲਗਦੀ ਹੈ, ਜਿਵੇਂ ਇਹ ਦਸਤਾਰਾਂ ਕਿਸੇ ਆਉਣ ਵਾਲੀ ਬਗ਼ਾਵਤ ਜਾਂ ਦਿਲਾਂ ਵਿਚ ਪੈਦਾ ਹੋ ਰਹੇ ਰੋਸ ਦਾ ਇਸ਼ਾਰਾ ਹੋਣ। ਮੌਜੂਦਾ ਸਿੱਖ ਲੀਡਰਸ਼ਿਪ ਨੂੰ ਇਸ ਨਵੇਂ ਰੁਝਾਨ ਵਿਚ ਲੁਕੇ ਗੁੱਝੇ ਇਸ਼ਾਰਿਆਂ ਪ੍ਰਤੀ ਸ਼ਾਇਦ ਕੋਈ ਜਾਣਕਾਰੀ ਜਾਂ ਦਿਲਚਸਪੀ ਨਹੀਂ।
ਆਮ ਆਦਮੀ ਪਾਰਟੀ ਦੀ ਕਾਨਫਰੰਸ ਵਿਚ ਇਸ ਵਾਰ ਦਿੱਲੀ ਦੀ ਟੀਮ ਪੂਰੀ ਤਰ੍ਹਾਂ ਗਾਇਬ ਸੀ। ਪਿਛਲੀ ਵਾਰ ਜਦੋਂ ਮੈਂ ਇਸ ਕਾਨਫਰੰਸ ਨੂੰ ਵੇਖਿਆ ਤਾਂ ਦਿੱਲੀ ਦੇ ਬੁਲਾਰਿਆਂ ਨੂੰ ਨਾ ਤਾਂ ਸਿੱਖ ਇਤਿਹਾਸ ਬਾਰੇ ਡੂੰਘੀ ਤੇ ਗਹਿਰ ਗੰਭੀਰ ਸਮਝ ਸੀ, ਨਾ ਹੀ ਪੰਜਾਬ ਦੇ ਮਸਲਿਆਂ ਨੂੰ ਪੇਸ਼ ਕਰਨ ਲਈ ਉਨ੍ਹਾਂ ਕੋਲ ਢੁੱਕਵੇਂ ਜਜ਼ਬਿਆਂ ਤੇ ਜੁਗਤਾਂ ਦਾ ਖ਼ਜ਼ਾਨਾ ਸੀ ਅਤੇ ਨਾ ਹੀ ਸੰਗਤਾਂ ਵਲੋਂ ਭਰਪੂਰ ਹੁੰਗਾਰਾ ਸੀ। ਪਰ ਇਸ ਵਾਰ ਕਮਾਲ ਇਸ ਗੱਲ ਦੀ ਸੀ ਕਿ ਹਰ ਦੂਜੇ ਤੀਜੇ ਮਿੰਟ ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਦੀ ਗੂੰਜ ਅਸਮਾਨ ਨਾਲ ਜਾ ਲਗਦੀ ਸੀ। ਕੁਝ ਪਲਾਂ ਲਈ ਇਉਂ ਮਹਿਸੂਸ ਹੁੰਦਾ ਸੀ ਜਿਵੇਂ ਅਸੀਂ ਦਹਾਕਿਆਂ ਪਹਿਲਾਂ ਅਕਾਲੀ ਦਲ ਦੇ ਹੁੰਦੇ ਕਿਸੇ ਇਕੱਠ ਵਿਚ ਆ ਗਏ ਹਾਂ।
ਚਾਰੇ ਬੁਲਾਰਿਆਂ ਭਗਵੰਤ ਮਾਨ, ਸੁਖਪਾਲ ਖਹਿਰਾ, ਹਰਵਿੰਦਰ ਸਿੰਘ ਫੂਲਕਾ ਅਤੇ ਜਰਨੈਲ ਸਿੰਘ ਦੀਆਂ ਤਕਰੀਰਾਂ ਵਿਚ ਸਿੱਖ ਇਤਿਹਾਸ ਦੀ ਖ਼ੁਸ਼ਬੂ ਸੀ, ਸਿੱਖ ਇਤਿਹਾਸ ਦੀਆਂ ਯਾਦਾਂ ਸਨ ਜਦਕਿ ਭਗਵੰਤ ਮਾਨ ਅਜਿਹਾ ਬੁਲਾਰਾ ਹੋ ਨਿਬੜਿਆ ਜਿਸ ਨੇ ਲੋਕਾਂ ਨੂੰ ਕੀਲ ਕੇ ਰੱਖਿਆ ਹੋਇਆ ਸੀ। ਮੈਂ ਇਹ ਵੀ ਵੇਖਿਆ ਕਿ ਭਗਵੰਤ ਮਾਨ ਦੇ ਭਾਸ਼ਣਾਂ ਵਿਚ ਇਕ ਵੱਖਰੀ ਕਿਸਮ ਦੀ ਗੰਭੀਰਤਾ ਅਤੇ ਇਕ ਨਿਵੇਕਲੇ ਕਿਸਮ ਦਾ ਸਹਿਜ ਆਇਆ ਹੈ। ਉਹ ਜਿਵੇਂ ਤੱਥਾਂ ਅਤੇ ਜਜ਼ਬਿਆਂ ਦਾ ਸੁਮੇਲ ਕਰਦਾ ਹੈ ਅਤੇ ਜਿਵੇਂ ਉਨ੍ਹਾਂ ਨੂੰ ਮੌਜੂਦਾ ਹਾਲਾਤ ਨਾਲ ਜੋੜਦਾ ਹੈ ਅਤੇ ਜਿਵੇਂ ਉਸ ਨੂੰ ਮੁਲਾਜ਼ਮਾਂ, ਮਜ਼ਦੂਰਾਂ ਅਤੇ ਕਿਸਾਨਾਂ ਦੇ ਦਰਦ ਦੀ ਕਲਾਤਮਕ ਸਮਝ ਹੈ, ਉਹ ਗੱਲ ਮੈਂ ਕਿਸੇ ਵੀ ਰਾਜਸੀ ਕਾਨਫਰੰਸ ਵਿਚ ਕਿਸੇ ਬੁਲਾਰੇ ਕੋਲੋਂ ਅੱਜ ਨਹੀਂ ਸੁਣੀ। ਉਸ ਦੀ ਤਕਰੀਰ ਵਿਚ ਗੁਰਬਾਣੀ ਅਤੇ ਸਿੱਖ ਇਤਿਹਾਸ ਦੀ ਓਪਰੀ ਜਿਹੀ ਸਮਝ ਹੈ, ਪਰ ਫਿਰ ਵੀ ਉਸ ਦੇ ਹਾਸੇ ਵਿਚ ਇਹੋ ਜਿਹਾ ਦਰਦ ਹੁੰਦਾ ਹੈ ਜੋ ਪੰਜਾਬ ਦੇ ਲੋਕਾਂ ਦੇ ਦਿਲਾਂ ਅੰਦਰ ਧੱਸ ਜਾਂਦਾ ਹੈ। ਜਦੋਂ ਹੀ ਉਸ ਦਾ ਨਾਂ ਸਟੇਜ ਤੋਂ ਲਿਆ ਗਿਆ ਤਾਂ ਆਲੇ ਦੁਆਲੇ ਖਿਲਰੇ ਸੈਂਕੜੇ ਵਰਕਰ ਪੰਡਾਲ ਵੱਲ ਹੋ ਉਲਰੇ, ਜਿਵੇਂ ਉਹ ਉਸ ਨੂੰ ਹੀ ਸੁਣਨ ਆਏ ਸੀ। ਜੇ ਭਗਵੰਤ ਮਾਨ ਨੇ ਰਾਜਨੀਤਿਕ ਗੰਭੀਰਤਾ ਅਤੇ ਸਿਆਣਪ ਦਾ ਖ਼ਜ਼ਾਨਾ ਹੋਰ ਇਕੱਠਾ ਕਰ ਲਿਆ ਤਾਂ ਉਸ ਦੀ ਗਿਣਤੀ ਭਾਰਤ ਦੇ ਉੱਚ ਕੋਟੀ ਦੇ ਬੁਲਾਰਿਆਂ ਵਿਚ ਸ਼ੁਮਾਰ ਹੋ ਸਕਦੀ ਹੈ।
ਸੁਖਪਾਲ ਖਹਿਰਾ ਦੇ ਧੁਰ ਅੰਦਰ ਸਿੱਖ ਇਤਿਹਾਸ ਜਗਦਾ ਤੇ ਮਘਦਾ ਹੈ। ਉਹ ਸੱਚ ਮੁੱਚ ਹੀ ਤਕਰੀਰ ਦਾ ਧਨੀ ਹੈ ਅਤੇ ਘਟਨਾਵਾਂ ਨੂੰ ਪੇਸ਼ ਕਰਨ ਲੱਗਿਆਂ ਤੱਥ ਉਸ ਦੀਆਂ ਉਂਗਲਾਂ ‘ਤੇ ਹੁੰਦੇ ਹਨ। ਉਹ ਆਪਣੇ ਵੱਖਰੇ ਅੰਦਾਜ਼ ਵਿਚ ਲੋਕਾਂ ਅੰਦਰ ਜਜ਼ਬਿਆਂ ਦਾ ਇਕ ਆਲਮ ਸਿਰਜ ਦਿੰਦਾ ਹੈ। ਜਿਥੋਂ ਤੱਕ ਜਰਨੈਲ ਸਿੰਘ ਦਾ ਸਬੰਧ ਹੈ, ਉਸ ਕੋਲ ਗੁਰਬਾਣੀ ਦਾ ਬੇਅੰਤ ਖਜ਼ਾਨਾ ਹੈ, ਪਰ ਉਸ ਨੂੰ ਮੌਜੂਦਾ ਹਾਲਤਾਂ ਨਾਲ ਜੋੜਨ ਵਿਚ ਉਹ ਰਤਾ ਕਮਜ਼ੋਰ ਹੈ। ਫਿਰ ਵੀ ਉਸ ਨੇ ਸੰਗਤਾਂ ਵਿਚ ਆਪਣੀ ਥਾਂ ਬਣਾਈ ਹੋਈ ਹੈ। ਇਸ ਹਿਸਾਬ ਨਾਲ ਹਰਵਿੰਦਰ ਸਿੰਘ ਫੂਲਕਾ ਚੌਥੇ ਨੰਬਰ ‘ਤੇ ਆਉਂਦਾ ਹੈ। ਇਉਂ ਲਗਦਾ ਹੈ ਜਿਵੇਂ ਅਰਵਿੰਦ ਕੇਜਰੀਵਾਲ ਸਹਿਜੇ ਸਹਿਜੇ ਦਿੱਲੀ ਦੀ ਟੀਮ ਤੋਂ ਆਪਣੇ ਹੱਥ ਪਿੱਛੇ ਖਿੱਚ ਰਿਹਾ ਹੈ, ਤਾਂ ਜੋ ਪੰਜਾਬ ਨੂੰ, ਪੰਜਾਬ ਦੇ ਲੋਕਾਂ ਅਤੇ ਪੰਜਾਬ ਦੇ ੇ ਲੋਕਾਂ ਅਤੇ ਵਿਸ਼ੇਸ਼ ਕਰਕੇ ਸਿੱਖ ਆਮ ਆਦਮੀ ਪਾਰਟੀ ਦੀਆਂ ਸਫ਼ਾਂ ਵਿਚ ਕਿਉਂ ਚਲੇ ਗਏ? ਇਸ ਗੱਲ ਦਾ ਗੰਭੀਰ ਵਿਸ਼ਲੇਸ਼ਣ ਹੋਣਾ ਚਾਹੀਦਾ ਹੈ। ਇਸ ਸਬੰਧ ਵਿਚ ਅਕਾਲੀ ਦਲ, ਕਾਂਗਰਸ ਅਤੇ ਮਾਨ ਅਕਾਲੀ ਦਲ ਵਲੋਂ ਸਮੇਂ-ਸਮੇਂ ਜੋ ਦਲੀਲਾਂ ਅਤੇ ਤਰਕ ਪੇਸ਼ ਕੀਤੇ ਜਾਂਦੇ ਹਨ, ਉਹ ਹਲਕੇ ਵੀ ਹਨ, ਹਾਸੋਹੀਣੇ ਵੀ ਹਨ ਅਤੇ ਗੰਭੀਰ ਤਰਕ ਦੇ ਮਾਪਦੰਡਾਂ ਉਤੇ ਵੀ ਪੂਰਾ ਨਹੀਂ ਉਤਰਦੇ। ਸੋਚਣ ਵਾਲੀ ਗੱਲ ਇਹ ਹੈ ਕਿ ਅਕਾਲੀ ਦਲ ਦੀ ਕਾਨਫਰੰਸ ਵਿਚ ਰੌਣਕਾਂ ਰੁੱਸੀਆਂ ਹੋਈਆਂ ਕਿਉਂ ਸਨ? ਇਹੋ ਹਾਲ ਪਿਛਲੇ ਸਾਲ ਉਨ੍ਹਾਂ ਦਾ ਸੀ। ਕੀ ਕਾਰਨ ਹੈ ਕਿ ਮਾਨ ਦਲ ਦਾ ਪ੍ਰਭਾਵਸ਼ਾਲੀ ਇਕੱਠ ਵੋਟਾਂ ਹਾਸਲ ਕਰਨ ਦੇ ਸਵਾਲ ‘ਤੇ ਕਮਜ਼ੋਰ ਹੈ? ਕੀ ਗੱਲ ਹੈ ਕਿ ਕਾਂਗਰਸ ਵਿਚ ਅਮਰਿੰਦਰ ਸਿੰਘ ਹੀ ਕਾਂਗਰਸ ਹੈ ਅਤੇ ਬਾਕੀਆਂ ਨੂੰ ਕੋਈ ਵੀ ਨਹੀਂ ਜਾਣਦਾ? ਕੀ ਕਾਰਨ ਹੈ ਕਿ ਦਿੱਲੀ ਤੋਂ ਆਇਆ ਇਕ ਵਿਅਕਤੀ ਲੋਕਾਂ ਦੇ ਦਿਲਾਂ ਦੀ ਧੜਕਣ ਬਣ ਗਿਆ ਹੈ? ਕੀ ਕਾਰਨ ਹੈ ਕਿ ਆਮ ਆਦਮੀ ਪਾਰਟੀ ਨੂੰ ਛੱਡ ਕੇ ਵੱਖਰੀ ਪਾਰਟੀ ਬਣਾਉਣ ਵਾਲੇ ਇਸ ਸ਼ਹੀਦੀ ਜੋੜ ਮੇਲੇ ‘ਤੇ ਨਜ਼ਰ ਹੀ ਨਹੀਂ ਸੀ ਆਉਂਦੇ ਹਾਲਾਂਕਿ ਹਾਕਮ ਅਕਾਲੀ ਦਲ ਦੇ ਚੈਨਲ ਅੱਜ ਕੱਲ੍ਹ ਉਨ੍ਹਾਂ ਨੂੰ ਭਰਵੀਂ ਥਾਂ ਦੇ ਰਹੇ ਹਨ। ਕਿਥੇ ਹੈ ਧਰਮਵੀਰ ਗਾਂਧੀ ਅਤੇ ਹਰਿੰਦਰ ਸਿੰਘ ਖ਼ਾਲਸਾ ਜੋ ਪਾਰਟੀ ਨਾਲੋਂ ਟੁੱਟ ਕੇ ਲੋਕਾਂ ਨਾਲੋਂ ਇਕ ਤਰ੍ਹਾਂ ਨਾਲ ਅਲੱਗ-ਥਲੱਗ ਹੀ ਹੋ ਗਏ ਹਨ। ਕੀ ਕਾਰਨ ਹੈ ਕਿ ਦਲ ਖ਼ਾਲਸਾ ਵਿਚ ਪੰਚ ਪ੍ਰਧਾਨੀ ਦੀ ਸ਼ਮੂਲੀਅਤ ਮਗਰੋਂ ਵੀ ਉਹ ਫਤਹਿਗੜ੍ਹ ਸਾਹਿਬ ਵਿਚ ਸ਼ਹੀਦੀ ਕਾਨਫਰੰਸ ਨਹੀਂ ਕਰ ਸਕੇ? ਇਨ੍ਹਾਂ ਵੱਡੇ ਸਵਾਲਾਂ ਦੇ ਢੁੱਕਵੇਂ ਜਵਾਬ ਚਾਹੀਦੇ ਹਨ।
ਜੇ ਮੀਡੀਆ ਦੇ ਲੋਕ ਵਿਕੇ ਹੋਏ ਨਹੀਂ ਅਤੇ ਜੇਕਰ ਪੱਤਰਕਾਰ ਸੱਚਮੁੱਚ ਹੀ ਨਿਰਪੱਖ ਤੇ ਸੁਹਿਰਦ ਹਨ ਅਤੇ ਜੇ ਚੈਨਲਾਂ ਵਾਲੇ ਸੱਚ ਨੂੰ ਵਿਖਾਉਣ ਲਈ ਦੂਰ ਤੱਕ ਦੀ ਨਿਗ੍ਹਾ ਰੱਖਦੇ ਹਨ ਅਤੇ ਉਸ ਦਾ ਵਿਸ਼ਲੇਸ਼ਣ ਕਰਨ ਵਿਚ ਸੁਹਿਰਦ ਹਨ ਤਾਂ ਆਮ ਆਦਮੀ ਪਾਰਟੀ ਕਾਨਫਰੰਸ ਵਿਚਲਾ ਠਾਠਾਂ ਮਾਰਦਾ ਸਮੁੰਦਰ ਵਰਗਾ ਇਕੱਠ ਭਵਿੱਖਬਾਣੀ ਕਰ ਰਿਹਾ ਹੈ ਕਿ ਪੰਜਾਬ ਦੇ ਲੋਕ ਕਿਧਰ ਨੂੰ ਜਾਣਾ ਚਾਹੁੰਦੇ ਹਨ।