ਸਰਦ ਰੁੱਤ, ਸਰਗਰਮ ਸਿਆਸਤ

ਵਿਧਾਨ ਸਭਾ ਚੋਣਾਂ ਐਨ ਸਿਰ ਉੱਤੇ ਆਉਣ ਕਾਰਨ ਸਰਦੀ ਦੀ ਰੁੱਤੇ ਪੰਜਾਬ ਦਾ ਸਿਆਸੀ ਪਿੜ ਦਿਨੋਂ ਦਿਨ ਗਰਮਾ ਰਿਹਾ ਹੈ। ਵੈਸੇ ਇਸ ਰੁੱਤ ਵਿੱਚ ਪੰਜਾਬ ਦੇ ਲੋਕ ਖ਼ਾਸ ਕਰ ਕਿਸਾਨ ਕਣਕਾਂ ਬੀਜਣ ਤੋਂ ਲਗਭਗ ਵਿਹਲੇ ਹੋਣ ਕਾਰਨ ਅਕਸਰ ਸੁਸਤਾਉਣ ਵਾਲੇ ਰੌਅ ਵਿੱਚ ਹੁੰਦੇ ਹਨ। ਸਿਆਸੀ ਆਗੂ ਵੀ ਇਨ੍ਹੀਂ ਦਿਨੀਂ ਛੁੱਟੀਆਂ ਮਨਾਉਣ ‘ਚ ਰੁਝੇ ਨਜ਼ਰੀਂ ਪੈਂਦੇ ਹਨ। ਇਸ ਵਾਰ ਲੋਕ ਤਾਂ ਭਾਵੇਂ ਸਹਿਜੇ ਸਹਿਜੇ ਸਿਆਸੀ ਸਰਗਰਮੀਆਂ ਨੂੰ ਵੇਖ ਅਤੇ ਸ਼ਾਮਲ ਵੀ ਹੋ ਰਹੇ, ਸਿਆਸੀ ਪਾਰਟੀਆਂ ਅਤੇ ਆਗੂਆਂ ਨੂੰ ਹੱਥਾਂ-ਪੈਂਰਾਂ ਦੀ ਪਈ ਹੋਈ ਹੈ। ਨਵੇਂ ਸਾਲ ਦੇ ਸ਼ੁਰੂ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਮੁੱਖ ਤੌਰ ਉੱਤੇ ਸੱਤਾਧਾਰੀ ਅਕਾਲੀ ਦਲ (ਬਾਦਲ), ਮੁੱਖ ਵਿਰੋਧੀ ਪਾਰਟੀ ਕਾਂਗਰਸ ਅਤੇ ਭਾਰਤੀ ਰਾਜਨੀਤੀ ਦਾ ਰੰਗ-ਰੂਪ ਬਦਲ ਦੇਣ ਦੇ ਨਾਅਰੇ ਨਾਲ ਹੋਂਦ ਵਿੱਚ ਆਈ ਆਮ ਆਦਮੀ ਪਾਰਟੀ (ਆਪ) ਵਿਚਾਲੇ ਮੁਕਾਬਲਾ ਹੋਣ ਬਾਰੇ ਕੋਈ ਦੋ ਰਾਵਾਂ ਨਹੀਂ। ਲੋਕਾਂ ਦੀ ਦਿਲਚਸਪੀ ਇਸ ਗੱਲ ਵਿੱਚ ਹੈ ਕਿ ਰਾਜਸੀ ਪਾਰਟੀਆਂ ਵੋਟਰਾਂ ਨੂੰ ਭਰਮਾਉਣ ਲਈ ਕਿਹੜੇ ਕਿਹੜੇ ਦਾਅ ਚੱਲ ਰਹੀਆਂ ਹਨ।
ਆਪਣੀ ਲਗਾਤਾਰ ਦੋ ਵਾਰ ਸਰਕਾਰ ਹੋਣ ਕਾਰਨ ਸੱਤਾਧਾਰੀ ਅਕਾਲੀ ਦਲ ਦਾ ਮੁੱਖ ਨਿਸ਼ਾਨ ਅਤੇ ਨਾਅਰਾ ‘ਪੰਜਾਬ ਦੇ ਰਿਕਾਰਡ ਤੋੜ ਵਿਕਾਸ’ ਦੇ ਆਸਰੇ ਤੀਜੀ ਵਾਰ ਚੋਣਾਂ ਜਿੱਤ ਕੇ ਲੋਕਾਂ ਦੀ ਹੋਰ ਸੇਵਾ ਕਰਨ ਦਾ ਹੈ। ਪ੍ਰਾਈਵੇਟ ਕੰਪਨੀਆਂ ਰਾਹੀਂ ਸੜਕਾਂ/ਫਲਾਈਓਵਰਾਂ/ਪੁਲਾਂ ਦੀ ਉਸਾਰੀ, ਵੱਡੇ ਸਨਅਤੀ ਘਰਾਣਿਆਂ ਨੂੰ ਸਰਕਾਰੀ ਤੌਰ ਉੱਤੇ ਸਸਤੀਆਂ ਜ਼ਮੀਨਾਂ ਅਤੇ ਟੈਕਸਾਂ ਦੀਆਂ ਰਿਆਇਤਾਂ ਦੇ ਕੇ ਥਰਮਲ ਪਲਾਂਟ ਲਗਵਾ ਕੇ ਮਹਿੰਗੀ ਬਿਜਲੀ ਖਰੀਦਣਾ, ਸਰਕਾਰੀ ਬੱਸਾਂ ਤੋਂ ਲਾਹੇਵੰਦੇ ਰੂਟ ਖੋਹ ਕੇ ਬਾਦਲ ਪਰਿਵਾਰ, ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਦੀਆਂ ਲਗਜ਼ਰੀ ਬੱਸਾਂ ਰਾਹੀਂ ਅਮੀਰਾਂ ਨੂੰ ਸੁੱਖ ਆਰਾਮ ਅਤੇ ਗਰੀਬ ਲੋਕਾਂ ਨੂੰ ਗਰੀਬੀ ਦਾ ਹੋਰ ਅਹਿਸਾਸ ਕਰਾਉਣਾ…. ਅਜਿਹੇ ਹੀ ਕੰਮ ਜੇ ਵਿਕਾਸ ਕਹੇ ਜਾ ਸਕਦੇ ਹਨ ਤਾਂ ਪੰਜਾਬ ਦਾ ਰੱਬ ਰਾਖਾ। ਫੇਰ ਤਾਂ ਹਰੀਕੇ ਪੱਤਣ ਝੀਲ ਵਿੱਚ ਸੋਮਵਾਰ ਨੂੰ ਚਲਾਈ ‘ਜਲ-ਬੱਸ’ ਪੰਜਾਬ ਦੇ ਕੌਮਾਂਤਰੀ ਵਿਕਾਸ ਦਾ ਨਮੂਨਾ ਕਹੀ ਜਾਣੀ ਚਾਹੀਦੀ ਹੈ। ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਅਜਿਹੇ ਹਵਾਈ ਸੁਪਨਿਆਂ ਦੇ ਪ੍ਰੋਜੈਕਟ ਅਧੀਨ ਬਠਿੰਡਾ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਹੋਣਾ ਤਾਂ ਫਿਰ ਸੱਚਮੁਚ ਹੀ ਪੰਜਾਬ ਨੂੰ ਕੈਲੀਫੋਰਨੀਆ ਬਣਾਉਣਾ ਤਾਂ ਕੀ ਉਸ ਤੋਂ ਕਿਤੇ ਅਗਾਂਹ ਲਿਜਾਣ ਦੀ ਸ਼ੁਰੂਆਤ ਵਜੋਂ ਵੇਖਿਆ ਜਾਣਾ ਬਣਦਾ ਹੈ। ਅਕਾਲੀ ਦਲ (ਬਾਦਲ) ਦੀ ਲੀਡਰਸ਼ਿਪ ਨੇ ਸਰਕਾਰੀ ਸਾਧਨਾਂ ਦੇ ਜ਼ੋਰ ‘ਤੇ 8 ਦਸੰਬਰ ਦੀ ਮੋਗਾ ਵਿਚਲੀ ‘ਪਾਣੀ ਬਚਾਓ, ਪੰਜਾਬ ਬਚਾਓ ਰੈਲੀ’ ‘ਚ ਲੋਕਾਂ ਦਾ ਚੋਖਾ ਇਕੱਠ ਕਰਕੇ ਆਪਣੇ ਵਰਕਰਾਂ ਵਿੱਚ ਜੋਸ਼ ਭਰਨ ਦੀ ਸਫ਼ਲ ਕੋਸ਼ਿਸ਼ ਕੀਤੀ ਹੈ।
ਪੰਜਾਬ ਦੀ ਰਾਜਨੀਤੀ ਵਿੱਚ ਹੂੰਝਾ ਫੇਰੂ ਲੋਕ ਹੁੰਗਾਰੇ ਦੇ ਚਰਚਿਆਂ ਵਿਚਕਾਰ ਆਮ ਆਦਮੀ ਪਾਰਟੀ ਦੀ ਦਿੱਲੀਓਂ ਹੁਕਮ ਚਲਾਉਂਦੀ ਲੀਡਰਸ਼ਿਪ ਨੇ ਹੁਣ ਪੰਜਾਬ ਉਤਾਰਾ ਕਰਨ ਬਾਅਦ ਸਿੱਧੀ ਕਾਰਵਾਈ ਸ਼ੁਰੂ ਕਰਕੇ ਖੁਰਦੀ ਸਮਝੀ ਜਾਂਦੀ ਆਪਣੀ ਸਾਖ਼ ਨੂੰ ਸਿਆਸੀ ਤੌਰ ਉੱਤੇ ਮੋਹਰੀ ਸਫ਼ਾਂ ਵਿੱਚ ਲਿਆ ਖੜ੍ਹਾ ਕੀਤਾ ਹੈ। ਲੁਧਿਆਣਾ ਵਿੱਚ ਹਾਲ ਵਿੱਚ ਹੀ ਬੈਂਸ ਭਰਾਵਾਂ ਵਲੋਂ ‘ਬੇਈਮਾਨ ਭਜਾਓ ਰੈਲੀ’ ਵਿੱਚ ਲੋਕਾਂ ਦਾ ਵਿਸ਼ਾਲ ਇਕੱਠ ਆਮ ਆਦਮੀ ਪਾਰਟੀ ਦੇ ਵੱਡੇ ਸਿਆਸੀ ਆਧਾਰ ਦੀ ਜ਼ਾਮਨੀ ਭਰਦਾ ਹੈ। ਪੰਜਾਬ ਦੇ ਪਾਣੀਆਂ ਬਾਰੇ ਅਰਵਿੰਦ ਕੇਜਰੀਵਾਲ ਦਾ ਸਪਸ਼ਟ ਸਟੈਂਡ ਲੈਣਾ ਆਪ ਦੇ ਪੰਜਾਬ ਪੱਖੀ ਹੋਣ ਵਲ ਰਾਜਸੀ ਐਲਾਨਨਾਮੇ ਵਜੋਂ ਉਭਾਰਿਆ ਜਾਵੇਗਾ।
ਰਾਜ ਵਿਧਾਨ ਸਭਾ ਦੇ 117 ਹਲਕਿਆਂ ਵਾਸਤੇ ਇਨ੍ਹਾਂ ਤਿੰਨਾਂ ਧਿਰਾਂ ਵਿਚੋਂ ਅਕਾਲੀ ਦਲ ਅਤੇ ‘ਆਪ’ ਵਾਲਿਆਂ ਨੇ ਆਪਣੇ ਉਮੀਦਵਾਰਾਂ ਬਾਰੇ ਅੰਤਮ ਫੈਸਲਾ ਅਤੇ ਐਲਾਨ ਕਰਕੇ ਚੋਣ ਸਰਗਰਮੀਆਂ ਤੇਜ਼ ਕਰਨ ਦੇ ਪ੍ਰੋਗਰਾਮ ਉਲੀਕ ਰੱਖੇ ਹਨ। ਪਰ ਇਸ ਵਾਰ ‘ਸੱਤਾ ਹਥਿਆਉਣ’ ਦਾ ਸੁਪਨਾ ਸੱਚ ਹੋਣ ਦਾ ਭਰੋਸਾ ਕਰੀ ਬੈਠੀ ਪੰਜਾਬ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਸਦਾ ਵਾਂਗ ਅਪਣੇ ‘ਦਿੱਲੀ ਵਿਚਲੇ ਮਾਲਕਾਂ’ ਕੋਲ ਉਮੀਦਵਾਰਾਂ ਦੇ ਨਾਵਾਂ ਨੂੰ ਅੰਤਮ ਰੂਪ ਦੇਣ ਦੇ ਮਿੰਨਤਾਂ ਤਰਲੇ ਕਰਨ ਲਈ ਮਜਬੂਰ ਹੈ। ਇਹ ਨਵਾਂ ਵਰਤਾਰਾ ਨਹੀਂ। ਕਾਂਗਰਸ ਦਾ ਹਰ ਵਾਰ ਇਹੋ ਹਾਲ ਹੁੰਦਾ ਹੈ ਅਤੇ ਇਸ ਦੇਰੀ ਨਾਲ ਜਿੱਥੇ ਪਾਰਟੀ ਦਾ ਅੰਦਰੂਨੀ ਸੰਕਟ ਚੋਣਾਂ ਮੌਕੇ ਵਧਦਾ ਹੈ, ਉੱਥੇ ਐਨ ਆਖ਼ਰੀ ਮੌਕੇ ਅਜਿਹੀ ਉਥਲ-ਪੁਥਲ ਨਾਲ ਨਜਿੱਠਣਾ ਸੰਭਵ ਨਹੀਂ ਹੁੰਦਾ। ਇਸ ਵਾਰ ਵੀ ਇਹੋ ਵਾਪਰਣਾ ਹੈ। ਹੋਰਨਾਂ ਰਾਜਸੀ ਪਾਰਟੀਆਂ ਵਿਚੋਂ ਟਿਕਟਾਂ ਨਾ ਮਿਲਣ ਤੋਂ ਨਾਰਾਜ਼ ਅਤੇ ਰਾਜਸੀ ਉਡਾਣ ਭਰਨੋਂ ‘ਪਿਛੜਿਆਂ’ ਨੂੰ ਆਪਣੇ ਵਿੱਚ ਸ਼ਾਮਲ ਕਰਕੇ ਹਿੱਕਾਂ ਤਾਣ ਰਹੇ ਪੰਜਾਬ ਕਾਂਗਰਸ ਦੇ ਕਰਤਿਆਂ-ਧਰਤਿਆਂ ਨੂੰ ਟਿਕਟਾਂ ਦੀ ਵੰਡ ਕਾਰਨ ਆਪਣੀਆਂ ਚੋਣ ਸਰਗਰਮੀਆਂ ਦੇ ਪਛੜ ਜਾਣ ਨੂੰ ਪੂਰਨਾ ਮੁਸ਼ਕਲ ਹੋਵੇਗਾ।
ਅਸਲੀਅਤ ਤਾਂ ਇਹ ਹੈ ਕਿ ਮੋਦੀ ਸਰਕਾਰ ਦੇ ‘ਨੋਟਬੰਦੀ’ ਦੇ ਆਰਥਿਕ ਇਨਕਲਾਬ, ਜਿਹੜਾ ਬੁਰੀ ਤਰ੍ਹਾਂ ਫੇਲ੍ਹ ਹੋਣ ਕਾਰਨ ਮਹਿਜ਼ ਰਾਜਸੀ ਸ਼ੋਸ਼ਾ ਬਣ ਕੇ ਰਹਿ ਗਿਆ ਹੈ, ਨੇ ਭਾਰਤ ਦੇ ਹੋਰਨਾਂ ਸੂਬਿਆਂ ਦੇ ਲੋਕਾਂ ਵਾਂਗ ਪੰਜਾਬੀਆਂ ਨੂੰ ਵੱਡੇ ਮਾਲੀ ਅਤੇ ਸਮਾਜਿਕ ਸੰਕਟ ਵਿੱਚ ਫਸਾਇਆ ਹੋਇਆ ਹੈ। ਕਣਕ ਦੀ ਬਿਜਾਈ ਮੌਕੇ ਕਿਸਾਨਾਂ ਨੂੰ ਪੈਸੇ ਪੈਸੇ ਲਈ ਆਤੁਰ ਕਰਨ ਦਾ ਅਸਰ ਪਹਿਲਾਂ ਹੀ ਦੀਵਾਲੀਆ ਹੋਣ ਕੰਢੇ ਪਹੁੰਚ ਚੁੱਕੀ ਕਿਸਾਨੀ ਦਾ ਪੱਕੇ ਤੌਰ ਉੱਤੇ ਲੱਕ ਤੋੜਨਾ ਹੈ। ਆਮ ਦੁਕਾਨਦਾਰ, ਖੇਤ ਮਜ਼ਦੂਰ, ਕਿਰਤੀ ਅਤੇ ਮੁਲਾਜ਼ਮ ਸਭ ‘ਮੋਦੀ ਮੰਤਰ’ ਦੀ ਮਾਰ ਝੱਲਦੇ ਹੋਏ ‘ਦੇਸ਼ ਭਗਤੀ’ ਦਾ ਫਰਮਾਨ ਸੁਣ ਅਤੇ ਸਹਿ ਰਹੇ ਹਨ।
ਇਸ ਸਾਰੇ ਰਾਜਸੀ ਰੌਲੇ ਰੱਪੇ ਦੌਰਾਨ ਖਾੜਕੂ ਧਿਰਾਂ ਵਲੋਂ ਬੁਲਾਇਆ ਸਰਬੱਤ ਖਾਲਸਾ ਵੀ ਪੰਥਕ ਸਫ਼ਾਂ ਵਿੱਚ ਚੁੰਝ ਚਰਚਾ ਅਤੇ ਸੱਤਾ ਦੇ ਗਲਿਆਰਿਆਂ ਵਿੱਚ ਵਕਤੀ ਚਿੰਤਾ ਦਾ ਵਿਸ਼ਾ ਰਿਹਾ। ਬੇਸ਼ੱਕ ਪੰਜਾਬ ਸਰਕਾਰ ਪੁਲੀਸ ਸ਼ਕਤੀ ਦੀ ਵਰਤੋਂ ਰਾਹੀਂ ਸਰਬੱਤ ਖਾਲਸਾ ਸਮਾਗਮ ਨੂੰ ਤਕਨੀਕੀ ਤੌਰ ਉੱਤੇ ਨਿਰਧਾਰਤ ਥਾਂ ਉੱਤੇ ਹੋਣ ਦੇਣ ਤੋਂ ਰੋਕਣ ਵਿੱਚ ਸਫ਼ਲ ਰਹੀ। ਪਰ ਸਰਕਾਰੀ ਰੋਕਾਂ ਦੇ ਬਾਵਜੂਦ ਵੱਖ ਵੱਖ ਦਿਸ਼ਾਵਾਂ ਤੋਂ ਸਿੱਖ ਸੰਗਤਾਂ ਦਾ ਤਲਵੰਡੀ ਸਾਬੋ ਵਲ ਕੂਚ ਕਰਨਾ, ਸੱਤਾਧਾਰੀ ਆਗੂਆਂ, ਸਰਕਾਰੀ ਮੋਹਰਾ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਸ ਦੇ ‘ਗੁਲਾਮ’ ਜਥੇਦਾਰਾਂ ਪ੍ਰਤੀ ਸਿੱਖ ਰੋਹ ਦਾ ਸਪਸ਼ਟ ਅਤੇ ਪ੍ਰਤੀਕਾਤਮਕ ਪ੍ਰਗਟਾਵਾ ਸੀ। ਜਿਹੜੇ ਵੀ ਅਤੇ ਜਿੰਨੇ ਵੀ ਸਿੱਖ ਵਿੰਗੇ-ਟੇਡੇ ਰਾਹਾਂ, ਵੱਟਾਂ-ਖੇਤਾਂ ਅਤੇ ‘ਨੇਰ੍ਹੇ-ਸਵੇਰੇ’ ਮੌਕਾ ਮਿਲਦਿਆਂ ‘ਸਰਬੱਤ ਖਾਲਸਾ’ ਵਿੱਚ ਸ਼ਾਮਲ ਹੋਣ ਲਈ ਅੱਗੇ ਵਧੇ, ਉਹ ਸਿੱਖ ਇਤਿਹਾਸ ਦੇ ਕਈ ਅਹਿਮ ਮੌਕਿਆਂ ਦਾ ਚੇਤਾ ਕਰਾਉਣ ਦੇ ਨਾਲ ਨਾਲ ਸਿੱਖ ਸਿਦਕ ਦੀ ਮਿਸਾਲ ਸਨ।
ਇਹ ਸਭ ਕੁਝ ਸਰਦ ਰੁੱਤੇ ਸਰਗਰਮ ਸਿਆਸਤ ਦਾ ਝਲਕਾਰਾ ਮਾਤਰ ਹੈ। ਆਉਣ ਵਾਲਾ ਹਰ ਦਿਨ ਪੰਜਾਬ ਦੇ ਸਿਆਸੀ ਭਵਿੱਖ ਸਬੰਧੀ ਸਰਗਰਮੀਆਂ ਨੂੰ ਸਿਖ਼ਰ ਵਲ ਲਿਜਾਏਗਾ। ਚੋਣਾਂ ਦੇ ਰੂਪ ਵਿੱਚ ਲੋਕਰਾਜੀ ਮਸ਼ਕਾਂ ਦੇ ਰਾਮ ਰੌਲੇ ਵਿੱਚ ਵੋਟਰ ਆਪਣੇ ਭਵਿੱਖ ਸਬੰਧੀ ਆਪਣੇ ਵੋਟ ਦੇ ਹੱਕ ਦੀ ਠੀਕ ਵਰਤੋਂ ਕਰਨ ਦੇ ਭਰਮ ਵਿੱਚ ਰਾਜਸੀ ਡਰਾਮੇਬਾਜ਼ਾਂ ਹੱਥੋਂ ਅਕਸਰ ਲੁਟਿਆਂ ਜਾਂਦਾ ਹੈ। ਇਸ ਵਾਰ ਵੋਟਰ ਵੀ ਉਹੀ ਹੈ ਤੇ ਮਜਸਮੇਬਾਜ਼ ਪਹਿਲਾਂ ਨਾਲੋਂ ਵੀ ਵੱਧ ਤਜਰਬੇਕਾਰ!!
Comments (0)