ਪੰਜਾਬ ਦਾ ਸਿਆਸੀ ਅਖ਼ਾੜਾ

ਪੰਜਾਬ ਦਾ ਸਿਆਸੀ ਅਖ਼ਾੜਾ

ਵੇਖਣ ਹੀ ਵਾਲੀਆਂ ਨੇ ਨੇਤਾਵਾਂ ਤੇ ਵਰਕਰਾਂ ਦੀਆਂ ਰਾਜਸੀ ਕਲਾਬਾਜ਼ੀਆਂ
ਪੰਜਾਬ ਵਿਧਾਨ ਸਭਾ ਦੀਆਂ ਨੇੜ ਭਵਿੱਖ ਵਿੱਚ ਹੋਣ ਵਾਲੀਆਂ ਚੋਣਾਂ ਲਈ ਸਰਗਰਮੀਆਂ ਸਿਖ਼ਰ ਵਲ ਵਧਣ ਦਾ ਦੌਰ ਸ਼ੁਰੂ ਹੋ ਗਿਆ ਹੈ। ਮੁੱਖ ਰਾਜਸੀ ਪਾਰਟੀਆਂ ਵਲੋਂ ਵੱਖ ਵੱਖ ਹਲਕਿਆਂ ਲਈ ਆਪੋ ਅਪਣੇ ਉਮੀਦਵਾਰਾਂ ਦੀਆਂ ਸੂਚੀਆਂ ਜਾਰੀ ਕਰਨ ਦੇ ਨਾਲ ਨਾਲ ਨਵੇਂ ਰਾਜਸੀ ਗਠਜੋੜਾਂ ਨੂੰ ਵੀ ਅੰਤਮ ਰੂਪ ਦਿੱਤਾ ਜਾ ਰਿਹਾ ਹੈ। ਵੈਸੇ ਤਾਂ ਹਰ ਚੋਣ ਗਠਜੋੜ ਦੀਆਂ ਸੰਭਾਵਨਾਵਾਂ, ਚਰਚਿਆਂ ਅਤੇ ਨੇਪਰੇ ਚੜ੍ਹਣ ਸਬੰਧੀ ਚੁੰਝ ਚਰਚਾ ਪਲਾਂ ਵਿੱਚ ਹੀ ਸ਼ੁਰੂ ਹੋ ਜਾਂਦੀ ਪਰ ਚੋਣ ਅਖ਼ਾੜੇ ਦੇ ਮਘਣ ਦੌਰਾਨ ਸਭ ਤੋਂ ਦਿਲਚਸਪ ਮਾਮਲਾ ਦਲ ਬਦਲੀਆਂ ਦਾ ਹੈ। ਕੋਈ ਪਤਾ ਨਹੀਂ ਹੁੰਦਾ ਕਿਹੜਾ ਆਗੂ ਕਿਧਰ ਆ ਰਿਹਾ ਤੇ ਕਿਧਰ ਜਾ ਰਿਹਾ ਹੈ। ਸੁਭਾਵਕ ਹੀ ਉਸ ਦੇ ਨਾਲ ਉਸ ਦੇ ਸਮਰਥਕਾਂ ਅਤੇ ਵਰਕਰਾਂ ਨੇ ਜਾਣਾ-ਆਉਣਾ ਹੀ ਹੁੰਦਾ ਹੈ। ਦਲ ਬਦਲੀਆਂ ਦੇ ਇਸ ਰੂਝਾਨ ਤੋਂ ਕੋਈ ਪਾਰਟੀਆਂ ਨਹੀਂ ਬਚੀ। ਖ਼ਾਸ ਕਰ ਟਿਕਟਾਂ ਦੇ ਐਲਾਨ ਬਾਅਦ ਕਿਸੇ ਵੀ ਪਾਰਟੀ ਵਿਚੋਂ ਦਲ ਬਦਲੀਆਂ ਕਰਨ ਵਾਲਿਆਂ ਦਾ ਸਿਲਸਿਲਾ ਤੱਟ ਫੱਟ ਤੇਜ਼ ਹੁੰਦਾ, ਥੋੜ੍ਹਾ ਰੌਲਾ ਰੱਪਾ ਪੈਂਦਾ ਅਤੇ ਕੁਝ ਸਮੇਂ ਬਾਅਦ ਸਭ ਕੁਝ ਝੱਗ ਵਾਂਗ ਬਹਿ ਜਾਂਦਾ ਹੈ। ਹਾਲੇ ਤੱਕ ਟਿਕਟਾਂ ਦੀ ਵੰਡ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ (ਆਪ) ਅਤੇ ਸੱਤਾਧਾਰੀ ਅਕਾਲੀ ਦਲ (ਬਾਦਲ) ਨੇ ਕਾਫ਼ੀ ਕੰਮ ਨਿਬੇੜ ਲਿਆ ਹੈ। ਇਸੇ ਲਈ ਇਨ੍ਹਾਂ ਦੋਵਾਂ ਪਾਰਟੀਆਂ ਵਿਚੋਂ ਬਗ਼ਾਵਤੀ ਸੁਰਾਂ ਦੇ ਉਠਣ ਅਤੇ ਦਲ ਬਦਲੀਆਂ ਸਾਹਮਣੇ ਆਈਆਂ ਹਨ। ਸੁਭਾਵਕ ਹੀ ਦੋਵਾਂ ਪਾਰਟੀਆਂ ਵਿਚੋਂ ਦਲ ਬਦਲੀਆਂ ਕਰਨ ਵਾਲਿਆਂ ਨੇ ਕਾਂਗਰਸ ਦਾ ਪੱਲਾ ਫੜਣ ਨੂੰ ਪਹਿਲ ਦੇਣੀ ਸੀ। ਅਜਿਹਾ ਹੋਇਆ ਅਤੇ ਹੋ ਰਿਹਾ ਹੈ। ਇਸ ਵਾਰ ਵਿਧਾਨ ਸਭਾ ਚੋਣਾਂ ਵਿਚ ਪਹਿਲਾਂ ਦੀ ਤਰ੍ਹਾਂ ਅਕਾਲੀਆਂ ਅਤੇ ਕਾਂਗਰਸ ਵਿਚਾਲੇ ਸਿੱਧੇ ਮੁਕਾਬਲੇ ਦੀ ਥਾਂ ਆਮ ਆਦਮੀ ਪਾਰਟੀ ਨੂੰ ਲੋਕਾਂ ਦੇ ਭਰਵੇਂ ਹੁੰਗਾਰੇ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਮੁਕਾਬਲਾ ਤਿਕੋਣਾ ਹੋਵੇਗਾ। ਅਜਿਹਾ ਹੋਣ ਦੀ ਸੂਰਤ ਵਿੱਚ ਮੁੱਖ ਵਿਰੋਧੀ ਧਿਰ ਕਾਂਗਰਸ ਦੇ ਸੱਤਾ ਵਿੱਚ ਆਉਣ ਬਾਰੇ ਸਿਆਸੀ ਹਲਕਿਆਂ ਵਿੱਚ ਕਾਫ਼ੀ ਸ਼ੰਕੇ ਹਨ, ਇਸ ਦੇ ਬਾਵਜੂਦ ਦਲ ਬਦਲੂਆਂ ਵਿਚੋਂ ਬਹੁਤੇ ਕਾਂਗਰਸ ਨੂੰ ਹੀ ਪਹਿਲ ਦੇ ਰਹੇ ਹਨ। ਇਸ ਦਾ ਇੱਕ ਕਾਰਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਦੇ ਪੇਂਡੂ ਲੋਕਾਂ ਖ਼ਾਸ ਕਰ ਕਿਸਾਨਾਂ ਵਿੱਚ ਹੋਰ ਕਿਸੇ ਵੀ ਆਗੂ ਦੇ ਮੁਕਾਬਲੇ ਨਿੱਜੀ ਤੌਰ ‘ਤੇ ਹਰਮਨਪਿਆਰਤਾ ਹੈ। ਹਾਂ ਕੈਪਟਨ ਅਤੇ ਕਾਂਗਰਸ ਦੀ ਵੀ ਅਸਲੀ ਪਰਖ ਤਾਂ ਟਿਕਟਾਂ ਦੀ ਵੰਡ ਵਾਲੀ ਥੈਲੀ ਖੁਲ੍ਹਣੀ ਸ਼ੁਰੂ ਹੋਣ ਬਾਅਦ ਹੀ ਹੋਵੇਗੀ। ਇਸ ਬਾਰੇ ਦੋ ਰਾਵਾਂ ਨਹੀਂ ਕਿ ਕਾਂਰਗਸ ਦੇ ਉਮੀਦਵਾਰਾਂ ਦਾ ਐਲਾਨ ਹੋਣ ਬਾਅਦ ਜਿਹੜੀ ਕਾਵਾਂ-ਰੌਲੀ ਪੈਣੀ ਹੈ, ਉਸ ਦਾ ਸ਼ੋਰ ਬੜਾ ਉੱਚਾ ਅਤੇ ਦੂਰ ਦੂਰ ਤੱਕ ਸਣਾਈ ਦੇਵੇਗਾ। ਟਿਕਟਾਂ ਨਾ ਮਿਲਣ ਕਾਰਨ ਬਾਗੀ ਹੋਏ ਆਗੂਆਂ ਦਾ ਚੋਣ ਮੈਦਾਨ ਵਿੱਚ ਨਿਤਰਣਾ ਕਾਂਗਰਸ ਲਈ ਹੋਰਨਾਂ ਪਾਰਟੀਆਂ ਦੇ ਮੁਕਾਬਲੇ ਰਾਜਸੀ ਤੌਰ ਉੱਤੇ ਵੱਧ ਮਹਿੰਗਾ ਪਵੇਗਾ। ਦਿਲਚਸਪ ਗੱਲ ਇਹ ਕਿ ਕਾਂਗਰਸੀ ਆਗੂ ਅਤੇ ਉਨ੍ਹਾਂ ਦੇ ਹਮਾਇਤੀ ਇਸ ਵਾਰ ਸੱਤਾ ਵਿੱਚ ਆਉਣ ਦਾ ਭਰਮ ਕਾਫ਼ੀ ਗੰਭੀਰ ਰੂਪ ਵਿੱਚ ਪਾਲੀ ਬੈਠੇ ਹਨ। ਪੰਜਾਬ ਦੇ ਕਾਂਗਰਸੀਆਂ ਲਈ ਉਪਰੋਂ ਮਾਰ ਇਹ ਕਿ ਟਿਕਟਾਂ ਦਾ ਫੈਸਲਾ ‘ਦਿੱਲੀਓਂ’ ਹਾਈਕਮਾਂਡ ਵਲੋਂ ਹੋਣਾ ਹੈ ਜਿਸ ਦਾ ਸੂਬਾਈ ਆਗੂਆਂ ਪ੍ਰਤੀ ਰਵੱਈਆ ਹਮੇਸ਼ਾਂ ਹੀ ‘ਹਾਕਮਾਂ’ ਵਾਲਾ ਹੋਣ ਕਾਰਨ ਸਥਾਨਕ ਸਥਿਤੀਆਂ, ਸਚਾਈਆਂ ਅਤੇ ਸਮੱਸਿਆਵਾਂ ਵਲ ਅਕਸਰ ਘੱਟ ਹੀ ਧਿਆਨ ਦਿੱਤਾ ਜਾਂਦਾ ਹੈ। ਦੂਜਾ ਦਿੱਲੀ ਵਿੱਚ ਕਾਂਗਰਸ ਪਾਰਟੀ ਹਾਈਕਮਾਂਡ ਦਫ਼ਤਰ ਦੇ ਕੰਮ ਕਰਨ ਦੇ ਢੰਗ ਉੱਤੇ ‘ਸ਼ਾਤਰ, ਮੌਕਾਪ੍ਰਸਤ, ਧੜੇਬਾਜ਼ ਅਤੇ ਦਲਾਲ’ ਬਿਰਤੀਆਂ ਵਾਲੇ ਨੀਤੀਘਾੜਿਆਂ ਦਾ ਜ਼ੋਰ ਹੋਣ ਕਾਰਨ ਪਾਰਟੀ ਦੀਆਂ ਸਾਰੀਆਂ ਹੀ ਸੂਬਾਈ ਇਕਾਈਆਂ ਦੀ ਤਾਰ ਉਪਰੋਂ ਹੀ ਹਿਲਦੀ ਹੈ। ਇਸ ਨਾਲ ਜਿੱਥੇ ਲੀਡਰਸ਼ਿਪ ਤੋਂ ਲੈ ਕੇ ਉਮੀਦਵਾਰਾਂ ਦੀ ਚੋਣ ਸਬੰਧੀ ਅਨਿਸਚਤਤਾ ਬਣਨ ਕਾਰਨ ਮੁਸ਼ਕਲਾਂ ਵਧਦੀਆਂ ਹਨ, ਉੱਥੇ ਬੇਲੋੜੀ ਦੇਰੀ ਅਤੇ ਗ਼ਲਤ ਚੋਣ ਪਹਿਲਾਂ ਹੀ ਗਿਣਵੇਂ ਸਾਹ ਲੈ ਰਹੀ ਪਾਰਟੀ ਨੂੰ ਦਿਨੋਂ ਦਿਨ ਖੁਦਕੁਸ਼ੀ ਵਲ ਲਿਜਾ ਰਹੀ ਹੈ। ਉਂਜ ਪੰਜਾਬ ਵਿਚਲੇ ਰਾਜਸੀ ਵਰਤਾਰੇ ਅਤੇ ਸਰਗਰਮੀਆਂ ਸਬੰਧੀ ‘ਕੌਮਾਂਤਰੀ ਅੰਮ੍ਰਿਤਸਰ ਟਾਈਮਜ਼’ ਦੇ ਇਸ ਅੰਕ ਦੇ ਪਹਿਲੇ ਅਤੇ ਅੰਦਰਲੇ ਸਫ਼ਿਆਂ ਉੱਤੇ ਵਿਸਥਾਰ ਵਿੱਚ ਰਿਪੋਰਟ ਅਤੇ ਖ਼ਬਰਾਂ ਦਿੱਤੀਆਂ ਜਾ ਰਹੀਆਂ ਹਨ।
ਇਸ ਰਾਜਸੀ ਧੁੰਦਲਕੇ ਵਿਚ ਜਥੇਬੰਦਕ ਤੌਰ ਉੱਤੇ ਸਭ ਤੋਂ ਮਜ਼ਬੂਤ ਢਾਂਚਾ ਅਤੇ ਆਰਥਿਕ ਪੱਖੋਂ ਖਜ਼ਾਨੇ ਭਰਪੂਰ ਹੋਣ ਕਾਰਨ ਅਕਾਲੀ ਦਲ (ਬਾਦਲ) ਦੇ ਮੋਹਰੀਆਂ ਨੂੰ ‘ਲਗਾਤਾਰ ਤੀਜੀ ਵਾਰ-ਬਾਦਲ ਸਰਕਾਰ’ ਬਣਨ ਦਾ ਭਰਮ ਲੋੜ ਤੋਂ ਵੱਧ ਹੈ। ਉਧਰ ਆਮ ਆਦਮੀ ਪਾਰਟੀ ਵਾਲੇ ‘ਕੇਜਰੀਵਾਲੀ’ ਕ੍ਰਿਸ਼ਮੇ ਦੇ ਜ਼ੋਰ ਹੇਠਲੀ ਉੱਤੇ ਕਰ ਦੇਣ ਦੇ ਡੰਕੇ ਵਜਾ ਰਹੇ ਹਨ। ਜਦੋਂ ਕਿ ਕਾਂਗਰਸੀਆਂ ਨੂੰ ‘ਕੈਪਟਨ ਵਲੋਂ ਕਿਸ਼ਤੀ ਕਿਨਾਰੇ’ ਲਾ ਦੇਣ ਦੇ ਸੁਪਨੇ ਸੱਚ ਹੋਣ ਦੀਆਂ ਆਾਸਾਂ ਨੂੰ ਬੂਰ ਪੈਣ ਦਾ ਭਰੋਸਾ ਹੈ। ਕੁਝ ਵੀ ਹੋਵੇ ਕਿਸੇ ਵੀ ਰਾਜਸੀ ਪਾਰਟੀ ਲਈ ਸੱਤਾ ਤੱਕ ਦਾ ਸਫ਼ਰ ਇੰਨਾ ਸਪਸ਼ਟ ਅਤੇ ਸੁਖਾਲਾ ਨਜ਼ਰ ਨਹੀਂ ਆਉਂਦਾ।
ਹਾਂ ਇੰਨਾ ਜ਼ਰੂਰ ਹੈ ਕਿ ਜੇ ਲੋਕ ਪਹਿਲਾਂ ਦੀ ਤਰ੍ਹਾਂ ਰਾਜਸੀ ਠੱਗਾਂ ਦੀਆਂ ਕਲਾਬਾਜ਼ੀਆਂ, ਝੂਠੇ ਵਾਅਦਿਆਂ ‘ਚ ਉਲਝ ਕੇ ਲੋਭ-ਲਾਲਚ ਅਤੇ ਨਿੱਜੀ ਗਰਜ਼ਾਂ ਅਧੀਨ ਵੋਟ ਦੇ ਆਪਣੇ ਜਮਹੂਰੀ ਹੱਕ ਦੀ ਭਾਵੁਕਤਾਵੱਸ ਵਰਤੋਂ ਕਰ ਬੈਠੇ ਤਾਂ ਪੰਜਾਬ ਅਤੇ ਲੋਕਾਂ ਲਈ ਪ੍ਰਣਾਲਾ ਉੱਥੇ ਦਾ ਉੱਥੇ ਰਹਿਣ ਵਾਲੀ ਕਹਾਣੀ ਨੂੰ ਵਾਪਰਣੋਂ ਟਾਲਿਆ ਨਹੀਂ ਜਾ ਸਕਣਾ। ਵੈਸੇ ਇਹ ਵੀ ਤਾਂ ਸੱਚ ਹੈ ਕਿ ਲੋਕ ਕਰਨ ਵੀ ਤਾਂ ਕੀ ਕਰਨ। ਜਦੋਂ ਸਾਰੀਆਂ ਹੀ ਰਾਜਸੀ ਪਾਰਟੀਆਂ ਦਾ ਕਿਰਦਾਰ ‘ਇੱਕੋ ਹੀ ਥੈਲੀ ਦੇ ਚੱਟੇ ਵੱਟੇ’ ਵਾਲਾ ਹੋਵੇ। ਬਦਕਿਸਮਤੀ ਹੀ ਕਹੋ ਕਿ ‘ਸੱਪ ਦੇ ਮੂੰਹ ਕੋਹੜ ਕਿਰਲੀ’ ਵਾਲੀ ਸਥਿਤੀ ਵਿੱਚ ਵੋਟਰ ਵਿਚਾਰ ਕਿਧਰ ਜਾਵੇ!