ਸੁੱਤੇ ਦਰਿਆਵਾਂ ਦੇ ਸੁਲਘਦੇ ਪਾਣੀ

ਸੁੱਤੇ ਦਰਿਆਵਾਂ ਦੇ ਸੁਲਘਦੇ ਪਾਣੀ

ਪੰਜ ਦਰਿਆਵਾਂ ਦੀ ਧਰਤੀ ਹੋਣ ਕਾਰਨ ‘ਪੰਜਾਬ’ ਨਾਂਅ ਨਾਲ ਜਾਣੀ ਜਾਂਦੀ ਧਰਤੀ ਦੇ ਜਾਇਆਂ ਲਈ ਆਉਣ ਵਾਲੇ ਸਮੇਂ ਕਿੰਨੇ ਸੰਕਟ ਭਰੇ ਅਤੇ ਭਿਆਨਕ ਹੋ ਸਕਦੇ ਹਨ ਇਸ ਦਾ ਅੰਦਾਜ਼ਾ ਲਾਉਣਾ ਭਾਵੇਂ  ਮੁਸ਼ਕਲ ਹੈ, ਪਰ ਇਸ ਬਾਰੇ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਪੰਜਾਬ ਮੁੜ ਰਾਜਸੀ ਯੁੱਧ ਦਾ ਅਖਾੜਾ ਬਣਨ ਜਾ ਰਿਹੈ। ਭਾਰਤੀ ਸੁਪਰੀਮ ਕੋਰਟ ਵਲੋਂ ਸਤਲੁਜ ਯਮੁਨਾ ਲਿੰਕ ਨਹਿਰ ਦੀ ਉਸਾਰੀ ਤੁਰੰਤ ਕੀਤੇ ਜਾਣ ਸਬੰਧੀ ਦਿੱਤਾ ਹੁਕਮ ਪੰਜਾਬ ਦੇ ਲੋਕਾਂ ਦੇ ਹੱਕਾਂ ਉੱਤੇ ਇੱਕ ਹੋਰ ਡਾਕਾ ਮਾਰਨ ਦੀ ਤਿਆਰੀ ਦਾ ਮੁੱਢ ਹੈ। ਦਰਿਆਈ ਪਾਣੀਆਂ ਦੀ ਬਾਂਦਰ ਵੰਡ ਕਾਰਨ ਪਹਿਲਾਂ ਹੀ ਕੰਗਾਲ ਹੋਏ ਪੰਜਾਬੀ ਕਿਸਾਨਾਂ ਨਾਲ ਦਿੱਲੀ ਦਰਬਾਰ ਦੀ ਇਹ ਚਿਰਸਦੀਵੀ ‘ਦੁਸ਼ਮਣੀ’ ਅਚਾਨਕ ਪੈਦਾ ਹੋਈ ਭਾਵਨਾ ਜਾਂ ਮਹਿਜ਼ ਕਾਨੂੰਨੀ ਕਾਰਵਾਈ ਨਹੀਂ। ਅਣਖੀ, ਹਿੰਮਤੀ, ਬਹਾਦਰ ਅਤੇ ਮਿਹਨਤ ਦੇ ਬਲਬੂਤੇ ਬੁਲੰਦੀਆਂ ਛੂਹਣ ਲਈ ਸਦਾ ਚੜ੍ਹਦੀ ਕਲਾ ਵੱਲ ਵੱਧਣ ਵਾਲੇ ਪੰਜਾਬੀਆਂ ਦਾ ਆਰਥਿਕ ਪੱਖੋਂ ਲੱਕ ਤੋੜ ਕੇ ਰੱਖਣ ਦੀ ਬ੍ਰਾਹਮਣੀ ‘ਚਾਣਕੀਆ’ ਰਣਨੀਤੀ ਇਸ ਸਿਆਸੀ ਸਾਜ਼ਿਸ਼ ਦਾ ਮੂਲ ਹੈ। ਇਸ ਸਭ ਕੁਝ ਦੇ ਪਿਛੋਕੜ ਵਲ ਜਾਈਏ ਤਾਂ ਸਾਫ਼ ਨਜ਼ਰ ਆ ਜਾਂਦਾ ਹੈ ਕਿ ਦਿੱਲੀ ਵਿਚਲੇ ਹਾਕਮ ਅਪਣੇ ਹਿੱਤਾਂ ਲਈ ਪੰਜਾਬ ਨੂੰ ‘ਬਲੀ ਦਾ ਬਕਰਾ ਬਣਾਉਣ’ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੇ। ਸੰਨ 47 ਵਿੱਚ ਭਾਰਤ ਦੇ ਬਟਵਾਰੇ ਵੇਲੇ ਪੰਜ ਦਰਿਆਵਾਂ ਵਿਚਾਲੇ ਕੌਮਾਂਤਰੀ ਸਰਹੱਦ ਬਣ ਜਾਣ ਬਾਅਦ ਭਾਰਤ ਵਾਲੇ ਪੂਰਬੀ ਪੰਜਾਬ ਦੇ ਹਿੱਸੇ ਆਏ ਦਰਿਆਵਾਂ ਦੇ ਪਾਣੀਆਂ ਦੇ ਕਾਫ਼ੀ ਹਿੱਸੇ ਨੂੰ ਦਿੱਲੀ ਸਰਕਾਰ ਵਲੋਂ ਪਹਿਲਾਂ ਇਸ ਦੇ ਗੁਆਂਢੀ ਰਾਜ ਰਜਸਥਾਨ ਦੀ ਝੋਲੀ ਪਾ ਦੇਣਾ, ਇਸ ਦੇ ਮਿਹਨਤੀ ਕਿਸਾਨਾਂ ਨਾਲ ਵੱਡਾ ਵਿਤਕਰਾ ਅਤੇ ਵਧੀਕੀ ਸੀ। ਫਿਰ 70ਵਿਆਂ ਵਿੱਚ ਪੰਜਾਬੀ ਸੂਬੇ ਵਜੋਂ ਵੱਖਰੇ ਰਾਜ ਦੀ ਸਥਾਪਨਾ ਵੇਲੇ ਪੰਜਾਬ ਦੇ ਨਹਿਰੀ ਪਾਣੀਆਂ ਵਿਚੋਂ ਧੱਕੇ ਨਾਲ ਵੱਧ ਪਾਣੀ ਹਰਿਆਣਾ ਨੂੰ ਦੇਣਾ ਇੱਕ ਹੋਰ ਅਸਹਿ ਸੱਟ ਤੇ ਸ਼ਰੇਆਮ ਵਿਤਕਰਾ ਸੀ। ਭਾਰਤ ਦੀ ਸਰਕਾਰ ਨੇ ਪੰਜਾਬ ਦੀ ਮਾਲਕੀ ਵਾਲੇ ਪਾਣੀਆਂ ਨੂੰ ਗੈਰ-ਰਾਏਪੇਰੀਅਨ ਰਾਜਾਂ ਨੂੰ ਦੇਣ ਵਾਸਤੇ ਗੈਰ-ਕਾਨੂੰਨੀ ਅਤੇ ਗੈਰ ਸੰਵਿਧਾਨਕ ਸਮਝੌਤਿਆਂ ਨੂੰ ਲਾਗੂ ਕੀਤਾ। ਇਨ੍ਹਾਂ ਗ਼ੈਰ-ਸੰਵਿਧਾਨਕ ਸਮਝੌਤਿਆਂ ਵਿੱਚ 1955 ਅਤੇ 1976 ਦੇ ਕੇਂਦਰ ਸਰਾਕਰ ਦੇ ਨੋਟੀਫਿਕੇਸ਼ਨ, 1981 ਦਾ ਇੰਦਰਾ ਅਵਾਰਡ ਅਤੇ 1986 ਦਾ ਇਰਾਡੀ ਟ੍ਰਿਬਿਊਨਲ ਸ਼ਾਮਲ ਹਨ। ਸਤਲੁਜ ਯਮੁਨਾ ਲਿੰਕ ਦੀ ਜਿਸ ਉਸਾਰੀ ਦਾ ਸੁਪਰੀਮ ਕੋਰਟ ਨੇ ਹੁਕਮ ਚਾੜ੍ਹਿਆ ਹੈ, ਉਹ ਅਜਿਹੇ ਹੀ ਅਵਾਰਡਾਂ ਤੇ ਟ੍ਰਿਬਿਊਨਲੀ ਫੈਸਲਿਆਂ ਦੇ ਕੋਹਝੇ ਰੂਪ ਨੂੰ ਅਮਲੀ ਜਾਮਾ ਪਹਿਨਾਉਣ ਦਾ ਕਰਮ ਹੈ। ਵੈਸੇ ਕੇਂਦਰ ਸਰਕਾਰ ਲਈ ਇਸ ਅਦਾਲਤੀ ਹੁਕਮ ਨੂੰ ਲਾਗੂ ਕਰਨਾ ਇੰਨਾ ਸੁਖਾਲਾ ਨਹੀਂ। ਦੂਜੇ ਪਾਸੇ ਪੰਜਾਬ ਦੇ ਲੋਕ ਕਿਸੇ ਵੀ ਸੂਰਤ ਵਿੱਚ ਉਨ੍ਹਾਂ ਬਾਰੇ ਇਸ ਇਕਪਾਸੜ ਅਤੇ ਵਧੀਕੀ ਵਾਲੇ ਫੈਸਲੇ ਉੱਤੇ ਅਮਲ ਕਰਨ ਦੇਣਾ ਤਾਂ ਦੂਰ ਦੀ ਗੱਲ, ਇਸ ਬਾਂਦਰ ਵੰਡ ਨੂੰ ਕਦੇ ਵੀ ਕਬੂਲ ਨਹੀਂ ਕਰਣਗੇ।
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦਾ ਵਕਤ ਐਨ ਸਿਰ ਉੱਤੇ ਆ ਜਾਣ ਕਾਰਨ ਪੰਜਾਬ ਦੀਆਂ ਰਾਜਸੀ ਪਾਰਟੀਆਂ ਵਲੋਂ ਸਿਰ ਜੋੜ ਕੇ ਬੈਠਣ, ਵਿਚਾਰ ਵਟਾਂਦਰਾ ਕਰਨ ਅਤੇ ਸਾਂਝੇ ਤੌਰ ਉੱਤੇ ਸੰਘਰਸ਼ ਕਰਨ ਦਾ ਤਾਂ ਸੁਆਲ ਹੀ ਪੈਦਾ ਨਹੀਂ ਹੁੰਦਾ। ਵੈਸੇ ਵੀ ਦੋ ਮੁੱਖ ਰਾਜਸੀ ਧਿਰਾਂ ਅਕਾਲੀਆਂ ਅਤੇ ਕਾਂਗਰਸ ਵਿਚਕਾਰ ਵਰ੍ਹਿਆਂ ਤੋਂ ਚਲਿਆ ਆ ਰਹੇ ‘ਇੱਟ-ਕੁੱਤੇ ਦਾ ਵੈਰ’ ਵਾਲੇ ਰਿਸ਼ਤੇ ਨੂੰ ਵੇਖਦਿਆਂ ਅਜਿਹੇ ਕਿਸੇ ਸਹਿਯੋਗ ਦੀ ਕਲਪਨਾ ਕਰਨਾ ਹੀ ਮੂਰਖਤਾ ਹੋਵੇਗੀ। ਚੋਣਾਂ ਕਾਰਨ ਤਾਂ ਅਗੋਂ ਇੱਕ ਦੂਜੇ ਉੱਤੇ ਦੂਸ਼ਣਬਾਜ਼ੀ ਅਤੇ ਚਿੱਕੜ ਉਛਾਲਣ ਦੀ ਖੇਡ ਬੇਸ਼ਰਮੀ ਦੀਆਂ ਹੱਦਾਂ ਟੱਪ ਜਾਵੇਗੀ।
ਇਸ ਦੇ ਮੁਕਾਬਲੇ ਹਰਿਆਣਾ ਦੀਆਂ ਰਾਜਸੀ ਪਾਰਟੀਆਂ ਸਤਲੁਜ ਯਮੁਨਾ ਲਿੰਕ ਨਹਿਰ ਬਿਨਾਂ ਕਿਸੇ ਦੇਰੀ ਦੇ ਬਣਵਾਉਣ ਲਈ ਸਾਂਝੀ ਸੁਰ ਨੂੰ ਹੋਰ ਉਚਾ ਕਰਨ ਵਿੱਚ ਲੱਗੀਆਂ ਹੋਈਆਂ ਹਨ। ਦੂਜੇ ਪਾਸੇ ਕੱਟੜ ਸਮਾਜਕ ਕਦਰਾਂ ਕੀਮਤਾਂ ਦੀਆਂ ਅਲੰਬਰਦਾਰ ਖਾਪ ਪੰਚਾਇਤਾਂ ਵਲੋਂ ਨਹਿਰ ਲਈ ਅਲਟੀਮੇਟਮ ਅਤੇ ਪੰਜਾਬ ਨੂੰ ਚਿਤਾਵਨੀ ਦੇ ਬਿਆਨ ਦੋਵਾਂ ਰਾਜਾਂ ਦੇ ਲੋਕਾਂ ਵਿੱਚ ਦੁਸ਼ਮਣੀ ਪੈਦਾ ਕਰਨ ਦਾ ਘਿਣਾਉਣਾ ਅਤੇ ਅਤਿ ਨਿੰਦਣਯੋਗ ਰੁਝਾਣ ਹੈ ਜਿਸ ਤੋਂ ਪੰਜਾਬ ਦੇ ਰਾਜਸੀ ਆਗੂਆਂ ਤੇ ਲੋਕਾਂ ਨੂੰ ਬੇਹੱਦ ਚੌਕਸ ਤੇ ਸੁਚੇਤ ਰਹਿਣਾ ਹੋਵੇਗਾ।
ਕੁਝ ਵੀ ਹੋਵੇ ਪੰਜਾਬ ਹੁਣ ਮੁੜ ਸਿਆਸੀ ਜੰਗ ਦਾ ਅਖ਼ਾੜਾ ਬਣੇਗਾ। ਇਹ ਵੀ ਸਪਸ਼ਟ ਹੈ ਕਿ ਗੱਲ ਇੱਥੇ ਨਹੀਂ ਰੁਕਣੀ।
ਪੰਜਾਬ ਦੇ ਸਿਆਸੀ ਲੀਡਰਾਂ ਨੇ ਅਪਣੇ ਉਹੀ ਪੁਰਾਣੇ ਰੰਗ-ਢੰਗ ਵਿਖਾਉਂਦਿਆਂ/ਅਪਣਾਉਂਦਿਆਂ ਰਾਜਸੀ ਖੱਟੀ ਖੱਟਣ ਦੀ ਨੀਤ ਨਾਲ ਇੱਕ ਦੂਜੇ ਦੇ ਪੋਤੜੇ ਫਰੋਲਣੇ ਸ਼ੁਰੂ ਕਰ ਦਿੱਤੇ ਹਨ। ਕਾਂਗਰਸੀ ਬੇਸ਼ਰਮਾਂ ਵਾਂਗ ਸਾਰਾ ਦੋਸ਼ ਪ੍ਰਕਾਸ਼ ਸਿੰਘ ਬਾਦਲ ਉੱਤੇ ਲਾ ਰਹੇ ਹਨ ਅਤੇ ਸੱਤਾਧਾਰੀ ਬਾਦਲਾਂ ਵਲੋਂ ਸਭ ਕੁਝ ਲਈ ਕਾਂਗਰਸ ਦੇ ਦੋਸ਼ੀ ਹੋਣ ਦਾ ਵਰ੍ਹਿਆਂ ਤੋਂ ਪਿਟਿਆ ਜਾ ਰਿਹਾ ਢੰਡੋਰਾ ਹੁਣ ਹੋਰ ਉਚੀ ਸੁਰ ਵਿੱਚ ਕਰ ਦਿਤਾ ਗਿਆ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਾਂਗਰਸ ਖ਼ਾਸ ਕਰ ਇੰਦਰਾ ਗਾਂਧੀ ਨੇ ਪੰਜਾਬ ਨਾਲ ਵੈਰ ਕਮਾਉਣ ਦਾ ਕੋਈ ਮੌਕਾ ਹੱਥੋਂ ਨਹੀਂ ਸੀ ਜਾਣ ਦਿੱਤਾ ਅਤੇ ਉਸ ਦਾ ਇਹੋ ਰਵੱਈਆ ਉਸ ਦੀ ਜਾਣ ਦਾ ਖੌ ਬਣਿਆ। ਪਰ ਬਾਦਲ ਪਰਿਵਾਰ ਵਿਸ਼ੇਸ਼ ਕਰਕੇ ‘ਫਖ਼ਰ-ਏ-ਕੌਮ’ ਦਾ ਤਾਜ ਆਪੂੰ ਸਿਰ ਉੱਤੇ ਸਜਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਨੇ ਗੱਦੀ ਪ੍ਰਾਪਤੀ ਅਤੇ ਗੱਦੀ ਸੰਭਾਲੀ ਰੱਖਣ ਲਈ ਪੰਜਾਬ ਅਅਤੇ ਸਿੱਖਾਂ ਨਾਲ ਜਿਹੜਾ ਧ੍ਰੋਹ ਕਮਾਇਆ ਹੈ, ਉਸ ਦਾ ਲੇਖਾ ਜੋਖਾ ਵੀ ਆਉਣ ਵਾਲਾ ਵਕਤ ਜ਼ਰੂਰ ਕਰੇਗਾ।
ਸੋਚਣ, ਸਮਝਣ ਵਾਲੀ ਫ਼ਿਕਰ ਵਾਲੀ ਗੱਲ ਇਹ ਹੈ ਕਿ ਪੰਜਾਬੀ ਜਿਹੜੇ ਆਪਣੇ ਸੁਭਾਅ ਕਾਰਨ ਅਕਸਰ ਬੇਪ੍ਰਵਾਹੀ ਦੇ ਆਲਮ ਵਿੱਚ ਲੰਮੀਆਂ ਤਾਣ ਕੇ ਸੌਣ ਵਾਲੀ ਅਵਸਥਾ ਵਿੱਚ ਚਲੇ ਜਾਂਦੇ ਹਨ, ਸੁੱਤੇ ਦਰਿਆਵਾਂ ਦੇ ਸੁਲਘਦੇ ਪਾਣੀਆਂ ਦੇ ਖੌਲ੍ਹਣ ਨਾਲ ਜਦੋਂ ਜਾਗਣਗੇ ਤਾਂ ਪਾਣੀਆਂ ਦਾ ਸੇਕ ਦਿੱਲੀ ਤੱਕ ਪਹੁੰਚੇਗਾ। ਨਿਸਚੇ ਹੀ ਜਾਗ ਬਾਅਦ ਉਨ੍ਹਾਂ ਦੀ ਰਾਜਸੀ ਅੰਗੜਾਈ ਨੇ ਜਾਇਜ਼ ਰੋਹ ਵਿੱਚ ਬਦਲਣਾ ਹੈ। ਦੁਆ ਕਰੀਏ ਕਿ ਪੰਜਾਬ ਦੇ ਜਾਏ ਆਪਣੇ ਇਸ ਰੋਹ, ਰੋਸ ਅਤੇ ਜੰਗਜੂ ਰੌਂਅ ਦੌਰਾਨ ਜੋਸ਼ ਵਿੱਚ ਹੁੰਦੇ ਹੋਏ ਹੋਸ਼ ਵਿੱਚ ਰਹਿਣ। ਰਾਜਸੀ ਦੁਸ਼ਮਣ ਹਮੇਸ਼ਾ ਹੀ ਅਣਖੀਲੇ ਤੇ ਬਹਾਦਰ ਪੰਜਾਬੀਆਂ ਨੂੰ ਜਿੱਤ ਵਲ ਵਧਣੋਂ ਰੋਕਣ ਲਈ ਆਪਣੇ ਸਾਜ਼ਿਸੀ ਜਾਲ ਵਿੱਚ ਉਲਝਾਉਣ ਦੀ ਖੇਡ ਖੇਡਦਾ ਅਤੇ ਕਾਮਯਾਬ ਵੀ ਹੋ ਜਾਂਦਾ। ਇਸ ਵਾਰ ਲੜਾਈ ਬੜੀ ਲੰਮੀ ਅਤੇ ਪਹਿਲਾਂ ਨਾਲੋਂ ਵੱਧ ਔਝੜਾਂ ਭਰੀ ਹੋਵੇਗੀ। ਦੇਸ਼ ਵਿਦੇਸ਼ ਵਿਚਲੇ ਪੰਜਾਬੀ ਸਿੱਖ ਭਾਈਚਾਰੇ ਲਈ ਇਹ ਪਰਖ ਦੀ ਘੜੀ ਤਾਂ ਹੈ ਹੀ, ਇਸ ਤੋਂ ਵੀ ਵੱਧ ਆਪਸੀ ਗੁੱਸੇ ਗਿਲੇ, ਨਿੱਜੀ ਝਗੜੇ, ਰਾਜਸੀ ਮੱਤਭੇਦਾਂ ਨੂੰ ਲਾਂਭੇ ਕਰਕੇ ਆਪਣੀ ਧਰਤੀ, ਆਪਣਾ ਧਰਮ ਅਤੇ ਆਪਣੀ ਹੋਂਦ ਬਚਾਉਣ ਲਈ ਇੱਕਮੁਠ ਹੋ ਕੇ ਸਹਿਜਤਾ ਤੇ ਸੂਝ ਬੂਝ ਨਾਲ ਮੈਦਾਨ ਵਿੱਚ ਨਿਤਰਣ ਦਾ ਵੇਲਾ ਹੈ।