ਨਵਾਂ ਪ੍ਰਧਾਨ ਨਵੀਂ ਕਿਰਨ

ਨਵਾਂ ਪ੍ਰਧਾਨ ਨਵੀਂ ਕਿਰਨ

ਮਹਿਮਾਨ ਸੰਪਾਦਕੀ
ਕਰਮਜੀਤ ਸਿੰਘ ਸੰਪਰਕ: (9915091063)

ਪ੍ਰੋ. ਕਿਰਪਾਲ ਸਿੰਘ ਬਡੂੰਗਰ ਵਲੋਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਸੰਭਾਲਣ ਨਾਲ ਧਾਰਮਿਕ ਹਲਕਿਆਂ ਵਿਚ ਸਿੱਖ ਸੰਸਥਾਵਾਂ ਦੇ ਮੂਲ ਖ਼ਾਸੇ ਅਤੇ ਉਨ੍ਹਾਂ ਸੰਸਥਾਵਾਂ ਦੀ ਪ੍ਰਭੂ ਸੱਤਾ ਅਤੇ ਖ਼ੁਦਮੁਖ਼ਤਾਰੀ ਨੂੰ ਬਹਾਲ ਕਰਨ ਲਈ ਉਮੀਦ ਦੀ ਕਿਰਨ ਜ਼ਰੂਰ ਜਾਗੀ ਹੈ। ਇਸ ਉਮੀਦ ਦੀ ਝਲਕ ਅਹੁਦਾ ਸੰਭਾਲਣ ਪਿੱਛੋਂ ਉਨ੍ਹਾਂ ਵਲੋਂ ਦਿੱਤੇ ਬਿਆਨਾਂ ਤੋਂ ਵੀ ਮਿਲਦੀ ਹੈ, ਜਿਸ ਤੋਂ ਪਤਾ ਲੱਗਦਾ ਹੈ ਉਹ ਇਕ ਪਾਸੇ ਸ਼੍ਰੋਮਣੀ ਕਮੇਟੀ ਨਾਲ ਸਬੰਧਤ ਸਕੂਲਾਂ-ਕਾਲਜਾਂ ਦੇ ਪ੍ਰਬੰਧ ਵਿਚ ਵੱਡੇ ਸੁਧਾਰ ਲਿਆਉਣਾ ਚਾਹੁੰਦੇ ਹਨ ਅਤੇ ਦੂਜੇ ਪਾਸੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਤਰਜ਼-ਏ-ਜ਼ਿੰਦਗੀ ਵਿਚ ਪਿਛਲੇ ਲੰਬੇ ਅਰਸੇ ਤੋਂ ਖ਼ਤਮ ਹੋ ਰਹੀਆਂ ਧਾਰਮਿਕ ਕਦਰਾਂ ਕੀਮਤਾਂ ਨੂੰ ਮੁੜ ਬਹਾਲ ਕਰਨ ਦੇ ਸੰਜੀਦਾ ਯਤਨ ਕਰਨਗੇ।
ਨਵੇਂ ਬਣੇ ਪ੍ਰਧਾਨ ਇਹ ਮਹਿਸੂਸ ਕਰਦੇ ਹਨ ਕਿ ਗੁਰੂਆਂ ਦੇ ਨਾਂ ‘ਤੇ ਕਾਇਮ ਹੋਏ ਖ਼ਾਲਸਾ ਸਕੂਲਾਂ ਅਤੇ ਕਾਲਜਾਂ ਵਿਚ ਵਿਦਿਆਰਥੀਆਂ ਦੇ ਸਿਰਾਂ ਤੋਂ ਵੱਡੀ ਪੱਧਰ ‘ਤੇ ਦਸਤਾਰਾਂ ਲੱਥ ਗਈਆਂ ਹਨ ਅਤੇ ਹਾਲਤ ਏਥੋਂ ਤਕ ਪਹੁੰਚ ਗਈ ਹੈ ਕਿ ਇਨ੍ਹਾਂ ਸਕੂਲਾਂ ਕਾਲਜਾਂ ਵਿਚ ਕੰਮ ਕਰ ਰਹੇ ਅਧਿਆਪਕ ਸਾਹਿਬਾਨ ਨਾ ਕੇਵਲ ਸਿੱਖੀ ਜੀਵਨ ਜਾਚ ਦੀ ਸ਼ਰੇਆਮ ਉਲੰਘਣਾ ਕਰਦੇ ਹਨ ਸਗੋਂ ਅੱਜ ਕੱਲ੍ਹ ਉਹ ਵਿਦਿਆਰਥੀਆਂ ਦੇ ਰੋਲ-ਮਾਡਲ ਵੀ ਨਹੀਂ ਰਹੇ। ਇਸ ਉਲਝੀ ਤਾਣੀ ਨੂੰ ਸੁਲਝਾਉਣਾ ਭਾਵੇਂ ਇੰਨਾ ਆਸਾਨ ਕੰਮ ਨਹੀਂ ਹੈ, ਪਰ ਫੇਰ ਵੀ ਖ਼ਾਲਸਾ ਪੰਥ ਦੀਆਂ ਇਨ੍ਹਾਂ ਸੰਸਥਾਵਾਂ ਵਿਚ ਸਿੱਖੀ ਦਾ ਮਾਹੌਲ ਤਾਂ ਮੁੜ ਸਿਰਜਿਆ ਹੀ ਜਾ ਸਕਦਾ ਹੈ।
ਸਰਦਾਰ ਕਿਰਪਾਲ ਸਿੰਘ ਬਡੂੰਗਰ ਦੀ ਸ਼ਖ਼ਸੀਅਤ ਵਿਚ ਦੋ ਵੱਡੇ ਗੁਣ ਹਨ ਜੋ ਮੌਜੂਦਾ ਹਾਲਤਾਂ ਵਿਚ ਉਨ੍ਹਾਂ ਨੂੰ ਕਾਮਯਾਬੀ ਵੱਲ ਲਿਜਾ ਸਕਦੇ ਹਨ। ਇਕ, ਉਹ ਪੂਰਬੀ ਤੇ ਪੱਛਮੀ ਦੁਨੀਆ ਵਿਚ ਧਾਰਮਿਕ ਤੇ ਰਾਜਨੀਤਿਕ ਖੇਤਰ ਅੰਦਰ ਵਾਪਰ ਰਹੀਆਂ ਘਟਨਾਵਾਂ ਤੇ ਵਰਤਾਰਿਆਂ ਨੂੰ ਗੰਭੀਰਤਾ ਨਾਲ ਵੇਖਣ ਅਤੇ ਸਿੱਖ-ਜੀਵਨ ਵਿਚ ਉਨ੍ਹਾਂ ਘਟਨਾਵਾਂ ਦੇ ਪੈ ਰਹੇ ਅਤੇ ਪੈਣ ਵਾਲੇ ਪ੍ਰਭਾਵਾਂ ਦਾ ਡੂੰਘਾ ਵਿਸ਼ਲੇਸ਼ਣ ਅਕਸਰ ਹੀ ਕਰਦੇ ਰਹਿੰਦੇ ਹਨ। ਸਾਹਿਤ ਤੇ ਰਾਜਨੀਤੀ ਦੇ ਖੇਤਰ ਵਿਚ ਪੰਜਾਬ ਅੰਦਰ ਕੀ ਕੁਝ ਵਾਪਰ ਰਿਹਾ ਹੈ ਅਤੇ ਇਨ੍ਹਾਂ ਰੁਝਾਨਾਂ ਨੂੰ ਸਿੱਖੀ ਦੇ ਨਜ਼ਰੀਏ ਤੋਂ ਕਿਹੜੀਆਂ ਕਿਹੜੀਆਂ ਨਵੀਆਂ ਦਿਸ਼ਾਵਾਂ ਦਿੱਤੀਆਂ ਜਾ ਸਕਦੀਆਂ ਹਨ ਉਹ ਇਨ•ਾਂ ਬਾਰੇ ਸੁਚੇਤ ਅਤੇ ਸਰਗਰਮ ਵੀ ਹਨ ਅਤੇ ਯੋਗ ਹੱਲ ਵੀ ਤਲਾਸ਼ਦੇ ਰਹਿੰਦੇ ਹਨ। ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ ਕਿ ਉਹ ਅੰਗਰੇਜ਼ੀ ਸਾਹਿਤ ਦੇ ਪੋਸਟ ਗ੍ਰੈਜੂਏਟ ਤਾਂ ਹਨ ਹੀ ਪਰ ਨਾਲ ਹੀ ਉਨ੍ਹਾਂ ਨੇ ਪੱਛਮ ਦੀ ਦੁਨੀਆ ਦੇ ਗੰਭੀਰ ਸਾਹਿਤ ਦਾ ਡੂੰਘਾ ਅਧਿਐਨ ਵੀ ਕੀਤਾ ਹੋਇਆ ਹੈ। ਏਥੇ ਇਹ ਜਾਣਕਾਰੀ ਦੱਸਣ ਦੀ ਵੀ ਲੋੜ ਹੈ ਕਿ ਸਾਡੇ ਸਮਿਆਂ ਦੇ ਮਹਾਨ ਵਿਦਵਾਨ ਅਤੇ ਸ਼ਾਇਰ ਹਰਿੰਦਰ ਸਿੰਘ ਮਹਿਬੂਬ ਨੂੰ ਉਨ੍ਹਾਂ ਦਿਲ ਦੀਆਂ ਗਹਿਰਾਈਆਂ ਤਕ ਜਾਣਿਆ, ਪੜ੍ਹਿਆ ਤੇ ਸਮਝਿਆ ਹੈ। ਦੂਜਾ ਗੁਣ ਇਹ ਹੈ ਕਿ ਉਹ ਸਾਦਗੀ ਵਾਲਾ ਜੀਵਨ ਬਤੀਤ ਕਰਦੇ ਹਨ ਜਦਕਿ ਹੁਣ ਇਹ ਸਾਦਗੀ ਨਾ ਤਾਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੇ ਕਲਚਰ ਵਿਚ ਸ਼ਾਮਲ ਹੈ ਤੇ ਨਾ ਹੀ ਉਨ੍ਹਾਂ ਦੇ ਧਾਰਮਿਕ ਜੀਵਨ ਵਿਹਾਰ ਦਾ ਹਿੱਸਾ ਰਹਿ ਗਈ ਹੈ।
ਉਹ ਸਭ ਤੋਂ ਵੱਡਾ ਮਸਲਾ ਕਿਹੜਾ ਹੋ ਸਕਦਾ ਹੈ ਜਿਸ ਦੇ ਹੱਲ ਲਈ ਸ. ਕਿਰਪਾਲ ਸਿੰਘ ਬਡੂੰਗਰ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ? ਇਹ ਮਾਮਲਾ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗੁਰਬਚਨ ਸਿੰਘ ਦਾ ਹੈ, ਜਿਸ ਨੇ ਜਥੇਦਾਰ ਦੇ ਇਤਿਹਾਸਿਕ ਰੁਤਬੇ ਅਤੇ ਸ਼ਾਨ ਨੂੰ ਇਸ ਹੱਦ ਤਕ ਨੀਵਾਂ ਕਰ ਦਿੱਤਾ ਕਿ ਸਿੱਖ ਇਤਿਹਾਸ ਵਿਚ ਇਹੋ ਜਿਹੀ ਬਦਨਾਮ ਮਿਸਾਲ ਘੱਟ ਹੀ ਮਿਲੇਗੀ। ਚੱਬਾ ਵਿਚ ਹੋਏ ਸਰਬੱਤ ਖ਼ਾਲਸਾ ਦੇ ਵਿਸ਼ਾਲ ਇਕੱਠ ਨੇ ਪਿਛਲੇ ਸਾਲ 10 ਨਵੰਬਰ ਵਾਲੇ ਦਿਨ ਬੇਮਿਸਾਲ ਹੁੰਗਾਰੇ ਦੇ ਮਾਹੌਲ ਵਿਚ ਭਾਈ ਜਗਤਾਰ ਸਿੰਘ ਹਵਾਰਾ ਨੂੰ ਇਸ ਮਹਾਨ ਤਖ਼ਤ ਦਾ ਜਥੇਦਾਰ ਪਹਿਲਾਂ ਹੀ ਸਥਾਪਤ ਕਰ ਦਿੱਤਾ ਹੋਇਆ ਹੈ। ਸਾਡੇ ਸਾਹਮਣੇ ਮਿਸਾਲ ਇਹ ਹੈ ਕਿ ਭਾਈ ਰਣਜੀਤ ਸਿੰਘ ਨੂੰ ਜੇਲ੍ਹ ਦੇ ਸਮੇਂ ਦੌਰਾਨ ਹੀ ਸ੍ਰੀ ਅਕਾਲ ਤਖ਼ਤ ਦਾ ਜਥੇਦਾਰ ਬਣਾਇਆ ਗਿਆ ਸੀ ਅਤੇ ਭਾਈ ਮਨਜੀਤ ਸਿੰਘ ਨੂੰ ਉਨ੍ਹਾਂ ਦੀ ਰਿਹਾਈ ਤਕ ਐਕਟਿੰਗ ਜਥੇਦਾਰ ਥਾਪਿਆ ਗਿਆ ਸੀ। ਸਮੁੱਚੇ ਪੰਥ ਨੇ ਇਸ ਫ਼ੈਸਲੇ ਨੂੰ ਮਾਨਤਾ ਦਿੱਤੀ ਸੀ। ਇਸੇ ਮਿਸਾਲ ਨੂੰ ਸਾਹਮਣੇ ਰੱਖ ਕੇ ਭਾਈ ਜਗਤਾਰ ਸਿੰਘ ਹਵਾਰੇ ਨੂੰ ਜਥੇਦਾਰ ਸਵੀਕਾਰ ਕਰਨ ਨਾਲ ਸਿੱਖ ਪੰਥ ਵਿਚ ਏਕਤਾ ਦੀ ਨਵੀਂ ਤੇ ਯਾਦਗਾਰੀ ਮਿਸਾਲ ਕਾਇਮ ਕੀਤੀ ਜਾ ਸਕਦੀ ਹੈ। ਇਸ ਮਨੋਰਥ ਲਈ ਸ. ਕਿਰਪਾਲ ਸਿੰਘ ਬਡੂੰਗਰ ਨੂੰ ਸਾਰੀਆਂ ਸਬੰਧਤ ਧਿਰਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮੌਜੂਦਾ ਹਾਲਤਾਂ ਵਿਚ ਜਿਵੇਂ ਪੰਥਕ ਸਫ਼ਾਂ ਅਤੇ ਪੰਥਕ ਲੀਡਰਸ਼ਿਪ ਵਿਚ ਕੁੜੱਤਣ, ਬੇਵਿਸ਼ਵਾਸੀ ਅਤੇ ਹੰਕਾਰ ਦਾ ਮਾਹੌਲ ਚਾਰੇ ਪਾਸੇ ਸਿਖਰ ਨੂੰ ਪਹੁੰਚ ਚੁੱਕਾ ਹੈ, ਉਸ ਹਾਲਤ ਵਿਚ ਬਡੂੰਗਰ ਸਾਹਿਬ ਆਪਣੀ ਕੂਟਨੀਤਕ ਸਿਆਣਪ, ਅਨੁਭਵ ਅਤੇ ਤਜਰਬੇ ਦੀ ਵਰਤੋਂ ਕਰਕੇ ਇਸ ਬਿਖਮ ਕਾਰਜ ਨੂੰ ਸਫਲਤਾ ਤਹਿਤ ਸਿਰੇ ਚਾੜ੍ਹ ਸਕਦੇ ਹਨ। ਹੁਣ ਭਾਈ ਜਗਤਾਰ ਸਿੰਘ ਹਵਾਰਾ ਕਿਉਂਕਿ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਨਜ਼ਰਬੰਦ ਹਨ, ਇਸ ਲਈ ਐਕਟਿੰਗ ਜਥੇਦਾਰ ਦੀ ਨਿਯੁਕਤੀ ਸਹਿਜੇ ਹੀ ਹੋ ਸਕਦੀ ਹੈ।
ਇਹ ਗੱਲ ਚਿੱਟੇ ਦਿਨ ਵਾਂਗ ਸਪਸ਼ਟ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕੀ ਢਾਂਚੇ ਦੀਆਂ ਕੁਝ ਪਰਤਾਂ ਵਿਚ ਇਹੋ ਜਿਹੇ ਵਿਅਕਤੀ ਘੁਸਪੈਠ ਕਰ ਗਏ ਹਨ ਜਿਨ੍ਹਾਂ ਦੇ ਆਰ.ਐਸ.ਐਸ ਨਾਲ ਸਿੱਧੇ ਤੇ ਅਸਿੱਧੇ ਸਬੰਧ ਹਨ। ਹੁਣ ਇਹ ਪਤਾ ਕਰਨ ਦਾ ਸਮਾਂ ਆ ਗਿਆ ਹੈ ਕਿ ਸਿਰਸਾ ਦੇ ਡੇਰਾ ਮੁਖੀ ਨੂੰ ਮੁਆਫ਼ ਕਰਨ ਪਿੱਛੇ ਪੰਥ ਦੇ ਅੰਦਰ ਤੇ ਬਾਹਰ ਕਿਹੜੀਆਂ ਤਾਕਤਾਂ ਰੋਲ ਅਦਾ ਕਰ ਰਹੀਆਂ ਸਨ। ਇਨ੍ਹ•ਾਂ ਦੀ ਨਿਸ਼ਾਨਦੇਹੀ ਕੀਤੀ ਜਾਣੀ ਚਾਹੀਦੀ ਹੈ। ਜਾਪਦਾ ਤਾਂ ਇਹ ਹੈ ਕਿ ਸ. ਕਿਰਪਾਲ ਸਿੰਘ ਬਡੂੰਗਰ ਫ਼ਿਲਹਾਲ ਇਸ ਤਰ੍ਹਾਂ ਦਾ ਹੌਸਲਾ ਜਾ ਜੁਰਅਤ ਨਹੀਂ ਕਰ ਸਕਣਗੇ ਕਿਉਂਕਿ ਜਿਨ੍ਹਾਂ ਨੇ ਉਨ੍ਹਾਂ ਨੂੰ ਭਾਵੇਂ ਮਜਬੂਰੀ ਵਿਚ ਹੀ ਇਸ ਅਹੁਦੇ ‘ਤੇ ਲਿਆਂਦਾ ਹੈ ਉਹ ਇਹ ਚਾਹੁਣਗੇ ਕਿ ਇਹ ਰਾਜ਼, ਰਾਜ਼ ਹੀ ਬਣੇ ਰਹਿਣ।
ਸ. ਕਿਰਪਾਲ ਸਿੰਘ ਬਡੂੰਗਰ ਵਿਚ ਇਕ ਗੁਣ ਇਹ ਵੀ ਹੈ ਕਿ ਉਹ ਸਾਰੇ ਦਬਾਵਾਂ ਦੇ ਬਾਵਜੂਦ ਸਿਧਾਂਤਾਂ ਦੇ ਸਵਾਲ ‘ਤੇ ਸਮਝੌਤਾ ਨਹੀਂ ਕਰਦੇ ਅਤੇ ਆਪਣੀ ਆਜ਼ਾਦਾਨਾ ਰਾਏ ਰੱਖ ਦਿੰਦੇ ਹਨ। ਅਜਿਹਾ ਉਨ੍ਹਾਂ ਨੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਆਪਣੇ ਪਿਛਲੇ ਕਾਰਜਕਾਲ ਦੌਰਾਨ ਲਾਗੂ ਕਰਕੇ ਵੀ ਸਾਬਤ ਕੀਤਾ ਸੀ। ਇਕ ਹੋਰ ਵੱਡੇ ਕਾਰਜ ਨੂੰ ਸਿਰੇ ਚਾੜ੍ਹਨ ਦੀ ਵੀ ਉਨ੍ਹਾਂ ਤੋਂ ਉਮੀਦ ਕੀਤੀ ਜਾ ਰਹੀ ਹੈ। ਉਹ ਇਹ ਹੈ ਕਿ ਚੰਡੀਗੜ੍ਹ ਵਿਚ ਵੱਡੀ ਗੁਰਮਤਿ ਲਾਇਬਰੇਰੀ ਕਾਇਮ ਕੀਤੀ ਜਾਵੇ। ਅੰਮ੍ਰਿਤਸਰ ਤੋਂ ਲੈ ਕੇ ਚੰਡੀਗੜ੍ਹ ਤਕ ਇਕ ਵੀ ਅਜਿਹੀ ਲਾਇਬਰੇਰੀ ਨਹੀਂ ਜਿੱਥੇ ਤੁਹਾਨੂੰ ਇਕੋ ਥਾਂ ‘ਤੇ ਗੁਰਮਤਿ ਦੀਆਂ ਪੁਸਤਕਾਂ ਦਾ ਵੱਡਾ ਭੰਡਾਰ ਮਿਲ ਸਕੇ, ਜਿੱਥੇ ਗੁਰਮਤਿ ਨਾਲ ਜੁੜੇ ਖੋਜਾਰਥੀ ਅਤੇ ਵੱਡੇ ਵਿਦਵਾਨ ਇਸ ਦਾ ਫ਼ਾਇਦਾ ਚੁੱਕ ਸਕਣ। ਸੈਕਟਰ 44 ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਵਿਸ਼ਾਲ ਕੰਪਲੈਕਸ ਵਿਚ ਗੁਰਮਤਿ ਲਾਇਬਰੇਰੀ ਦੀ ਸਥਾਪਨਾ ਉੱਤਰੀ ਭਾਰਤ ਦੇ ਖ਼ਿੱਤੇ ਵਿਚ ਇਤਿਹਾਸਕ ਯਾਦਗਾਰ ਬਣ ਸਕਦੀ ਹੈ।