ਅੱਜ ਫਿਰ ਤੇਰੀ ਯਾਦ ਆਈ…

ਅੱਜ ਫਿਰ ਤੇਰੀ ਯਾਦ ਆਈ…

ਕਰਮਜੀਤ ਸਿੰਘ ਚੰਡੀਗੜ੍ਹ
ਮੋਬਾਈਲ : 99150-91063
ਮਹਿਮਾਨ ਸੰਪਾਦਕੀ

ਖ਼ਾਲਸਾ ਪੰਥ ਰੂਹ ਦੇ ਜ਼ੋਰ ਨਾਲ ਜੀਣ ਵਾਲਾ ਪੰਥ ਹੈ, ਮਾਰਗ ਹੈ ਅਤੇ ਪੜ੍ਹਿਆਂ ਲਿਖਿਆਂ ਵਾਲੇ ਮੁਹਾਵਰੇ ਮੁਤਾਬਕ ਇਕ ਕੌਮ ਹੈ। ਦੂਜੇ ਸ਼ਬਦਾਂ ਵਿਚ ਅਸੀਂ ਰੂਹ-ਪ੍ਰਧਾਨ ਕੌਮ ਹਾਂ ਨਾ ਕਿ ਤਰਕ-ਪ੍ਰਧਾਨ ਪੰਥ ਹਾਂ। ਸਾਡਾ ਪੈਂਡਾ ਰੂਹ ਤੋਂ ਤਰਕ ਵੱਲ ਨੂੰ ਜਾਂਦਾ ਹੈ ਜਾਂ ਇਉਂ ਕਹਿ ਲਓ ਕਿ ਸਾਡਾ ਤਰਕ ਰੂਹ ਤੋਂ ਅਗਵਾਈ ਲੈਂਦਾ ਹੈ। ਰੂਹ ਤੋਂ ਭਾਵ ਹੈ ਸਾਡੇ ਦਸ ਗੁਰੂ ਸਾਹਿਬਾਨ, ਗੁਰੂ ਗ੍ਰੰਥ ਸਾਹਿਬ ਅਤੇ ਇਸ ਬੁਨਿਆਦ ਉਤੇ ਉਸਰਿਆ ਸਾਡਾ ਇਤਿਹਾਸ, ਸਾਡੀ ਤਰਜ਼-ਏ-ਜ਼ਿੰਦਗੀ। ਪਰ ਅੱਜ ਅਸੀਂ ਗੁਰੂ ਸਾਹਿਬਾਨ ਨੂੰ ਛੱਡ ਬੈਠੇ ਹਾਂ। ਕਥਨੀ ਵਿਚ ਗੁਰੂ ਗ੍ਰੰਥ ਸਾਹਿਬ ਦੇ ਜ਼ਰੂਰ ਨੇੜੇ ਹਾਂ ਪਰ ਅਮਲ ਵਿਚ ਇਕ ਦੂਰੀ ਬਣਾ ਰੱਖੀ ਹੈ-ਬਹੁਤ ਵੱਡੀ ਦੂਰੀ। ਸਾਡਾ ਸ਼ਾਨਾਮੱਤਾ ਇਤਿਹਾਸ ਵੀ ਸਾਨੂੰ ਸਰਸਬਜ਼ ਚਸ਼ਮਾ ਨਹੀਂ ਜਾਪਦਾ- ਸਾਡਾ ਅੰਮ੍ਰਿਤ ਸਰੋਵਰ ਨਹੀਂ ਰਿਹਾ। ਇਹੋ ਕਾਰਨ ਹੈ ਕਿ ਅਸੀਂ ਰੁਲਦੇ ਜਾਂਦੇ ਹਾਂ, ਭੁੱਲਦੇ ਜਾਂਦੇ ਹਾਂ।
ਪੰਥਕ ਏਕਤਾ ਦੀ ਗੱਲ ਕਰਦੇ ਹਾਂ, ਪਰ ਏਡਾ ਵੱਡਾ ਕੱਦਾਵਰ ਆਗੂ ਕੋਈ ਵੀ ਨਜ਼ਰ ਨਹੀਂ ਆਉਂਦਾ, ਜਿਸ ਵਿਚ ਧਰਮ, ਰਾਜਨੀਤੀ ਅਤੇ ਸਭਿਆਚਾਰ ਦਾ ਇਕ ਰੂਹਾਨੀ ਰੌਣਕ ਮੇਲਾ ਲੱਗਿਆ ਹੋਇਆ ਹੋਵੇ। ਜਿਸ ਨੂੰ ਇਹ ਪਤਾ ਹੋਵੇ ਕਿ ਦੁਨੀਆ ਦਾ ਮੁਹਾਣ ਕਿੱਧਰ ਵੱਲ ਨੂੰ ਹੈ ਅਤੇ ਅਸੀਂ ਇਸ ਮੁਹਾਣ ਵਿਚ ਕਿਥੇ ਖੜ੍ਹੇ ਹਾਂ, ਕਿਥੇ ਅਤੇ ਕਿਵੇਂ ਜਾਣਾ ਹੈ? ਇਹੋ ਜਿਹੀ ਹਸਤੀ ਆਪ-ਮੁਹਾਰੇ ਹੀ, ਸੁਤੇਸਿੱਧ ਹੀ ਪੰਥਕ ਏਕਤਾ ਦਾ ਨਿਸ਼ਾਨ ਹੁੰਦੀ ਹੈ, ਪ੍ਰਤੀਕ ਹੁੰਦੀ ਹੈ।
ਸ਼ਾਇਦ ਤੁਹਾਨੂੰ ਇਹ ਮੰਨਣ ਵਿਚ ਮੁਸ਼ਕਲ ਆਉਂਦੀ ਹੋਵੇ, ਪਰ ਮੈਂ ਇਹ ਸਾਰੀਆਂ ਗੱਲਾਂ ਸੰਤ ਜਰਨੈਲ ਸਿੰਘ ਵਿਚ ਦੇਖੀਆਂ ਸਨ, ਮਹਿਸੂਸ ਕੀਤੀਆਂ ਸਨ। ਮੈਂ ਉਨ੍ਹਾਂ ਵਿਅਕਤੀਆਂ ਵਿਚੋਂ ਸੀ ਜੋ ਦੂਰ ਰਹਿ ਕੇ ਵੀ ਕਿਸੇ ਵੀ ਰੂਹ ਦੇ ਅੱਤ ਕਰੀਬ ਹੋ ਜਾਂਦੇ ਹਨ। ਜੁਝਾਰੂ ਲਹਿਰ ਦੌਰਾਨ ਜੁਝਾਰੂ ਆਗੂਆਂ ਨੂੰ ਹੀ ਮੈਂ ਕਰੀਬ ਹੋ ਕੇ ਦੇਖਦਾ ਰਿਹਾ ਹਾਂ। ਸੰਤ ਜੀ ਦੇ ਅੰਦਰ ਤਿੰਨ ਬਰਕਤਾਂ ਦਾ ਹੁਸੀਨ ਮੇਲਾ ਲੱਗਿਆ ਹੋਇਆ ਸੀ। ਮੈਂ ਪਹਿਲਾਂ ਵੀ ਕਿਤੇ ਲਿਖਿਆ ਸੀ ਕਿ ਉਹ ਸੱਚੀ-ਮੁੱਚੀ ਹੀ ਸੰਤ, ਜਰਨੈਲ ਅਤੇ ਸਿੰਘ ਦਾ ਸੁਮੇਲ ਸੀ। ਅਸੀਂ ਉਸ ਸਮੇਂ ਇਕ ਅਜਿਹੇ ਦੌਰ ਵਿਚੋਂ ਲੰਘ ਰਹੇ ਸਾਂ ਜਦੋਂ ਉਸ ਦਾ ਪਵਿੱਤਰ ਡਰ ਸਾਰੀ ਕੌਮ ਮਹਿਸੂਸ ਕਰ ਰਹੀ ਸੀ। ਇਹੋ ਜਿਹਾ ਡਰ ਚੰਗਾ-ਚੰਗਾ ਲਗਦਾ ਸੀ, ਪਿਆਰਾ-ਪਿਆਰਾ ਵੀ ਲਗਦਾ ਸੀ। ਇਹੋ ਜਿਹੇ ਡਰ ਪੈਦਾ ਕਰਨ ਵਾਲਾ ਹੀ ਪੰਥਕ ਏਕਤਾ ਕਰਵਾ ਸਕਦਾ ਹੈ।
ਸਰਬੱਤ ਖ਼ਾਲਸਾ ਸੱਦਣ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਉਹ ਸਰਬੱਤ ਖ਼ਾਲਸਾ ਨੂੰ ਉਹੋ ਜਿਹਾ ਬਣਾਉਣ ਜੋ ਸਮਾਗਮ ਸੱਚ-ਮੁੱਚ ਹੀ ‘ਸਰਬੱਤ ਦਾ ਖ਼ਾਲਸਾ’ ਹੋ ਨਿਬੜੇ। ਭਾਵੇਂ ਦਿਨ ਥੋੜ੍ਹੇ ਰਹਿੰਦੇ ਹਨ, ਪਰ ਵੱਡੇ ਦਿਲ ਚਾਹੀਦੇ ਹਨ ਤਾਂ ਹੀ ਆਉਣ ਵਾਲਾ ਇਤਿਹਾਸ ਸਾਨੂੰ ਯਾਦ ਕਰੇਗਾ। ਕੰਮ ਭਾਵੇਂ ਮੁਸ਼ਕਲ ਹੈ ਪਰ ਅਸੰਭਵ ਵੀ ਨਹੀਂ, ਜਿਵੇਂ ਕਿ ਦਰਵੇਸ਼ ਸੰਪਾਦਕ ਜਸਪਾਲ ਸਿੰਘ ਹੇਰਾਂ ਨੇ ਏਕਤਾ ਲਈ ਇਕ ਇਤਿਹਾਸਕ ਤਰਲਾ ਲਿਆ ਹੈ। ਚੱਬੇ ਦੇ ਸਰਬੱਤ ਖ਼ਾਲਸੇ ਵਿਚ ਹੋਈਆਂ ਕਮੀਆਂ, ਘਾਟਾਂ ਤੇ ਕਮਜ਼ੋਰੀਆਂ ਨੂੰ ਇਸ ਸਰਬੱਤ ਖ਼ਾਲਸੇ ਤੋਂ ਪੂਰੀ ਤਰ੍ਹਾਂ ਮੁਕਤ ਕੀਤਾ ਜਾਏ। ਪੰਜ ਸਿੰਘਾਂ ਦੀ ਇਤਿਹਾਸਕ ਮਹਾਨਤਾ ਬਾਰੇ ਕੋਈ ਵੀ ਟਿੱਪਣੀ ਹਜ਼ਾਰ ਵਾਰ ਦਿਲ ਅਤੇ ਦਿਮਾਗ਼ ਦਾ ਸਹਾਰਾ ਲੈ ਕੇ ਹੀ ਕੀਤੀ ਜਾਵੇ। ਜੇ ਉਨ੍ਹਾਂ ਨੂੰ ਬਣਦੀ ਥਾਂ ਨਾ ਦਿੱਤੀ ਗਈ ਤਾਂ ਆਪਾਂ ਸੰਗਤਾਂ ਨੂੰ ਇਹ ਕਹਿਣੋਂ ਰੋਕ ਨਹੀਂ ਸਕਾਂਗੇ ਕਿ ਇਹ ਸਰਬੱਤ ਖ਼ਾਲਸਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਰੂਹ ਦੀ ਆਵਾਜ਼ ਨਹੀਂ ਬਣ ਸਕਿਆ। ਸੰਤ ਜਰਨੈਲ ਸਿੰਘ ਦੀ ਯਾਦ ਸਾਨੂੰ ਉਸ ਦਿਸ਼ਾ ਵਿਚ ਜਾਣ ਲਈ ਵੱਡਾ ਪ੍ਰੇਰਣਾ ਸਰੋਤ ਬਣ ਸਕਦੀ ਹੈ।
ਸੰਤ ਜਰਨੈਲ ਸਿੰਘ ਨੇ ਸਿਆਸਤ ਦੀਆਂ ਵੱਡੀਆਂ ਵੱਡੀਆਂ ਕਿਤਾਬਾਂ ਭਾਵੇਂ ਪੜ੍ਹੀਆਂ ਨਹੀਂ ਸਨ ਪਰ ਉਹ ਸਿਆਸਤਦਾਨਾਂ ਦੀਆਂ ਤਰਕਸ਼ੀਲ-ਬਾਰੀਕੀਆਂ ਨੂੰ ਆਪਣੀਆਂ ਰੂਹਾਨੀ-ਬਾਰੀਕੀਆਂ ਨਾਲ ਹਰਾ ਦਿੰਦਾ ਸੀ। ਰਾਜਨੀਤੀ ਦੇ ਰੂਹਾਨੀ-ਵਿਆਕਰਣ ਦੀ ਉਸ ਨੂੰ ਜਿਸ ਤਰ੍ਹਾਂ ਦੀ ਸਮਝ ਸੀ, ਉਸ ਤਰ੍ਹਾਂ ਦੀ ਸਮਝ ਵਾਲਿਆਂ ਦੀ ਅੱਜ ਸਾਡੀ ਕੌਮ ਨੂੰ ਲੋੜ ਹੈ। ਪਰ ਹਾਲ ਦੀ ਘੜੀ ਉਹ ਜਿਹਾ ਕਿਤੇ ਵੀ ਨਜ਼ਰ ਨਹੀਂ ਪੈਂਦਾ। ਉਸ ਦੇ ਡਰ ਵਿਚ ਰੂਹਾਨੀਅਤ ਦੀ ਖ਼ੁਸ਼ਬੂ ਸੀ ਅਤੇ ਜਦੋਂ ਮੈਂ ਉਨ੍ਹਾਂ ਦੇ ਪਿੰਡ ਜਾ ਕੇ ਉਨ੍ਹਾਂ ਦਾ ਘਰ ਦੇਖਿਆ ਅਤੇ ਉਨ੍ਹਾਂ ਦੇ ਬਚਪਨ ਦੇ ਸਾਥੀਆਂ ਨੂੰ ਮਿਲਿਆ ਤਾਂ ਜਾ ਕੇ ਕਿਤੇ ਪਤਾ ਲੱਗਿਆ ਕਿ ਸਿਮਰਨ ਦਾ ਇਕ ਬਾਗ਼ ਉਸ ਦੇ ਅੰਦਰ ਸਦਾ ਖਿੜਿਆ ਰਹਿੰਦਾ ਸੀ, ਜਿਸ ਨੂੰ ਸਾਡੀ ਗੁਰਬਾਣੀ ‘ਹਰਿਓ ਬੂਟ’ ਆਖਦੀ ਹੈ। ਅਜੇ ਰੂਹਾਂ ਦੇ ਹਾਣੀ ਵਿਦਵਾਨ ਆਉਣੇ ਹਨ ਜੋ ਉਸ ਦੇ ਧੁਰ ਅੰਦਰਲੀ ਪੰਥਕ ਪੀੜ ਨੂੰ ਆਪਣੀ ਪੀੜ ਸਮਝ ਕੇ ਉਸ ਦੀ ਵੰਨਸੁਵੰਨੀ ਵਿਆਖਿਆ ਕਰਨਗੇ। ਬਹੁਤਿਆਂ ਨੇ ਉਸ ਨੂੰ ਅਪ੍ਰੈਲ 1978 ਦੇ ਖ਼ੂਨੀ ਕਾਂਡ ਤੋਂ ਪਿਛੋਂ ਵਾਪਰਨ ਵਾਲੀਆਂ ਘਟਨਾਵਾਂ ਦੇ ਪ੍ਰਸੰਗ ਵਿਚ ਹੀ ਵੇਖਿਆ ਤੇ ਸਮਝਿਆ ਹੈ, ਜਦਕਿ ਵੱਡੀ ਲੋੜ ਇਸ ਗੱਲ ਦੀ ਸੀ ਕਿ ਪੂਰਬ-1978 ਦੇ ਦੌਰ ਵਿਚ ਸੰਤ ਜਰਨੈਲ ਸਿੰਘ ਨੂੰ ਵੇਖਿਆ ਜਾਵੇ। ਇਤਿਹਾਸ ਨੇ ਅਜੇ ਇਸ ਤਰ੍ਹਾਂ ਉਸ ਨੂੰ ਵੇਖਣਾ ਹੈ। ਇਸੇ ਦੌਰ ਨੇ ਉਸ ਦੀ ਸਖ਼ਸ਼ੀਅਤ ਨੂੰ ਅਸਲ ਮਾਅਨਿਆਂ ਵਿਚ ਚਾਰ ਚੰਨ ਲਾਏ ਸਨ। ਇਸ ਰੂਹਾਨੀ ਜਲੌਅ ਨਾਲ ਹੀ ਉਸ ਨੇ ਇਤਿਹਾਸ ਦਾ ਮੂੰਹ ਘੁੰਮਾ ਦਿੱਤਾ ਸੀ।
ਸੰਤ ਜਰਨੈਲ ਸਿੰਘ ਨੇ ਰੂਹ ਦੇ ਜ਼ੋਰ ਨਾਲ ਇਤਿਹਾਸ ਦੇ ਲੀਵਰ ਨੂੰ ਕੁਝ ਇਸ ਤਰ੍ਹਾਂ ਖਿਚਿਆ ਕਿ ਇਹ ਧਰਤੀ ਅਜੇ ਵੀ ਕੰਬਦੀ ਹੈ। ਪਰ ਇਹ ਰੂਹਾਨੀ-ਕੰਬਣੀ ਸਾਨੂੰ ਕਿਉਂ ਨਹੀਂ ਮਹਿਸੂਸ ਹੁੰਦੀ? ਉਸ ਸ਼ਖ਼ਸ ਨੂੰ ਮਹਿਸੂਸ ਕਿਉਂ ਨਹੀਂ ਹੋਈ, ਜਿਸ ਨੂੰ ਉਹ ਥਾਂ ਨਸੀਬ ਹੋਈ, ਜਿਸ ਉਤੇ ਕਦੇ ਸੰਤ ਜਰਨੈਲ ਸਿੰਘ ਬੈਠੇ ਸਨ? ਕੀ ਇਸ ਥਾਂ ਨੇ ਉਸ ਨੂੰ ਕਦੇ ਵੀ ਨਹੀਂ ਝਿੰਜੋੜਿਆ, ਜਿਸ ਥਾਂ ਉਤੇ ਉਠਦਿਆਂ, ਬਹਿੰਦਿਆਂ, ਸੌਦਿਆਂ ਤੇ ਜਾਗਦਿਆਂ ਕੇਵਲ ਤੇ ਕੇਵਲ ਪੰਥ ਹੀ ਹੁੰਦਾ ਸੀ। ਇਹ ਇਤਿਹਾਸ ਦਾ ਕਿੱਡਾ ਵੱਡਾ ਦੁਖਾਂਤ ਹੈ ਕਿ ਉਸ ਸ਼ਖ਼ਸ ਨੇ ਉਸ ਬੰਦੇ ਨਾਲ ਗੂੜ੍ਹੀ ਦੋਸਤੀ ਪਾ ਲਈ, ਜਿਸ ਦੀ ਖੁਲ੍ਹਦਿਲੀ ਵਾਲੀ ਸਿਆਸਤ ਕਿਸੇ ਸ਼ਾਇਰ ਅਨੁਸਾਰ ‘ਤੋਹਫ਼ੇ ਵਿਚ ਬੁਣ ਕੇ ਪੰਛੀਆਂ ਨੂੰ ਜਾਲ ਦਿੰਦੀ ਹੈ’। ਉਸ ਦੀ ਇਸ ਮਜਬੂਰੀ ਨੂੰ ਕੀ ਨਾਂ ਦਿੱਤਾ ਜਾਏ? ਕੀ ਇਹ ਸਤਰਾਂ ਉਸ ਉਤੇ ਹੀ ਢੁਕਦੀਆਂ ਹਨ?
ਹਮਾਰੀ ਬੇਬਸੀ ਕੀ ਇੰਤਾਹ ਹੈ
ਕਿ ਜ਼ਾਲਮ ਕੀ ਹਮਾਇਤ ਕਰ ਰਹੇਂ ਹੈਂ।