ਸਿੱਖਾਂ ਦੀ ਪਛਾਣ ਬਾਰੇ ਬੇਸਮਝੀ

ਸਿੱਖਾਂ ਦੀ ਪਛਾਣ ਬਾਰੇ ਬੇਸਮਝੀ

ਮੁਸ਼ਕਲਾਂ ਵਧਾ ਸਕਦੈ ਟਰੰਪ ਦੀ ਪ੍ਰਚਾਰ ਟੀਮ ਦਾ ਟਪਲਾ
ਅਮਰੀਕਾ ਦੀ ਪ੍ਰਧਾਨਗੀ ਲਈ ਅਗਲੇ ਮਹੀਨੇ ਦੇ ਸ਼ੁਰੂ ਵਿੱਚ ਹੋਣ ਵਾਲੀ ਚੋਣ ਲਈ ਅਖ਼ਾੜਾ ਦਿਨੋਂ-ਦਿਨ ਮਘਣ ਦੌਰਾਨ ਸਿੱਖ ਪਛਾਣ ਬਾਰੇ ਅਮਰੀਕੀਆਂ ਦੀ ਅਣਜਾਣਤਾ ਦਾ ਮਸਲਾ ਇੱਕ ਵਾਰ ਫਿਰ ਬੜੇ ਹੀ ਸਪਸ਼ਟ ਰੂਪ ਵਿੱਚ ਉਭਰ ਕੇ ਸਾਹਮਣੇ ਆਇਆ ਹੈ।
ਚਿੰਤਾ ਵਾਲੀ ਗੱਲ ਇਹ ਹੈ ਕਿ ਸਿੱਖ ਪਛਾਣ ਬਾਰੇ ਬੇਸਮਝੀ ਅਤੇ ਸਿੱਖਾਂ ਨੂੰ ਮੁਸਲਮਾਨ ਸਮਝਣ ਦੀ ਇਹ ਗੰਭੀਰ ਗਲਤੀ ਕਿਸੇ ਆਮ ਅਮਰੀਕੀ ਨੇ ਨਹੀਂ ਬਲਕਿ ਪ੍ਰਧਾਨਗੀ ਦੇ ਅਹੁਦੇ ਲਈ ਦੇਸ਼ ਦੀ ਮੁੱਖ ਵਿਰੋਧੀ ਰਿਪਬਲਿਕਨ ਪਾਰਟੀ ਦੇ ਬਹੁਤ ਚਰਚਿਤ ਉਮੀਦਵਾਰ ਡੋਨਾਲਡ ਟਰੰਪ ਨੇ ਕੀਤੀ ਹੈ। ਵੱਖ ਵੱਖ ਵਿਵਾਦਾਂ ਤੋਂ ਇਲਾਵਾ ਮੁਸਲਮਾਨਾਂ ਅਤੇ ਔਰਤਾਂ ਬਾਰੇ ਅਪਣੀਆਂ ਬੇਹੁਦਾ ਟਿੱਪਣੀਆਂ ਕਾਰਨ ਚਰਚਾ ਦਾ ਕੇਂਦਰ ਬਣੇ ਡੋਨਾਲਡ ਟਰੰਪ ਦੀ ਚੋਣ ਮੁਹਿੰਮ ਦੌਰਾਨ ਇਕ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ ਜਿਸ ਵਿਚ ਖੱਬੇ ਪਾਸੇ ਲੱਗੀ ਤਸਵੀਰ ਖ਼ਾਸ ਧਿਆਨ ਦੀ ਮੰਗ ਕਰਦੀ ਹੈ। ਇਹ ਤਸਵੀਰ ਲਾਲ, ਚਿੱਟੀ ਤੇ ਨੀਲੇ ਰੰਗ ਦੀਆਂ ਧਾਰੀਆਂ ਵਾਲੀ ਪੱਗ ਬੰਨ੍ਹੀ ਇਕ ਵਿਅਕਤੀ ਦੀ ਹੈ ਜਿਸ ‘ਤੇ ‘ਮੁਸਲਿਮ’ ਸ਼ਬਦ ਲਿਖਿਆ ਹੈ। ਅਸਲੀਅਤ ਵਿੱਚ ਇਹ ਤਸਵੀਰ ਗੁਰਿੰਦਰ ਸਿੰਘ ਖ਼ਾਲਸਾ ਦੀ ਹੈ ਜੋ ਮੁਸਲਮਾਨ ਨਹੀਂ। ਨਾ ਹੀ ਉਹ ਟਰੰਪ ਦਾ ਸਮਰਥਕ ਹੈ। ਇਸ਼ਤਿਹਾਰ ਉਪਰ ਲਿਖਿਆ ਹੈ ਕਿ ਤਸਵੀਰਾਂ ਵਿਚ ਸ਼ਾਮਲ ਸਮੁੱਚਾ ਭਾਈਚਾਰਾ ਉਨ੍ਹਾਂ ਦੀ ਹਮਾਇਤ ਕਰਦਾ ਹੈ। ਹੈਰਾਨ ਅਤੇ ਪ੍ਰੇਸ਼ਾਨ ਕਰਨ ਵਾਲੀ ਗੱਲ ਇਹ ਕਿ ਇੱਕ ਅੰਮ੍ਰਿਤਧਾਰੀ ਅਤੇ ਸਿੱਖੀ ਬਾਣੇ ਵਾਲੇ ਭਾਈ ਗੁਰਿੰਦਰ ਸਿੰਘ ਖ਼ਾਲਸਾ ਨੂੰ ਇਕ ਮੁਸਲਮਾਨ ਵਜੋਂ ਪੇਸ਼ ਕੀਤਾ ਗਿਆ ਹੈ।
ਉਨ੍ਹਾਂ ਸਮਿਆਂ ‘ਚ ਜਦੋਂ ਹਵਾਈ ਅੱਡਿਆਂ ਅਤੇ ਹੋਰਨਾਂ ਸਰਕਾਰੀ ਅਦਾਰਿਆਂ ਵਿੱਚ ਸਕਿਉਰਿਟੀ ਚੈੱਕ ਮੌਕੇ ਅਤੇ ਰੈਸਟੋਰੈਟਾਂ ਤੋਂ ਇਲਾਵਾ ਹੋਰਨਾਂ ਪਬਲਿਕ ਥਾਵਾਂ ਉੱਤੇ ਸਿੱਖਾਂ ਨੂੰ ਪ੍ਰੇਸ਼ਾਨ ਦੀਆਂ ਵਾਰਦਾਤਾਂ ਉਭਰ ਕੇ ਸਾਹਮਣੇ ਆਉਂਦੀਆਂ ਹਨ, ਟਰੰਪ ਦੀ ਚੋਣ ਟੀਮ ਦੀ ਇਹ ਕਾਰਵਾਈ ਬੇਹੱਦ ਅਹਿਮਕਾਨਾ ਅਤੇ ਨਿੰਦਣਯੋਗ ਹੈ।
ਇਸ ਸਾਰੇ ਵਰਤਾਰੇ ਦੇ ਪਿਛੋਕੜ ਵਲ ਨਜ਼ਰ ਮਾਰੀਏ ਤਾਂ ਸਾਫ਼ ਜ਼ਾਹਰ ਹੁੰਦਾ ਹੈ ਕਿ ਆਮ ਅਮਰੀਕੀ ਨਾਗਰਿਕਾਂ ਵਲੋਂ ਗਾਹੇ ਬਗਾਹੇ ਸਿੱਖਾਂ ਨੂੰ ਮੁਸਲਮਾਨ ਸਮਝ ਕੇ ਨਫ਼ਰਤੀ ਨਿਗਾਹਾਂ ਨਾਲ ਵੇਖਣ ਅਤੇ ਕਈ ਵਾਰ ਬਿਨਾਂ ਵਜ੍ਹਾ ਭੜਕਾਹਟ ਵਿੱਚ ਆ ਕੇ ਹਿੰਸਕ ਹਮਲੇ ਕਰਨ ਦੀਆਂ ਵਾਰਦਾਤਾਂ ਕੋਈ ਨਵੀਂ ਗੱਲ ਨਹੀਂ। ਖ਼ਾਸ ਕਰ 9/11 ਬਾਅਦ ਸਿੱਖ ਲਗਾਤਾਰ ਨਸਲੀ ਹਿੰਸਾ ਦਾ ਸ਼ਿਕਾਰ ਹੁੰਦੇ ਆ ਰਹੇ ਹਨ। ਕਈ ਮਾਮਲਿਆਂ ਵਿੱਚ ਸਿੱਖਾਂ ਉੱਤੇ ਕੀਤੇ ਅਜਿਹੇ ਹਮਲੇ ਜਾਨਲੇਵਾ ਸਾਬਤ ਹੋਏ ਹਨ। ਮੁਸਲਿਮ ਦਹਿਸ਼ਤਗਰਦਾਂ ਵਲੋਂ 9 ਸਤੰਬਰ 2001 ਵਾਲੇ ਦਿਨ ਨਿਊਯਾਰਕ ਵਿਚਲੇ ਅਮਰੀਕੀ ਟਰੇਡ ਟਾਵਰਾਂ ਸਮੇਤ ਕਈ ਥਾਵਾਂ ਉੱਤੇ ਕੀਤੇ ਹਮਲਿਆਂ ਬਾਅਦ ਮੁਸਲਮਾਨ ਸਮਝ ਕੇ ਨਸਲੀ ਹਿੰਸਾ ਦਾ ਪਹਿਲਾ ਸ਼ਿਕਾਰ ਅਰੀਜ਼ੋਨਾ ਸੂਬੇ ਵਿੱਚ ਗੈਸ ਸਟੇਸ਼ਨ ਮਾਲਕ ਸਿੱਖ ਬਲਬੀਰ ਸਿੰਘ ਸੋਢੀ ਸਨ। ਉਸ ਤੋਂ ਬਾਅਦ ਅਮਰੀਕਾ ਦੇ ਵੱਖ ਵੱਖ ਭਾਗਾਂ ਵਿੱਚ ਸਿੱਖਾਂ ਨੂੰ ਅਜਿਹੇ ਨਸਲੀ ਹਮਲਿਆਂ ਦੀ ਮਾਰ ਸਹਿਣੀ ਪੈਂਦੀ ਆ ਰਹੀ ਹੈ। ਸੋਢੀ ਪਰਿਵਾਰ ਲਈ ਇਸ ਤੋਂ ਵੱਡਾ ਦੁਖਾਂਤ ਕੁਝ ਮਹੀਨਿਆਂ ਬਾਅਦ ਉਸ ਦੇ ਭਰਾ ਸੁੱਖਪਾਲ ਸਿੰਘ ਸੋਢੀ ਦੀ ਸਾਨ ਫਰਾਂਸਿਸਕੋ, ਜਿੱਥੇ ਉਹ ਟੈਕਸੀ ਚਲਾਉਂਦਾ ਸੀ, ਵਿੱਚ ਗੋਲੀਆਂ ਮਾਰ ਕੇ ਹਤਿਆ ਕੀਤੇ ਜਾਣਾ ਸੀ।
ਸੰਨ 2012 ‘ਚ ਬੰਦੂਕਧਾਰੀ ਨਸਲੀ ਗੋਰੇ ਵੇਡ ਮਾਈਕਲ ਪੇਜ ਵਲੋਂ ਵਿਸਕੌਂਸਿਨ ਸੂਬੇ ਦੇ ਓਕ ਕਰੀਕ ਗੁਰਦੁਆਰਾ ਸਾਹਿਬ ‘ਚ ਦਾਖ਼ਲ ਹੋ ਕੇ ਕੀਤਾ ਕਾਤਲਾਨਾ ਹਮਲਾ, ਜਿਸ ਵਿੱਚ ਗੁਰੂ ਘਰ ਦੇ ਪ੍ਰਧਾਨ ਭਾਈ ਸਤਵੰਤ ਸਿੰਘ ਕਾਲੇਕਾ ਸਮੇਤ 6 ਸਿੱਖ ਮਾਰੇ ਗਏ ਸਨ, ਸਿੱਖਾਂ-ਮੁਸਲਮਾਨਾਂ ਪ੍ਰਤੀ ਇਸੇ ਫਿਰਕੂ ਨਫ਼ਰਤ ਦੀ ਬੜੀ ਨਿੰਦਣਯੋਗ ਹਰਕਤ ਸੀ।
ਬਹੁ ਧਰਮੀ ਅਤੇ ਵੱਖ ਵੱਖ ਸਭਿਆਚਾਰਾਂ ਵਾਲੇ ਸਮਾਜ ਵਿੱਚ ਹਰ ਭਾਈਚਾਰੇ ਦੇ ਲੋਕਾਂ ਨੂੰ ਹੋਰਨਾਂ ਧਰਮਾਂ ਅਤੇ ਫਿਰਕਿਆਂ ਬਾਰੇ ਲੋੜੀਂਦੀ ਜਾਣਕਾਰੀ ਅਤੇ ਸੂਝ ਬੂਝ ਦੀ ਬੜੀ ਜ਼ਰੂਰੀ ਲੋੜ ਹੁੰਦੀ ਹੈ। ਅਮਰੀਕੀ ਸਮਾਜ ਵਿੱਚ ਅਜਿਹੇ ਸੰਵੇਦਨਸ਼ੀਲ ਮਸਲਿਆਂ ਸਬੰਧੀ ਸਮਝ ਦੀ ਘਾਟ ਅਕਸਰ ਉੱਭਰ ਕੇ ਸਾਹਮਣੇ ਆਉਂਦੀ ਹੈ। ਵੈਸੇ ਤਾਂ ਬਹੁਤੇ ਸਮਾਜਾਂ ਦੇ ਘਰ ਤੋਂ ਕੰਮ ਅਤੇ ਕੰਮ ਤੋਂ ਘਰ ਤੱਕ ਦਾ ਸਫ਼ਰ ਕਰਨ ਵਾਲੇ ਆਮ ਲੋਕਾਂ ਕੋਲ ਅਪਣੇ ਘਰ, ਪਰਿਵਾਰ, ਸ਼ਹਿਰ, ਪਹਿਨਣ-ਪਚ੍ਰਨ ਅਤੇ ਖਾਣ ਪੀਣ ਵਿੱਚ ਰੁਝੇ ਰਹਿਣ ਤੋਂ ਇਲਾਵਾ ਬਾਕੀ ਦੀ ਦੁਨੀਆ ਨਾਲ ਵਾਹ ਵਾਸਤਾ ਰੱਖਣ ਦੀ ਫੁਰਸਤ ਹੀ ਕਿੱਥੇ ਮਿਲਦੀ ਹੈ। ਕੋਈ ਸਮੇਂ ਸਨ ਜਦੋਂ ਬਹੁਤੇ ਮੁਲਕਾਂ ਤੇ ਸਮਾਜਾਂ ਨੂੰ ਸਥਾਨਕਤਾ ਤੋਂ ਪਾਰ ਜਾਣ ਦੀ ਬਹੁਤੀ ਲੋੜ ਹੀ ਨਹੀਂ ਸੀ ਹੁੰਦੀ। ਨਾ ਹੀ ਹੋਰਨਾਂ ਸਮਾਜਾਂ ਤੇ ਭਾਈਚਾਰਿਆਂ ਬਾਰੇ ਸੂਝ ਬੂਝ ਦੀ ਅਣਹੋਂਦ ਬੇਲੋੜੇ ਬਖੇੜੇ ਖੜ੍ਹੀ ਕਰਦੀ ਸੀ। ਹੁਣ ਸਮੇਂ ਬਦਲ ਗਏ ਅਤੇ ਸਮਾਜ ਵੀ। ਇਸ ਲਈ ਧਾਰਮਿਕ ਅਤੇ ਸਭਿਆਚਾਰਕ ਪਛਾਣਾਂ ਤੋਂ ਵਿਰਵੇ ਹੋਣ ਵਾਲੇ ਸਮਾਜਾਂ ਦੇ ਮੈਂਬਰਾਂ ਨੂੰ ਹੋਰਨਾਂ ਲੋਕਾਂ ਦੇ ਧਾਰਮਿਕ ਅਕੀਦਿਆਂ, ਰਵਾਇਤਾਂ, ਸਭਿਆਚਾਰਕ ਪਛਾਣ ਚਿੰਨ੍ਹਾਂ ਅਤੇ ਇਸ ਤੋਂ ਵੀ ਵੱਧ ਪਹਿਰਾਵੇ ਜਿਹੇ ਨੁਕਤਿਆਂ ਬਾਰੇ ਜਾਗਰੂਕ ਹੋਣ ਅਤੇ ਕਰਨ ਦੀ ਲੋੜ ਹੈ। ਦੁਨੀਆ ਦੇ ਸਭ ਤੋਂ ਪੁਰਾਣੇ ਅਤੇ ਵੱਡੇ ਲੋਕ ਰਾਜ ਅਮਰੀਕਾ ‘ਚ ਹੋਰਨਾਂ ਭਾਈਚਾਰਿਆਂ ਨਾਲ ਸਬੰਧ ਰੱਖਣ ਵਾਲੇ ਪ੍ਰਵਾਸੀਆਂ ਨੂੰ ਅਜਿਹੀ ਨਸਲੀ ਹਿੰਸਾ ਦਾ ਨਿਸ਼ਾਨਾ ਬਣਾਉਣਾ ਪ੍ਰਸ਼ਾਸਨ ਅਤੇ ਲੋਕਾਂ ਦੇ ਉੱਚੇਚੇ ਧਿਆਨ ਦੀ ਮੰਗ ਕਰਦਾ ਹੈ।
ਇਸ ਤੋਂ ਵੀ ਅਹਿਮ ਨੁਕਤਾ ਇਹ ਕਿ ਅੱਜ ਜਦੋਂ ਦੁਨੀਆ ਦੇ ਹਰ ਖਿੱਤੇ ਅਤੇ ਲੋਕਾਂ ਨੂੰ ਅੱਤਵਾਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਸੇ ਇੱਕ ਫਿਰਕੇ ਦੇ ਆਮ ਲੋਕਾਂ ਨੂੰ ਅੱਤਵਾਦੀ ਗਰਦਾਨਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ। ਬੇਸ਼ੱਕ ਆਲਮੀ ਪੱਧਰ ਉੱਤੇ ਦਹਿਸ਼ਤਗਰਦੀ ਗਰੁੱਪਾਂ ਵਿੱਚ ਮੁਸਲਮਾਨ ਭਾਈਚਾਰੇ ਦੇ ਬੰਦੇ ਮੋਹਰੀ ਅਤੇ ਵੱਧ ਗਿਣਤੀ ਵਿੱਚ ਸ਼ਾਮਲ ਹਨ, ਉਸ ਦੇ ਬਾਵਜੂਦ ਹਰ ਮੁਸਲਮਾਨ ਨੂੰ ਮਹਿਜ਼ ਪਹਿਰਾਵੇ ਤੋਂ ਅੱਤਵਾਦੀ ਸਮਝ ਹਿੰਸਾ, ਨਫ਼ਰਤ ਅਤੇ ਪੱਖਪਾਤ ਦਾ ਨਿਸ਼ਾਨਾ ਬਣਾਉਣਾ ਗਲਤ, ਅਮਾਨਵੀ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਤਸੱਲੀ ਵਾਲੀ ਗੱਲ ਹੈ ਕਿ ਅਮਰੀਕੀ ਸਿੱਖ ਭਾਈਚਾਰਾ ‘ਮੁਸਲਮਾਨ ਵਜੋਂ ਹਮਲਿਆਂ ਹੇਠ ਆਉਣ ਦੇ ਬਾਵਜੂਦ ਮੁਸਲਮਾਨ ਭਾਈਚਾਰੇ ਪ੍ਰਤੀ ਸਾਂਝ ਉੱਤੇ ਆਂਚ ਨਹੀਂ ਆਉਣ ਦੇ ਰਿਹਾ। ਇਹੋ ਸਿੱਖ ਗੁਰੂਆਂ ਦੀ ਬਾਣੀ ਵਿਚਲੇ ਸੁਨੇਹੇ ‘ਮਾਨਸ ਕੀ ਜਾਤਿ ਸਭੈ ਏਕੈ ਪਹਿਚਾਨਬੋ’ ਦਾ ਧੁਰਾ ਹੈ।
ਬੇਧਿਆਨੀ ਵਿੱਚ ਹੀ ਸਹੀ ਟਰੰਪ ਦੇ ਇਸ ਪੋਸਟਰ ਵਿਚਲੀ ਗ਼ਲਤ ਜਾਣਕਾਰੀ ਪਹਿਲਾਂ ਤੋਂ ਹੀ ਨਸਲੀ ਮਾਰ ਝਲਦੇ ਆ ਰਹੇ ਅਮਰੀਕਾ ਵਿਚ ਰਹਿਣ ਵਾਲੇ ਸਿੱਖਾਂ ਲਈ ਨਵੀਂਆਂ ਮੁਸ਼ਕਲਾਂ ਲੈ ਕੇ ਆਵੇਗਾ। ਸਰਕਾਰ ਅਤੇ ਸੁਰੱਖਿਆ ਵਿਭਾਗਾਂ ਤੋਂ ਇਲਾਵਾ ਸਿੱਖਾਂ ਨੂੰ ਪਹਿਲਾਂ ਨਾਲੋਂ ਵੱਧ ਸੁਚੇਤ ਹੋ ਕੇ ਸਿੱਖ ਪਹਿਚਾਣ ਬਾਰੇ ਹੋਰਨਾਂ ਭਾਈਚਾਰਿਆਂ ਨੂੰ ਸੁਚੇਤ ਕਰਨ ਲਈ ਯਤਨ ਤੇਜ਼ ਕਰਨਗੇ ਪੈਣਗੇ।