ਮੁਤਵਾਜ਼ੀ ਜਥੇਦਾਰ ‘ਨਸ਼ੇ ਭਜਾਓ ਪੰਜਾਬ ਬਚਾਓ’ ਮਾਰਚ ਵਿੱਢਣਗੇ

ਮੁਤਵਾਜ਼ੀ ਜਥੇਦਾਰ ‘ਨਸ਼ੇ ਭਜਾਓ ਪੰਜਾਬ ਬਚਾਓ’ ਮਾਰਚ ਵਿੱਢਣਗੇ

16 ਅਗਸਤ ਨੂੰ ਫਤਿਹਗੜ੍ਹ ਸਾਹਿਬ ਤੋਂ ਚੱਲੇਗਾ ਕਾਫ਼ਲਾ
ਅੰਮ੍ਰਿਤਸਰ/ਬਿਊਰੋ ਨਿਊਜ਼ :
ਸਰਬੱਤ ਖ਼ਾਲਸਾ ਵੱਲੋਂ ਥਾਪੇ ਗਏ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਆਖਿਆ ਕਿ ਸਿੱਖ ਜਥੇਬੰਦੀਆਂ ਵੱਲੋਂ 16 ਅਗਸਤ ਤੋਂ ‘ਨਸ਼ੇ ਭਜਾਓ ਪੰਜਾਬ ਬਚਾਓ’ ਮਾਰਚ ਅਰੰਭ ਕੀਤਾ ਜਾਵੇਗਾ, ਜੋ ਇੱਕ ਮਹੀਨਾ ਚੱਲੇਗਾ। ਮਾਰਚ ਦੌਰਾਨ ਪੰਜਾਬ ਦੇ ਹਰ ਸ਼ਹਿਰ ਤੇ ਵੱਡੇ ਕਸਬਿਆਂ ਵਿੱਚ ਲੋਕਾਂ ਨੂੰ ਨਸ਼ੇ ਰੂਪੀ ਲਾਹਨਤ ਤੋਂ ਜਾਗਰੂਕ ਕੀਤਾ ਜਾ ਸਕੇ। ਉਹ ਇੱਥੇ ਬਾਬਾ ਤਾਰਾ ਸਿੰਘ ਨਮਿਤ ਅਖੰਡ ਪਾਠ ਦੇ ਭੋਗ ਵਿੱਚ ਸ਼ਾਮਲ ਹੋਣ ਲਈ ਪੁੱਜੇ ਸਨ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਜਰਨੈਲ ਸਿੰਘ ਸਖੀਰਾ ਦੇ ਪਿਤਾ ਬਾਬਾ ਤਾਰਾ ਸਿੰਘ (94 ਸਾਲ), ਜਿਨ੍ਹਾਂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ, ਨਮਿਤ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਕਬੀਰ ਪਾਰਕ ਦੇ ਗੁਰਦੁਆਰੇ ਵਿੱਚ ਹੋਇਆ। ਇਸ ਮੌਕੇ ਰਾਗੀ ਜਥਿਆਂ ਨੇ ਕੀਰਤਨ ਕੀਤਾ ਅਤੇ ਸਿੱਖ ਆਗੂਆਂ ਨੇ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸ਼ਰਧਾਂਜਲੀ ਭੇਟ ਕਰਨ ਵਾਲਿਆਂ ਵਿਚ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਅਕਾਲੀ ਦਲ ਯੂਨਾਈਟਿਡ ਦੇ ਪ੍ਰਧਾਨ ਭਾਈ ਮੋਹਕਮ ਸਿੰਘ, ਸਰਬੱਤ ਖਾਲਸਾ ਵੱਲੋਂ ਥਾਪੇ ਤਿੰਨ ਜਥੇਦਾਰ ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਅਮਰੀਕ ਸਿੰਘ ਤੋਂ ਇਲਾਵਾ ਭਾਈ ਵੱਸਣ ਸਿੰਘ ਜਫਰਵਾਲ, ਹਰਮਿੰਦਰ ਸਿੰਘ ਗਿੱਲ, ਗੁਰਵਿੰਦਰ ਸਿੰਘ ਮੰਮਣਕੇ ਹਾਜ਼ਰ ਸਨ। ਉਪਰੰਤ ਭਾਈ ਮੰਡ ਨੇ ਦਸਿਆ ਕਿ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਨਸ਼ਿਆਂ ਵਿਰੁਧ ਜਾਗਰੂਕਤਾ ਮਾਰਚ ਸ਼ੁਰੂ ਕੀਤਾ ਜਾ ਰਿਹਾ ਹੈ, ਜੋ 16 ਅਗਸਤ ਨੂੰ ਫਤਿਹਗੜ੍ਹ ਸਾਹਿਬ ਤੋਂ ਆਰੰਭ ਹੋਵੇਗਾ ਅਤੇ 16 ਸਤੰਬਰ ਨੂੰ ਆਨੰਦਪੁਰ ਵਿਖੇ ਸਮਾਪਤ ਹੋਵੇਗਾ। ਉਨ੍ਹਾਂ ਹਾਜ਼ਰ ਸੰਗਤਾਂ ਨੂੰ ਆਖਿਆ ਕਿ ਸਰਬੱਤ ਖ਼ਾਲਸਾ ਵੱਲੋਂ ਥਾਪੇ ਗਏ ਜਥੇਦਾਰ ਸੰਗਤਾਂ ਦੀ ਰਜ਼ਾਮੰਦੀ ਅਤੇ ਰਾਇ ਨਾਲ ਹੀ ਸਮੂਹ ਫੈਸਲੇ ਲੈਣਗੇ ਜਦੋਂਕਿ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਜਥੇਦਾਰ ਉਪਰੋਂ ਆਏ ਆਦੇਸ਼ਾਂ ਮੁਤਾਬਕ ਫੈਸਲੇ ਕਰਦੇ ਹਨ ਤਾਂ ਹੀ ਸੰਗਤ ਵੱਲੋਂ ਫੈਸਲਿਆਂ ਦਾ ਵਿਰੋਧ ਕੀਤਾ ਜਾਂਦਾ ਹੈ।