’84 ਦੇ ਪੀੜਤਾਂ ਨੂੰ ਨਿਆਂ ਦਿਵਾਉਣ ਲਈ ‘ਆਪ’ ਆਗੂ ਬੈਠੇ ਭੁੱਖ ਹੜਤਾਲ ‘ਤੇ

’84 ਦੇ ਪੀੜਤਾਂ ਨੂੰ ਨਿਆਂ ਦਿਵਾਉਣ ਲਈ ‘ਆਪ’ ਆਗੂ ਬੈਠੇ ਭੁੱਖ ਹੜਤਾਲ ‘ਤੇ

 ਕਾਂਗਰਸ ਆਗੂਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਸਬੰਧੀ ਇੱਕ ਰੋਜ਼ਾ ਭੁੱਖ ਹੜਤਾਲ ਕੀਤੀ ਅਤੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇੱਥੋਂ ਦੇ ਗੁਰਦੁਆਰਾ ਅੰਬ ਸਾਹਿਬ ਦੇ ਸਾਹਮਣੇ ਮੰਡੀ ਗਰਾਊਂਡ ਵਿੱਚ ‘ਆਪ’ ਦੇ ਸੀਨੀਅਰ ਆਗੂ ਐਚ.ਐਸ. ਫੂਲਕਾ, ਭਗਵੰਤ ਮਾਨ, ਜਰਨੈਲ ਸਿੰਘ, ਗੁਰਪ੍ਰੀਤ ਸਿੰਘ ਵੜੈਚ (ਘੁੱਗੀ), ਸੁਖਪਾਲ ਸਿੰਘ ਖਹਿਰਾ, ਪ੍ਰੋ. ਬਲਜਿੰਦਰ ਕੌਰ, ਹਿੰਮਤ ਸਿੰਘ ਸ਼ੇਰਗਿੱਲ, ਕੰਵਰ ਸੰਧੂ, ਯਾਮਨੀ ਤੋਮਰ, ਦਰਸ਼ਨ ਸਿੰਘ ਧਾਲੀਵਾਲ ਭੁੱਖ ਹੜਤਾਲ ‘ਤੇ ਬੈਠੇ।
ਇਸ ਮੌਕੇ ਸ੍ਰੀ ਫੂਲਕਾ ਨੇ ਦੋਸ਼ ਲਾਇਆ ਕਿ ਭਾਜਪਾ ਤੇ ਕਾਂਗਰਸ ਵਿੱਚ ਅੰਦਰਖਾਤੇ ਸਿਆਸੀ ਸਾਂਝ ਕਰਕੇ ਹੁਣ ਤੱਕ ਸਿੱਖ ਕਤਲੇਆਮ ਲਈ ਜ਼ਿੰਮੇਵਾਰ ਕਾਂਗਰਸ ਆਗੂਆਂ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਨਹੀਂ ਮਿਲ ਸਕੀਆਂ ਹਨ। ਇਸ ਕਾਰਨ ਪੀੜਤ ਪਰਿਵਾਰ 3 ਦਹਾਕਿਆਂ ਤੋਂ ਇਨਸਾਫ਼ ਲਈ ਭਟਕ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲ ਜਾਂਦੀਆਂ ਉਦੋਂ ਤੱਕ ‘ਆਪ’ ਚੁੱਪ ਕਰਕੇ ਨਹੀਂ ਬੈਠੇਗੀ। ਆਪ ਦੇ ਸੂਬਾਈ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ (ਘੁੱਗੀ) ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਕਲੀਨ ਚਿੱਟ ਦੇਣਾ ਮੰਦਭਾਗਾ ਹੈ। ਅਦਾਲਤ ਦੇ ਫ਼ੈਸਲੇ ਤੋਂ ਪਹਿਲਾਂ ਅਜਿਹੀ ਟਿੱਪਣੀ ਕਰਕੇ ਕੈਪਟਨ ਨੇ ਪੀੜਤ ਪਰਿਵਾਰਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ। ਇਸ ਲਈ ਕੈਪਟਨ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ 15 ਦਿਨਾਂ ਤੱਕ ਕੈਪਟਨ ਨੇ ਮੁਆਫ਼ੀ ਨਾ ਮੰਗੀ ਤਾਂ ‘ਆਪ’ ਦੇ ਵਾਲੰਟੀਅਰਾਂ ਵੱਲੋਂ ਪੰਜਾਬ ਵਿੱਚ ਥਾਂ-ਥਾਂ ‘ਤੇ ਕੈਪਟਨ ਦਾ ਘਿਰਾਓ ਕੀਤਾ ਜਾਵੇਗਾ।
ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਸਿੱਖ ਕਤਲੇਆਮ ਦੇ ਪੀੜਤ ਪਰਿਵਾਰ ਅੱਜ ਵੀ ਇਨਸਾਫ਼ ਲਈ ਸਰਕਾਰੀ ਦਫ਼ਤਰਾਂ ਦੇ ਧੱਕੇ ਖਾ ਰਹੇ ਹਨ ਜਦੋਂ ਕਿ ਦੋਸ਼ੀ ਆਜ਼ਾਦ ਘੁੰਮ ਰਹੇ ਹਨ। ਇਸ ਮੌਕੇ ਸਿੱਖ ਕਤਲੇਆਮ ਦੀ ਚਸ਼ਮਦੀਦ ਗਵਾਹ ਨਿਰਪ੍ਰੀਤ ਕੌਰ ਵੀ ਹਾਜ਼ਰ ਸੀ। ਸ਼ਾਮ ਸਵਾ 5 ਵਜੇ ਵਿਧਾਇਕ ਜਰਨੈਲ ਸਿੰਘ ਨੇ ਅਰਦਾਸ ਕਰਕੇ ਭੁੱਖ ਹੜਤਾਲ ਖ਼ਤਮ ਕਰਨ ਦਾ ਐਲਾਨ ਕੀਤਾ ਅਤੇ ਮ੍ਰਿਤਕਾ ਨੂੰ ਸ਼ਰਧਾਂਜਲੀ ਭੇਟ ਕੀਤੀ।