ਸ੍ਰੀ ਹਰਿਮੰਦਰ ਯਾਤਰਾ

ਸ੍ਰੀ ਹਰਿਮੰਦਰ ਯਾਤਰਾ

ਪ੍ਰੋ. ਪੂਰਨ ਸਿੰਘ

ਕਿੰਨੇ ਦਿਨ ਹੋ ਗਏ, ਮੈਂ ਹਰਿਮੰਦਰ ਦੀ ਯਾਤਰਾ ਨਹੀਂ ਗਿਆ; ਬਾਬੇ ਦੇ ਦਰਸ਼ਨ ਨਹੀਂ ਕੀਤੇ। ਲੋਕਾਂ ਦੇ ਭਾਣੇ ਮੈਂ ਕਾਫ਼ਰ ਹੋਇਆ, ਪਰ ਮੇਰੇ ਭਾਗ ਨਹੀਂ ਜਾਗੇ। ਮੈਂ ਕੀ ਕਰਾਂ! ਮੇਰੇ ਬਖ਼ਤ ਕਦੀ ਜਾਗਦੇ ਤੇ ਕਦੀ ਸੌਂਦੇ ਹਨ; ਮੇਰੇ ਭਾਗ ਦਾ ਤਾਰਾ ਨਹੀਂ ਚੜ੍ਹਿਆ। ਮੇਰੀ ਨੀਂਦ ਨਾ ਆਈ, ਮੇਰੀ ਰਾਤ ਨਾ ਖਿੜੀ। ਅੱਜ ਮੱਲੋਮੱਲੀ ਮੈਂ ਹਰਿਮੰਦਰ ਦੀ ਯਾਤਰਾ ਨੂੰ ਚੱਲਿਆ। ਪੈਰ ਜ਼ਮੀਨ ‘ਤੇ ਨਹੀਂ ਟਿਕਦੇ ਹਨ। ਦਿਲ ਛਾਤੀ ਵਿਚ ਨਹੀਂ ਸੀ ਟਿਕਦਾ। ਮੈਂ ਘੰਟੇ ਘਰ ਥੀਂ ਹੇਠ ਉਤਰ ਕੇ ਸੀਸ ਸੰਗਮਰਮਰ ‘ਤੇ ਰੱਖ ਦਿੱਤਾ। ਕਿਸੀ ਦੇ ਚਰਨਾਂ ਪਰ ਹੋਸੀ, ਕਿਸੀ ਨਾਲ ਛੂਹਿਆ ਹੋਸੀ। ਸਿਰ ਰੱਖਦਿਆਂ ਹੀ ਦਿਲ ਉਛਲਿਆ।
ਇਥੋਂ ਚਿਤ ਕਰੇ ਵਹਿਲਾ ਵਹਿਲਾ ਜਾਵਾਂ, ਕੋਈ ਜਿਵੇਂ ਕੰਨ ਵਿਚ ਆਖਦਾ ਹੁੰਦਾ ਹੈ ਛੇਤੀ ਜਾਹ ਬਾਬਾ ਜੀ ਉਡੀਕ ਰਹੇ ਹਨ । ਕਲਗੀਆਂ ਵਾਲੇ ਚਾਹਨਾ ਕਰ ਰਹੇ ਹਨ। ਕਿਸੀ ਅਦ੍ਰਿਸ਼ਟ ਡੋਰ ਵਿਚ ਵੱਧ ਲਾਟੂ ਵਾਂਗ ਪਰਕਰਮਾ ਦੀ ਭਵਾਟਣੀ ਖਾਂਦਾ, ਦੌੜਿਆ ਹੀ ਗਿਆ, ਦਰਸ਼ਨੀ ਦਰਵਾਜ਼ੇ ਉਪਰ ਆਣ ਢੱਠਾ। ਲਾਡ ਵਿਚ ਮਾਫ਼ੀ ਹੈ। ਬਾਬੇ ਅੱਗੇ ਜਾ ਕੇ ਕਲਗੀਆਂ ਵਾਲੇ ਦੇ ਬੰਦੇ ਦਾ ਸੀਸ ਭੇਟ ਕੀਤਾ; ਫੁੱਲ ਮਿਲੇ, ਇਕ ਹਾਰ ਨਹੀਂ, ਅੱਠ ਹਾਰ ਪਏ। ਮੁੜ ਚਾਰ ਹੋਰ ਪਏ, ਕਲਗ਼ੀਆਂ ਵਾਲੇ ਨੇ ਪਾਏ, ਸੱਜ ਗਿਆ। ਹੁਣ ਚਾਉ ਮਾਣਿਆ ਨਾ ਜਾਏ। ਮੈਂ ਨੱਚਣ ਲੱਗ ਗਿਆ। ਮਨ ਨੇ ਘੁੰਗਰੂ ਪਾ ਲਏ। ਸਤਿਗੁਰੂ ਜਗ-ਪਾਲਕ ਬਾਪ ਰੂਪ ਹੋ ਮਿਲਆ। ਹਜ਼ੂਰ ਥੀਂ ਚੱਲੀਆਂ ਕਿਰਨਾਂ ਆਈਆਂ । ਮਾਂ ਜੀ ਮਿਲੇ। ਅੱਜ ਮੈਨੂੰ ਸੋਝੀ ਆਈ; ਅੱਜ ਪਤਾ ਲੱਗਾ। ਮੈਂ ਸਹੁੰ ਖਾ ਕੇ ਯਥਾਰਥ ਕਹਿੰਦਾ ਹਾਂ ਕਿ ਹਰਿਮੰਦਰ ਮੇਰਾ ਹੈ, ਇਹ ਮੇਰੀ ਜ਼ਾਤੀ ਆਪਣੀ ਵਿਰਾਸਤ ਹੈ।

ਇਹ ਸੱਚਖੰਡ ਦਾ ਟੁਕੜਾ ਕਲਗ਼ੀਆਂ ਵਾਲੇ ਨੇ ਆਪਣੇ ਜਾਗਦੇ ਬੱਚਿਆਂ ਲਈ ਘੱਲਿਆ ਹੈ। ਦਿਸੇ ਭਾਵੇਂ ਨਾ ਦਿਸੇ, ਇਹ ਇਸ ਮੰਡਲ ਵਿਚ ਬਾਬੇ ਜੀ ਦਾ ਸੱਚਖੰਡ ਹੈ; ਕਲਗੀਆਂ ਵਾਲੇ ਦਾ ਵਤਨ ਹੈ। ਅਸਾਂ ਇਸ ਚੋਲੇ ਨੂੰ ਛੱਡ ਕੇ ਇਥੇ ਹੀ ਜਾਣਾ ਹੈ। ਅਰਸ਼ਾਂ ਦੇ ਦੇਵਤੇ ਇਥੇ ਦਿਨ ਰਾਤ ਗਾਉਦੇ ਹਨ, ਝੂਲਦੇ ਹਨ, ਅਸਰੀਰੀ ਦੇਵਤੇ ਹੀ ਨਹੀਂ ਸਰੀਰ ਧਾਰ ਕੇ ਭੀ ਦੇਵਤੇ ਮਨੁੱਖ ਰੂਪ ਵਿਚ ਇਸ ਮੰਦਿਰ ਵਿਚ ਰਹਿੰਦੇ ਹਨ। ਜਾਗਦਿਆਂ ਦੇ ਅਰਦਾਸੇ ਦਾ ਉੱਤਰ ਉਹ ਦੇਂਦੇ ਹਨ। ਉਹ ਕਲਗੀਆਂ ਵਾਲੇ ਦੇ ਆਸ਼ਕ ਹਨ । ਇਥੇ ਬਿਰਹੀਆਂ ਨੂੰ ਦਿਦਾਰ ਹੁੰਦੇ ਹਨ, ਭਗਤਾਂ ਦੇ ਚਿੱਤ ਨੂੰ ਸਹੰਸਰ ਚਰਨਾਂ ਵਾਲੇ ਦੇ ਕਮਲ ਚਰਨਾਂ ਦੀ ਛੁਹ ਪ੍ਰਾਪਤ ਹੁੰਦੀ ਹੈ। ਤੂੰ ਮੰਨਦਾ ਨਹੀਂ, ਪਰ ਮੈਂ ਕਹਿਣ ਥੀਂ ਕਿਉਂ ਟਲਾਂ, ਬਾਬਾ ਨਾਨਕ ਕਦੀ ਕਿਸੀ ‘ਨਾਮੀ ਫ਼ਕੀਰ’ ਦੀ ਬੁੱਕਲ ਵਿਚ, ਕਦੀ ਰਸਿਕ ਬੈਰਾਗੀ, ਦੀ ਬੁੱਕਲ ਵਿਚ ਵਾਹਿਗੁਰੂ ਵਾਹਿਗੁਰੂ ਕਰਦਾ ਹੈ। ਓਹੋ! ਕੀ ਬਾਬਾ ਤੈਨੂੰ ਨਹੀਂ ਦਿੱਸਦਾ?ਫਰਾ. ਫੁਰਅਨ ੰਨਿਗਹ

ਕੀ ਕਲਗ਼ੀਆਂ ਵਾਲੇ ਦਾ ਪਤਾ ਨਹੀਂ ਲੱਗਦਾ। ਔਹ ਸਾਹਮਣੇ ਦੇਖ, ਔਹ ਸੁੱਤਾ ਪਿਆ ਹੀ ਨਾ ਦੌੜ, ਮਰ ਜਾਣਿਆਂ! ਦੌੜ! ਇਹ ਸਾਡਾ ਅਟੱਲ, ਅਮਰ, ਸੱਚ ਘਰ ਹੈ, ਸੱਚ ਵਤਨ ਹੈ। ਦੇਖੋ ਭਾਈ, ਸਾਡੇ ਦੀਨ ਦੁਨੀ ਦੇ ਵਾਲੀ ਇਥੇ ਰਹਿੰਦੇ ਹਨ। ਇਹ ਗੁਰੂ ਰਾਮਦਾਸ ਜੀ ਦੀ ਦੇਹ ਹੈ। ਇਹ ਹਰਿਮੰਦਰ ਸਾਡਾ ਜੀਵਨ, ਪ੍ਰਾਣ, ਧਰਤ, ਆਕਾਸ਼, ਹੱਡੀ, ਮਾਸ, ਰੁਧਰ ਹੈ; ਇਹ ਸਾਡਾ ਦਿਲ ਹੈ । ਇਹ ਸਾਡੇ ਲੋਕ ਪਰਲੋਕ ਦੀ ਫ਼ਤਹਿ ਹੈ। ਇਹ ਸਾਡਾ ਮਹਾਨ ਕੇਂਦਰ ਹੈ। ਇਹ ਸਾਡੇ ਰੱਬ ਦਾ ਘਰ ਹੈ। ਦਰਬਾਰ ਸਾਹਿਬ ਰੂਹ ਦਾ ਸਵਪਨ, ਸੱਚ ਤੇ ਸੱਚ-ਸਵਪਨ ਹੈ। ਦਰਬਾਰ ਸਾਹਿਬ ਠੀਕ ਸੱਚਖੰਡ ਦਾ ਟੁਕੜਾ ਹੈ, ਜਿਹੜਾ ਅਨੰਤ ਤੀਰੀ ਰਸ਼ਮੀਆਂ ਨਾਲ ਧੁਰ ਅਰਸ਼ਾਂ ਥੀਂ ਪੰਘੂੜੇ ਵਾਂਗ ਨਿਰੋਲ ਆਕਾਸ਼ ਵਿਚ ਝੁਲ ਰਿਹਾ ਹੈ। ਜੋ ਮੰਨ ਕੇ ਇਥੇ ਆਇਆ, ਉਹ ਜੀਵਨ ਮੁਕਤ ਹੈ, ਜੀਵਨ ਮੁਕਤੀ ਇਸ ਵਿਸ਼ਵਾਸ ਦਾ ਆਉਣਾ ਹੈ।

ਇਹ ਸਥਾਨ ਕਲਗ਼ੀਆਂ ਵਾਲੇ ਦੀ ਸੁਰਤਿ ਵਿਚ ਚਮਕ ਰਿਹਾ ਹੈ। ਸਾਰੀ ਕੁਦਰਤ ਦੇ ਮੁੱਲ ਵਿਚ ਅਸੀਂ ਇਸ ਦੀ ਇਕ ਸ਼ਿਲਾ ਨਹੀਂ ਦੇ ਸਕਦੇ। ਕਿੰਞ ਕੰਵਲ ਵੱਤ ਇਹ ਅਸਗਾਹ ਜਲ ਵਿਚ ਖੜਾ ਹੈ । ਇਹ ਸਾਡਾ ਨਾਮ ਮੰਤਰ ਹੈ ; ਇਹ ਸਾਡਾ ਧਿਆਨ ਹੈ।

ਇਕ ਇਕ ਸ਼ਿਲਾ ਵਿਚ ਇਲਾਹੀ ਜਿੰਦ ਧੜਕ ਰਹੀ ਹੈ। ਇਹ ਸ਼ਿਲਾ ਨਹੀਂ, ਸੰਗਮਰਮਰ ਨਹੀਂ, ਇਹ ਈਸ਼ਵਰੀ ਦਰਬਾਰ ਦੇ ਅੱਡ ਅੱਡ ਸਿੰਘਾਸਨ ਹਨ; ਜਿਥੇ ਰਸੀਏ, ਪਹੁੰਚੇ ਹੋਏ ਫ਼ਕੀਰ, ਪੀਰ-ਮੀਰ, ਸਰੀਰਾਂ ਨੂੰ ਧਿਆਨ ਲੀਨ ਕਰ ਬੈਠੇ ਹਨ। ਹੇ ਜਾਣ ਵਾਲੇ ਅਣਜਾਣ! ਹੇ ਵਹਿਸ਼ੀ! ਹੇ ਨੈਣ ਜੋਤਿ ਥੀਂ ਹੀਨ ਮਨੁੱਖ! ਭਾਵੇਂ ਤੂੰ ਕੋਈ ਹੋਵੋ, ਇਥੇ ਸਿਰ ਦੇ ਬਲ ਚੱਲ, ਇਹ ਪੀਰਾਂ ਪੈਗੰਬਰਾਂ ਦੇ ਅਦਬ ਦਾ ਸਥਾਨ ਹੈ । ਕੁੱਲ ਦੁਨੀਆ ਵਿਚ ਬਸ ਇਕ ਹੈ। ਬਾਲਕ ਰੂਪ ਹੋ ਨੱਸ, ਗੋਦ ਵਿਚ ਬੈਠ, ਇਥੇ ਜਾਗਦਾ ਬੰਦਾ ਬਣ ਕੇ ਆ, ਇਥੇ ਅਨੰਦ ਅਦਬ ਨਾਲ ਸਿਰ ਝੁਕਾ, ਮੱਥਾ ਟੇਕ, ਨਹੀਂ ਤਾਂ ਜਾਹ ਮਰ ਜਾਏਂਗਾ। ਓ ਪੁਜਾਰੀ! ਦੇਖ ਪੂਜਾ ਦੀ ਘੜੀ ਹੈ, ਦਿਲ ਵਿਚ ਅੰਦਰ ਦਾ ਪਹੁ-ਫੁਟਾਲਾ ਲੈ ਕੇ ਆ; ਰਾਤ ਕਿਉਂ ਲਈ ਆਉਦਾ ਏਂ? ਦਿਲ ਦੀ ਮਸ਼ਾਲ ਜਗਾ!