ਜਗਦੀ ਰਹਿਣੀ ਚਾਹੀਦੀ ਹੈ ‘ਮਸ਼ਾਲ ਦੀ ਸੋਚ’ ਵਾਲੀ ਮਸ਼ਾਲ

ਜਗਦੀ ਰਹਿਣੀ ਚਾਹੀਦੀ ਹੈ ‘ਮਸ਼ਾਲ ਦੀ ਸੋਚ’ ਵਾਲੀ ਮਸ਼ਾਲ

ਮਸ਼ਾਲ ਅਗਾਂਹਵਧੂ ਵਿਚਾਰਾਂ ਦਾ ਧਾਰਨੀ ਸੀ। ਉਹ ਤਰਕ ਨਾਲ ਸੋਚਦਾ ਅਤੇ ਦੇਸ਼ ਅੰਦਰ ਮਜ਼ਹਬ ਦੇ ਨਾਂ ਉੱਪਰ ਕਾਇਮ ਕੀਤੀਆਂ ਗਈਆਂ ਗ਼ਲਤ ਪ੍ਰਥਾਵਾਂ ਦਾ ਵਿਰੋਧ ਕਰਦਾ ਸੀ। ਅਜਿਹਾ ਸਾਡੀਆਂ ਉੱਚ ਵਿੱਦਿਅਕ ਸੰਸਥਾਵਾਂ ਵਿੱਚ ਬਹੁਤ ਘੱਟ ਵੇਖਣ ਨੂੰ ਮਿਲਦਾ ਹੈ ਕਿਉਂਕਿ ਉੱਥੇ ਤਾਂ ਪਿਛਾਂਹ-ਖਿੱਚੂ ਅਨਸਰ ਪਿਛਲੇ ਲੰਮੇ ਸਮੇਂ ਤੋਂ ਭਾਰੂ ਹਨ। ਪਾਕਿਸਤਾਨ ਦੀਆਂ ਸਰਕਾਰਾਂ ਨੇ ਕਈ ਦਹਾਕਿਆਂ ਤੋਂ ਧਾਰਮਿਕ ਅਤਿਵਾਦ ਨੂੰ ਹੁਲਾਰਾ ਦੇਣਾ ਜਾਰੀ ਰੱਖਿਆ ਹੋਣ ਕਾਰਨ ਹਿੰਸਾ ਤੇ ਅਸਹਿਣਸ਼ੀਲਤਾ ਦਾ ਸਭਿਆਚਾਰ ਪੈਦਾ ਹੋ ਚੁੱਕਾ ਹੈ ਜਿਸ ਕਾਰਨ ਤਰਕਸ਼ੀਲ ਸੋਚ ਦੇ ਧਾਰਨੀਆਂ ਲਈ ਜਗ੍ਹਾ ਲਗਾਤਾਰ ਸੁੰਗੜਦੀ ਜਾ ਰਹੀ ਹੈ।

ਜ਼ਾਹਿਦ ਹੁਸੈਨ

ਮਸ਼ਾਲ ਖ਼ਾਨ ਉਸ ਧਾਰਮਿਕ ਕੱਟੜਤਾ ਦਾ ਸ਼ਿਕਾਰ ਹੋਣ ਵਾਲਾ ਪਹਿਲਾ ਜਾਂ ਆਖ਼ਰੀ ਸ਼ਖ਼ਸ ਨਹੀਂ ਜਿਹੜੀ ਸਮਾਜ ਵਿੱਚ ਬਹੁਤ ਜ਼ਿਆਦਾ ਫੈਲੀ ਹੋਈ ਹੈ। ਅਬਦੁਲ ਵਲੀ ਖ਼ਾਨ ਯੂਨੀਵਰਸਿਟੀ ਮਰਦਾਨ ਦੇ ਵਿਦਿਆਰਥੀਆਂ ਨੇ ਉਸ ਦੀ ਬੇਰਹਿਮੀ ਨਾਲ ਹੱਤਿਆ ਕਰਕੇ ਇਹ ਦਰਸਾ ਦਿੱਤਾ ਹੈ ਕਿ ਮਜ਼ਹਬ ਦੇ ਨਾਂ ਉੱਪਰ ਬੇਅਕਲੇ ਹਜ਼ੂਮ ਨੂੰ ਕਿਸ ਹੱਦ ਤਕ ਭੜਕਾਇਆ ਜਾ ਸਕਦਾ ਹੈ। ਉਨ੍ਹਾਂ ਨੇ ਇਸ 13 ਅਪ੍ਰੈਲ ਨੂੰ ਮਸ਼ਾਲ ਖ਼ਾਨ ਦੇ ਸਰੀਰ ਨੂੰ ਗੋਲੀਆਂ ਮਾਰ ਕੇ ਛਣਨੀ ਕੀਤਾ ਅਤੇ ਉਸ ਦੀ ਮ੍ਰਿਤਕ ਦੇਹ ਨੂੰ ਮਧੋਲਿਆ, ਉਨ੍ਹਾਂ ਵਿੱਚੋਂ ਜ਼ਿਆਦਾਤਰ ਉਸ ਦੇ ਸਾਥੀ ਵਿਦਿਆਰਥੀ ਸਨ। ਘਟਨਾ ਸਮੇਂ ਪੁਲੀਸ ਖੜ੍ਹੀ ਸਾਰਾ ਵਰਤਾਰਾ ਵਾਪਰਦਿਆਂ ਵੇਖ ਰਹੀ ਸੀ, ਪਰ ਹਰਕਤ ਵਿੱਚ ਨਹੀਂ ਆਈ। ਇਹ ਘਟਨਾ ਯੂਨੀਵਰਸਿਟੀ ਦੇ ਹੋਸਟਲ ਵਿੱਚ ਵਾਪਰੀ। ਮਸ਼ਾਲ ਨੂੰ ਨਿਰਵਸਤਰ ਕਰਨ, ਬੁਰੀ ਤਰ੍ਹਾਂ ਕੁੱਟਣ, ਮ੍ਰਿਤਕ ਦੇਹ ਨੂੰ ਮਧੋਲਣ ਬਾਅਦ ਹੋਸਟਲ ਦੀ ਦੂਜੀ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ ਗਿਆ ਸੀ। 23 ਵਰ੍ਹਿਆਂ ਦਾ ਮਸ਼ਾਲ ਪੱਤਰਕਾਰਿਤਾ ਦਾ ਵਿਦਿਆਰਥੀ ਸੀ।
ਸਭ ਤੋਂ ਘਿਨਾਉਣਾ ਰੋਲ ਯੂਨੀਵਰਸਿਟੀ ਦੇ ਉਨ੍ਹਾਂ ਕੁਝ ਫੈਕਲਟੀ ਮੈਂਬਰਾਂ ਤੇ ਮੁਲਾਜ਼ਮਾਂ ਦਾ ਸੀ, ਜਿਨ੍ਹਾਂ ਨੇ ਕੁਫ਼ਰ-ਵਿਰੋਧੀ ਕਾਨੂੰਨ ਦੀ ਉਲੰਘਣਾ ਦੇ ਦੋਸ਼ ਲਾ ਕੇ ਵਿਦਿਆਰਥੀਆਂ ਨੂੰ ਹਿੰਸਾ ਲਈ ਭੜਕਾਇਆ। ਇਹ ਵੀ ਵਿਡੰਬਨਾ ਹੈ ਕਿ ਇਹ ਘਟਨਾ ਉਸ ਜਗ੍ਹਾ ਵਾਪਰੀ ਜਿੱਥੇ ਉੱਚ ਸਿੱਖਿਆ ਦਿੱਤੀ ਜਾਂਦੀ ਹੈ ਅਤੇ ਇਸ ਘਿਨਾਉਣੇ ਕਾਰੇ ਵਿੱਚ ਸ਼ਾਮਲ ਲੋਕ ਵੀ ਪੜ੍ਹੇ-ਲਿਖੇ ਸਨ। ਇਸ ਕਿਸਮ ਦੀ ਮੱਧਯੁਗੀ ਬਰਬਰਤਾ ਦੀ ਕੋਈ ਹੋਰ ਮਿਸਾਲ ਉਸ ਦੇਸ਼ ਵਿੱਚ ਵੀ ਨਹੀਂ ਮਿਲਦੀ, ਜਿੱਥੇ ਮਨੁੱਖੀ ਜੀਵਨ ਦੀ ਕੋਈ ਕਦਰ ਨਹੀਂ ਹੈ।
ਇਸ ਹੱਤਿਆ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਇਸ ਦਾ ਮੰਤਵ ਉਸ ਹੋਣਹਾਰ ਵਿਦਿਆਰਥੀ ਨੂੰ ਹਮੇਸ਼ਾਂ ਲਈ ਖ਼ਾਮੋਸ਼ ਕਰ ਦੇਣਾ ਸੀ ਜਿਸ ਨੇ ਯੂਨੀਵਰਸਿਟੀ ਅਤੇ ਦੇਸ਼ ਦੀਆਂ ਗ਼ਲਤ ਤੇ ਭੈੜੀਆਂ ਪ੍ਰਥਾਵਾਂ ਉੱਪਰ ਸਵਾਲ ਉਠਾਉਂਦਿਆਂ ਆਪਣੇ ਵਿਚਾਰ ਖੁੱਲ੍ਹ ਕੇ ਪ੍ਰਗਟਾਏ ਸਨ। ਇਸ ਪ੍ਰਗਟਾਵੇ ਨੇ ਯੂਨੀਵਰਸਿਟੀ ਮੈਨੇਜਮੈਂਟ ਦੇ ਕੁਝ ਮੁਲਾਜ਼ਮਾਂ ਦਾ ਗੁੱਸਾ ਭੜਕਾ ਦਿੱਤਾ ਤੇ ਉਨ੍ਹਾਂ ਨੇ ਮੂੰਹਫੱਟਤਾ ਦਾ ਮੁਜ਼ਾਹਰਾ ਕਰਨ ਵਾਲੇ ਮਸ਼ਾਲ ਨੂੰ ਸਬਕ ਸਿਖਾਉਣ ਦਾ ਫ਼ੈਸਲਾ ਲੈ ਲਿਆ। ਮਸ਼ਾਲ ਉੱਪਰ ਕੁਫ਼ਰ-ਵਿਰੋਧੀ ਕਾਨੂੰਨ ਦੀ ਉਲੰਘਣਾ ਕਰਦਿਆਂ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਮੜ੍ਹੇ ਗਏ।
ਕੱਟੜ ਲੋਕ ਭਾਵੇਂ ਕਿੰਨੇ ਵੀ ਪੜ੍ਹੇ,-ਲਿਖੇ ਹੋਣ, ਮਜ਼ਹਬ ਦੇ ਨਾਂ ਉੱਪਰ ਮਰਨ-ਮਾਰਨ ਲਈ ਉਤਾਰੂ ਹੋ ਜਾਂਦੇ ਹਨ। ਉਨ੍ਹਾਂ ਨੂੰ ਭੀੜ ਜੁਟਾਉਣ ਲਈ ਸਮਾਂ ਨਹੀਂ ਲੱਗਦਾ। ਭੀੜ ਵਿੱਚ ਸ਼ਾਮਲ ਜ਼ਿਆਦਾਤਰ ਲੋਕ ਉਨੇ ਮਜ਼ਹਬ ਤੋਂ ਪ੍ਰੇਰਿਤ ਨਹੀਂ ਹੁੰਦੇ ਜਿੰਨੇ ਕਮਅਕਲੇ ਹੁੰਦੇ ਹਨ। ਇਸ ਪੂਰੇ ਕਾਰੇ ਦੀ ਧੁੰਦਲੀ ਜਿਹੀ ਵੀਡੀਓ ਦੇਖਣ ਮਗਰੋਂ ਉਨ੍ਹਾਂ ਦੇ ਮਨੁੱਖ ਹੋਣ ‘ਤੇ ਵੀ ਹੈਰਾਨੀ ਹੁੰਦੀ ਹੈ।
ਇਸ ਘਟਨਾ ਦਾ ਇੱਕ ਹੋਰ ਦੁਖਦਾਈ ਪੱਖ ਇਹ ਹੈ ਕਿ ਇਸ ਘਿਨਾਉਣੀ ਹੱਤਿਆ ਵਿੱਚ ਕੁਝ ਸਿਆਸੀ ਪਾਰਟੀਆਂ ਦੇ ਮੈਂਬਰ ਵੀ ਸ਼ਾਮਲ ਸਨ। ਇਨ੍ਹਾਂ ਵਿੱਚ ਚੁਣਿਆ ਹੋਇਆ ਇੱਕ ਜ਼ਿਲ੍ਹਾ ਕੌਂਸਲਰ ਵੀ ਸੀ। ਇੱਕ ਵੀਡੀਓ ਵਿੱਚ ਹੱਤਿਆਰਿਆਂ ਨੂੰ ਘਟਨਾ ਬਾਅਦ ਜਸ਼ਨ ਮਨਾਉਂਦੇ ਦਿਖਾਇਆ ਗਿਆ। ਅਜਿਹਾ ਕੀਤਾ ਜਾਣਾ ਹੱਤਿਆ ਦੀ ਸਾਜ਼ਿਸ਼ ਰਚੇ ਜਾਣ ਬਾਰੇ ਕਈ ਸਵਾਲ ਉਠਾਉਂਦਾ ਹੈ। ਸਿਆਸੀ ਪਾਰਟੀਆਂ ਦੇ ਮੈਂਬਰਾਂ ਦਾ ਇਸ ਹੱਤਿਆ ਵਿੱਚ ਸ਼ਾਮਲ ਹੋਣਾ, ਘਟਨਾ ਨੂੰ ਨਵਾਂ ਮੋੜ ਦਿੰਦਾ ਹੈ। ਸਾਫ਼ ਨਜ਼ਰ ਆ ਰਿਹਾ ਹੈ ਕਿ ਹੱਤਿਆ ਦੇ ਅਸਲ ਕਾਰਨਾਂ ਨੂੰ ਲੁਕਾਉਣ ਲਈ ਕੁਫ਼ਰ-ਵਿਰੋਧੀ ਕਾਨੂੰਨ ਦੀ ਉਲੰਘਣਾ ਦੇ ਦੋਸ਼ ਮਸ਼ਾਲ ਉੱਪਰ ਮੜ੍ਹੇ ਗਏ ਹਨ।
ਮਸ਼ਾਲ ਅਗਾਂਹਵਧੂ ਵਿਚਾਰਾਂ ਦਾ ਧਾਰਨੀ ਸੀ। ਉਹ ਤਰਕ ਨਾਲ ਸੋਚਦਾ ਅਤੇ ਦੇਸ਼ ਅੰਦਰ ਮਜ਼ਹਬ ਦੇ ਨਾਂ ਉੱਪਰ ਕਾਇਮ ਕੀਤੀਆਂ ਗਈਆਂ ਗ਼ਲਤ ਪ੍ਰਥਾਵਾਂ ਦਾ ਵਿਰੋਧ ਕਰਦਾ ਸੀ। ਅਜਿਹਾ ਸਾਡੀਆਂ ਉੱਚ ਵਿੱਦਿਅਕ ਸੰਸਥਾਵਾਂ ਵਿੱਚ ਬਹੁਤ ਘੱਟ ਵੇਖਣ ਨੂੰ ਮਿਲਦਾ ਹੈ ਕਿਉਂਕਿ ਉੱਥੇ ਤਾਂ ਪਿਛਾਂਹ-ਖਿੱਚੂ ਅਨਸਰ ਪਿਛਲੇ ਲੰਮੇ ਸਮੇਂ ਤੋਂ ਭਾਰੂ ਹਨ। ਪਾਕਿਸਤਾਨ ਦੀਆਂ ਸਰਕਾਰਾਂ ਨੇ ਕਈ ਦਹਾਕਿਆਂ ਤੋਂ ਧਾਰਮਿਕ ਅਤਿਵਾਦ ਨੂੰ ਹੁਲਾਰਾ ਦੇਣਾ ਜਾਰੀ ਰੱਖਿਆ ਹੋਣ ਕਾਰਨ ਹਿੰਸਾ ਤੇ ਅਸਹਿਣਸ਼ੀਲਤਾ ਦਾ ਸਭਿਆਚਾਰ ਪੈਦਾ ਹੋ ਚੁੱਕਾ ਹੈ ਜਿਸ ਕਾਰਨ ਤਰਕਸ਼ੀਲ ਸੋਚ ਦੇ ਧਾਰਨੀਆਂ ਲਈ ਜਗ੍ਹਾ ਲਗਾਤਾਰ ਸੁੰਗੜਦੀ ਜਾ ਰਹੀ ਹੈ।
ਪਿਛਲੇ ਕੁਝ ਹਫ਼ਤਿਆਂ ਤੋਂ ਇਹ ਨਜ਼ਰ ਆ ਰਿਹਾ ਹੈ ਕਿ ਸਰਕਾਰ, ਨਿਆਂਪਾਲਿਕਾ ਤੇ ਮੀਡੀਆ ਦੇ ਇੱਕ ਹਿੱਸੇ ਨੇ ਸੋਸ਼ਲ ਮੀਡੀਆ ਉੱਪਰ ਕੁਫ਼ਰ-ਵਿਰੋਧੀ ਕਾਨੂੰਨ ਦੀਆਂ ਉਲੰਘਣਾਵਾਂ ਨੂੰ ਲੈ ਕੇ ਲੋਕਾਂ ਦੀਆਂ ਭਾਵਨਾਵਾਂ ਭੜਕਾਉਣ ਦੀ ਗਿਣ-ਮਿਥ ਕੇ ਮੁਹਿੰਮ ਵਿੱਢੀ ਹੋਈ ਹੈ। ਅਗਾਂਹਵਧੂ ਵਿਚਾਰਾਂ ਵਾਲੇ ਬਲੌਗਰਾਂ ਦਾ ਕੁਫ਼ਰ-ਵਿਰੋਧੀ ਕਾਨੂੰਨ ਦੀਆਂ ਉਲੰਘਣਾਵਾਂ ਵਿੱਚ ਸ਼ਾਮਲ ਹੋਣ ਦੇ ਸਬੂਤਾਂ ਬਗ਼ੈਰ ਪਿੱਛਾ ਕੀਤਾ ਜਾਂਦਾ ਹੈ ਅਤੇ ਹਿਰਾਸਤ ਵਿੱਚ ਲੈ ਲਿਆ ਜਾਂਦਾ ਹੈ। ਅਜਿਹਾ ਕਰਕੇ ਸਮਾਜ ਦੇ ਕੱਟੜਵਾਦੀ ਵਰਗ ਦੇ ਹੱਥ ਹੋਰ ਮਜ਼ਬੂਤ ਕੀਤੇ ਜਾ ਰਹੇ ਹਨ। ਜਿਹੜਾ ਵੀ ਧਰਮ ਦੀ ਲੀਕ ਤੋਂ ਹਟ ਕੇ ਵਿਆਖਿਆ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਸ ਉੱਪਰ ਕੱਟੜ ਮੁਲਾਣੇ ਸਵਾਲ ਉਠਾਉਣ ਲੱਗਦੇ ਹਨ।
ਇੱਥੋਂ ਤਕ ਕਿ ਹਿੰਦੂਆਂ ਵੱਲੋਂ ਦੀਵਾਲੀ ਮਨਾਉਣ ਮੌਕੇ ਜਾਰੀ ਕੀਤੇ ਗਏ ਇੱਕ ਸੰਦੇਸ਼ ਬਦਲੇ ਵੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਉੱਪਰ ਕੁਫ਼ਰ ਤੋਲਣ ਦੀਆਂ ਟਿੱਪਣੀਆਂ ਕੀਤੀਆਂ ਗਈਆਂ ਅਤੇ ਉਨ੍ਹਾਂ ਨੂੰ ਵੀ ਬਖ਼ਸ਼ਿਆ ਨਹੀਂ ਗਿਆ। ਅਜਿਹਾ ਕੱਟੜ ਮੁਲਾਣੇ ਹੀ ਨਹੀਂ ਕਰ ਰਹੇ, ਕੁਝ ਅਖੌਤੀ ਟੀਵੀ ਕੁਮੈਂਟੇਟਰ ਵੀ ਇਸ ਮੁਹਿੰਮ ਦਾ ਹਿੱਸਾ ਬਣੇ ਹੋਏ ਹਨ। ਇਨ੍ਹਾਂ ਵਿੱਚ ਹਵਾਈ ਸੈਨਾ ਦਾ ਸੇਵਾਮੁਕਤ ਸੀਨੀਅਰ ਅਧਿਕਾਰੀ, ਜੋ ਚੈਨਲਾਂ ‘ਤੇ ਰੱਖਿਆ ਮਾਹਰ ਵਜੋਂ ਵਿਚਰਦਾ ਹੈ, ਵੀ ਸ਼ਾਮਲ ਹੈ। ਅਜਿਹੇ ਮਾਹੌਲ ਨੇ ਮੱਧ ਯੁੱਗ ਦੌਰਾਨ ਯੂਰੋਪ ਵਿੱਚ ਵਾਪਰਦੀਆਂ ਅਜਿਹੀਆਂ ਘਟਨਾਵਾਂ ਨੂੰ ਯਾਦ ਕਰਾ ਦਿੱਤਾ ਹੈ ਜਦੋਂ ਕੁਫ਼ਰ ਤੋਲਣ ਦਾ ਦੋਸ਼ ਲਾ ਕੇ ਲੋਕਾਂ ਨੂੰ ਸਲੀਬਾਂ ਨਾਲ ਬੰਨ੍ਹ ਕੇ ਅੱਗ ਲਾ ਦਿੱਤੀ ਜਾਂਦੀ ਸੀ।
ਲਹਿੰਦੇ ਪੰਜਾਬ ਦੇ ਸਾਬਕਾ ਗਵਰਨਰ ਸਲਮਾਨ ਤਾਸੀਰ ਦੀ ਹੱਤਿਆ ਕਰਨ ਵਾਲੇ ਮੁਮਤਾਜ ਕਾਦਰੀ ਦੀ ਇਸਲਾਮਾਬਾਦ ਦੇ ਬਾਹਰਵਾਰ ਬਣਾਈ ਯਾਦਗਾਰ ਨੂੰ ਇੱਕ ਉਦਾਹਰਣ ਵਜੋਂ ਵੇਖਿਆ ਜਾ ਸਕਦਾ ਹੈ। ਉਸ ਨੂੰ ਸ਼ਹੀਦ ਦਾ ਰੁਤਬਾ ਦਿੱਤਾ ਗਿਆ ਤੇ ਹਜ਼ਾਰਾਂ ਸ਼ਰਧਾਲੂ ਸਿਜਦਾ ਕਰਨ ਆਉਂਦੇ ਹਨ ਜਿਨ੍ਹਾਂ ਵਿੱਚ ਸਾਬਕਾ ਜੱਜ ਤੇ ਸਿਆਸਤਦਾਨ ਵੀ ਸ਼ਾਮਲ ਹਨ। ਪ੍ਰਸ਼ਾਸਨ ਬੇਵੱਸ ਨਜ਼ਰ ਆ ਰਿਹਾ ਹੈ। ਸਰਕਾਰਾਂ ਦੀ ਇਹ ਕਮਜ਼ੋਰੀ ਮਰਦਾਨ ਘਟਨਾ ਵਰਗੀਆਂ ਕਈ ਘਟਨਾਵਾਂ ਵਾਪਰਨ ਦਾ ਵੱਡਾ ਕਾਰਨ ਬਣ ਰਹੀ ਹੈ।
ਬਿਨਾਂ ਸ਼ੱਕ ਮਸ਼ਾਲ ਦੇ ਬਹੁਤੇ ਹਤਿਆਰੇ ਗ੍ਰਿਫ਼ਤਾਰ ਕੀਤੇ ਜਾਣਗੇ ਤੇ ਉਨ੍ਹਾਂ ਉੱਪਰ ਮੁਕੱਦਮਾ ਚਲਾਏ ਜਾਣ ਦੀ ਵੀ ਸੰਭਾਵਨਾ ਹੈ। ਪਰ ਇਹ ਗੱਲ ਕੇਵਲ ਇੱਕ ਘਟਨਾ ਬਾਰੇ ਨਹੀਂ ਬਲਕਿ ਕੁਫ਼ਰ-ਵਿਰੋਧੀ ਕਾਨੂੰਨ ਦੀ ਉਲੰਘਣਾ ਦੇ ਦੋਸ਼ ਹੇਠ ਹੋ ਰਹੀਆਂ ਹੱਤਿਆਵਾਂ ਨੂੰ ਜਾਇਜ਼ ਠਹਿਰਾਉਣ ਸਬੰਧੀ ਹੈ। ਲੋਕ ਰੋਹ ਦੇ ਬਾਵਜੂਦ ਬਹੁਤੇ ਮੁਲਾਣੇ ਤੇ ਇਸਲਾਮੀ ਪਾਰਟੀਆਂ ਦੇ ਮੈਂਬਰ ਪਿਛਲੇ ਹਫ਼ਤੇ ਵਾਪਰੀ ਇਸ ਘਟਨਾ ਨੂੰ ਨਿੰਦਣਗੇ ਨਹੀਂ। ਮੀਡੀਆ ਵੱਲੋਂ ਮਰਦਾਨ ਯੂਨੀਵਰਸਿਟੀ ਘਟਨਾ ਨੂੰ ਉਭਾਰੇ ਜਾਣ ਬਾਅਦ ਕੁਝ ਮੁੱਖ ਧਾਰਾ ਵਾਲੀਆਂ ਸਿਆਸੀ ਪਾਰਟੀਆਂ ਨੇ ਇਸ ਘਿਨਾਉਣੇ ਕਾਰੇ ਖ਼ਿਲਾਫ਼ ਆਵਾਜ਼ ਉਠਾਈ ਹੈ ਹਾਲਾਂਕਿ ਪਹਿਲਾਂ ਉਹ ਖ਼ਾਮੋਸ਼ ਸਨ। ਇਸ ਹੱਤਿਆ ਕਾਰਨ ਦੇਸ਼ ਅੰਦਰ ਰੋਸ ਦੀ ਲਹਿਰ ਹੈ, ਪਰ ਅਤੀਤ ਵੱਲ ਵੇਖਿਆਂ ਲੱਗਦਾ ਹੈ ਕਿ ਲੋਕ ਇਸ ਘਟਨਾ ਨੂੰ ਵੀ ਸਮਾਂ ਬੀਤਣ ਨਾਲ ਭੁੱਲ ਜਾਣਗੇ। ਦਹਿਸ਼ਤੀ ਕਾਰੇ ਨੂੰ ਸਿਰਫ਼ ਨਿੰਦਣ ਨਾਲ ਕੁਝ ਨਹੀਂ ਬਣਨਾ, ਦੇਸ਼ ਅੰਦਰ ਵਧ ਰਹੇ ਧਾਰਮਿਕ ਅਤਿਵਾਦ ਨੂੰ ਰੋਕਣ ਲਈ ਠੋਸ ਕਦਮ ਚੁੱਕਣ ਦੀ ਲੋੜ ਹੈ।
ਤਾਜ਼ਾ ਤ੍ਰਾਸਦੀ ਨੇ ਸਿਆਸੀ ਲੀਡਰਸ਼ਿਪ ਨੂੰ ਮੌਕਾ ਦਿੱਤਾ ਹੈ ਕਿ ਉਹ ਕੁਫ਼ਰ-ਵਿਰੋਧੀ ਕਾਨੂੰਨ ਨੂੰ ਸੋਧਣ ਲਈ ਕਦਮ ਉਠਾਏ ਤਾਂ ਜੋ ਇਸ ਦੀ ਦੁਰਵਰਤੋਂ ਕਰਕੇ ਮਰਦਾਨ ਵਰਗੀ ਘਟਨਾ ਨੂੰ ਫਿਰ ਨਾ ਦੁਹਰਾਇਆ ਜਾ ਸਕੇ। ਲੋਕਾਂ ਦੀ ਸਹਿਮਤੀ ਬਣਾ ਕੇ ਕੁਝ ਦਲੇਰਾਨਾ ਕਦਮ ਚੁੱਕਣ ਦੀ ਲੋੜ ਹੈ। ਮਸ਼ਾਲ ਨੂੰ ਹਮੇਸ਼ਾਂ ਲਈ ਖ਼ਾਮੋਸ਼ ਕਰਕੇ ਅਤਿਵਾਦੀਆਂ ਨੇ ਆਪਣਾ ਸਪਸ਼ਟ ਸੰਦੇਸ਼ ਦੇ ਦਿੱਤਾ ਹੈ। ਕੀ ਹੁਣ ਸਿਆਸੀ ਲੀਡਰਸ਼ਿਪ ਇਸ ਦਾ ਮੋੜਵਾਂ ਜਵਾਬ ਦੇਣ ਲਈ ਹੌਸਲਾ ਜੁਟਾ ਪਾਏਗੀ, ਇਸ ਉੱਪਰ ਲੋਕਾਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ।
(ਲੇਖਕ ਉੱਘਾ ਪਾਕਿਸਤਾਨੀ ਕਾਲਮਨਵੀਸ ਤੇ ਨਿਬੰਧਕਾਰ ਹੈ)