ਫੁੱਟਬਾਲ ਕੱਪ : ਫਰਾਂਸ ਤੇ ਬੈਲਜੀਅਮ ਸੈਮੀਫਾਈਨਲ ‘ਚ ਪਹੁੰਚੇ

ਫੁੱਟਬਾਲ ਕੱਪ : ਫਰਾਂਸ ਤੇ ਬੈਲਜੀਅਮ ਸੈਮੀਫਾਈਨਲ ‘ਚ ਪਹੁੰਚੇ

ਨਿਜ਼ਨੀ ਨੋਵਗੋਰੋਦ(ਰੂਸ)/ਬਿਊਰੋ ਨਿਊਜ਼ :

ਰਾਫ਼ੇਲ ਵਰਾਨ ਤੇ ਐਂਟਨੀ ਗ੍ਰੀਜ਼ਮੈਨ ਦੇ ਗੋਲਾਂ ਤੇ ਗੋਲਕੀਪਰ ਹਿਊਗੋ ਲੋਰਿਸ ਦੇ ਬਿਹਤਰੀਨ ਪ੍ਰਦਰਸ਼ਨ ਦੇ ਦਮ ‘ਤੇ ਫਰਾਂਸ ਇਥੇ ਯੁਰੂਗੁਏ ਨੂੰ 2-0 ਨਾਲ ਹਰਾ ਕੇ ਸ਼ਾਨ ਨਾਲ ਵਿਸ਼ਵ ਕੱਪ 2018 ਦੇ ਸੈਮੀ ਫਾਈਨਲ ਵਿੱਚ ਦਾਖ਼ਲ ਹੋ ਗਿਆ। ਵਰਾਨ ਨੇ 40ਵੇਂ ਮਿੰਟ ਵਿੱਚ ਗੋਲ ਕਰਕੇ ਫਰਾਂਸ ਨੂੰ ਹਾਫ਼ ਟਾਈਮ ਤਕ 1-0 ਨਾਲ ਅੱਗੇ ਰੱਖਿਆ ਜਦੋਂਕਿ ਗ੍ਰੀਜ਼ਮੈਨ ਨੇ 61ਵੇਂ ਮਿੰਟ ਵਿੱਚ ਇਸ ਲੀਡ ਨੂੰ ਦੁੱਗਣੀ ਕਰ ਦਿੱਤਾ।
ਯੁਰੂਗੁਏ ਨੇ ਹਾਲਾਂਕਿ ਇਸ ਮੈਚ ਤੋਂ ਪਹਿਲਾਂ ਕਾਫ਼ੀ ਪ੍ਰਭਾਵਸ਼ਾਲੀ ਖੇਡ ਦਾ ਮੁਜ਼ਾਹਰਾ ਕਰਦਿਆਂ ਆਪਣੇ ਸਾਰੇ ਮੈਚ ਜਿੱਤੇ, ਪਰ ਫਰਾਂਸ ਦੀ ਮਜ਼ਬੂਤ ਰੱਖਿਆ ਲਾਈਨ ਤੇ ਦਮਦਾਰ ਹਮਲੇ ਦੇ ਸਾਹਮਣੇ ਉਹਦੀ ਕਮਜ਼ੋਰੀ ਖੁੱਲ੍ਹ ਕੇ ਸਾਹਮਣੇ ਆ ਗਈ। ਡਿਡਿਅਰ ਡਿਸਚੈਂਪਸ ਦੀ ਟੀਮ ਨੇ ਅਸਲ ਵਿੱਚ ਉਮਦਾ ਪ੍ਰਦਰਸ਼ਨ ਕੀਤਾ ਜਦੋਂਕਿ ਯੁਰੂਗੁਏ ਨੂੰ ਐਡਿਨਸਨ ਕੁਆਨੀ ਦੀ ਘਾਟ ਰੜਕੀ ਰਹੀ, ਜੋ ਸੱਟ ਲੱਗਣ ਕਰਕੇ ਇਸ ਮੈਚ ਵਿੱਚੋਂ ਗ਼ੈਰਹਾਜ਼ਰ ਰਿਹਾ।
ਦੂਜਾ ਮੁਕਾਬਲਾ ਬੈਲਜੀਅਮ ਦੀ ਟੀਮ ਨੇ ਬ੍ਰਾਜ਼ੀਲ ਕੋਲੋਂ ਜਿੱਤ ਲਿਆ। ਬ੍ਰਾਜ਼ੀਲ ਦੀ ਟੀਮ ਨੇ ਜ਼ਿਆਦਾ ਕਰੀਬੀ ਮੌਕੇ ਬਣਾਏ ਪਰ ਇਹ ਉਸ ਦੀ ਬਦਕਿਸਮਤੀ ਹੀ ਸੀ ਕਿ ਉਹ ਕੇਵਲ ਇਕ ਹੀ ਗੋਲ ਕਰ ਸਕੀ। ਬੈਲਜੀਅਮ ਆਪਣੇ ਇਤਿਹਾਸ ਵਿਚ ਦੂਜੀ ਵਾਰ ਸੈਮੀਫਾਈਨਲ ਵਿਚ ਪਹੁੰਚੀ ਹੈ। ਇਸ ਤੋਂ ਪਹਿਲਾਂ ਉਸ ਨੇ 1986 ਵਿਚ ਮੈਕਸੀਕੋ ਵਿਚ ਹੋਏ ਵਿਸ਼ਵ ਕੱਪ ਵਿਚ ਸੈਮੀਫਾਈਨਲ ਵਿਚ ਜਗ੍ਹਾ ਬਣਾਈ ਸੀ ਜਿੱਥੇ ਉਸ ਨੂੰ ਅਰਜਨਟੀਨਾ ਕੋਲੋਂ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਬੈਲਜੀਅਮ ਨੇ ਪਿਛਲੇ 16 ਸਾਲਾਂ ਵਿਚ ਫੀਫਾ ਵਿਸ਼ਵ ਕੱਪ ਵਿਚ ਦਰਜਾਬੰਦੀ ਵਿਚ ਚੋਟੀ ਦੀਆਂ ਪਹਿਲੀਆਂ ਤਿੰਨ ਟੀਮਾਂ ਨੂੰ ਨਹੀਂ ਹਰਾਇਆ ਸੀ ਪਰ ਇਸ ਵਾਰ ਉਸ ਨੇ ਵਿਸ਼ਵ ਦੀ ਦੂਜੇ ਨੰਬਰ ਦੀ ਟੀਮ ਨੂੰ ਹਰਾ ਕੇ ਇਹ ਕਾਰਨਾਮਾ ਕਰ ਦਿੱਤਾ। ਪਹਿਲੇ ਅੱਧ ਵਿਚ ਬੈਲਜੀਅਮ ਦੀ ਟੀਮ ਨੇ 2-0 ਨਾਲ ਬੜ੍ਹਤ ਬਣਾਈ। ਬੈਲਜੀਅਮ ਲਈ ਪਹਿਲਾ ਗੋਲ ਬ੍ਰਾਜ਼ੀਲ ਦੇ ਹੀ ਖਿਡਾਰੀ ਫਰਨਾਡੀਨਿਓ ਨੇ ਹੀ ਕਰ ਲਿਆ। ਅਸਲ ਵਿਚ ਬੈਲਜੀਅਮ ਨੂੰ ਮਿਲੇ ਕਾਰਨਰ ਦੌਰਾਨ ਲੱਗੀ ਸ਼ਾਟ ਫਰਨਾਡੀਨਿਓ ਨਾਲ ਟਕਰਾ ਕੇ ਗੋਲਪੋਸਟ ਵਿਚ ਚਲੀ ਗਈ। ਇਸ ਤੋਂ ਬਾਅਦ 31ਵੇਂ ਮਿੰਟ ਵਿਚ ਕੇਵਿਨ ਡੀ ਬਰੂਇਨ ਨੇ ਲੁਕਾਕੂ ਕੋਲੋਂ ਮਿਲੇ ਸ਼ਾਨਦਾਰ ਪਾਸ ਦੀ ਬਦੌਲਤ ਟੀਮ ਲਈ ਦੂਸਰਾ ਗੋਲ ਕੀਤਾ ਅਤੇ ਟੀਮ ਨੂੰ 2-0 ਨਾਲ ਅੱਗੇ ਕਰ ਦਿੱਤਾ। ਬ੍ਰਾਜ਼ੀਲ ਦੀ ਟੀਮ ਨੇ ਲਗਾਤਾਰ ਦਬਾਅ ਬਣਾਉਂਦੇ ਹੋਏ ਗੋਲ ਕਰਨ ਦੇ ਕਾਫੀ ਮੌਕੇ ਬਣਾਏ ਪਰ ਉਹ ਕਾਮਯਾਬ ਨਹੀਂ ਹੋ ਸਕੀ। ਬ੍ਰਾਜ਼ੀਲ ਲਈ ਇਕਮਾਤਰ ਗੋਲ ਰੇਨਾਟੋ ਆਗਸਟੋ ਨੇ 76ਵੇਂ ਮਿੰਟ ਵਿਚ ਕੀਤਾ। ਇਸ ਮੈਚ ਤੋਂ ਪਹਿਲਾਂ ਨੇਮਾਰ ਤੋਂ ਕਾਫੀ ਉਮੀਦ ਕੀਤੀ ਜਾ ਰਹੀ ਸੀ ਪਰ ਉਹ ਉਸ ਮੈਚ ਵਿਚ ਕੁਝ ਖਾਸ ਨਹੀਂ ਕਰ ਸਕੇ।