ਸਰਦਾਰ ਸਿੰਘ ਨੂੰ ਖੇਲ ਰਤਨ, ਹਰਮਨਪ੍ਰੀਤ ਕੌਰ ਨੂੰ ਅਰਜੁਨ ਐਵਾਰਡ ਦੀ ਸਿਫ਼ਾਰਸ਼
ਨਵੀਂ ਦਿੱਲੀ/ਬਿਊਰੋ ਨਿਊਜ਼ :
ਸਾਬਕਾ ਜਸਟਿਸ ਸੀ.ਕੇ.ਠੱਕਰ ਦੀ ਅਗਵਾਈ ਵਾਲੀ ਚੋਣ ਕਮੇਟੀ ਨੇ ਮੁਲਕ ਦੇ ਸਭ ਤੋਂ ਵੱਡੇ ਖੇਡ ਸਨਮਾਨ ‘ਰਾਜੀਵ ਗਾਂਧੀ ਖੇਲ ਰਤਨ’ ਲਈ ਦੋ ਖਿਡਾਰੀਆਂ ਪੈਰਾਲੰਪੀਅਨ ਦੇਵੇਂਦਰ ਝਾਜੜੀਆ ਤੇ ਹਾਕੀ ਖਿਡਾਰੀ ਸਰਦਾਰ ਸਿੰਘ ਦੇ ਨਾਂ ਦੀ ਸਿਫਾਰਿਸ਼ ਕੀਤੀ ਹੈ। ਝਾਜੜੀਆ ਦਾ ਨਾਂ ਪਹਿਲੀ ਤਰਜੀਹ ਜਦਕਿ ਸਰਦਾਰ ਦਾ ਨਾਂ ਦੂਜੀ ਤਰਜੀਹ ਵਜੋਂ ਭੇਜਿਆ ਗਿਆ ਹੈ।
ਅਰਜੁਨ ਐਵਾਰਡ ਲਈ ਕੀਤੀ ਸਿਫ਼ਾਰਿਸ਼ ਵਿੱਚ ਪੰਜਾਬ ਦੇ ਮੋਗਾ ਜ਼ਿਲ੍ਹੇ ਨਾਲ ਸਬੰਧਤ ਕ੍ਰਿਕਟ ਖਿਡਾਰਨ ਹਰਮਨਪ੍ਰੀਤ ਕੌਰ, ਕ੍ਰਿਕਟਰ ਚੇਤੇਸ਼ਵਰ ਪੁਜਾਰਾ, ਕਬੱਡੀ ਖਿਡਾਰੀ ਜਸਵੀਰ ਸਿੰਘ, ਅਥਲੀਟ ਖੁਸ਼ਬੀਰ ਕੌਰ, ਮੁੱਕੇਬਾਜ਼ ਐਲ.ਦੇਵੇਂਦਰੋ ਸਿੰਘ, ਹਾਕੀ ਖਿਡਾਰੀ ਐਸ.ਵੀ. ਸੁਨੀਲ ਸਮੇਤ ਕੁੱਲ 17 ਖਿਡਾਰੀਆਂ ਦੇ ਨਾਮ ਖੇਡ ਮੰਤਰਾਲੇ ਨੂੰ ਭੇਜੇ ਗਏ ਹਨ। ਮੰਤਰਾਲੇ ਵੱਲੋਂ ਇਨ੍ਹਾਂ ਨਾਵਾਂ ਬਾਰੇ ਅੰਤਿਮ ਫ਼ੈਸਲਾ ਅਗਲੇ ਕੁਝ ਦਿਨਾਂ ਵਿਚ ਲਿਆ ਜਾਵੇਗਾ। ਚੋਣ ਕਮੇਟੀ ਵੱਲੋਂ ਕੀਤੀਆਂ ਸਿਫ਼ਾਰਿਸ਼ਾਂ ਨਾਲ ਜੈਵਲਿਨ ਥਰੋਅ ਝਾਜੜੀਆ ਪਹਿਲਾ ਪੈਰਾਲੰਪੀਅਨ ਅਥਲੀਟ ਬਣ ਗਿਆ ਹੈ ਜਿਸ ਦਾ ਨਾਂ ਮੁਲਕ ਦੇ ਸਿਖਰਲੇ ਖੇਡ ਸਨਮਾਨ ਲਈ ਸਿਫਾਰਿਸ਼ ਕੀਤਾ ਗਿਆ ਹੈ। 31 ਸਾਲਾ ਹਾਕੀ ਖਿਡਾਰੀ ਤੇ ਸਾਬਕਾ ਕਪਤਾਨ ਸਰਦਾਰ ਸਿੰਘ ਨੂੰ ਵਿਸ਼ਵ ਦੇ ਬਿਹਤਰੀਨ ਮਿਡ ਫਿਲਡਰਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ। ਚੋਣ ਕਮੇਟੀ ਦੀ ਮੀਟਿੰਗ ਦੌਰਾਨ ਹਾਕੀ ਖਿਡਾਰੀ ‘ਤੇ ਜਿਣਸੀ ਸ਼ੋਸ਼ਣ ਦੇ ਲੱਗੇ ਦੋਸ਼ਾਂ ਨੂੰ ਲੈ ਕੇ ਵੀ ਚਰਚਾ ਹੋਈ, ਪਰ ਸਰਦਾਰ ਦੀਆਂ ਪ੍ਰਾਪਤੀਆਂ ਕਰਕੇ ਕਮੇਟੀ ਮੈਂਬਰਾਂ ਲਈ ਉਸ ਦੇ ਨਾਂ ਨੂੰ ਨਜ਼ਰਅੰਦਾਜ਼ ਕਰਨਾ ਮੁਸ਼ਕਲ ਹੋ ਗਿਆ।
ਇਸ ਦੌਰਾਨ ਅਰਜੁਨ ਐਵਾਰਡ ਲਈ ਜਿਨ੍ਹਾਂ ਖਿਡਾਰੀਆਂ ਦੇ ਨਾਂ ਦੀ ਸਿਫਾਰਿਸ਼ ਕੀਤੀ ਗਈ ਹੈ, ਉਨ੍ਹਾਂ ਵਿੱਚ ਵੀ.ਜੇ. ਸੁਰੇਖਾ (ਤੀਰਅੰਦਾਜ਼ੀ), ਅਰੋਕਿਨ ਰਾਜੀਵ (ਅਥਲੈਟਿਕਸ), ਪ੍ਰਸਾਂਤੀ ਸਿੰਘ (ਬਾਸਕਟਬਾਲ), ਓਇਨਮ ਬੈਮਬੈਮ ਦੇਵੀ (ਫੁਟਬਾਲ), ਐਸਐਸਪੀ ਚੌਰਸੀਆ (ਗੌਲਫ਼), ਪੀ.ਐਨ. ਪ੍ਰਕਾਸ਼ (ਸ਼ੂਟਿੰਗ), ਏ.ਅਮਲਰਾਜ (ਟੇਬਲ ਟੈਨਿਸ), ਸਾਕੇਤ ਮਾਇਨੇਨੀ (ਟੈਨਿਸ), ਸੱਤਿਆਵਰਤ ਕਾਦਿਆਨ (ਕੁਸ਼ਤੀ), ਮਰੀਅੱਪਨ ਥਾਂਗਾਵੇਲ (ਪੈਰਾਅਥਲੀਟ) ਤੇ ਵਰੁਣ ਭੱਟ (ਪੈਰਾ ਅਥਲੀਟ) ਸ਼ਾਮਲ ਹਨ।
Comments (0)