ਗੁਰੂ ਨਾਨਕ ਸਾਹਿਬ ਜੀ ਦਾ ਬਾਬਰ ਨਾਲ ਮੇਲ ਅਤੇ ਬਾਬਰਬਾਣੀ

ਗੁਰੂ ਨਾਨਕ ਸਾਹਿਬ ਜੀ ਦਾ ਬਾਬਰ ਨਾਲ ਮੇਲ ਅਤੇ ਬਾਬਰਬਾਣੀ

ਸੁਖਮਿੰਦਰ ਸਿੰਘ ਗੱਜਣਵਾਲਾ
ਮੁਗਲ ਬਾਦਸ਼ਾਹ ਤੈਮੂਰ ਦੀ ਔਲਾਦ ਵਿਚੋਂ ਜ਼ਹੀਰੁਦੀਨ ਬਾਬਰ ਦਾ ਜਨਮ ਸੰਨ 1483 ਈ: ਵਿਚ ਹੋਇਆ। ਇਸ ‘ਤੇ ਤੈਮੂਰ ਦੀ ਰਾਜਧਾਨੀ ਸਮਰਕੰਦ ਨੂੰ ਫਤਹਿ ਕਰਨ ਦਾ ਕਈ ਵਾਰ ਯਤਨ ਕੀਤਾ ਪਰ ਹਥਿਆ ਨਾ ਸਕਿਆ। ਆਖਰ ਕਾਬਲ-ਕੰਧਾਰ ‘ਤੇ ਕਬਜ਼ਾ ਕਰਨ ਦਾ ਯਤਨ ਕੀਤਾ, ਪਰ ਅਸਫਲ ਰਿਹਾ। ਫਿਰ ਦੌਲਤ ਖਾਨ ਲੋਧੀ ਦੇ ਸੱਦੇ ‘ਤੇ ਬਾਬਰ ਨੇ ਤੀਜੀ ਵਾਰ ਹਿੰਦੋਸਤਾਨ ‘ਤੇ ਸੰਨ 1521 ਈ: ਵਿਚ ਹਮਲਾ ਕੀਤਾ ਤੇ ਉਹ ਸਿੱਧਾ ਸਿਆਲਕੋਟ ਵੱਲ ਵਧਿਆ ਸੀ। ਸਾਰਾ ਪੰਜਾਬ ਦੌਲਤ ਖਾਨ ਲੋਧੀ ਤੇ ਉਸ ਦੇ ਪੁੱਤਰਾਂ ਭਾਵ ਪਠਾਣਾਂ ਦੇ ਅਧੀਨ ਸੀ।
ਸਿਆਲਕੋਟ ਦੀਆਂ ਫੌਜਾਂ ਨੇ ਬਿਨਾਂ ਲੜਾਈ ਹਥਿਆਰ ਸੁੱਟ ਦਿੱਤੇ ਤੇ ਬਾਬਰ ਫਿਰ ਸੈਦਪੁਰ-ਐਮਨਾਬਾਦ ਵੱਲ ਵਧਿਆ। ਐਮਨਾਬਾਦ ਦੇ ਲੋਕਾਂ ਮੁਕਾਬਲਾ ਕੀਤਾ ਪਰ ਬਾਬਰ ਦੀਆਂ ਫੌਜਾਂ ਅੱਗੇ ਉਹ ਟਿਕ ਨਾ ਸਕੇ ਤੇ ਐਮਨਾਬਾਦ ਨੂੰ ਤਬਾਹ ਕਰ ਦਿੱਤਾ। ਸੈਦਪੁਰ ਦੇ ਕਤਲੇਆਮ ਬਾਰੇ ਇਹ ਧਾਰਨਾ ਪਾਈ ਜਾਂਦੀ ਹੈ ਕਿ ਉਸ ਵਕਤ ਗੁਰੂ ਨਾਨਕ ਦੇਵ ਜੀ ਸੰਨ 1521 ਈ. ਵਿਚ ਇਥੇ ਆਏ ਹੋਏ ਸਨ ਤੇ ਭਾਈ ਲਾਲੋ ਜੀ ਪਾਸ ਠਹਿਰੇ ਸਨ।  ਗੁਰੂ ਜੀ ਨੇ ਭਾਈ ਲਾਲੋ ਜੀ ਨੂੰ ਸੰਬੋਧਨ ਕਰਦੇ ਹੋਏ ਫੁਰਮਾਇਆ :
ਜੈਸੀ ਮੈ ਆਵੈ ਖਸਮ ਕੀ ਬਾਣੀ
ਤੈਸੜਾ ਕਰੀ ਗਿਆਨੁ ਵੇ ਲਾਲੋ।।
ਪਾਪ ਕੀ ਜੰਞ ਲੈ ਕਾਬਲਹੁ ਧਾਇਆ
ਜੋਰੀ ਮੰਗੈ ਦਾਨੁ ਵੇ ਲਾਲੋ।।
ਸਰਮੁ ਧਰਮੁ ਦੁਇ ਛਪਿ ਖਲੋਏ
ਕੂੜੁ ਫਿਰੈ ਪਰਧਾਨੁ ਵੇ ਲਾਲੋ।।
ਕਾਜੀਆ ਬਾਮਣਾ ਕੀ ਗਲ ਥਕੀ
ਅਗਦੁ ਪੜੈ ਸੈਤਾਨੁ ਵੇ ਲਾਲੋ।।
ਮੁਸਲਮਾਨੀਆ ਪੜਹਿ ਕਤੇਬਾ
ਕਸਟ ਮਹਿ ਕਰਹਿ ਖੁਦਾਇ ਵੇ ਲਾਲੋ।।
ਜਾਤਿ ਸਨਾਤੀ ਹੋਰਿ ਹਿਦਵਾਣੀਆ
ਏਹਿ ਭੀ ਲੇਖੈ ਲਾਇ ਵੇ ਲਾਲੋ।।
ਖੂਨ ਕੇ ਸੋਹਿਲੇ ਗਾਵੀਅਹਿ
ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ।।
(ਪੰਨਾ 722-23)
ਗੁਰੂ ਜੀ ਨੇ ਭਾਈ ਲਾਲੋ ਜੀ ਨੂੰ ਦਿੱਤੇ ਆਪਣੇ ਉਪਦੇਸ਼ ਰਾਹੀਂ ਉੱਚੀਆਂ ਜਾਤੀਆਂ ਦਾ ਭਰਮ ਤੋੜਿਆ। ਅਮੀਰ ਸ਼ਾਹਾਂ ਨੂੰ ਚੌਕਸ ਕੀਤਾ। ਐਸ਼ੋ-ਇਸ਼ਰਤ ਵਿਚ ਪਏ ਹੋਏ ਤੇ ਆਪਣੇ ਮੂਲ ਫਰਜਾਂ ਤੋਂ ਭੁੱਲੇ ਹੋਏ ਲੋਕਾਂ ਨੂੰ ਸੂਚਿਤ ਕੀਤਾ ਕਿ ਇਹ ਖੁਸ਼ੀ ਦੇ ਦਿਹਾੜੇ ਥੋੜ੍ਹੇ ਹੀ ਹਨ। ਉਨ੍ਹਾਂ, ਰੰਗ-ਰਲੀਆਂ ਮਨਾਉਣ ਵਾਲਿਆਂ ਲਈ ਭਵਿੱਖਬਾਣੀ ਕੀਤੀ ਕਿ ਇਸ ਤਰ੍ਹਾਂ ਦੇ ਰਾਜ ਖਤਮ ਹੋਣੇ ਹੀ ਹੁੰਦੇ ਹਨ:
ਸਾਹਾਂ ਸੁਰਤਿ ਗਵਾਈਆ
ਰੰਗਿ ਤਮਾਸੈ ਚਾਇ।।
(ਪੰਨਾ 417)
ਗੁਰੂ ਜੀ ਪਹਿਲਾਂ ਕਾਬਲ-ਕੰਧਾਰ ਦਾ ਹਾਲ ਤੱਕ ਆਏ ਸਨ। ਉਹ ਜਾਣਦੇ ਸਨ ਕਿ ਬਾਬਰ ਕਿਵੇਂ ਹੁਣ ਇਧਰ ਹਿੰਦੋਸਤਾਨ ਵੱਲ ਵਧਦਾ ਆ ਰਿਹਾ ਹੈ ਤਾਂ ਉਨ੍ਹਾਂ ਭਾਈ ਲਾਲੋ ਜੀ ਨੂੰ ਵਾਪਰਨ ਵਾਲੇ ਸਮੇਂ ਬਾਰੇ ਅਗਾਹ ਕਰਦੇ ਹੋਏ ਕਿਹਾ, ”ਹੇ ਭਾਈ ਲਾਲੋ! ਐਸਾ ਮਾੜਾ ਵਕਤ ਆਵੇਗਾ ਕਿ ਮਨੁੱਖਾਂ ਦੇ ਸਰੀਰਾਂ ਦੇ ਟੋਟੇ ਗਲੀਆਂ ਵਿਚ ਰੁਲਣਗੇ। ਹਿੰਦੋਸਤਾਨ ਦੇ ਇਤਿਹਾਸ ਵਿਚ ਨਾ ਭੁੱਲਣ ਵਾਲਾ ਭਿਆਨਕ ਸਾਕਾ ਹੋ ਨਿਬੜੇਗਾ।”
ਬਾਬਰ ਸੈਦਪੁਰ (ਐਮਨਾਬਾਦ) ‘ਤੇ ਕਾਬਜ਼ ਹੋ ਗਿਆ ਤਾਂ ਉਸ ਨੇ ਇਸ ਨੂੰ ਖੂਬ ਲੁੱਟਿਆ। ਬਾਬਰ ਨੇ ਹੁਕਮ ਦਿੱਤਾ ਸੈਦਪੁਰ ਵਿਚ ਵੱਸਦੇ ਸਭ ਲੋਕਾਂ ਨੂੰ ਕਤਲ ਕਰ ਦਿੱਤਾ ਜਾਏ। ਸੱਚਮੁਚ ਉਸ ਵਕਤ ਜਮਾਂ ਦੀ ਫੌਜ ਆ ਉਤਰੀ ਸੀ। ਅਤਿ ਦਾ ਜ਼ੁਲਮ ਢਾਹਿਆ ਗਿਆ। ਔਰਤਾਂ ਦੀ ਬੇਪਤੀ ਕੀਤੀ ਗਈ।ਹਿੰਦੂ ਕੀ ਤੇ ਮੁਸਲਮਾਨ ਕੀ ਸਭ ਨੂੰ ਕੋਹ-ਕੋਹ ਕੇ ਮਾਰਿਆ ਗਿਆ। ਜ਼ਨਾਨੀਆਂ ਨੂੰ ਗਲੀਆਂ ਵਿਚ ਘਸੀਟਿਆ ਗਿਆ, ਧੂਹਿਆ ਗਿਆ। ਪਲਾਂ ਵਿਚ ਹੀ ਮੌਜਾਂ ਮਾਣਦੇ ਲੋਕ ਮੌਤ ਦੇ ਘਾਟ ਉਤਾਰ ਦਿੱਤੇ ਗਏ। ਤਦ ਗੁਰੂ ਜੀ ਨੇ ਇਸ ਭਿਆਨਕ ਕਤਲੇਆਮ ਉਪਰ ਅਕਾਲ ਪੁਰਖ ਨੂੰ ਸੰਬੋਧਨ ਕਰਦੇ ਹੋਏ ਕਿਹਾ ^ ਹੇ ਵਾਹਿਗੁਰੂ! ਤੂੰ ਖੁਰਾਸਾਨ ਦੀ ਰੱਖਿਆ ਤਾਂ ਕਰ ਲਈ, ਉਸ ਨੂੰ ਤਾਂ ਬਾਬਰ ਦੇ ਕਹਿਰ ਤੋਂ ਬਚਾ ਲਿਆ ਪਰ ਹਿੰਦੋਸਤਾਨ ਨੂੰ ਮੁਗਲਾਂ ਦੇ ਜ਼ੁਲਮ ਦਾ ਸ਼ਿਕਾਰ ਬਣਾ ਦਿੱਤਾ :
ਖੁਰਾਸਾਨ ਖਸਮਾਨਾ ਕੀਆ
ਹਿੰਦੁਸਤਾਨੁ ਡਰਾਇਆ।।
ਆਪੈ ਦੋਸੁ ਨ ਦੇਈ ਕਰਤਾ
ਜਮੁ ਕਰਿ ਮੁਗਲੁ ਚੜਾਇਆ।।
ਏਤੀ ਮਾਰ ਪਈ ਕਰਲਾਣੇ
ਤੈਂ ਕੀ ਦਰਦੁ ਨ ਆਇਆ।।
ਕਰਤਾ ਤੂੰ ਸਭਨਾ ਕਾ ਸੋਈ।।
ਜੇ ਸਕਤਾ ਸਕਤੇ ਕਉ ਮਾਰੇ
ਤਾ ਮਨਿ ਰੋਸੁ ਨ ਹੋਈ।।
(ਪੰਨਾ 360)
ਬਾਬਰ ਨੇ ਲਾਹੌਰ ‘ਤੇ ਹੱਲਾ ਕੀਤਾ ਸੀ ਤੇ ਅਫਗਾਨਾਂ ਨੂੰ ਜ਼ਬਰਦਸਤ ਹਾਰ ਦਿੱਤੀ, ਉਥੇ ਵੀ ਚਾਰ ਦਿਨ ਲਾਹੌਰ ਦੀ ਤਬਾਹੀ ਹੁੰਦੀ ਰਹੀ। ਫਿਰ ਬਾਬਰ ਦੇ ਹੱਲੇ ਤੋਂ ਬਾਅਦ ਜਿਸ ਤਰ੍ਹਾਂ ਨਾਲ ਉਥੇ ਇਸਤਰੀਆਂ ਦੀ ਬੇਹੁਰਮਤੀ ਹੁੰਦੀ ਰਹੀ, ਲਾਹੌਰ ਦੇ ਰਾਜਸੀ ਘਰਾਣਿਆਂ ਤੇ ਅਮੀਰਾਂ-ਨਵਾਬਾਂ ਦੀਆਂ ਇਸਤਰੀਆਂ ਦੀ ਜੋ ਦੁਰਦਸ਼ਾ ਬਾਬਰ ਦੀਆਂ ਫੌਜਾਂ ਨੇ ਕੀਤੀ, ਉਸ ਦੀ ਯਥਾਰਥ ਤਸਵੀਰ ਗੁਰੂ ਸਾਹਿਬ ਜੀ ਨੇ ਇਸ ਤਰ੍ਹਾਂ ਬਿਆਨ ਕੀਤੀ ਹੈ :
ਜਿਨ ਸਿਰਿ ਸੋਹਨਿ ਪਟੀਆ
ਮਾਂਗੀ ਪਾਇ ਸੰਧੂਰੁ।।
ਸੇ ਸਿਰ ਕਾਤੀ ਮੁੰਨੀਅਨ੍ਰਿ
ਗਲ ਵਿਚਿ ਆਵੈ ਧੂੜਿ।।
ਮਹਲਾ ਅੰਦਰਿ ਹੋਦੀਆ
ਹੁਣਿ ਬਹਣਿ ਨ ਮਿਲਨ੍ਰਿ ਹਦੂਰਿ।।
(ਪੰਨਾ 417)
ਗੁਰੂ ਜੀ ਅੱਗੇ ਜਾ ਕੇ ਲਿਖਦੇ ਹਨ ਜੇ ਪਹਿਲਾਂ ਹੀ ਇਹ ਵਾਹਿਗੁਰੂ ਨੂੰ ਨਾ ਵਿਸਾਰਦੀਆਂ ਤਾਂ ਕੁਦਰਤ ਇਤਨੀ ਸਜ਼ਾ ਨਾ ਦਿੰਦੀ। ਇਨ੍ਹਾਂ ਧਨ-ਜੋਬਨ ਦੇ ਰੰਗ-ਰਸ ਵਿਚ ਧਰਮ ਨੂੰ ਤਿਆਗ ਦਿੱਤਾ, ਨੇਕੀ-ਪੁੰਨ ਵਿਸਰ ਗਏ, ਜਿਸ ਦੇ ਫਲਸਰੂਪ ਉਸੇ ਧਨ-ਜੋਬਨ ਨੇ ਸਭ ਰੰਗ-ਤਮਾਸ਼ਿਆਂ ਦਾ ਜਲੂਸ ਕੱਢ ਦਿੱਤਾ। ਐਸੀ ਬਾਬਰਸ਼ਾਹੀ ਫਿਰੀ ਕਿ ਸ਼ਹਿਜ਼ਾਦਿਆਂ ਨੂੰ ਵੀ ਉਸ ਵੇਲੇ ਰੋਟੀ ਦੇ ਦੋ ਟੁਕੜੇ ਵੀ ਨਸੀਬ ਨਹੀਂ ਸੀ ਹੁੰਦੇ :
ਅਗੋ ਦੇ ਜੇ ਚੇਤੀਐ
ਤਾਂ ਕਾਇਤੁ ਮਿਲੈ ਸਜਾਇ।।
ਸਾਹਾਂ ਸੁਰਤਿ ਗਵਾਈਆ
ਰੰਗਿ ਤਮਾਸੈ ਚਾਇ।।
ਬਾਬਰਵਾਣੀ ਫਿਰਿ ਗਈ
ਕੁਇਰੁ ਨ ਰੋਟੀ ਖਾਇ।।
(ਪੰਨਾ 417)
ਪਾਣੀਪਤ ਦੀ ਲੜਾਈ ਵੇਲੇ ਇਬਰਾਹੀਮ ਲੋਧੀ ਦਿੱਲੀ ਤੋਂ ਰਵਾਨਾ ਹੋਇਆ ਤਾਂ ਜੋਤਸ਼ੀਆਂ, ਦਰਵੇਸ਼ਾਂ ਤੇ ਪੀਰਾਂ ਨੇ ਭਰੋਸਾ ਦਿਵਾਇਆ ਕਿ ਜੋਤਸ਼ ਦੇ ਹਿਸਾਬ ਨਾਲ ਉਹ ਜ਼ਰੂਰ ਜਿੱਤੇਗਾ। ਬਾਬਰ ਦੀਆਂ ਫੌਜਾਂ ਅੰਨ੍ਹੀਆਂ ਹੋ ਜਾਣਗੀਆਂ ਪਰ ਜਦ ਬਾਬਰ ਨੇ ਹੱਲਾ ਕੀਤਾ ਤਾਂ ਅਜਿਹਾ ਕੁਝ ਨਹੀਂ ਹੋਇਆ। ਪੀਰਾਂ, ਨਜ਼ੂਮੀਆਂ ਦੇ ਜਾਦੂ ਮੰਤਰ ਨੇ ਕੋਈ ਰੰਗ ਨਹੀਂ ਵਿਖਾਇਆ। ਗੁਰੂ ਜੀ ਨੇ ਪੀਰਾਂ-ਫਕੀਰਾਂ ਦੀਆਂ ਝੂਠੀਆਂ ਕਰਾਮਾਤਾਂ ਨੂੰ ਨੰਗਿਆਂ ਕਰਦੇ ਹੋਏ ਫੁਰਮਾਇਆ :
ਥਾਨ ਮੁਕਾਮ ਜਲੇ ਬਿਜ ਮੰਦਰ
ਮੁਛਿ ਮੁਛਿ ਕੁਇਰ ਰੁਲਾਇਆ।।
ਕੋਈ ਮੁਗਲੁ ਨ ਹੋਆ ਅੰਧਾ
ਕਿਨੈ ਨ ਪਰਚਾ ਲਾਇਆ।।
ਮੁਗਲ ਪਠਾਣਾ ਭਈ ਲੜਾਈ
ਰਣ ਮਹਿ ਤੇਗ ਵਗਾਈ।।
ਓਨ੍ਰੀ ਤੁਪਕ ਤਾਣਿ ਚਲਾਈ
ਓਨ੍ਰੀ ਹਸਤਿ ਚਿੜਾਈ।।
ਜਿਨ੍ਰ ਕੀ ਚੀਰੀ ਦਰਗਹ
ਪਾਟੀ ਤਿਨ੍ਰਾ ਮਰਣਾ ਭਾਈ।।
(ਪੰਨਾ 418)
ਇਸ ਜੰਗ ਤੋਂ ਬਾਅਦ ਜੋ ਦੁਰਦਸ਼ਾ ਹੋਈ ਤੇ ਕਹਿਰ ਢਾਹਿਆ ਗਿਆ, ਇਤਿਹਾਸਕਾਰਾਂ ਦਾ ਮੱਤ ਹੈ ਕਿ ਗੁਰੂ ਜੀ ਖੁਦ ਉਸ ਦੁਰਦਸ਼ਾ ਨੂੰ ਤੱਕਣ ਲਈ ਗਏ। ਮੈਦਾਨ-ਏ-ਜੰਗ ਵਿਚ ਹਾਥੀ, ਘੋੜੇ ਤੇ ਮਹਿਲ-ਮਾੜੀਆਂ ਦੀ ਤਬਾਹੀ ਤੋਂ ਇਲਾਵਾ ਦਿੱਲੀ ਤੱਕ ਦੇ ਸ਼ਹਿਰਾਂ ਦਾ ਬੁਰਾ ਹਾਲ ਕੀਤਾ ਗਿਆ। ਉਨ੍ਹਾਂ ਹੰਕਾਰੀ ਹਕੂਮਤਾਂ ਦੇ ਹਸ਼ਰ ਬਾਰੇ ਗੁਰੂ ਜੀ ਨੇ ਇਸ ਤਰ੍ਹਾਂ ਅੰਕਿਤ ਕੀਤਾ ਹੈ :
ਕਹਾ ਸੁ ਖੇਲ ਤਬੇਲਾ
ਘੋੜੇ ਕਹਾ ਭੇਰੀ ਸਹਨਾਈ।।
ਕਹਾ ਸੁ ਤੇਗਬੰਦ ਗਾਡੇਰੜਿ
ਕਹਾ ਸੁ ਲਾਲ ਕਵਾਈ।।
ਕਹਾ ਸੁ ਆਰਸੀ ਮੁਹ ਬੰਕੇ
ਐਥੈ ਦਿਸਹਿ ਨਾਹੀ।।
ਇਹੁ ਜਗੁ ਤੇਰਾ ਤੂ ਗੋਸਾਈ।।
ਏਕ ਘੜੀ ਮਹਿ ਥਾਪਿ ਉਥਾਪੇ
ਜਰੁ ਵੰਡਿ ਦੇਵੈ ਭਾਂਈ।।
(ਪੰਨਾ 417)
‘ਬਾਬਰਵਾਣੀ’ ਸ਼ਬਦ ਵਰਤੋਂ ਆਸਾ ਰਾਗ ਦੀ ਅਸਟਪਦੀ 11 ਵਿਚ ਇਸ ਤਰ੍ਹਾਂ ਹੋਈ:
ਸਾਹਾਂ ਸੁਰਿਤ ਗਵਾਈਆ
ਰੰਗਿ ਤਮਾਸੈ ਚਾਇ।।
ਬਾਬਰਵਾਣੀ ਫਿਰਿ ਗਈ
ਕੁਇਰੁ ਨ ਰੋਟੀ ਖਾਇ।।
(ਪੰਨਾ 417)
ਗੁਰੂ ਜੀ ਨੇ ਇਸ ਬਾਬਰਵਾਣੀ ਰੂਪੀ ਰਚਨਾ ਵਿਚ ਚਾਰ ਸ਼ਬਦਾਂ (1. ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ।।… 2. ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ।।… 3. ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਿਨਾਈ।।… 4. ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ।।) ਦਾ ਉਚਾਰਨ ਕੀਤਾ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ।
ਬਾਬਰਵਾਣੀ ਵਿਚ ਗੁਰੂ ਸਾਹਿਬ ਨੇ ਰਾਜਨੀਤਿਕ ਦ੍ਰਿਸ਼ਟੀ ਦੇ ਵਰਨਣ ਤੋਂ ਇਲਾਵਾ ਬਾਬਰ ਬਾਦਸ਼ਾਹ ਦੇ ਘਿਨਾਉਣੇ ਕਾਰਨਾਮਿਆਂ ਨੂੰ ਕੋਸਿਆ ਹੈ। ਇਸ ਤੋਂ ਇਲਾਵਾ ਡਿੱਗੇ ਇਖਲਾਕੀ ਮਿਆਰ ਤੇ ਕੁਰੱਪਟ ਸਿਆਸਤ ਨੂੰ ਕੋਹਿਆ ਹੈ। ਕੁਝ ਇਤਿਹਾਸਕਾਰਾਂ ਦਾ ਮੱਤ ਹੈ ਕਿ ਬਾਬਰਵਾਣੀ ਰੂਪੀ ਸਮੁੱਚੀ ਰਚਨਾ ਸੈਦਪੁਰ (ਐਮਨਾਬਾਦ) ਦੇ ਜੰਗੀ ਹਾਲਾਤ ਤੇ ਹੋਏ ਕਤਲੇਆਮ ‘ਤੇ ਅਧਾਰਤ ਹੈ। ਪਰ ਭਾਈ ਵੀਰ ਸਿੰਘ ਜੀ ਲਿਖਦੇ ਹਨ ਕਿ ਬਾਬਰਵਾਣੀ ਦੇ ਚਾਰੇ ਸ਼ਬਦ ਐਮਨਾਬਾਦ, ਲਾਹੌਰ ਤੇ ਪਾਣੀਪਤ ਦੀਆਂ ਜੰਗਾਂ ਉਪਰ ਵੱਖਰੇ-ਵੱਖਰੇ ਉਲੇਖ ਹਨ। ਇਨਸਾਕਲੋਪੀਡੀਆ ਆਫ਼ ਸਿੱਖਇਜ਼ਮ ਮੁਤਾਬਿਕ ਇਹ ਸ਼ਬਦ (ਸੈਦਪੁਰ ਸੰਨ 1521 ਈ., ਲਾਹੌਰ ਦੀ ਤਬਾਹੀ ਸੰਨ 1524 ਈ. ਤੇ ਪਾਣੀਪਤ ਦੀ ਲੜਾਈ ਸੰਨ 1526 ਈ.) ਤਿੰਨਾਂ ਹੱਲਿਆਂ ਨੂੰ ਮੁਖਾਤਿਬ ਹੋ ਕੇ ਗੁਰੂ ਜੀ ਨੇ ਇਹ ਸ਼ਬਦ ਰਚੇ ਹਨ।
ਗੁਰੂ ਜੀ ਤੇ ਬਾਬਰ ਦੇ ਮੇਲ ਬਾਰੇ ‘ਭਾਈ ਬਾਲੇ ਦੀ ਜਨਮ ਸਾਖੀ’, ‘ਮਹਿਮਾ ਪ੍ਰਕਾਸ਼’ ਅਨੁਸਾਰ ਗੁਰੂ ਜੀ ਨੂੰ ਸੈਦਪੁਰ (ਐਮਨਾਬਾਦ) ਵਿਖੇ ਕੈਦੀ ਬਣਾਇਆ ਗਿਆ। ਪਰ ਬਾਅਦ ਵਿਚ ਜਦ ਬਾਬਰ ਨੇ ਗੁਰੂ ਜੀ ਦੀ ਵਿਚਾਰਧਾਰਾ ਤੇ ਅਜ਼ਮਤ ਜਾਣੀ ਤਾਂ ਉਸ ਨੇ ਗੁਰੂ ਜੀ ਨੂੰ ਰਿਹਾਅ ਕਰ ਦਿੱਤਾ। ਉਸ ਨੇ ਗੁਰੂ ਜੀ ਦੀ ਪੈਗੰਬਰੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਗੁਰੂ ਜੀ ਨੂੰ ਸਲਾਮ ਕੀਤੀ ਤੇ ਕਿਹਾ ^ ਨਾਨਕ ਵਿਚੋਂ ਖੁਦਾ ਦਾ ਦੀਦਾਰ ਹੁੰਦਾ। ਜਦ ਬਾਬਰ ਨੂੰ ਪਤਾ ਲੱਗਾ ਕਿ ਗੁਰੂ ਨਾਨਕ ਦੇਵ ਜੀ ਉੱਚੀ ਅਵਸਥਾ ਵਾਲੇ ਮਹਾਂਪੁਰਖ ਹਨ ਤਾਂ ਉਸ ਨੇ ਦੌਲਤ ਖਾਨ ਲੋਧੀ ਨੂੰ ਪੁੱਛਿਆ, ”ਉਹ ਨਾਨਕ ਫਕੀਰ ਦਾ ਦੀਦਾਰ ਕਰਨ ਲੱਗਾ ਕੀ ਭੇਟ ਕਰੇ” ਤਾਂ ਦੌਲਤ ਖਾਨ ਦਾ ਉੱਤਰ ਸੀ ”ਬਾਬਰ! ਤੇਰੇ ਕੋਲ ਭੇਟ ਕਰਨ ਲਈ ਹੈ ਹੀ ਕੀ ਭਾਵ ਤੇਰੇ ਕੋਲ ਭੇਟ ਕਰਨ ਨੂੰ ਕੁਝ ਨਹੀਂ, ਉਹ ਤਾਂ ਮੀਰੀ-ਪੀਰੀ ਦਾ ਮਾਲਕ ਹੈ” :
ਮੀਰੀ ਪੀਰੀ ਉਨ ਦੋਨੋ ਪਾਹਿ।।
ਦੇਖੋਗੇ ਤੁਮ ਨੇੜੇ ਜਾਹਿ।।
ਤਦ ਬਾਬਰ ਨੇ ਗੁਰੂ ਜੀ ਨੂੰ ਕਿਹਾ,  ”ਹੇ ਰੱਬ ਦੇ ਪਿਆਰੇ! ਖਿਮਾ ਕਰ ਤੇ ਸਾਡੇ ਵੱਲੋਂ ਕੁਝ ਨਜ਼ਰ ਕਬੂਲ ਕਰ।” ਤਾਂ ਕਿਰਪਾ ਦੇ ਸਾਗਰ ਗੁਰੂ ਜੀ ਨੇ ਆਖਿਆ, ”ਅਸਾਂ ਨੂੰ ਲੋੜ ਕਿਛੁ ਨਹੀਂ। ਨਜ਼ਰ ਦੇਣੀ ਹਈ ਤਾਂ ਬੰਦ-ਖਲਾਸ ਕਰ। ਇਨ੍ਹਾਂ ਦਾ ਮਾਲ ਮੋੜ ਦੇ।” ਤਾਂ ਬਾਬਰ ਨੇ ਬੰਦੀ ਛੱਡ ਦਿੱਤੇ, ਮਾਲ-ਅਸਬਾਬ ਵਾਪਸ ਕਰ ਦਿੱਤਾ।
ਇਤਿਹਾਸਕਾਰ ਲਿਖਦੇ ਹਨ ਕਿ ਬਾਬਰ ਨੇ ਦੁਆ ਮੰਗੀ ਤਾਂ ਗੁਰੂ ਜੀ ਕਿਹਾ, ਜੇ ਮਿਹਰ ਲੋਚਦਾ ਹੈਂ ਤਾਂ ਸਾਰੇ ਕੈਦੀ ਛੋੜ ਦੇਹ।” ਤਦ ਬਾਬਰ ਕਿਹਾ, ”ਜੋ ਹੁਕਮ ਕਰੋ ਕਰਦਾ ਹਾਂ, ਪਰ ਦੁਆ ਕਰੋ, ਮੇਰਾ ਰਾਜ ਨਾ ਹਿਲੇ।” ਤਾਂ ਗੁਰੂ ਜੀ ਫੁਰਮਾਇਆ ਤੇਰਾ ਰਾਜ ਰਹੇਗਾ ਜੇ ਤੂੰ ਇਨਸਾਫ਼ ਨਾਲ ਫੈਸਲੇ ਕਰੇਗਾ, ਸੰਤਾਂ-ਫਕੀਰਾਂ ਦਾ ਇੱਜ਼ਤ ਮਾਣ ਕਰੇਗਾ, ਸ਼ਰਾਬ ਜੂਏ ਤੋਂ ਦੂਰ ਰਹੇਂਗਾ, ਹਾਰਨ ਵਾਲਿਆਂ ਨਾਲ ਮਿਹਰਬਾਨੀ ਤੇ ਰੱਬ ਦੀ ਸੱਚੇ ਦਿਲੋਂ ਪੂਜਾ ਕਰੇਂਗਾ।