ਪੰਥਕ ਏਜੰਡਾ ਪਿੱਛੇ ਪੈਣਾ ਬਾਦਲ ਦਲ ਦੇ ਸੰਕਟ ਦਾ ਕਾਰਨ

ਪੰਥਕ ਏਜੰਡਾ ਪਿੱਛੇ ਪੈਣਾ ਬਾਦਲ ਦਲ ਦੇ ਸੰਕਟ ਦਾ ਕਾਰਨ

ਤਿਰਲੋਚਨ ਸਿੰਘ

ਪੰਜਾਬ ਵਿਚ ਪਿਛਲੇ 50 ਸਾਲ ਵਿਚ ਕਈ ਵਾਰ ਅਕਾਲੀ ਦਲ ਨੂੰ ਰਾਜ ਕਰਨ ਦਾ ਮੌਕਾ ਮਿਲਿਆ ਹੈ। ਸੰਨ 1972 ਵਿਚ ਕਾਂਗਰਸ ਰਾਜ ਆ ਗਿਆ ਸੀ ਤੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਅਕਾਲੀ ਦਲ ਤੋਂ ਸਿੱਖ ਹੱਕਾਂ ਵਾਲਾ ਏਜੰਡਾ ਖੋਹ ਲਿਆ ਸੀ ਤੇ ਅਕਾਲੀ ਪਾਰਟੀ ਨੂੰ ਦੁਬਿਧਾ ਵਿਚ ਪਾ ਦਿੱਤਾ ਸੀ। ਬਦਕਿਸਮਤੀ ਨਾਲ ਸੰਨ 1975 ਵਿਚ ਲੱਗੀ ਐਮਰਜੈਂਸੀ ਨੇ ਕਾਂਗਰਸ ਪਾਰਟੀ ਨੂੰ ਹਿਲਾ ਕੇ ਰੱਖ ਦਿੱਤਾ। ਅਕਾਲੀ ਮੁੜ ਸੰਨ 1978 ਦੀ ਚੋਣ ਵਿਚ ਜਿੱਤ ਗਏ ਤੇ ਰਾਜ ਕਰਨ ਲੱਗ ਗਏ ਸਨ। ਜਿਸ ਪੰਥਕ ਲੇਬਲ ‘ਤੇ ਅਕਾਲੀ ਆਪਣਾ ਏਕਾਧਿਕਾਰ ਸਮਝਦੇ ਸਨ, ਉਹ ਇਕ ਹੋਰ ਸਿੱਖ ਧੜੇ ਨੇ ਖੋਹ ਲਿਆ। ਸੰਨ 1978 ਦੀ ਵਿਸਾਖੀ ‘ਤੇ ਅੰਮ੍ਰਿਤਸਰ ਦੇ ਨਿਰੰਕਾਰੀ ਸੰਮੇਲਨ ਵਿਚ ਹੋਏ ਗੋਲੀ ਕਾਂਡ ਨੇ ਅਕਾਲੀ ਪਾਰਟੀ ਦੀ ਦੁਬਿਧਾ ਦਾ ਆਰੰਭ ਕਰ ਦਿੱਤਾ ਸੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਉਸ ਸਮੇਂ ਅੱਗੇ ਨਿੱਤਰੇ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਜਿੱਤਣ ਵਿਚ ਕਾਮਯਾਬ ਹੋ ਗਏ ਸਨ। ਵੱਡਾ ਸਮਾਂ ਸੰਨ 1980 ਤੋਂ ਸੰਨ 1995 ਤੱਕ ਪੰਜਾਬ ਤੇ ਅਕਾਲੀ ਦਲ ਦੋਵੇਂ ਸੰਕਟ ਵਿਚ ਰਹੇ। ਅਕਾਲ ਤਖ਼ਤ ‘ਤੇ ਫ਼ੌਜ ਦਾ ਹਮਲਾ ਤੇ ਨਵੰਬਰ 1984 ਵਿਚ ਸਿੱਖ ਕਤਲੇਆਮ ਵੀ ਇਸ ਸਮੇਂ ਹੋਏ ਸਨ। ਅਕਾਲੀ ਦਲ ਕਈ ਵਾਰ ਟੁੱਟਿਆ ਤੇ ਅਕਾਲ ਤਖ਼ਤ ਨੇ ਕਮਾਨ ਸੰਭਾਲੀ। ਬਾਬਾ ਜੋਗਿੰਦਰ ਸਿੰਘ ਨੂੰ ਸਾਰੀ ਵਾਗਡੋਰ ਅਕਾਲੀ ਨੇਤਾਵਾਂ ਵਲੋਂ ਦੇਣ ਦਾ ਸਭ ਨੂੰ ਪਤਾ ਹੀ ਹੈ। ਇਸ ਸਾਰੇ ਦੁਖਾਂਤ ‘ਚੋਂ ਅਕਾਲੀ ਪਾਰਟੀ ਨੂੰ ਸੰਨ 1997 ਵਿਚ ਮੁੜ ਰਾਜ ਮਿਲ ਗਿਆ। ਇਸ ਪਿੱਛੋਂ ਅਕਾਲੀ-ਭਾਜਪਾ ਦੀ ਦੋਸਤੀ ਹੋ ਗਈ, ਗੱਠਜੋੜ ਬਣ ਗਿਆ। ਅਕਾਲੀ ਪਾਰਟੀ ਨੇ ਆਪਣੇ-ਆਪ ਨੂੰ ਪੰਥਕ ਪਾਰਟੀ ਤੋਂ ਪੰਜਾਬ ਪਾਰਟੀ ਬਣਾ ਲਿਆ। ਪੰਥਕ ਏਜੰਡਾ ਪਿੱਛੇ ਪੈ ਗਿਆ। ਪਾਰਟੀ ਲੋਕਤੰਤਰ ਤੋਂ ਡਿਕਟੇਟਰਸ਼ਿਪ ਵੱਲ ਚਲੀ ਗਈ। ਅਕਾਲੀ ਦਲ ਦਾ ਨਾਂਅ ਹੀ ਬਾਦਲ ਅਕਾਲੀ ਦਲ ਬਣ ਗਿਆ ਸੀ, ਜੋ ਅੱਜ ਤੱਕ ਕਾਇਮ ਹੈ।
ਅੱਜ ਕਈ ਰਾਜਸੀ ਨੇਤਾ ਇਹ ਕਹਿਣ ਲੱਗ ਗਏ ਹਨ ਕਿ ਅਕਾਲੀ ਦਲ ਖ਼ਾਤਮੇ ਵੱਲ ਹੈ। ਲੀਡਰਸ਼ਿਪ ਵਿਰੁੱਧ ਆਵਾਜ਼ਾਂ ਉੱਠੀਆਂ ਹਨ। ਸਮੁੱਚੀ ਪੁਰਾਣੀ ਲੀਡਰਸ਼ਿਪ ਇਕੱਠੀ ਹੋ ਕੇ ਬਦਲਾਓ ਦੀ ਗੱਲ ਕਰ ਰਹੀ ਹੈ। ਇਹੋ ਜਿਹੇ ਹਾਲਾਤ ਬਣ ਗਏ ਹਨ ਕਿ ਸ. ਪ੍ਰਕਾਸ਼ ਸਿੰਘ ਬਾਦਲ ਜੋ ਸੇਵਾ-ਮੁਕਤ ਹੋ ਕੇ ਘਰ ਬੈਠ ਗਏ ਸਨ, ਵਿਧਾਨ ਸਭਾ ਇਜਲਾਸ ਵੀ ਨਹੀਂ ਜਾਂਦੇ ਸਨ, ਅੱਜ ਮੁੜ ਪਿੰਡ-ਪਿੰਡ ਜਾਣ ਲੱਗ ਗਏ ਹਨ। ਸੰਕਟ ਨੂੰ ਟਾਲਣ ਵਿਚ ਲੱਗੇ ਹੋਏ ਹਨ।
ਪਾਠਕਾਂ ਨੂੰ ਯਾਦ ਕਰਵਾ ਦੇਵਾਂ ਕਿ ਅਕਾਲੀ ਦਲ ਦੋ ਵਾਰੀ ਟੁੱਟ ਕੇ ਕਾਂਗਰਸ ਵਿਚ ਸ਼ਾਮਿਲ ਹੋ ਗਿਆ ਸੀ। ਸੰਨ 1947 ਵਿਚ ਸਾਰੇ ਅਕਾਲੀ ਵਿਧਾਇਕ ਕਾਂਗਰਸ ਵਿਚ ਚਲੇ ਗਏ ਸਨ। ਇਕੱਲਾ ਮਾਸਟਰ ਤਾਰਾ ਸਿੰਘ ਖੜ੍ਹਾ ਰਿਹਾ ਸੀ। ਉਸ ਨੇ ਮੁੜ ਪਾਰਟੀ ਖੜ੍ਹੀ ਕਰ ਲਈ, ਆਪ ਜੇਲ੍ਹ ਗਿਆ ਸੀ। ਫਿਰ ਸੰਨ 1957 ਵਿਚ ਅਕਾਲੀ ਦਲ ਨੇ ਵਿਧਾਨ ਬਦਲ ਕੇ ਕਾਂਗਰਸ ਵਿਚ ਪ੍ਰਵੇਸ਼ ਕਰ ਲਿਆ ਸੀ।
ਮਾਰਚ-1957 ਦੀਆਂ ਵਿਧਾਨ ਸਭਾ ਚੋਣਾਂ ਵਿਚ ਸਾਰੇ ਅਕਾਲੀ ਕਾਂਗਰਸ ਟਿਕਟ ‘ਤੇ ਲੜੇ ਸਨ। ਇਨ੍ਹਾਂ ਵਿਚ ਪ੍ਰਕਾਸ਼ ਸਿੰਘ ਬਾਦਲ, ਗਿਆਨੀ ਕਰਤਾਰ ਸਿੰਘ ਤੇ ਸ. ਹੁਕਮ ਸਿੰਘ ਆਦਿ ਸ਼ਾਮਿਲ ਸਨ ਪਰ ਇਕ ਸਾਲ ਪਿੱਛੋਂ ਮਾਸਟਰ ਤਾਰਾ ਸਿੰਘ ਨੇ ਮੁੜ ਅਕਾਲੀ ਦਲ ਜਿਊਂਦਾ ਕਰ ਲਿਆ ਸੀ ਤੇ ਏਨੀ ਤਾਕਤ ਬਣਾ ਲਈ ਸੀ ਕਿ ਪੰਜਾਬੀ ਸੂਬੇ ਦਾ ਮੋਰਚਾ ਲਗਾ ਦਿੱਤਾ ਸੀ। ਪਿੱਛੋਂ ਸੰਤ ਫ਼ਤਹਿ ਸਿੰਘ ਅਕਾਲੀ ਦਲ ਦੇ ਪ੍ਰਧਾਨ ਬਣੇ ਤੇ ਉਨ੍ਹਾਂ ਨੇ ਪੰਜਾਬੀ ਸੂਬਾ ਬਣਵਾਉਣ ਵਿਚ ਸਫ਼ਲਤਾ ਹਾਸਲ ਕੀਤੀ।
ਭਾਵ ਇਹ ਹੈ ਕਿ ਅਕਾਲੀ ਦਲ ਹਰ ਸੰਕਟ ਵਿਚ ਕਾਇਮ ਰਿਹਾ ਹੈ, ਪਾਰਟੀਆਂ ਮਰਦੀਆਂ ਨਹੀਂ ਹਨ। ਨੇਤਾ ਦਮ ਛੱਡ ਜਾਂਦੇ ਹਨ ਪਰ ਜਦ ਉਹ ਪੰਥਕ ਮਸਲਾ ਲੈ ਕੇ ਖੜ੍ਹੇ ਹੋਏ, ਉਹ ਮੁੜ ਸੁਰਜੀਤ ਹੋ ਗਏ ਸਨ।
ਪੰਥ ਦਾ ਨਾਅਰਾ ਹੀ ਉਨ੍ਹਾਂ ਲਈ ਸਹਾਈ ਹੁੰਦਾ ਰਿਹਾ ਹੈ। ਅੱਜ ਉਹ ਅਨੁਮਾਨ ਨਹੀਂ ਲਾ ਸਕਦੇ ਕਿ ਧਾਰਮਿਕ ਭਾਵਨਾਵਾਂ ਉਨ੍ਹਾਂ ਦਾ ਕਿੰਨਾ ਨੁਕਸਾਨ ਕਰ ਰਹੀਆਂ ਹਨ। ਆਪਣਾ ਵੋਟ ਬੈਂਕ ਆਪ ਗੁਆ ਬੈਠੇ ਹਨ।  ਇਸ ਸੰਕਟ ਵਿਚ ਫਸੇ ਅਕਾਲੀ ਦਲ ਲਈ ਅਗਲੇ ਸਾਲ ਵਿਚ ਆ ਰਹੀਆਂ ਲੋਕ ਸਭਾ ਦੀਆਂ ਚੋਣਾਂ ਕਰੜਾ ਇਮਤਿਹਾਨ ਸਾਬਤ ਹੋਣਗੀਆਂ।