ਪੰਜਾਬ ‘ਚ ਵਿਆਹਾਂ ਮੌਕੇ ਦੀ ”ਸ਼ਾਹਖਰਚੀ” ਤੇ ਕਥਿਤ ਆਧੁਨਿਕਤਾ ਨੇ ਰਿਸ਼ਤਿਆਂ ਨੂੰ ਕੀਤਾ ਕਮਜ਼ੋਰ

ਪੰਜਾਬ ‘ਚ ਵਿਆਹਾਂ ਮੌਕੇ ਦੀ ”ਸ਼ਾਹਖਰਚੀ” ਤੇ ਕਥਿਤ ਆਧੁਨਿਕਤਾ ਨੇ ਰਿਸ਼ਤਿਆਂ ਨੂੰ ਕੀਤਾ ਕਮਜ਼ੋਰ

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਵਿਚ ਦੇਖਾਦੇਖੀ, ਦਾਜ, ਬਾਰਾਤ ਦੀ ਚੰਗੀ ਸੇਵਾ, ਪੈਲੇਸ ਸੱਭਿਆਚਾਰ ਆਦਿ ਨੇ ਵਿਆਹਾਂ ਦੇ ਖ਼ਰਚੇ ਕਈ ਗੁਣਾ ਵਧਾ ਦਿੱਤੇ ਹਨ। ਇਸ ”ਸ਼ਾਹਖਰਚੀ” ਨੇ ਜਿਥੇ ਲੋਕਾਂ ਦਾ ਆਰਥਿਕ ਤੌਰ ‘ਤੇ ਲੱਕ ਤੋੜਿਆ ਹੈ, ਉਥੇ ਇਹ ਵਿਆਹ ਵਰਗੇ ਪਵਿੱਤਰ ਰਿਸ਼ਤੇ ਵਿਚ ਦਰਾੜ ਵੀ ਪਾ ਰਹੀ ਹੈ। ਪੰਜਾਬ ਵਿਚ ਵਿਆਹਾਂ ਲਈ ਬੁੱਕ ਕੀਤੇ ਜਾਂਦੇ ਵੱਡੇ ਪੈਲੇਸਾਂ, ਦਿਖਾਵੇਬਾਜ਼ੀ ਤੇ ਬਰਾਤ ਦੇ ਰੂਪ ਵਿਚ ਆਉਂਦੇ ਲਾਮ-ਲਸ਼ਕਰ ਕਾਰਨ ਹੁੰਦੇ ਮੋਟੇ ਖ਼ਰਚਿਆਂ ਤੋਂ ਇਲਾਵਾ ਵਿਆਹਾਂ ਵੇਲੇ ਰੱਖੀਆਂ ਜਾਂਦੀਆਂ ਵੱਖ-ਵੱਖ ਸ਼ਰਤਾਂ ਨੇ ਪਤੀ-ਪਤਨੀ ਦਾ ਰਿਸ਼ਤਾ ਕਮਜ਼ੋਰ ਕਰ ਦਿੱਤਾ ਹੈ। ਵਿਆਹਾਂ ਦੇ ਛੇਤੀ ਤਿੜਕ ਜਾਣ ਦੇ ਕਈ ਕਾਰਨ ਹਨ, ਜਿਨ੍ਹਾਂ ਵਿਚ ਇਕ ਵੱਡਾ ਕਾਰਨ ਇਹ ਵੀ ਹੈ।
ਪੰਜਾਬ ਰਾਜ ਮਹਿਲਾ ਕਮਿਸ਼ਨ ਕੋਲ ਆਏ ਇਕ ਕੇਸ ਅਨੁਸਾਰ ਪਤੀ-ਪਤਨੀ ਦੋਵੇਂ ਸਰਕਾਰੀ ਨੌਕਰ ਹਨ, ਦੋਵੇਂ ਆਧੁਨਿਕ ਵਿਚਾਰਾਂ ਦੇ ਧਾਰਨੀ ਹਨ, ਆਧੁਨਿਕਤਾ ਇੱਥੋਂ ਤੱਕ ਕਿ ਦੋਵੇਂ ਇਕੱਠੇ ਸ਼ਰਾਬ ਪੀਂਦੇ ਰਹੇ। ਉਸੇ ਸ਼ਰਾਬ ਨੇ ਕੁਝ ਸਮੇਂ ਬਾਅਦ ਦੋਹਾਂ ਵਿਚਾਲੇ ਟਕਰਾਅ ਪੈਦਾ ਕਰ ਦਿੱਤਾ। ਇਹ ਕੇਸ ਮੁਹਾਲੀ ਜ਼ਿਲ੍ਹੇ ਨਾਲ ਸਬੰਧਤ ਹੈ। ਇਸ ਜੋੜੇ ਦੇ ਵਿਆਹ ਨੂੰ ਡੇਢ ਸਾਲ ਹੋਏ ਹਨ ਤੇ ਕੇਸ ਪੰਜਾਬ ਰਾਜ ਮਹਿਲਾ ਕਮਿਸ਼ਨ ਤੱਕ ਪੁੱਜ ਚੁੱਕਾ ਹੈ।
ਇਕ ਅਜਿਹਾ ਮਾਮਲਾ ਵੀ ਹੈ, ਜਿਸ ਵਿਚ ਫਿੱਕੀ ਕੌਫੀ ਨੇ ਵਿਆਹ ਦੀਆਂ ਖੁਸ਼ੀਆਂ ਫਿੱਕੀਆਂ ਕਰ ਦਿੱਤੀਆਂ। ਲੁਧਿਆਣਾ ਵਿਚ ਵਿਆਹੀ ਲੜਕੀ ਨੇ ਸਹੁਰੇ ਘਰ ਜਾ ਕੇ ਫਿੱਕੀ ਕੌਫੀ ਦੀ ਮੰਗ ਰੱਖੀ ਤਾਂ ਪਰਿਵਾਰ ਨੂੰ ਸ਼ੱਕ ਹੋ ਗਿਆ। ਪਤੀ ਅਤੇ ਸੱਸ ਨੇ ਜ਼ੋਰ ਦੇ ਕੇ ਸ਼ੂਗਰ ਟੈਸਟ ਕਰਾਇਆ ਤਾਂ ਲੜਕੀ ਨੂੰ ਸ਼ੂਗਰ ਦੀ ਸ਼ਿਕਾਇਤ ਨਿਕਲੀ। ਇਸੇ ਗੱਲ ਤੋਂ ਔਖੇ ਲੜਕੇ ਨੇ ਰਿਸ਼ਤਾ ਅੱਗੇ ਵਧਾਉਣ ਤੋਂ ਇਨਕਾਰ ਕਰ ਦਿੱਤਾ। ਇਹ ਕੇਸ ਵੀ ਮਹਿਲਾ ਕਮਿਸ਼ਨ ਕੋਲ ਚੱਲ ਰਿਹਾ ਹੈ।
ਸੂਤਰਾਂ ਅਨੁਸਾਰ ਮਹਿਲਾ ਕਮਿਸ਼ਨ ਕੋਲ ਕਈ ਅਜਿਹੇ ਕੇਸ ਵੀ ਆ ਰਹੇ ਹਨ, ਜਿਨ੍ਹਾਂ ਵਿੱਚ ਵਿਵਾਦ ਦਾ ਆਧਾਰ ਸੋਸ਼ਲ ਮੀਡੀਆ ਬਣ ਰਿਹਾ ਹੈ। ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਇਨ੍ਹਾਂ ਕੇਸਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਲੋਕਾਂ ਵਿੱਚ ਸਹਿਣਸ਼ੀਲਤਾ ਖਤਮ ਹੁੰਦੀ ਜਾ ਰਹੀ ਹੈ। ਅਜਿਹੇ ਮਾਮਲਿਆਂ ਵਿੱਚ ਕਮਿਸ਼ਨ ਕੋਲ ਕੋਈ ਪੇਸ਼ੇਵਰ ਕੌਂਸਲਰ ਵੀ ਨਹੀਂ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਪਰਵਾਸੀ ਭਾਰਤੀ ਲੜਕਿਆਂ ਵੱਲੋਂ ਵਿਆਹ ਕਰਵਾ ਕੇ ਲੜਕੀਆਂ ਨੂੰ ਛੱਡਣ ਦੇ ਚਾਰ ਮਾਮਲੇ ਆਏ ਹਨ।

ਪੰਜਾਬ ਵਿਧਾਨ ਸਭਾ ਨੇ ਸੰਨ 2016 ਦੇ ਬਜਟ ਸੈਸ਼ਨ ਦੌਰਾਨ ਸਮਾਜਿਕ ਸਮਾਗਮਾਂ ‘ਤੇ ਖ਼ਰਚਾ ਘੱਟ ਕਰਨ ਬਾਰੇ ਮਤਾ ਪਾਸ ਕੀਤਾ ਸੀ, ਪਰ ਇਸ ਮਤੇ ‘ਤੇ ਖ਼ੁਦ ਵਿਧਾਇਕਾਂ ਨੇ ਹੀ ਅਮਲ ਨਹੀਂ ਕੀਤਾ। ਜੇਕਰ ਪੰਜਾਬ ਸਰਕਾਰ ‘ਗੈਸਟ ਕੰਟਰੋਲ ਆਰਡਰ’ ਲਾਗੂ ਕਰ ਦੇਵੇ ਤਾਂ ਇਸ ਦਾ ਵੱਡੇ ਪੱਧਰ ‘ਤੇ ਸਵਾਗਤ ਹੋਣ ਦੇ ਆਸਾਰ ਹਨ, ਕਿਉਂੰਕਿ ਬਹੁ-ਗਿਣਤੀ ਲੋਕਾਂ ਨੂੰ ਸਮਾਜਿਕ ਦਬਾਅ ਕਾਰਨ ਵਿਆਹਾਂ ‘ਤੇ ਜ਼ਿਆਦਾ ਖ਼ਰਚਾ ਕਰਨਾ ਪੈ ਰਿਹਾ ਹੈ।