ਮੋਦੀ ਸਰਕਾਰ ਨੇ ਐਨਡੀਟੀਵੀ ਦੇ ਪ੍ਰਸਾਰਨ ‘ਤੇ ਇਕ ਦਿਨ ਦੀ ਰੋਕ ਲਾਈ

ਮੋਦੀ ਸਰਕਾਰ ਨੇ ਐਨਡੀਟੀਵੀ ਦੇ ਪ੍ਰਸਾਰਨ ‘ਤੇ ਇਕ ਦਿਨ ਦੀ ਰੋਕ ਲਾਈ

ਨਵੀਂ ਦਿੱਲੀ/ਬਿਊਰੋ ਨਿਊਜ਼ :
ਸਰਕਾਰ ਨੇ ਹਿੰਦੀ ਦੇ ਪ੍ਰਮੁੱਖ ਨਿਊਜ਼ ਚੈਨਲ ਐਨਡੀਟੀਵੀ ਇੰਡੀਆ ਦਾ ਪ੍ਰਸਾਰਨ ਇਕ ਦਿਨ ਲਈ ਬੰਦ ਕਰਨ ਦਾ ਹੁਕਮ ਦਿੱਤਾ ਹੈ। ਸੂਚਨਾ ਤੇ ਪ੍ਰਸਾਰਨ ਮੰਤਰਾਲੇ ਵੱਲੋਂ ਬਣਾਈ ਮੰਤਰੀਆਂ ਉਤੇ ਆਧਾਰਤ ਕਮੇਟੀ ਨੇ ਪਠਾਨਕੋਟ ਅਤਿਵਾਦੀ ਹਮਲੇ ਦੀ ਕਵਰੇਜ ਕਰਦੇ ਸਮੇਂ ‘ਯੁੱਧਨੀਤਕ ਪੱਖੋਂ ਸੰਵੇਦਨਸ਼ੀਲ’ ਬਿਓਰਾ ਜੱਗ ਜ਼ਾਹਰ ਕਰਨ ਉਤੇ ਇਸ ਚੈਨਲ ਵਿਰੁੱਧ ਕਾਰਵਾਈ ਦੀ ਸਿਫ਼ਾਰਸ਼ ਕੀਤੀ ਸੀ।
ਸੂਚਨਾ ਤੇ ਪ੍ਰਸਾਰਨ ਮੰਤਰਾਲੇ ਨੇ ‘ਕੇਬਲ ਟੀਵੀ ਨੈੱਟਵਰਕਜ਼  (ਰੈਗੂਲੇਸ਼ਨ) ਐਕਟ’ ਅਧੀਨ ਮਿਲੀਆਂ ਤਾਕਤਾਂ ਦੀ ਵਰਤੋਂ ਕਰਦਿਆਂ 9 ਨਵੰਬਰ  ਰਾਤ 12 ਵੱਜ ਕੇ 1 ਸਕਿੰਟ ਤੋਂ 10 ਨਵੰਬਰ ਰਾਤ 12 ਵੱਜ ਕੇ 1 ਸਕਿੰਟ ਤੱਕ ਐਨਡੀਟੀਵੀ ਇੰਡੀਆ ਦੇ ਟਰਾਂਸਮਿਸ਼ਨ ਤੇ ਮੁੜ ਟਰਾਂਸਮਿਸ਼ਨ ਦੀ ਮਨਾਹੀ ਕਰ ਦਿੱਤੀ। ਪਿਛਲੇ ਸਾਲ ਨੋਟੀਫਾਈ ਹੋਏ ਇਨ੍ਹਾਂ ਨਿਯਮਾਂ ਅਧੀਨ ਅਤਿਵਾਦੀ ਹਮਲੇ ਦੀ ਕਵਰੇਜ ਦੇ ਮਾਮਲੇ ਵਿੱਚ ਕਿਸੇ ਟੀਵੀ ਚੈਨਲ ਵਿਰੁੱਧ ਪਹਿਲੀ ਦਫ਼ਾ ਅਜਿਹੇ ਹੁਕਮ ਜਾਰੀ ਕੀਤੇ ਗਏ ਹਨ। ਇਸ ਬਾਰੇ ਟਿੱਪਣੀ ਲਈ ਚੈਨਲ ਨਾਲ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਕਾਮਯਾਬੀ ਨਹੀਂ ਮਿਲੀ।
ਕਮੇਟੀ ਨੇ ਮਹਿਸੂਸ ਕੀਤਾ ਕਿ ਇਸ ਚੈਨਲ ਵੱਲੋਂ ਹਮਲੇ ਵੇਲੇ ਦਿੱਤੀ ਅਹਿਮ ਜਾਣਕਾਰੀ ਨੂੰ ਅਤਿਵਾਦੀਆਂ ਨੂੰ ਦਿਸ਼ਾ-ਨਿਰਦੇਸ਼ ਦੇਣ ਵਾਲੇ ਵਰਤ ਸਕਦੇ ਸਨ ਅਤੇ ਇਸ ਨਾਲ ਨਾ ਸਿਰਫ਼ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਖੜ੍ਹਾ ਹੁੰਦਾ, ਸਗੋਂ ਨਾਗਰਿਕਾਂ ਤੇ ਸੁਰੱਖਿਆ ਮੁਲਾਜ਼ਮਾਂ ਦੀਆਂ ਜਾਨਾਂ ਵੀ ਖ਼ਤਰੇ ਵਿੱਚ ਪੈ ਸਕਦੀਆਂ ਸਨ। ਇਸ ਸਾਲ ਜਨਵਰੀ ਵਿੱਚ ਜਦੋਂ ਹਮਲਾ ਹੋਇਆ ਤਾਂ ਚੈਨਲ ਨੇ ਇਸ ਏਅਰਬੇਸ ਵਿੱਚ ਪਏ ਅਸਲੇ ਦੀ ਜਾਣਕਾਰੀ ਨਸ਼ਰ ਕੀਤੀ। ਚੈਨਲ ਨੇ ਦੱਸਿਆ ਕਿ ਇੱਥੇ ਮਿੱਗ ਲੜਾਕੂ ਜਹਾਜ਼, ਰਾਕੇਟ ਲਾਂਚਰ, ਮੋਰਟਰ ਅਤੇ ਹੈਲੀਕਾਪਟਰ ਮੌਜੂਦ ਹਨ।
ਸੂਤਰਾਂ ਨੇ ਕਿਹਾ ਕਿ ਇਸ ਕਵਰੇਜ ਨਾਲ ਪ੍ਰੋਗਰਾਮਾਂ ਸਬੰਧੀ ਨਿਯਮਾਂ ਦੀ ਉਲੰਘਣਾ ਹੋਈ, ਜਿਸ ਲਈ ਜਨਵਰੀ ਵਿੱਚ ਚੈਨਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਚੈਨਲ ਨੇ ਆਪਣੇ ਜਵਾਬ ਵਿੱਚ ਕਿਹਾ ਸੀ ਕਿ ਇਹ ਮਾਮਲਾ ‘ਪੱਖਪਾਤੀ ਵਿਆਖਿਆ’ ਉਪਰ ਆਧਾਰਤ ਹੈ ਕਿਉਂਕਿ ਜਿਹੜੀ ਜਾਣਕਾਰੀ ਉਸ ਨੇ ਦਿੱਤੀ, ਉਹ ਪਹਿਲਾਂ ਹੀ ਪ੍ਰਿੰਟ, ਇਲੈਕਟ੍ਰਾਨਿਕ ਤੇ ਸੋਸ਼ਲ ਮੀਡੀਆ ਵਿੱਚ ਮੌਜੂਦ ਹੈ।