ਸਿਆਸੀ ਸੰਗਰਾਮ-ਰਾਹੁਲ ਤੇ ਕੇਜਰੀਵਾਲ ਨੇ ਰਾਮਕਿਸ਼ਨ ਨੂੰ ਦੱਸਿਆ ਸ਼ਹੀਦ

ਸਿਆਸੀ ਸੰਗਰਾਮ-ਰਾਹੁਲ ਤੇ ਕੇਜਰੀਵਾਲ ਨੇ ਰਾਮਕਿਸ਼ਨ ਨੂੰ ਦੱਸਿਆ ਸ਼ਹੀਦ

ਖੱਟਰ ਬੋਲੇ-ਸਰਹੱਦ ‘ਤੇ ਜਾਨ ਦੇਣ ਵਾਲਾ ਹੁੰਦੈ ਸ਼ਹੀਦ, ਖ਼ੁਦਕੁਸ਼ੀ ਕਰਨ ਵਾਲਾ ਨਹੀਂ
ਭਿਵਾਨੀ/ਨਵੀਂ ਦਿੱਲੀ/ਬਿਊਰੋ ਨਿਊਜ਼ :
ਇਕ ਰੈਂਕ ਇਕ ਪੈਨਸ਼ਨ ਦੇ ਮੁੱਦੇ ‘ਤੇ ਖ਼ੁਦਕੁਸ਼ੀ ਕਰਨ ਵਾਲੇ ਸਾਬਕਾ ਸੈਨਿਕ ਰਾਮ ਕਿਸ਼ਨ ਗਰੇਵਾਲ ਦਾ ਉਨ੍ਹਾਂ ਦੇ ਜੱਦੀ ਪਿੱਡ ਬਾਮਲਾ ਵਿਚ ਅੰਤਮ ਸਸਕਾਰ ਕਰ ਦਿੱਤਾ ਗਿਆ। ਪਿੰਡ ਬਾਮਲਾ ਸਿਆਸਤ ਦਾ ਕੇਂਦਰ ਬਣ ਗਿਆ ਜਦੋਂ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਅਤੇ ‘ਆਪ’ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਹੋਰ ਆਗੂ ਵੀ ਸਾਬਕਾ ਸੈਨਿਕ ਦੇ ਸਸਕਾਰ ‘ਤੇ ਪਹੁੰਚ ਗਏ। ਕੇਂਦਰੀ ਮੰਤਰੀ ਵੀ ਕੇ ਸਿੰਘ ਨੇ ਗਰੇਵਾਲ ਨੂੰ ਕਾਂਗਰਸ ਵਰਕਰ ਦੱਸ ਕੇ ਇਕ ਹੋਰ ਵਿਵਾਦ ਖੜ੍ਹਾ ਕਰ ਦਿੱਤਾ। ਉਨ੍ਹਾਂ ਨੇ ਸਾਬਕਾ ਸੈਨਿਕ ਦੀ ਦਿਮਾਗੀ ਹਾਲਤ ‘ਤੇ ਵੀ ਸਵਾਲ ਉਠਾਏ ਸਨ। ਇਸ ਦੌਰਾਨ ਕੇਜਰੀਵਾਲ ਨੇ ਸਾਬਕਾ ਸੈਨਿਕ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਫ਼ੌਜੀਆਂ ਨੂੰ ਹੱਕ ਦਿਵਾਉਣ ਲਈ ਉਹ ਸਿਆਸਤ ਕਰ ਰਹੇ ਹਨ ਜਦਕਿ ਮੋਦੀ ਉਨ੍ਹਾਂ ਦੇ ਅਧਿਕਾਰਾਂ ਨੂੰ ਵਾਪਸ ਲੈਣ ਦੀ ਸਿਆਸਤ ਖੇਡ ਰਹੇ ਹਨ। ਉਧਰ ਦਿੱਲੀ ਪੁਲੀਸ ਨੇ ਗਰੇਵਾਲ ਦੀ ਖ਼ੁਦਕੁਸ਼ੀ ਦਾ ਮਾਮਲਾ ਅਪਰਾਧ ਸ਼ਾਖ਼ਾ ਦੇ ਹਵਾਲੇ ਕਰ ਦਿੱਤਾ।
ਰਾਹੁਲ ਨੂੰ ਨਾ ਕਰਨ ਦਿੱਤਾ ਮਾਰਚ : ਦਿੱਲੀ ਕਾਂਗਰਸ ਇਕਾਈ ਵੱਲੋਂ ਸ਼ਾਮ ਵੇਲੇ ਜੰਤਰ ਮੰਤਰ ਤੋਂ ਇੰਡੀਆ ਗੇਟ ਵੱਲ ਕੱਢੇ ਗਏ ਮਾਰਚ ਦੌਰਾਨ ਰਾਹੁਲ ਗਾਂਧੀ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ ਗਿਆ। ਪੁਲੀਸ ਉਨ੍ਹਾਂ ਨੂੰ ਜਬਰੀ ਇਕ ਵੈਨ ਵਿਚ ਲੈ ਗਈ ਅਤੇ ਫਿਰ ਫਿਰੋਜ਼ਸ਼ਾਹ ਰੋਡ ‘ਤੇ ਛੱਡ ਦਿੱਤਾ।