ਬੰਦੀ ਛੋੜ ਦਿਵਸ ਤੇ ਦੀਵਾਲੀ ਮੌਕੇ ਦਰਬਾਰ ਸਾਹਿਬ ‘ਚ ਹੋਈ ਦੀਪਮਾਲਾ ਤੇ ਆਤਿਸ਼ਬਾਜ਼ੀ

ਬੰਦੀ ਛੋੜ ਦਿਵਸ ਤੇ ਦੀਵਾਲੀ ਮੌਕੇ ਦਰਬਾਰ ਸਾਹਿਬ ‘ਚ ਹੋਈ ਦੀਪਮਾਲਾ ਤੇ ਆਤਿਸ਼ਬਾਜ਼ੀ

ਅੰਮ੍ਰਿਤਸਰ/ਬਿਊਰੋ ਨਿਊਜ਼ :
ਬੰਦੀ ਛੋੜਿ ਦਿਵਸ ਤੇ ਦੀਵਾਲੀ ਦਾ ਤਿਉਹਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ। ਇਸ ਮੌਕੇ ਲੱਖਾਂ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪੁੱਜੇ ਤੇ ਪਵਿੱਤਰ ਸਰੋਵਰ ‘ਚ ਇਸ਼ਨਾਨ ਕਰਕੇ ਗੁਰੂ ਦਰ ‘ਤੇ ਸੀਸ ਨਿਵਾਇਆ। ਸ਼ਾਮ ਨੂੰ ਹਰਿਮੰਦਰ ਸਾਹਿਬ ਸਮੂਹ ਵਿਖੇ ਕੀਤੀ ਗਈ ਮਨਮੋਹਕ ਦੀਪਮਾਲਾ ਤੇ ਆਤਿਸ਼ਬਾਜ਼ੀ ਦਾ ਅਨੰਦ ਮਾਣਦਿਆਂ ਸੰਗਤਾਂ ਨੇ ਸਰਵੋਰ ਕਿਨਾਰੇ ਰਵਾਇਤੀ ਦੀਪ ਤੇ ਮੋਮਬੱਤੀਆਂ ਜਗਾ ਕੇ ਵੀ ਗੁਰੂ ਘਰ ਪ੍ਰਤੀ ਆਪਣੀ ਅਕੀਦਤ ਦਾ ਪ੍ਰਗਟਾਵਾ ਕੀਤਾ। ਦੀਪਮਾਲਾ ਤੇ ਆਤਿਸ਼ਬਾਜ਼ੀ ਦੇ ਸੁੰਦਰ ਤੇ ਯਾਦਗਾਰੀ ਪਲਾਂ ਨੂੰ ਹਜ਼ਾਰਾਂ ਸ਼ਰਧਾਲੂਆਂ ਨੇ ਕੈਮਰਿਆਂ ‘ਚ ਵੀ ਕੈਦ ਕੀਤਾ। ਇਸ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਤੇ ਢਾਡੀ ਦਰਬਾਰ ਸਜਾਏ ਗਏ। ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਿੰਨ ਦਿਨ ਅੰਮ੍ਰਿਤ ਸੰਚਾਰ ਦਾ ਪ੍ਰਵਾਹ ਚਲਿਆ, ਜਿਸ ਦੌਰਾਨ ਸੈਂਕੜੇ ਪ੍ਰਾਣੀ ਗੁਰੂ ਵਾਲੇ ਬਣੇ।

ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਕੌਮ ਦੇ ਨਾਂਅ ਸੰਦੇਸ਼ :
ਇਸ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓੜੀ ਤੋਂ ਸਿੱਖ ਕੌਮ ਦੇ ਨਾਂਅ ਸੰਦੇਸ਼ ਜਾਰੀ ਕੀਤਾ, ਜਿਸ ‘ਚ ਉਨ੍ਹਾਂ ਕਿਹਾ ਕਿ ਅਜੌਕੇ ਸਮੇਂ ‘ਚ ਸਿੱਖੀ ਤੋਂ ਬੇਮੁੱਖ ਹੋ ਰਹੀ ਨੌਜਵਾਨ ਪੀੜ੍ਹੀ ਨੂੰ ਮੁੜ ਗੁਰਸਿੱਖੀ ਜੀਵਨ ਵੱਲ ਪ੍ਰੇਰਤ ਕਰਨ ਲਈ ਅੱਜ ਪਰਿਵਾਰਕ ਤੇ ਪੰਥਕ ਏਕਤਾ ਦੀ ਬੇਹੱਦ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀਆਂ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਮੰਦਭਾਗੀਆਂ ਹਨ। ਇਨ੍ਹਾਂ ਘਟਨਾਵਾਂ ਪ੍ਰਤੀ ਵੱਖ-ਵੱਖ ਬਿਆਨਬਾਜ਼ੀਆਂ ਤੇ ਦੂਸ਼ਣਬਾਜ਼ੀਆਂ ਕਰਨ ਤੋਂ ਗੁਰੇਜ਼ ਕਰਦਿਆਂ ਸਾਨੂੰ ਸਾਰਿਆਂ ਨੂੰ ਇਕਮੁੱਠ ਹੋ ਅਜਿਹੀਆਂ ਕਾਰਵਾਈਆਂ ਨੂੰ ਅੰਜ਼ਾਮ ਦੇਣ ਵਾਲਿਆਂ ਵਿਰੁੱਧ ਲਾਮਬੰਦ ਹੋਣਾ ਚਾਹੀਦਾ ਹੈ ਤੇ ਸਮੇਂ ਦੀਆਂ ਸਰਕਾਰਾਂ ਨੂੰ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀਆਂ ਨੂੰ ਬੇਨਕਾਬ ਕਰਕੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।
ਜਥੇਦਾਰ ਅਵਤਾਰ ਸਿੰਘ¸ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਇਸ ਮੌਕੇ ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਸੰਘਰਸ਼ ਨਾਲ ਭਰਿਆ ਪਿਆ ਹੈ, ਪਰ ਦੁੱਖ ਦੀ ਗੱਲ ਹੈ ਕਿ ਅੱਜ ਅਸੀਂ ਆਪਣੇ ਇਤਿਹਾਸ ਨੂੰ ਭੁੱਲਦੇ ਜਾ ਰਹੇ ਹਾਂ। ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਕਥਾਵਾਚਕ ਗੌਹਰ ਏ ਮਸਕੀਨ ਭਾਈ ਰਣਜੀਤ ਸਿੰਘ ਨੇ ਵੀ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀ ਵਧਾਈ ਦਿੱਤੀ।