ਜੰਮੂ : ਗੋਲਾਬਾਰੀ ਦੌਰਾਨ ਤਰਨ ਤਾਰਨ ਜ਼ਿਲ੍ਹੇ ਦੇ ਗੁਰਸੇਵਕ ਸਿੰਘ ਸਮੇਤ ਦੋ ਜਵਾਨ ਸ਼ਹੀਦ

ਜੰਮੂ : ਗੋਲਾਬਾਰੀ ਦੌਰਾਨ ਤਰਨ ਤਾਰਨ ਜ਼ਿਲ੍ਹੇ ਦੇ ਗੁਰਸੇਵਕ ਸਿੰਘ ਸਮੇਤ ਦੋ ਜਵਾਨ ਸ਼ਹੀਦ

ਜੰਮੂ/ਬਿਊਰੋ ਨਿਊਜ਼ :
ਪਾਕਿਸਤਾਨ ਸਰਹੱਦ ਪਾਰ ਤੋਂ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਸਰਹੱਦ ਪਾਰ ਤੋਂ ਦਹਿਸ਼ਤਗਰਦਾਂ ਨੂੰ ਭਾਰਤੀ ਇਲਾਕੇ ਵਿਚ ਦਾਖ਼ਲ ਕਰਾਉਣ ਮੌਕੇ ਪਾਕਿਸਤਾਨੀ ਸੈਨਾ ਵੱਲੋਂ ਕੀਤੀ ਗਈ ਗੋਲੀਬਾਰੀ ਵਿਚ ਭਾਰਤੀ ਫ਼ੌਜ ਦੇ ਦੋ ਜਵਾਨ ਹਲਾਕ ਹੋ ਗਏ। ਇਨ੍ਹਾਂ ਵਿਚੋਂ ਇਕ 22 ਸਿੱਖ ਰੈਜਮੈਂਟ ਦਾ ਸਿਪਾਹੀ ਗੁਰਸੇਵਕ ਸਿੰਘ (23) ਸ਼ਾਮਲ ਹੈ ਜੋ ਤਰਨ ਤਾਰਨ ਜ਼ਿਲ੍ਹੇ ਦੇ ਲਾਲਪੁਰ ਵਿਚ ਵਰਾਨਾ ਪਿੰਡ ਦਾ ਵਸਨੀਕ ਸੀ। ਉਂਜ ਕੰਟਰੋਲ ਰੇਖਾ ‘ਤੇ ਚੌਕਸ ਜਵਾਨਾਂ ਨੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਬਣਾ ਦਿੱਤਾ। ਪਾਕਿਸਤਾਨ ਵੱਲੋਂ ਗੋਲੀਬੰਦੀ ਦੀ ਉਲੰਘਣਾ ਦੌਰਾਨ ਪੰਜ ਹੋਰ ਜਣੇ ਜ਼ਖ਼ਮੀ ਹੋਏ ਹਨ ਜਿਨ੍ਹਾਂ ਵਿਚ ਦੋ ਫ਼ੌਜੀ, ਦੋ ਮਹਿਲਾ ਅਤੇ ਬੀਐਸਐਫ ਦਾ ਇਕ ਅਫ਼ਸਰ ਸ਼ਾਮਲ ਹਨ। ਭਾਰਤੀ ਜਵਾਨਾਂ ਨੇ ਵੀ ਜਵਾਬੀ ਫਾਇਰਿੰਗ ਕਰ ਕੇ ਪੁਣਛ ਸੈਕਟਰ ਵਿਚ ਕੰਟਰੋਲ ਰੇਖਾ ਪਾਰ ਪਾਕਿਸਤਾਨ ਦੀਆਂ ਕਈ ਚੌਕੀਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ।
ਸੀਨੀਅਰ ਫ਼ੌਜੀ ਅਧਿਕਾਰੀ ਨੇ ਦੱਸਿਆ ਕਿ ਗੁਰਸੇਵਕ ਸਿੰਘ ਕ੍ਰਿਸ਼ਨਾ ਘਾਟੀ ਸੈਕਟਰ ਵਿਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਕੁਰਬਾਨ ਹੋ ਗਿਆ। ਜਦਕਿ ਦੂਜਾ ਜਵਾਨ ਪੁਣਛ ਸੈਕਟਰ ਵਿਚ ਹਲਾਕ ਹੋਇਆ ਹੈ। ਉਸ ਦੀ ਪਛਾਣ ਅਜੇ ਜਨਤਕ ਨਹੀਂ ਕੀਤੀ ਗਈ ਹੈ। ਪੁਣਛ ਸੈਕਟਰ ਵਿਚ ਹੀ ਸਰਹੱਦ ਪਾਰ ਤੋਂ ਹੋਈ ਗੋਲੀਬਾਰੀ ਵਿਚ ਦੋ ਜਵਾਨ ਜ਼ਖ਼ਮੀ ਹੋ ਗਏ। ਜ਼ਖ਼ਮੀ ਮਹਿਲਾ ਦੀ ਪਛਾਣ ਸਲੀਮਾ ਅਖ਼ਤਰ ਵਜੋਂ ਹੋਈ ਹੈ ਜੋ ਪੁਣਛ ਦੀ ਵਸਨੀਕ ਹੈ। ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ ਜਿਥੇ ਉਸ ਦੀ ਹਾਲਤ ਸਥਿਰ ਦੱਸੀ ਗਈ ਹੈ।
ਫ਼ੌਜੀ ਅਧਿਕਾਰੀ ਨੇ ਕਿਹਾ ਕਿ ਪੁਣਛ ਸੈਕਟਰ ਵਿਚ ਬਿਨਾਂ ਭੜਕਾਹਟ ਦੇ ਗੋਲੀਬਾਰੀ ਦੀ ਉਲੰਘਣਾ ਲਗਾਤਾਰ ਜਾਰੀ ਹੈ। ਉਸ ਮੁਤਾਬਕ ਜਵਾਨਾਂ ਵੱਲੋਂ ਪਾਕਿਸਤਾਨੀ ਫ਼ੌਜ ਨੂੰ ਢੁੱਕਵਾਂ ਜਵਾਬ ਦਿੱਤਾ ਜਾ ਰਿਹਾ ਹੈ ਅਤੇ ਕਈ ਪਾਕਿਸਤਾਨੀ ਚੌਕੀਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
ਫ਼ੌਜ ਦੇ ਤਰਜਮਾਨ ਨੇ ਕਿਹਾ ਕਿ ਕ੍ਰਿਸ਼ਨਾ ਘਾਟੀ ਸੈਕਟਰ ਵਿਚ 5 ਅਤੇ 6 ਨਵੰਬਰ ਦੀ ਦਰਮਿਆਨੀ ਰਾਤ ਨੂੰ ਜਵਾਨਾਂ ਨੇ ਘੁਸਪੈਠ ਦੀਆਂ ਦੋ ਵਾਰਦਾਤਾਂ ਨੂੰ ਨਾਕਾਮ ਕੀਤਾ। ਘੁਸਪੈਠੀਆਂ ਨੇ ਪਾਕਿਸਤਾਨ ਮਕਬੂਜ਼ਾ ਕਸ਼ਮੀਰ ਵੱਲ ਭੱਜਦੇ ਹੋਏ ਜਵਾਨਾਂ ‘ਤੇ ਗੋਲੀਬਾਰੀ ਕੀਤੀ ਜਿਸ ਦੌਰਾਨ ਸਿਪਾਹੀ ਗੁਰਸੇਵਕ ਸਿੰਘ ਨੂੰ ਵੀ ਗੋਲੀਆਂ ਲੱਗੀਆਂ ਅਤੇ ਉਹ ਜ਼ਖ਼ਮਾਂ ਦੀ ਤਾਬ ਨਾ ਸਹਿੰਦਿਆਂ ਦਮ ਤੋੜ ਗਿਆ।
ਪਾਕਿਸਤਾਨ ਨੇ ਚਾਰ ਥਾਵਾਂ ‘ਤੇ ਸਿਵਲ ਅਤੇ ਸੁਰੱਖਿਆ ਟਿਕਾਣਿਆਂ ਉਪਰ ਅੰਨ੍ਹੇਵਾਹ ਗੋਲੇ ਦਾਗ਼ੇ ਗਏ ਅਤੇ ਫਾਇਰਿੰਗ ਕੀਤੀ। ਤਰਜਮਾਨ ਨੇ ਕਿਹਾ ਕਿ ਪਾਕਿਸਤਾਨ ਫ਼ੌਜ ਨੇ ਰਾਤ ਸਵਾ 10 ਵਜੇ ਤੋਂ 120 ਤੇ 82 ਐਮਐਮ ਦੇ ਮੋਰਟਾਰ ਦਾਗ਼ੇ ਅਤੇ ਆਟੋਮੈਟਿਕ ਹਥਿਆਰਾਂ ਨਾਲ ਗੋਲੀਬਾਰੀ ਕੀਤੀ।
ਤਿੰਨ ਮਹੀਨੇ ਬਾਅਦ ਸੀ ਗੁਰਸੇਵਕ ਦਾ ਵਿਆਹ :
ਤਰਨ ਤਾਰਨ : ਛੋਟੀ ਕਿਸਾਨੀ ਪਰਿਵਾਰ ਨਾਲ ਸਬੰਧਤ ਗੁਰਸੇਵਕ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਕੋਲ ਸਿਰਫ਼ ਅੱਧਾ ਏਕੜ ਜ਼ਮੀਨ ਹੈ। ਬਲਵਿੰਦਰ ਸਿੰਘ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਲਈ ਦਿਹਾੜੀ ‘ਤੇ ਵੀ ਜਾਂਦਾ ਹੈ। ਗੁਰਸੇਵਕ ਦੀਆਂ ਦੋ ਭੈਣਾਂ ਅਤੇ ਦੋ ਭਰਾ ਹਨ। ਭੈਣਾਂ ਦਾ ਵਿਆਹ ਕਰ ਦਿੱਤਾ ਗਿਆ ਹੈ। ਗੁਰਸੇਵਕ ਸਿੰਘ ਨੇੜਲੇ ਪਿੰਡ ਨੌਰੰਗਾਬਾਦ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ ਦਸਵੀਂ ਜਮਾਤ ਕਰਨ ਉਪਰੰਤ 25 ਮਾਰਚ, 2013 ਨੂੰ ਫੌਜ ਵਿੱਚ ਭਰਤੀ ਹੋਇਆ ਸੀ। ਉਸ ਦੀ ਮਾਤਾ ਬਲਜੀਤ ਕੌਰ ਬਿਮਾਰ ਰਹਿੰਦੀ ਹੈ। ਜੁਲਾਈ ਵਿਚ ਜਦੋਂ ਉਹ ਇਕ ਮਹੀਨੇ ਦੀ ਛੁੱਟੀ ‘ਤੇ ਆਇਆ ਸੀ ਤਾਂ ਪਰਿਵਾਰ ਨੇ ਉਸ ਦੀ ਮੰਗਣੀ ਕਰ ਦਿੱਤੀ ਸੀ ਅਤੇ 13 ਫਰਵਰੀ, 2017 ਨੂੰ ਵਿਆਹ ਨਿਸ਼ਚਤ ਸੀ। ਪਿੰਡ ਦੇ ਸਰਪੰਚ ਕਰਮਜੀਤ ਸਿੰਘ ਨੇ ਕਿਹਾ ਕਿ ਗੁਰਸੇਵਕ ਸਿੰਘ ਪਿੰਡ ਦਾ ਸਾਊ ਪੁੱਤਰ ਸੀ ਅਤੇ ਉਹ ਬਚਪਨ ਤੋਂ ਹੀ ਇਕ ਹੋਣਹਾਰ ਬੱਚਾ ਕਰਕੇ ਜਾਣਿਆ ਜਾਂਦਾ ਸੀ। ਗੁਰਸੇਵਕ ਸਿੰਘ ਦੀ ਮ੍ਰਿਤਕ ਦੇਹ ਪਿੰਡ ਪੁੱਜਣ ‘ਤੇ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।