ਸਰਬੱਤ ਖ਼ਾਲਸਾ ਰੋਕਣ ਲਈ ਪੁਲੀਸ ਨੇ ਤਲਵੰਡੀ ਸਾਬੋ ਇਲਾਕੇ ਦੀ ਕੀਤੀ ਘੇਰਾਬੰਦੀ

ਸਰਬੱਤ ਖ਼ਾਲਸਾ ਰੋਕਣ ਲਈ ਪੁਲੀਸ ਨੇ ਤਲਵੰਡੀ ਸਾਬੋ ਇਲਾਕੇ ਦੀ ਕੀਤੀ ਘੇਰਾਬੰਦੀ

ਬਠਿੰਡਾ/ਤਲਵੰਡੀ ਸਾਬੋ/ਬਿਊਰੋ ਨਿਊਜ਼ :
ਪਿਛਲੇ ਸਾਲ ਅੰਮ੍ਰਿਤਸਰ ਜ਼ਿਲ੍ਹੇ ਦੇ ਕਸਬਾ ਚੰਬਾ ਵਿਖੇ ਬੁਲਾਏ ਗਏ ਸਰਬੱਤ ਖ਼ਾਲਸਾ ਵਿਚ ਥਾਪੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਅਤੇ ਦੂਸਰੇ ਤਖ਼ਤ ਸਾਹਿਬ ਦੇ ਜਥੇਦਾਰਾਂ ਵੱਲੋਂ 10 ਨਵੰਬਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਇਲਾਕੇ ਵਿਚ ਬੁਲਾਏ ਗਏ ਸਰਬੱਤ ਖ਼ਾਲਸਾ ਨੂੰ ਹੋਣ ਤੋਂ ਰੋਕਣ ਲਈ ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਨੇ ਸਖ਼ਤ ਕਦਮ ਚੁੱਕੇ ਹਨ। ਇਸ ਸਿਲਸਿਲੇ ਵਿਚ ਸਰਬੱਤ ਖ਼ਾਲਸਾ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਚੁੱਕੀਆਂ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੂੰ ਪੁਲੀਸ ਨੇ ਹਿਰਾਸਤ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ। ਪ੍ਰਾਪਤ ਸੂਚਨਾ ਅਨੁਸਾਰ ਬਲਜੀਤ ਸਿੰਘ ਗੰਗਾ, ਰਾਮ ਸਿੰਘ ਬਲਾਹੜ੍ਹ ਮਹਿਮਾ, ਸੁਖਦੇਵ ਸਿੰਘ ਕਿੰਗਰਾ, ਸੀਤਾ ਰਾਮ ਦੀਪਕ ਰਾਮਪੁਰਾ ਫੂਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬਠਿੰਡਾ ਪਹੁੰਚੀਆਂ ਇਤਲਾਹਾਂ ਅਨੁਸਾਰ ਬਠਿੰਡਾ-ਤਲਵੰਡੀ ਸਾਬੋ ਸੜਕ ‘ਤੇ ਪਿੰਡ ਭਾਗੀਵਾਂਦਰ ਦੇ ਪਾਸ ਜਿੱਥੇ 10 ਨਵੰਬਰ ਨੂੰ ਸਰਬੱਤ ਖ਼ਾਲਸਾ ਬੁਲਾਉਣ ਦਾ ਪ੍ਰਸਤਾਵ ਹੈ, ਦੀ ਥਾਂ ਨੂੰ ਪੁਲੀਸ ਨੇ ਘੇਰ ਲਈ ਹੈ ਅਤੇ ਪੰਡਾਲ ਲਾਉਣ ਦੀ ਕਾਰਵਾਈ ਨੂੰ ਸਖ਼ਤੀ ਨਾਲ ਰੋਕ ਦਿੱਤਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਥਾਂ ‘ਤੇ ਹਾਲੇ ਤੱਕ ਸਰਬੱਤ ਖ਼ਾਲਸਾ ਬੁਲਾਉਣ ਦੀ ਆਗਿਆ ਨਹੀਂ ਦਿੱਤੀ। ਵੱਡੀ ਗਿਣਤੀ ਵਿਚ ਪਹੁੰਚੀ ਪੁਲੀਸ ਫੋਰਸ ਤੋਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸਰਕਾਰ ਸਰਬੱਤ ਖ਼ਾਲਸਾ ਨੂੰ ਹੋਣ ਤੋਂ ਰੋਕਣ ਲਈ ਸਖ਼ਤ ਕਾਰਵਾਈ ਕਰ ਸਕਦੀ ਹੈ। ਸਰਬੱਤ ਖ਼ਾਲਸਾ ਦੀਆਂ ਤਿਆਰੀਆਂ ਦੇ ਸਬੰਧ ਵਿਚ ਸਬੰਧਿਤ ਧਿਰਾਂ ਦੇ ਆਗੂਆਂ ਦੀ ਹੋਣ ਵਾਲੀ ਮੀਟਿੰਗ ਵੀ ਪੁਲਿਸ ਦੀ ਸਖ਼ਤੀ ਨਾਲ ਨਹੀਂ ਹੋ ਸਕੀ। ਜਾਣਕਾਰੀ ਅਨੁਸਾਰ ਕਈ ਆਗੂ ਆਪਣੀ ਗ੍ਰਿਫ਼ਤਾਰੀ ਤੋਂ ਬਚਣ ਲਈ ਰੂਪੋਸ਼ ਹੋ ਗਏ ਹਨ। ਪੁਲੀਸ ਇਨ੍ਹਾਂ ਦੀ ਭਾਲ ਲਈ ਛਾਪੇ ਮਾਰ ਰਹੀ ਹੈ। ਇਸ ਦੌਰਾਨ ਪੰਜਾਬ ਸਰਕਾਰ ਦੇ ਆਦੇਸ਼ ‘ਤੇ ਪੁਲੀਸ ਵੱਲੋਂ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਨਜ਼ਦੀਕ ਸਰਬੱਤ ਖ਼ਾਲਸਾ ਹੋਣ ਤੋਂ ਸਖ਼ਤੀ ਨਾਲ ਰੋਕਣ ਦੇ ਬਾਅਦ ਹੁਣ ਸਰਬੱਤ ਖ਼ਾਲਸਾ ਦੀ ਥਾਂ ਪੰਜਾਬ-ਹਰਿਆਣਾ ਹੱਦ ‘ਤੇ ਹਰਿਆਣੇ ਵਿਚ ਕਿਸੇ ਅਣਦੱਸੀ ਥਾਂ ਤਬਦੀਲ ਕੀਤੀ ਜਾ ਰਹੀ ਹੈ, ਇਹ ਜਾਣਕਾਰੀ ਸਰਬੱਤ ਖ਼ਾਲਸਾ ਨੂੰ ਬੁਲਾਉਣ ਨੂੰ ਹਮਾਇਤ ਦੇ ਰਹੀਆਂ ਸਿੱਖ ਜਥੇਬੰਦੀਆਂ ਦੇ ਇਕ ਆਗੂ ਨੇ ਇਥੇ ਦਿੱਤੀ। ਇਸ ਆਗੂ ਨੇ ਇਹ ਦਾਅਵਾ ਕੀਤਾ ਕਿ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਦਲ ਖ਼ਾਲਸਾ ਨੇ ਸਰਬੱਤ ਖਾਲਸਾ ਬੁਲਾਉਣ ਨੂੰ ਆਪਣੀ ਹਮਾਇਤ ਦੇ ਦਿੱਤੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਸਰਬੱਤ ਖ਼ਾਲਸਾ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਥੇਦਾਰ ਥਾਪੇ ਗਏ ਭਾਈ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ਾਂ ‘ਤੇ ਤਲਵੰਡੀ ਸਾਬੋ ਵਿਖੇ ਸਰਬੱਤ ਖ਼ਾਲਸਾ ਧਿਰਾਂ ਦੀ ਇੱਕ ਮੀਟਿੰਗ ਸਰਬੱਤ ਖ਼ਾਲਸਾ ਵੱਲੋਂ ਥਾਪੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਵੱਲੋਂ ਬੁਲਾਈ ਗਈ ਸੀ ਜਿਸ ਵਿਚ ਸਰਬੱਤ ਖ਼ਾਲਸਾ ਦੇ ਸੰਚਾਲਨ ਨੂੰ ਲੈ ਕੇ 300 ਮੈਂਬਰੀ ਕਮੇਟੀ ਦਾ ਐਲਾਨ ਕੀਤਾ ਜਾਣਾ ਸੀ ਪਰ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਸਰਬੱਤ ਖ਼ਾਲਸਾ ਨਾਲ ਸਬੰਧਤ ਧਿਰਾਂ ਦੇ ਆਗੂਆਂ ਦੀ ਗ੍ਰਿਫ਼ਤਾਰੀ ਕੀਤੇ ਜਾਣ ਦੇ ਚੱਲਦਿਆਂ ਬਹੁਤੇ ਆਗੂਆਂ ਦੇ ਰੂਪੋਸ਼ ਹੋ ਜਾਣ ਦੇ ਨਾਲ-ਨਾਲ ਤਲਵੰਡੀ ਸਾਬੋ ਨੂੰ ਸਵੇਰ ਤੋਂ ਹੀ ਪੁਲੀਸ ਛਾਉਣੀ ਵਿਚ ਤਬਦੀਲ ਕੀਤੇ ਜਾਣ ਨਾਲ ਉਕਤ ਮੀਟਿੰਗ ਨਾ ਹੋ ਸਕੀ। ਉੱਧਰ ਟੈਂਟ ਦਾ ਕੰਮ ਰੁਕਵਾਉਣ ਸਬੰਧੀ ਤਲਵੰਡੀ ਸਾਬੋ ਥਾਣਾ ਮੁਖੀ ਗੁਰਵਿੰਦਰ ਸਿੰਘ ਨਾਲ ਸੰਪਰਕ ਹੋਣ ‘ਤੇ ਉਨ੍ਹਾਂ ਕਿਹਾ ਕਿ ਸਬੰਧਤ ਧਿਰ ਬਿਨਾਂ ਕਿਸੇ ਸਰਕਾਰੀ ਮਨਜ਼ੂਰੀ ਤੋਂ ਹੀ ਟੈਂਟ ਲਾ ਰਹੀ ਸੀ ਫਿਰ ਵੀ ਅਸੀਂ ਉਨ੍ਹਾਂ ਨੂੰ ਆਪਣੇ ਵੱਲੋਂ ਟੈਂਟ ਪੁੱਟਣ ਲਈ ਨਹੀਂ ਕਿਹਾ। ਕਿਸੇ ਹੋਰ ਵੱਲੋਂ ਕਹੇ ਜਾਣ ਸਬੰਧੀ ਉਨ੍ਹਾਂ ਅਨਜਾਣਤਾ ਪ੍ਰਗਟਾਈ।