ਕੇਜਰੀਵਾਲ ਦੇ ਪਾਣੀਆਂ ਬਾਰੇ ਬਿਆਨ ਨੂੰ ਮੀਡੀਆ ਨੇ ਤੋੜ-ਮਰੋੜ ਕੇ ਪੇਸ਼ ਕੀਤਾ : ਸ਼ੇਰਗਿੱਲ
ਅੰਮ੍ਰਿਤਸਰ/ਬਿਊਰੋ ਨਿਊਜ਼ :
ਐਸਵਾਈਐਲ ਮਾਮਲੇ ‘ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਮੁੜ ਵਿਵਾਦ ਵਿੱਚ ਘਿਰ ਗਏ ਹਨ। ਇਸੇ ਦੌਰਾਨ ‘ਆਪ’ ਦੇ ਬੁਲਾਰੇ ਹਿੰਮਤ ਸਿੰਘ ਸ਼ੇਰਗਿੱਲ ਨੇ ਦਾਅਵਾ ਕੀਤਾ ਹੈ ਕਿ ਇਸ ਬਿਆਨ ਨੂੰ ਮੀਡੀਆ ਨੇ ਤੋੜ-ਮਰੋੜ ਕੇ ਪੇਸ਼ ਕੀਤਾ ਹੈ।
ਮਜੀਠਾ ਦੀ ਦਾਣਾ ਮੰਡੀ ਵਿੱਚ ਕੀਤੀ ਗਈ ਰੈਲੀ ਤੋਂ ਬਾਅਦ ਸ੍ਰੀ ਕੇਜਰੀਵਾਲ ਤੋਂ ਪੱਤਰਕਾਰਾਂ ਨੇ ਗੱਲਬਾਤ ਦੌਰਾਨ ਸਵਾਲ ਪੁੱਛਿਆ ਕਿ ਕੀ ਪੰਜਾਬ ਦੇ ਪਾਣੀ ‘ਤੇ ਦਿੱਲੀ ਦਾ ਹੱਕ ਹੈ ਜਾਂ ਨਹੀਂ, ਤਾਂ ਉਨ੍ਹਾਂ ਜਵਾਬ ਵਿੱਚ ਆਖਿਆ, ”ਸਭ ਦਾ ਹੱਕ ਹੈ।” ਇਹ ਵੀਡਿਓ ਵੱਡੇ ਪੱਧਰ ‘ਤੇ ਵਾਇਰਲ ਹੋਈ ਹੈ, ਜਿਸ ਦੀ ਸਿਆਸੀ ਆਗੂਆਂ ਨੇ ਤਿੱਖੀ ਆਲੋਚਨਾ ਕੀਤੀ ਹੈ। ਇਸ ਤੋਂ ਪਹਿਲਾਂ ਐਸਵਾਈਐਲ ਅਦਾਲਤੀ ਮਾਮਲੇ ਵਿੱਚ ‘ਆਪ’ ਦੇ ਵਕੀਲ ਵੱਲੋਂ ਰੱਖੇ ਗਏ ਪੱਖ ਕਾਰਨ ਵਿਵਾਦ ਵਿਚ ਘਿਰ ਗਏ ਸਨ। ਹੁਣ ਪੰਜਾਬ ਦੌਰੇ ਦੌਰਾਨ 11 ਦਸੰਬਰ ਨੂੰ ਜਗਰਾਉਂ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਆਖਿਆ ਸੀ ਕਿ ਪੰਜਾਬ ਦੇ ਪਾਣੀ ‘ਤੇ ਕਿਸੇ ਦਾ ਹੱਕ ਨਹੀਂ ਹੈ। ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ, ਜੋ ਕਿਸੇ ਹੋਰ ਸੂਬੇ ਨੂੰ ਦਿੱਤਾ ਜਾ ਸਕੇ। ਉਨ੍ਹਾਂ ਦਾਅਵਾ ਕੀਤਾ ਸੀ ਕਿ ‘ਆਪ’ ਪੰਜਾਬ ਦੇ ਪਾਣੀਆਂ ਦੀ ਰਾਖੀ ਕਰੇਗੀ ਪ੍ਰੰਤੂ ਹੁਣ ਦੋ ਦਿਨ ਬਾਅਦ ਹੀ ਮਜੀਠਾ ਰੈਲੀ ਸਮੇਂ ਉਨ੍ਹਾਂ ਦੇ ਇਸ ਨਵੇਂ ਬਿਆਨ ਨੇ ਮੁੜ ਵਿਵਾਦ ਖੜ੍ਹਾ ਕਰ ਦਿੱਤਾ ਹੈ।
ਇਸ ਮਾਮਲੇ ਵਿੱਚ ਪੱਤਰਕਾਰ ਸੰਮੇਲਨ ਦੌਰਾਨ ‘ਆਪ’ ਦੇ ਮਜੀਠਾ ਹਲਕੇ ਤੋਂ ਉਮੀਦਵਾਰ ਅਤੇ ਪਾਰਟੀ ਦੇ ਬੁਲਾਰੇ ਹਿੰਮਤ ਸਿੰਘ ਸ਼ੇਰਗਿੱਲ ਨੇ ਆਖਿਆ ਕਿ ਸ੍ਰੀ ਕੇਜਰੀਵਾਲ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ, ਜਿਸ ਵਿੱਚ ਪੰਜਾਬ ਦੇ ਪਾਣੀ ‘ਤੇ ਦਿੱਲੀ ਦਾ ਹੱਕ ਜਤਾਇਆ ਗਿਆ ਹੋਵੇ। ਉਨ੍ਹਾਂ ਆਖਿਆ ਕਿ ਇਸ ਸਬੰਧੀ ਵਾਇਰਲ ਹੋਈ ਵੀਡਿਓ ਅਤੇ ਅਖਬਾਰੀ ਖ਼ਬਰਾਂ ਝੂਠੀਆਂ ਹਨ। ਮੀਡੀਆ ਦੇ ਇੱਕ ਹਿੱਸੇ ਨੇ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਪੱਤਰਕਾਰ ਸ਼੍ਰੋਮਣੀ ਅਕਾਲੀ ਦਲ ਨੇ ਤਨਖਾਹ ‘ਤੇ ਰੱਖੇ ਹੋਏ ਹਨ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਆਪਣੀ ਹਾਰ ਨੂੰ ਦੇਖ ਕੇ ਬੌਖਲਾ ਗਏ ਹਨ ਅਤੇ ਅਜਿਹੀਆਂ ਕੌਝੀਆਂ ਹਰਕਤਾਂ ਕਰ ਰਹੇ ਹਨ, ਉਨ੍ਹਾਂ ਦਾਅਵਾ ਕੀਤਾ ਕਿ ਕੇਜਰੀਵਾਲ ਜਦੋਂ ਵਾਪਸ ਜਾ ਰਹੇ ਸਨ ਤਾਂ ਪੱਤਰਕਾਰਾਂ ਵੱਲੋਂ ਪੁੱਛੇ ਜਾ ਰਹੇ ਕਈ ਸਵਾਲਾਂ ਵਿੱਚੋਂ ਕਿਸੇ ਇੱਕ ਦੇ ਜਵਾਬ ਵਿੱਚ ਆਖਿਆ ਸੀ ਕਿ ਸਭ ਠੀਕ ਹੈ, ਜਿਸ ਨੂੰ ਹੁਣ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦੇ ਪਾਣੀਆਂ ਬਾਰੇ ਪਾਰਟੀ ਦਾ ਪੱਖ ਸ੍ਰੀ ਕੇਜਰੀਵਾਲ 11 ਦਸੰਬਰ ਨੂੰ ਜਗਰਾਉਂ ਵਿੱਚ ਸਪਸ਼ਟ ਕਰ ਚੁੱਕੇ ਹਨ।
Comments (0)