ਤਲਵੰਡੀ ਸਾਬੋ ਵਿਖੇ ਮੁੜ ਸੱਦਿਆ ਜਾਵੇਗਾ ਸਰਬੱਤ ਖਾਲਸਾ

ਤਲਵੰਡੀ ਸਾਬੋ ਵਿਖੇ ਮੁੜ ਸੱਦਿਆ ਜਾਵੇਗਾ ਸਰਬੱਤ ਖਾਲਸਾ

ਅਗਲੇ ਹਫ਼ਤੇ ਤਕ ਹੋਵੇਗਾ ਤਰੀਕ ਦਾ ਐਲਾਨ
ਮੋਗਾ/ਬਿਊਰੋ ਨਿਊਜ਼ :
ਮੋਗਾ-ਫ਼ਿਰੋਜ਼ਪੁਰ ਕੌਮੀਸ਼ਾਹ ਉਤੇ ਸਥਿਤ ਗੁਰਦੁਆਰਾ ਜੋਤੀ ਸਰੂਪ ਪਿੰਡ ਜੋਗੇਵਾਲਾ ਵਿਖੇ ਮੁਤਵਾਜ਼ੀ ਜਥੇਦਾਰਾਂ ਤੇ ਸੰਤ ਸਮਾਜ ਦੀ ਮੀਟਿੰਗ ਹੋਈ, ਜਿਸ ਵਿਚ ਤਲਵੰਡੀ ਸਾਬੋ ਵਿਖੇ ਮੁੜ ਸਰਬੱਤ ਖਾਲਸਾ ਸੱਦਣ ਦਾ ਫ਼ੈਸਲਾ ਲੈਂਦਿਆਂ ਅਗਲੇ ਹਫ਼ਤੇ ਤੀਕ ਮਿਤੀ ਦਾ ਐਲਾਨ ਕਰਨ ਦੀ ਗੱਲ ਆਖੀ। ਸਰਬੱਤ ਖਾਲਸਾ ‘ਤੇ ਪਾਬੰਦੀ ਦੀ ਨਿਖ਼ੇਧੀ ਕਰਦਿਆਂ ਇਸ ਨੂੰ ਬਾਦਲਾਂ ਦਾ ਸਿੱਖ ਵਿਰੋਧੀ ਚਿਹਰਾ ਤੇ ਬੁਖ਼ਲਾਹਟ ਦਾ ਨਤੀਜਾ ਦੱਸਿਆ ਗਿਆ।
ਮੀਟਿੰਗ ਵਿੱਚ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਤਖ਼ਤ ਸ੍ਰੀ ਕੇਸਗੜ੍ਹ  ਸਾਹਿਬ ਦੇ ਜਥੇਦਾਰ ਅਮਰੀਕ ਸਿੰਘ ਅਜਨਾਲਾ ਨੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਬੀਤੇ ਵਰ੍ਹੇ ਚੱਬਾ ਵਿਖੇ ਹੋਏ ਸਰਬੱਤ ਖਾਲਸਾ ਤੋਂ ਬੁਖਲਾਈ ਬਾਦਲ ਸਰਕਾਰ ਨੇ 10 ਨਵੰਬਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਹੋਣ ਵਾਲੇ ਸਰਬੱਤ ਖਾਲਸਾ ‘ਤੇ ਪਾਬੰਦੀ ਲਗਾ ਕੇ ਸਿੱਖ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਉਨ੍ਹਾਂ ਨੇ ਤਲਵੰਡੀ ਸਾਬੋ ਵਿੱਚ ਮੁੜ ਉਸੇ ਸਥਾਨ ‘ਤੇ ਸਰਬੱਤ ਖਾਲਸਾ ਸੱਦਣ ਦਾ ਅਹਿਮ ਫ਼ੈਸਲਾ ਲੈਂਦਿਆਂ ਸੰਗਤ ਨੂੰ ਦੱਸਿਆ ਕਿ ਸਿੱਖ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਇਸ ਹਫ਼ਤੇ ਤਾਰੀਖ਼ ਐਲਾਨ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਸ ਵਾਰ ਵੀ ਦਖਲਅੰਦਾਜ਼ੀ ਕੀਤੀ ਤਾਂ ਇਸ ਦੇ ਨਿਕਲਣ ਵਾਲੇ ਭਿਆਨਕ ਸਿੱਟਿਆਂ ਦੀ ਜ਼ਿੰਮੇਵਾਰ ਸਰਕਾਰ ਹੋਵੇਗੀ।
ਮੁਤਵਾਜ਼ੀ ਜਥੇਦਾਰਾਂ ਨੇ ਕਿਹਾ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ‘ਤੇ ਹੋਣ ਵਾਲਾ ਸਰਬੱਤ ਖਾਲਸਾ ਕਿਸੇ ਵੀ ਦੇਸ਼, ਧਰਮ ਜਾਂ ਕਾਨੂੰਨ ਵਿਵਸਥਾ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਸੀ ਪਰ ਬਾਦਲ ਸਰਕਾਰ ਨੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹਾਂ ਵਿਚ ਡੱਕ ਦਿੱਤਾ ਅਤੇ ਸਰਬੱਤ ਖਾਲਸਾ ‘ਤੇ ਪਾਬੰਦੀ ਲਾਈ ਗਈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਿੱਖ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਲੋਕਾਂ ਨੂੰ ਇਨਸਾਫ਼ ਦੇਣ ਦੇ ਵੱਡੇ ਵੱਡੇ ਦਮਗਜ਼ੇ ਮਾਰਦੀ ਹੈ ਪਰ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਅੱਜ ਤਕ ਇਨਸਾਫ਼ ਨਹੀਂ ਮਿਲਿਆ। ਅੱਜ ਐਸਵਾਈਐਲ ‘ਤੇ ਸਿਆਸਤ ਕਰਨ ਵਾਲੇ ਅਕਾਲੀਆਂ ਤੇ ਕਾਂਗਰਸੀਆਂ ਵੱਲੋਂ ਪੰਜਾਬ ਦੇ ਪਾਣੀਆਂ ਨੂੰ ਹਰਿਆਣਾ ਨੂੰ ਦੇਣ ਲਈ ਹਾਮੀ ਭਰੀ ਗਈ ਸੀ। ਉਨ੍ਹਾਂ ਕਿਹਾ ਕਿ ਦਰਿਆਈ ਪਾਣੀ ‘ਤੇ ਰਿਪੇਰੀਅਨ ਸਿਧਾਂਤ ਮੁਤਾਬਕ ਪੰਜਾਬ ਦਾ ਹੱਕ ਹੈ ਜੋ ਕਿਸੇ ਵੀ ਕੀਮਤ ‘ਤੇ ਹਰਿਆਣਾ ਜਾਂ ਰਾਜਸਥਾਨ ਨੂੰ ਨਹੀਂ ਦਿੱਤਾ ਜਾ ਸਕਦਾ।  ਉਨ੍ਹਾਂ ਨੇ ਵਿਸ਼ਵ ਦੀ ਸਮੁੱਚੀ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਗੁਰਦੀਪ ਸਿੰਘ ਬਠਿੰਡਾ, ਭਾਈ ਮੋਹਕਮ ਸਿੰਘ, ਜਥੇਦਾਰ ਬੂਟਾ ਸਿੰਘ ਰਣਸੀਂਹ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪਰਮਜੀਤ ਸਿੰਘ ਸਹੋਲੀ, ਸਤਨਾਮ ਸਿੰਘ ਮਨਾਵਾਂ, ਹਰਜਿੰਦਰ ਸਿੰਘ ਰੋਡੇ, ਬਲਜਿੰਦਰ ਸਿੰਘ ਖੁਖਰਾਣਾ ਤੋਂ ਇਲਾਵਾ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ।