ਸਿੱਖ ਭਾਈਚਾਰੇ ਵਲੋਂ ਨਿਊ ਹੇਵਨ ਸਕੂਲ ਬੋਰਡ ਚੋਣ ਲਈ ਉਮੀਦਵਾਰ ਬੀਬੀ ਸ਼ਰਨ ਕੌਰ ਨੂੰ ਜਿਤਾਉਣ ਦਾ ਸੱਦਾ

ਸਿੱਖ ਭਾਈਚਾਰੇ ਵਲੋਂ ਨਿਊ ਹੇਵਨ ਸਕੂਲ ਬੋਰਡ ਚੋਣ ਲਈ ਉਮੀਦਵਾਰ ਬੀਬੀ ਸ਼ਰਨ ਕੌਰ ਨੂੰ ਜਿਤਾਉਣ ਦਾ ਸੱਦਾ

ਫਰੀਮਾਂਟ/ਬਿਊਰੋ ਨਿਊਜ਼:
ਬੇਅ ਏਰੀਏ ਦੇ ਸਿੱਖ ਭਾਈਚਾਰੇ ਵਲੋਂ ਨਿਊ ਹੇਵਨ ਸਕੂਲ ਬੋਰਡ ਚੋਣ ਲਈ ਉਮੀਦਵਾਰ ਬੀਬੀ ਸ਼ਰਨ ਕੌਰ ਦੀ ਡਟਵੀਂ ਹਮਾਇਤ ਦਾ ਐਲਾਨ ਕਰਦਿਆਂ ਭਾਈਚਾਰੇ ਦੇ ਸਭਨਾਂ ਮੈਂਬਰਾਂ ਨੂੰ ਸਾਂਝੇ ਤੌਰ ਉੱਤੇ ਹੰਭਲਾ ਮਾਰਨ ਦਾ ਸੱਦਾ ਦਿੱਤਾ ਗਿਆ ਹੈ।  ਵਰਨਣਯੋਗ ਹੈ ਕਿ ਬਹੁਤ ਹੀ ਸੂਝਵਾਨ, ਬੇਹੱਦ ਹਿੰਮਤੀ, ਮਿਲਾਪੜੀ ਅਤੇ ਦ੍ਰਿੜ ਇਰਾਦੇ ਵਾਲੀ ਸ਼ਰਨ ਕੌਰ ਦਾ ਵਿਦਿਆ ਦੇ ਖੇਤਰ ਵਿੱਚ ਚੋਖਾ ਤਜਰਬਾ ਹੈ। ਨਿਊ ਹੇਵਨ ਸਕੂਲ ਬੋਰਡ ਚੋਣ ਲਈ ਮਹਿਲਾ ਸਿੱਖ ਉਮੀਦਵਾਰ ਦਾ ਮਿਸ਼ਨ ਹੈ ”ਆਓ ਰਲ ਮਿਲ ਕੇ ਕੁਝ ਵਧੀਆ ਅਤੇ ਨਵਾਂ ਕਰ ਵਿਖਾਈਏ”
ਇਸਤੋਂ ਇਲਾਵਾ ਸ਼ਰਨ ਕੌਰ ਨਿਊ ਹੇਵਨ ਸਕੂਲ ਬੋਰਡ ਲਈ ਇੱਕੋ ਇੱਕ ਅਜਿਹੀ ਬੇਹਤਰੀਨ ਮਹਿਲਾ ਉਮੀਦਵਾਰ ਹੈ ਜਿਹੜੀ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਦੀਆਂ ਲੋੜਾਂ ਅਤੇ ਮੁਸ਼ਕਲਾਂ ਨੂੰ ਭਲੀਭਾਂਤ ਸਮਝ ਕੇ ਢੁਕਵੇਂ ਹੱਲ ਦੇ ਯੋਗ ਹੈ।
ਸ਼ਰਨ ਕੌਰ ਦਾ ਮੰਤਵ ਕੇਵਲ ਚੋਣਾਂ ਜਿੱਤਣਾ ਨਹੀਂ ਬਲਕਿ ਉਸਦਾ ਨਿਸ਼ਾਨਾ ਹੈ ਕਿ ਚੋਣਾਂ ਜਿੱਤ ਕੇ ਸਕੂਲ ਪ੍ਰਬੰਧਾਂ ਨੂੰ ਹੋਰ ਬੇਹਤਰ ਤੇ ਕਿੱਤਾਮੁਖੀ ਬਣਾਉਣ ਲਈ ਸਭਨਾਂ ਨਾਲ ਰਲ ਮਿਲ ਕੇ ਉੱਦਮ ਕੀਤੇ ਜਾਣ।
ਸ਼ਰਨ ਕੌਰ ਦਾ ਸਾਰੇ ਭਾਈਚਾਰਿਆਂ ਦੇ ਵੋਟਰਾਂ ਨਾਲ ਵਾਅਦਾ ਹੈ ਕਿ ”ਤੁਹਾਡੇ ਸਹਿਯੋਗ ਸਦਕਾ ਮੈਂ ਇਹ ਯਕੀਨੀ ਬਣਾ ਸਕਾਂਗੀ ਕਿ ਸਾਡੇ ਸਕੂਲਾਂ ਦਾ ਮਿਆਰ ਹੋਰ ਉੱਚਾ ਚੁੱਕਿਆ ਜਾਵੇ ਤਾਂ ਵਿਦਿਆਰਥੀਆਂ ਹੋਰ ਮੱਲਾਂ ਮਾਰ ਸਕਣ।”
ਉਸਦੀਆਂ ਪਹਿਲਤਾਵਾਂ ਵਿੱਚ -ਸਾਇੰਸ, ਟਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ ( S.T.E.M.) ਦੀ ਪੜ੍ਹਾਈ ਉੱਤੇ ਅਮਲ ਲਈ ਜ਼ੋਰ, ਮਦਦਗਾਰ ਅਤੇ ਸੁਰਖਿਅਤ ਮਾਹੌਲ ਦੀ ਸਿਰਜਣਾ ਅਤੇ ਮਾਪਿਆਂ ਅਤੇ ਕਮਿਉਨਿਟੀ ਵਿਚਾਲੇ ਆਪਸੀ ਸਹਿਯੋਗ ਵਧਾਉਣਾ ਹੈ ਤਾਂ ਸਭਨਾਂ ਦੇ ਰਲ ਮਿਲ ਕੇ ਹੀ ਸੁੰਦਰ ਭਵਿੱਖ ਦੀ ਸਿਰਜਣਾ ਸੰਭਵ ਹੋ ਸਕੇ।
ਸਿੱਖ ਸੰਸਥਾਵਾਂ, ਜਥੇਬੰਦੀਆਂ ਅਤੇ ਭਾਈਚਾਰੇ ਦੀਆਂ ਉੱਘੀਆਂ ਸਖ਼ਸ਼ੀਅਤਾਂ ਵਲੋਂ ਸਾਂਝੇ ਤੌਰ ਉੱਤੇ ਸਿੱਖ ਭਾਈਚਾਰੇ ਦੇ ਸਾਰੇ ਮੈਂਬਰਾਂ ਨੂੰ ਸੱਦਾ ਦਿੱਤਾ ਗਿਆ ਹੈ ਕਿ 8 ਨਵੰਬਰ ਵਾਲੇ ਦਿਨ ਸ਼ਰਨ ਕੌਰ ਨੂੰ ਵੋਟ ਪਾਉਣਾ ਨਾ ਭੁੱਲਿਓ।