ਅਫ਼ਗ਼ਾਨਿਸਤਾਨ ਵਿੱਚ ਸਿੱਖ ਭਾਈਚਾਰੇ ਦੇ ਮੁਖੀ ਦੀ ਹੱਤਿਆ

ਅਫ਼ਗ਼ਾਨਿਸਤਾਨ ਵਿੱਚ ਸਿੱਖ ਭਾਈਚਾਰੇ ਦੇ ਮੁਖੀ ਦੀ ਹੱਤਿਆ

ਤਿੰਨ ਸ਼ੱਕੀ ਗ੍ਰਿਫ਼ਤਾਰ, ਡੇਲ ਸੂਜ਼ ‘ਤੇ 5 ਸਾਲ ਪਹਿਲਾਂ ਵੀ ਹੋਇਆ ਸੀ ਹਮਲਾ
ਕਾਬੁਲ/ਬਿਊਰੋ ਨਿਊਜ਼ :
ਅਫਗਾਨਿਸਤਾਨ ਦੇ ਗੜਬੜੀ ਵਾਲੇ ਕੁੰਦੂਜ਼ ਸ਼ਹਿਰ ਵਿੱਚ ਸਿੱਖ ਭਾਈਚਾਰੇ ਦੇ ਮੁਖੀ ਡੇਲ ਸੂਜ਼ ਦੀ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਤਿੰਨ ਮਹੀਨਿਆਂ ਵਿਚਕਾਰ ਹੋਈ ਆਪਣੀ ਤਰ੍ਹਾਂ ਦੀ ਇਸ ਦੂਜੀ ਘਟਨਾ ਕਾਰਨ ਸਿੱਖ ਡਰੇ ਹੋਏ ਹਨ। ਟੋਲੋ ਨਿਊਜ਼ ਦੀ ਰਿਪੋਰਟ ਅਨੁਸਾਰ ਸ਼ਹਿਰ ਦੇ ਹਾਜੀ ਗੁਲਿਸਤਾਨ ਕੋਚੀ ਹਮਾਨ ਇਲਾਕੇ ਵਿੱਚ ਕੁਦਰਤੀ ਤਰੀਕੇ ਰਾਹੀਂ ਇਲਾਜ ਕਰਦੇ ਲਾਲਾ ਡੇਲ ਸੂਜ਼ ਨੂੰ ਸਵੇਰ ਸਮੇਂ ਤਕਰੀਬਨ 9:00 ਵਜੇ ਗੋਲੀ ਮਾਰੀ ਗਈ। ਜਿਸ ਸਮੇਂ ਗੋਲੀ ਮਾਰੀ ਗਈ, ਉਦੋਂ ਉਹ ਆਪਣੀ ਦੁਕਾਨ ਵੱਲ ਜਾ ਰਹੇ ਸਨ। ਹਸਪਤਾਲ ਲੈ ਜਾਂਦਿਆਂ ਉਨ੍ਹਾਂ ਦੀ ਰਸਤੇ ਵਿੱਚ ਮੌਤ ਗਈ। ਰਿਸ਼ਤੇਦਾਰਾਂ ਅਨੁਸਾਰ ਉਨ੍ਹਾਂ ਨੂੰ ਪੰਜ ਸਾਲ ਪਹਿਲਾਂ ਵੀ ਗੋਲੀ ਮਾਰੀ ਗਈ ਪਰ ਉਦੋਂ ਉਨ੍ਹਾਂ ਦਾ ਬਚਾਅ ਹੋ ਗਿਆ ਸੀ।
ਕੁੰਦੂਜ਼ ਦੇ ਸੁਰੱਖਿਆ ਮੁਖੀ ਮਾਸੂਮ ਸਤਾਨਕਜ਼ਈ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਪੁਲੀਸ ਨੇ ਤਿੰਨ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜਾਂਚ ਜਾਰੀ ਹੈ। ਡੇਲ ਸੂਜ਼ ਦੇ ਰਿਸ਼ਤੇਦਾਰ ਪ੍ਰੇਮ ਨੇ ਕਿਹਾ ਕਿ ਉਸ ਦਾ ਕੋਈ ਦੁਸ਼ਮਣ ਨਹੀਂ ਸੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਘਟਨਾ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾਵੇ। ਜੇ ਸਰਕਾਰ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਬਚੇ ਖੁਚੇ ਸਿੱਖ ਵੀ ਆਪਣੇ ਘਰ-ਬਾਰ ਵੇਚ ਕੇ ਸੂਬੇ ਵਿੱਚੋਂ ਚਲੇ ਜਾਣਗੇ।
ਕੁੰਦੂਜ਼ ਸ਼ਹਿਰ ‘ਤੇ ਤਾਲਿਬਾਨ ਦੇ ਕਬਜ਼ੇ ਮਗਰੋਂ ਬਹੁਤੇ ਸਿੱਖ ਪਹਿਲਾਂ ਹੀ ਇਸ ਇਲਾਕੇ ਵਿੱਚੋਂ ਹਿਜ਼ਰਤ ਕਰ ਚੁੱਕੇ ਹਨ। ਮੌਜੂਦਾ ਸਮੇਂ ਸਿਰਫ਼ ਤਿੰਨ ਸਿੱਖ ਪਰਿਵਾਰ ਇੱਥੇ ਰਹਿੰਦੇ ਹਨ। ਪਿਛਲੇ ਸਾਲ ਡੇਲ ਸੂਜ਼ ਨੇ ਆਪਣੇ ਪਰਿਵਾਰ ਨੂੰ ਭਾਰਤ ਭੇਜ ਦਿੱਤਾ ਸੀ ਅਤੇ ਉਹ ਆਪਣੇ ਰਿਸ਼ਤੇਦਾਰ ਨਾਲ ਇੱਥੇ ਰਹਿੰਦਾ ਸੀ। ਇਸ ਗੋਲੀਬਾਰੀ ਦੀ ਸੋਸ਼ਲ ਮੀਡੀਆ ‘ਤੇ ਕਾਫੀ ਨਿੰਦਾ ਹੋ ਰਹੀ ਹੈ। ਦੱਸਣਯੋਗ ਹੈ ਕਿ ਬੀਤੇ ਤਿੰਨ ਦਹਾਕਿਆਂ ਦੌਰਾਨ 99 ਫੀਸਦੀ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਲੋਕ ਅਫਗਾਨਿਸਤਾਨ ਨੂੰ ਛੱਡ ਕੇ ਜਾ ਚੁੱਕੇ ਹਨ। ਇਕ ਅਨੁਮਾਨ ਅਨੁਸਾਰ 1350 ਹਿੰਦੂ ਅਤੇ ਸਿੱਖ ਹੀ ਹੁਣ ਅਫ਼ਗਾਨਿਸਤਾਨ ਵਿਚ ਰਹਿੰਦੇ ਹਨ।