ਫਿਰੌਤੀ ਮਾਮਲੇ ਵਿਚ ‘ਆਪ’ ਵਿਧਾਇਕ ਗੁਲਾਬ ਸਿੰਘ ਯਾਦਵ ਗ੍ਰਿਫ਼ਤਾਰ

ਫਿਰੌਤੀ ਮਾਮਲੇ ਵਿਚ ‘ਆਪ’ ਵਿਧਾਇਕ ਗੁਲਾਬ ਸਿੰਘ ਯਾਦਵ ਗ੍ਰਿਫ਼ਤਾਰ

ਸੂਰਤ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਗੁਜਰਾਤ ਮਾਮਲਿਆਂ ਦੇ ਇੰਚਾਰਜ ਗੁਲਾਬ ਸਿੰਘ ਯਾਦਵ ਨੂੰ ਦਿੱਲੀ ਪੁਲੀਸ ਨੇ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ ਜਦੋਂ ਉਨ੍ਹਾਂ ਥਾਣੇ ਵਿਚ ਆਤਮ ਸਮਰਪਣ ਕਰ ਦਿੱਤਾ। ਉਨ੍ਹਾਂ ਖ਼ਿਲਾਫ਼ ਫਿਰੌਤੀ ਦੇ ਮਾਮਲੇ ਵਿਚ ਗ਼ੈਰਜ਼ਮਾਨਤੀ ਵਾਰੰਟ ਜਾਰੀ ਹੋਏ ਸਨ। ਇਹ ਗ੍ਰਿਫ਼ਤਾਰੀ ਉਸ ਸਮੇਂ ਹੋਈ ਹੈ ਜਦੋਂ ਕੁਝ ਘੰਟਿਆਂ ਬਾਅਦ ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਲੇਠੀ ਰੈਲੀ ਹੋਣ ਵਾਲੀ ਸੀ। ਸ੍ਰੀ ਕੇਜਰੀਵਾਲ ਨੇ ਕਿਹਾ ਹੈ ਕਿ ਮਟਿਆਲਾ ਦੇ ਵਿਧਾਇਕ ਦੀ ਗ੍ਰਿਫ਼ਤਾਰੀ ਉਨ੍ਹਾਂ ਦੀ ਰੈਲੀ ਨੂੰ ਸਾਬੋਤਾਜ ਕਰਨ ਦੇ ਇਰਾਦੇ ਨਾਲ ਕੀਤੀ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਸੂਰਤ ਦੇ ਪ੍ਰੋਗਰਾਮ ਵਿਚ ਅੜਿੱਕੇ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਸੂਰਤ ਦੇ ਪੁਲੀਸ ਕਮਿਸ਼ਨਰ ਸਤੀਸ਼ ਸ਼ਰਮਾ ਨੇ ਦੱਸਿਆ ਕਿ ਸ੍ਰੀ ਯਾਦਵ ਪਹਿਲਾਂ ਹੀ ਉੜਮਾ ਥਾਣੇ ਵਿਚ ਪਹੁੰਚ ਗਏ ਸਨ ਅਤੇ ਉਨ੍ਹਾਂ ਨੂੰ ਦਿੱਲੀ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ। ਦਿੱਲੀ ਪੁਲੀਸ ਸ੍ਰੀ ਯਾਦਵ ਨੂੰ ਅਦਾਲਤ ਵਿਚ ਪੇਸ਼ ਕਰ ਕੇ ਉਨ੍ਹਾਂ ਨੂੰ ਦਿੱਲੀ ਲਿਜਾਣ ਲਈ ਟਰਾਂਜ਼ਿਟ ਰਿਮਾਂਡ ਲਏਗੀ। ‘ਆਪ’ ਵਿਧਾਇਕ ਨੇ ਕਿਹਾ ਕਿ 13 ਸਤੰਬਰ ਨੂੰ ਜਦੋਂ ਉਸ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਤਾਂ ਉਹ ਗੁਜਰਾਤ ਵਿਚ ਸਨ। ‘ਪੁਲੀਸ ਨੇ ਮੇਰੇ ਦਫ਼ਤਰ ‘ਤੇ ਛਾਪਾ ਵੀ ਮਾਰਿਆ ਅਤੇ ਉਥੋਂ ਕੋਈ ਵੀ ਇਤਰਾਜ਼ਯੋਗ ਦਸਤਾਵੇਜ਼ ਨਹੀਂ ਮਿਲੇ। ਕੇਂਦਰ ਸਰਕਾਰ ‘ਆਪ’ ਵਿਧਾਇਕਾਂ ਪਿੱਛੇ ਪਈ ਹੋਈ ਹੈ ਅਤੇ ਅਸੀਂ ਝੁਕਣ ਵਾਲੇ ਨਹੀਂ। ਹਰ ਹਾਲਤ ਦਾ ਸਾਹਮਣਾ ਕਰਨ ਲਈ ਅਸੀਂ ਤਿਆਰ ਹਾਂ।’
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਦੋ ਪ੍ਰਾਪਰਟੀ ਡੀਲਰਾਂ ਦੀਪਕ ਸ਼ਰਮਾ ਅਤੇ ਰਿੰਕੂ ਦੀਵਾਨ ਨੇ ਦੋਸ਼ ਲਾਇਆ ਸੀ ਕਿ ਸਤੀਸ਼ ਅਤੇ ਦਵਿੰਦਰ, ਜੋ ਗੁਲਾਬ ਸਿੰਘ ਦੇ ਦਫ਼ਤਰ ਵਿਚ ਕੰਮ ਕਰਦੇ ਹਨ, ਅਤੇ ਉਨ੍ਹਾਂ ਦਾ ਸਹਾਇਕ ਜਗਦੀਸ਼ ਧਮਕੀਆਂ ਦੇ ਕੇ ਉਨ੍ਹਾਂ ਕੋਲੋਂ ਪੈਸਾ ਉਗਰਾਹ ਰਹੇ ਹਨ। ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਜਿਹੜੀ ਇਮਾਰਤ ਵਿਚੋਂ ਉਹ ਕੰਮ ਕਰ ਰਹੇ ਹਨ, ਉਸ ਨੂੰ ਢਾਹ ਦਿੱਤਾ ਜਾਏਗਾ।