ਕਾਰੀਗਰਾਂ ਨੇ ਵਿਦੇਸ਼ੀ ਫੁੱਲਾਂ ਨਾਲ ਸਜਾਇਆ ਦਰਬਾਰ ਸਾਹਿਬ

ਕਾਰੀਗਰਾਂ ਨੇ ਵਿਦੇਸ਼ੀ ਫੁੱਲਾਂ ਨਾਲ ਸਜਾਇਆ ਦਰਬਾਰ ਸਾਹਿਬ

ਅੰਮ੍ਰਿਤਸਰ
ਮੁੰਬਈ ਤੋਂ ਆਈ ਸਿੱਖ ਸੰਗਤ ਵੱਲੋਂ ਕਲਕੱਤਾ ਤੋਂ ਸੱਦੇ ਕਾਰੀਗਰਾਂ ਦੀ ਮਦਦ ਨਾਲ ਥਾਈਲੈਂਡ, ਮਲੇਸ਼ੀਆ ਤੇ ਹੋਰ ਮੁਲਕਾਂ ਸਮੇਤ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਮੰਗਵਾਏ ਫੁੱਲਾਂ ਨਾਲ ਕੀਤੀ ਗਈ ਸਜਾਵਟ ਨਾਲ ਸ੍ਰੀ ਦਰਬਾਰ ਸਾਹਿਬ ਦੀ ਸੁੰਦਰਤਾ ਹੋਰ ਵੱਧ ਗਈ ਹੈ।
ਇਹ ਸਜਾਵਟ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਕੀਤੀ ਗਈ ਹੈ। ਪ੍ਰਕਾਸ਼ ਪੁਰਬ ਸ਼੍ਰੋਮਣੀ ਕਮੇਟੀ ਵੱਲੋਂ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਅਨੁਸਾਰ 17 ਅਕਤੂਬਰ ਨੂੰ ਮਨਾਇਆ ਗਿਆ। ਲਗਭਗ 12 ਟਨ ਫੁੱਲਾਂ ਨਾਲ ਪ੍ਰਕਾਸ਼ ਪੁਰਬ ਸਬੰਧੀ ਪਰਿਕਰਮਾ, ਸ੍ਰੀ ਅਕਾਲ ਤਖ਼ਤ, ਦਰਸ਼ਨੀ ਡਿਉਢੀ, ਪੁਲ ਦੇ ਦੋਵੇਂ ਪਾਸੇ ਤੇ ਸ੍ਰੀ ਦਰਬਾਰ ਸਾਹਿਬ ਦੀ ਸਜਾਵਟ ਕੀਤੀ ਗਈ ਹੈ।
ਮੁੰਬਈ ਤੋਂ ਆਏ ਇਕਬਾਲ ਸਿੰਘ ਨੇ ਦੱਸਿਆ ਕਿ 10-12 ਦਿਨ ਪਹਿਲਾਂ ਮੁੰਬਈ ਤੋਂ ਲਗਭਗ ਸਵਾ ਸੌ ਸਿੱਖ ਸ਼ਰਧਾਲੂਆਂ ਦਾ ਜੱਥਾ ਇਥੇ ਪੁੱਜਾ ਸੀ। ਇਸ ਸਜਾਵਟ ਵਾਸਤੇ ਕਲਕੱਤਾ ਤੋਂ 40 ਕਾਰੀਗਰ ਵੀ ਮੰਗਵਾਏ ਗਏ ਹਨ। ਮੁੰਬਈ ਦੀ ਸੰਗਤ ਤੇ ਕਾਰੀਗਰਾਂ ਵੱਲੋਂ ਸਥਾਨਕ ਸੰਗਤ ਦੀ ਮਦਦ ਨਾਲ ਤਿੰਨ ਦਿਨਾਂ ਵਿੱਚ ਸਜਾਵਟ ਕੀਤੀ ਗਈ ਹੈ। ਇਸ ਵਾਸਤੇ ਮਲੇਸ਼ੀਆ ਅਤੇ ਥਾਈਲੈਂਡ ਤੋਂ ਤਿੰਨ-ਚਾਰ ਵਿਸ਼ੇਸ਼ ਕਿਸਮਾਂ ਦੇ ਫੁੱਲ ਮੰਗਵਾਏ ਗਏ ਹਨ। ਭਾਰਤ ਵਿੱਚੋਂ ਮਹਾਰਾਸ਼ਟਰ, ਮੱਧ ਪ੍ਰਦੇਸ਼, ਕਲਕੱਤਾ ਤੋਂ ਫੁੱਲ ਮੰਗਵਾਏ ਗਏ ਹਨ। ਕਈ ਥਾਂ ਲੰਮੀਆਂ ਲੜੀਆਂ ਅਤੇ ਕਈ ਥਾਵਾਂ ‘ਤੇ ਗੁੱਛੇ ਦੇ ਰੂਪ ਵਿੱਚ ਸਜਾਵਟ ਕੀਤੀ ਗਈ ਹੈ। ਉਹ 2010 ਤੋਂ ਲਗਾਤਾਰ ਸਿੱਖ ਸੰਗਤ ਨਾਲ ਅੰਮ੍ਰਿਤਸਰ ਆ ਕੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ਦੀ ਸਜਾਵਟ ਕਰ ਰਹੇ ਹਨ। ਇਸ ਸੇਵਾ ਲਈ ਉਨ੍ਹਾਂ ਨੂੰ ਜਥੇਦਾਰ ਬਾਬਾ ਕੁਲਵੰਤ ਸਿੰਘ ਹਜ਼ੂਰ ਸਾਹਿਬ ਵਾਲਿਆਂ ਨੇ ਪ੍ਰੇਰਿਤ ਕੀਤਾ ਸੀ। ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਤੇ ਬੁਲਾਰੇ ਦਿਲਜੀਤ ਸਿੰਘ ਬੇਦੀ ਨੇ ਆਖਿਆ ਕਿ ਮੁੰਬਈ ਦੀ ਸਿੱਖ ਸੰਗਤ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਜਾਵਟ ਦੀ ਇਹ ਸੇਵਾ ਪਿਛਲੇ ਕੁਝ ਸਾਲਾਂ ਤੋਂ ਸ਼ੁਰੂ ਕੀਤੀ ਗਈ ਹੈ, ਜਿਸ ਦਾ ਸਿੱਖ ਸੰਗਤ ਵਲੋਂ ਭਰਵੀਂ ਸ਼ਲਾਘਾ  ਹੋਈ ਹੈ। ਦੱਸਣਯੋਗ ਹੈ ਕਿ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਇਹ ਪ੍ਰਕਾਸ਼ ਪੁਰਬ 9 ਅਕਤੂਬਰ ਨੂੰ ਮਨਾਇਆ ਗਿਆ ਸੀ।