ਅਨਿਲ ਬੈਜਲ ਨੇ ਦਿੱਲੀ ਦੇ ਉਪ ਰਾਜਪਾਲ ਵਜੋਂ ਹਲਫ਼ ਲਿਆ
ਰਾਜ ਨਿਵਾਸ, ਨਵੀਂ ਦਿੱਲੀ ਵਿੱਚ ਸ਼ਨਿਚਰਵਾਰ ਨੂੰ ਉਪ ਰਾਜਪਾਲ ਵਜੋਂ ਹਲਫ਼ ਲੈਣ ਵਾਲੇ ਅਨਿਲ ਬੈਜਲ ਦਾ ਸਵਾਗਤ ਕਰਦੇ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ।
ਨਵੀਂ ਦਿੱਲੀ/ਬਿਊਰੋ ਨਿਊਜ਼ :
ਸਾਬਕਾ ਆਈਏਐਸ ਅਫ਼ਸਰ ਅਨਿਲ ਬੈਜਲ ਨੇ ਦਿੱਲੀ ਦੇ 21ਵੇਂ ਉਪ ਰਾਜਪਾਲ ਵਜੋਂ ਸਹੁੰ ਚੁੱਕ ਲਈ ਹੈ। ਸ੍ਰੀ ਬੈਜਲ ਦੇ ਸਹੁੰ ਚੁੱਕ ਸਮਾਗਮ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੀ ਕੈਬਨਿਟ ਦੇ ਕਈ ਅਹਿਮ ਮੰਤਰੀਆਂ ਤੋਂ ਇਲਾਵਾ ਅਧਿਕਾਰੀ ਤੇ ਹੋਰ ਸ਼ਖ਼ਸੀਅਤਾਂ ਸ਼ਾਮਲ ਸਨ।
ਦੱਸਣਯੋਗ ਹੈ ਕਿ ਨਜੀਬ ਜੰਗ ਵੱਲੋਂ ਅਚਾਨਕ ਅਸਤੀਫ਼ਾ ਦੇਣ ਕਰਕੇ ਖਾਲੀ ਹੋਏ ਅਹੁਦੇ ਲਈ 70 ਸਾਲਾ ਸਾਬਕਾ ਆਈਏਐਸ ਅਧਿਕਾਰੀ ਅਨਿਲ ਬੈਜਲ ਦੇ ਨਾਂ ‘ਤੇ ਰਾਸ਼ਟਰਪਤੀ ਵੱਲੋਂ ਪਿਛਲੇ ਦਿਨੀਂ ਸਹੀ ਪਾ ਦਿੱਤੀ ਗਈ ਸੀ। ਸ੍ਰੀ ਬੈਜਲ ਨੂੰ ਅਹੁਦੇ ਦੀ ਸਹੁੰ ਦਿੱਲੀ ਹਾਈ ਕੋਰਟ ਦੀ ਚੀਫ ਜਸਟਿਸ ਜੀ. ਰੋਹਿਨੀ ਵੱਲੋਂ ਰਾਜ ਨਿਵਾਸ (ਸਿਵਲ ਲਾਈਨਜ਼) ਵਿੱਚ ਚੁਕਾਈ ਗਈ। 1969 ਬੈਚ ਦੇ ਆਈਏਐਸ ਅਧਿਕਾਰੀ ਬੈਜਲ ਨੇ ਅਹੁਦਾ ਸੰਭਾਲਣ ਮਗਰੋਂ ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੂਰੀ ਉਮੀਦ ਹੈ ਕਿ ਦਿੱਲੀ ਸਰਕਾਰ ਤੇ ਉਹ ਮਿਲ ਬੈਠ ਕੇ ਸਹਿਮਤੀ ਨਾਲ ਕੰਮ ਕਰਨਗੇ।
ਇਸ ਮੌਕੇ ਉਨ੍ਹਾਂ ਦਿੱਲੀ ਦੀਆਂ ਮੁਸ਼ਕਲਾਂ ਜਿਵੇਂ ਕਾਨੂੰਨ ਤੇ ਅਮਨ ਦੀ ਵਿਵਸਥਾ ਬਣਾਈ ਰੱਖਣਾ, ਔਰਤਾਂ ਦੀ ਸੁਰੱਖਿਆ, ਪ੍ਰਦੂਸ਼ਣ ਦਾ ਵਧਦਾ ਖ਼ਤਰਾ ਤੇ ਬੁਨਿਆਦੀ ਢਾਂਚੇ ਦੇ ਵਿਕਾਸ ਦਾ ਵਿਸ਼ੇਸ਼ ਜ਼ਿਕਰ ਕੀਤਾ ਅਤੇ ਇਨ੍ਹਾਂ ਮੁੱਦਿਆਂ ਖ਼ਿਲਾਫ਼ ਮਿਲ ਕੇ ਕੰਮ ਕਰਨ ਦਾ ਭਰੋਸਾ ਪ੍ਰਗਟਾਇਆ। ਗ਼ੌਰਤਲਬ ਹੈ ਕਿ ਅਨਿਲ ਬੈਜਲ ਇਸ ਤੋਂ ਪਹਿਲਾਂ ਕਈ ਅਹਿਮ ਅਹੁਦਿਆਂ ‘ਤੇ ਸੇਵਾਵਾਂ ਨਿਭਾਅ ਚੁੱਕੇ ਹਨ।
ਸਹੁੰ ਚੁੱਕ ਸਮਾਗਮ ਵਿੱਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਤੇ ਦਿੱਲੀ ਦੀ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਵੀ ਹਾਜ਼ਰ ਸਨ।
ਕੇਜਰੀਵਾਲ ਨੇ ਤਾਲਮੇਲ ਦੀ ਉਮੀਦ ਪ੍ਰਗਟਾਈ :
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਦਿੱਲੀ ਸਰਕਾਰ, ਸਾਰੇ ਵਿਧਾਇਕ ਤੇ ਦਿੱਲੀ ਦੇ ਲੋਕ ਰਾਜਧਾਨੀ ਦੇ ਵਿਕਾਸ ਲਈ ਨਵੇਂ ਉਪ ਰਾਜਪਾਲ ਅਨਿਲ ਬੈਜਲ ਨਾਲ ਮਿਲ ਕੇ ਚੱਲਣਗੇ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਤੋਂ ਦਿੱਲੀ ਸਰਕਾਰ ਦੇ ਕੁਝ ਕੰਮਾਂ ਵਿੱਚ ਖੜੋਤ ਆਈ ਹੈ ਤੇ ਹੁਣ ਪੂਰੀ ਉਮੀਦ ਹੈ ਕਿ ਸਾਰਾ ਕੰਮ ਲੀਹ ‘ਤੇ ਆ ਜਾਵੇਗਾ।
Comments (0)