ਇਟਲੀ : ਤਿੰਨ ਪੰਜਾਬੀ ਨੌਜਵਾਨਾਂ ਦੀ ਦਮ ਘੁੱਟਣ ਨਾਲ ਮੌਤ

ਇਟਲੀ : ਤਿੰਨ ਪੰਜਾਬੀ ਨੌਜਵਾਨਾਂ ਦੀ ਦਮ ਘੁੱਟਣ ਨਾਲ ਮੌਤ

ਠੰਢ ਤੋਂ ਬਚਣ ਲਈ ਬਾਲੀ ਅੰਗੀਠੀ ‘ਚੋਂ ਰਿਸੀ ਗੈਸ
ਬਰੇਸ਼ੀਆ/ਵੀਨਸ (ਇਟਲੀ)/ਬਿਊਰੋ ਨਿਊਜ਼ :
ਇਟਲੀ ਵਸਦੇ ਪੰਜਾਬੀ ਭਾਈਚਾਰੇ ਲਈ ਨਵੇਂ ਸਾਲ 2017 ਦੀ ਪਹਿਲੀ ਸਵੇਰ ਉਸ ਸਮੇਂ ਸੋਗਮਈ ਹੋ ਗਈ ਜਦ ਇਟਲੀ ਦੇ ਸ਼ਹਿਰ ਸਨ ਪੇਤਰੋ ਮੂਸੋਲੀਨੋ ਵਿਖੇ 3 ਪੰਜਾਬੀ ਨੌਜਵਾਨਾਂ ਦੀ ਕਾਰਬਨ ਮੋਨੋਆਕਸਾਈਡ ਗੈਸ ਕਾਰਨ ਦਮ ਘੁੱਟਣ ਨਾਲ ਮੌਤ ਹੋ ਗਈ। ਉਕਤ ਨੌਜਵਾਨਾਂ ਵਿਚੋਂ ਇਕ ਦੀ ਪਛਾਣ ਅੰਗਰੇਜ਼ ਸਿੰਘ ਵਜੋਂ ਹੋਈ ਹੈ। ਇਨ੍ਹਾਂ ਵਿਚੋਂ ਇਕ ਹੁਸ਼ਿਆਰਪੁਰ ਜ਼ਿਲ੍ਹੇ ਤੇ 2 ਨੌਜਵਾਨ ਫਗਵਾੜਾ ਨੇੜਲੇ ਦੱਸੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਇਹ ਤਿੰਨੋਂ ਨੌਜਵਾਨ ਇਕੋ ਘਰ ਵਿਚ ਰਹਿੰਦੇ ਸਨ ਅਤੇ ਇਨ੍ਹਾਂ ਵੱਲੋਂ ਰਾਤ ਸੌਣ ਲੱਗੇ ਕਮਰੇ ਨੂੰ ਗਰਮ ਕਰਨ ਹਿੱਤ ਲਗਾਈ ਗੈਸ ਵਾਲੀ ਅੰਗੀਠੀ ਬੰਦ ਹੋ ਗਈ ਤੇ ਗੈਸ ਕਾਰਨ ਕਮਰੇ ਵਿਚ ਧੂੰਆਂ ਭਰ ਗਿਆ ਜਿਸ ਕਾਰਨ ਤਿੰਨੋਂ ਨੌਜਵਾਨਾਂ ਦੀ ਸਾਹ ਘੁੱਟਣ ਕਾਰਨ ਮੌਤ ਹੋ ਗਈ। ਜਦ ਇਨ੍ਹਾਂ ਦੇ ਗੁਆਂਢੀ ਨੇ ਦੇਖਿਆ ਕਿ ਤਿੰਨੋਂ ਨੌਜਵਾਨ ਕੰਮ ਕਰਨ ਲਈ ਘਰ ਤੋਂ ਨਹੀਂ ਨਿੱਕਲੇ ਤੇ ਗੈਸ ਦੀ ਬਦਬੂ ਵੀ ਆ ਰਹੀ ਸੀ ਤਾਂ ਉਸ ਨੇ ਤੁਰੰਤ ਪੁਲੀਸ ਨੂੰ ਸੂਚਨਾ ਦਿੱਤੀ। ਪੁਲੀਸ ਤੇ ਸਿਹਤ ਵਿਭਾਗ ਦੀ ਟੀਮ ਦੇ ਪਹੁੰਚਣ ਤੱਕ ਤਿੰਨੋਂ ਨੌਜਵਾਨਾਂ ਦੀ ਮੌਤ ਹੋ ਚੁੱਕੀ ਸੀ। ਇਨ੍ਹਾਂ ਨੌਜਵਾਨਾਂ ਦੀ ਉਮਰ ਪੁਲੀਸ ਵੱਲੋਂ 29, 35 ਤੇ 40 ਸਾਲ ਦੱਸੀ ਗਈ ਹੈ, ਜੋ ਕਿ ਇੱਥੇ ਪਬਲੀਸਿਟੀ ਦੇ ਪੇਪਰਾਂ ਦਾ ਕੰਮ ਕਰਦੇ ਸਨ।