ਬਾਦਲ ਦੀਆਂ ਮੰਗਾਂ ‘ਤੇ ਮੋਦੀ ਨੇ ਕੰਨ ਹੀ ਨਾ ਧਰਿਆ
ਲੁਧਿਆਣਾ/ਬਿਊਰੋ ਨਿਊਜ਼ :
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਲੁਧਿਆਣਾ ਪੁੱਜਣ ‘ਤੇ ਸਵਾਗਤ ਕੀਤਾ ਤੇ ਉਨ੍ਹਾਂ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹੇ। ਮੋਦੀ ਦੀ ਪ੍ਰਸੰਸਾ ਕਰਦਿਆਂ ਕਰਦਿਆਂ ਉਨ੍ਹਾਂ ਪੰਜਾਬ ਦੀਆਂ ਸਮੱਸਿਆਵਾਂ ਵੱਲ ਉਨ੍ਹਾਂ ਦਾ ਧਿਆਨ ਦਿਵਾਇਆ। ਸ. ਬਾਦਲ ਨੇ ਮੰਗ ਕੀਤੀ ਕਿ ਖੇਤੀ ਲਾਹੇਵੰਦ ਧੰਦਾ ਨਾ ਹੋਣ ਕਰਨ ਪੰਜਾਬ ਦਾ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ ਤੇ ਉਸ ਨੂੰ ਵਿਸ਼ੇਸ਼ ਰਿਆਇਤ ਦਿੱਤੀ ਜਾਵੇ। ਖੇਤੀ ਨੂੰ ਲਾਭਦਾਇਕ ਕਿੱਤਾ ਬਣਾਇਆ ਜਾਵੇ। ਪੰਜਾਬ ਦੀ ਸਨਅਤ ਨੂੰ ਬਚਾਉਣ ਲਈ ਸਹੂਲਤਾਂ ਦਿੱਤੀਆਂ ਜਾਣ ਪਰ ਸ੍ਰੀ ਮੋਦੀ ਨੇ ਸ. ਬਾਦਲ ਦੀਆਂ ਇਨ੍ਹਾਂ ਮੰਗਾਂ ‘ਤੇ ਕੰਨ ਹੀ ਨਾ ਧਰਿਆ। ਉਨ੍ਹਾਂ ਆਪਣੇ ਭਾਸ਼ਨ ਵਿਚ ਦਲਿਤਾਂ ‘ਤੇ ਹੋ ਰਹੇ ਜ਼ੁਲਮਾਂ ਦੀ ਗੱਲ ਤਾਂ ਕੀਤੀ ਪਰ ਸ. ਬਾਦਲ ਵਲੋਂ ਉਠਾਈਆਂ ਮੰਗਾਂ ਦਾ ਜ਼ਿਕਰ ਤਕ ਨਹੀਂ ਕੀਤਾ। ਸ੍ਰੀ ਬਾਦਲ ਨੇ ਸਰਜੀਕਲ ਅਪਰੇਸ਼ਨ ਦੇ ਸੋਹਲੇ ਗਾਉਂਦਿਆਂ ਸੂਬੇ ਦੇ ਸਰਹੱਦੀ ਇਲਾਕਿਆਂ ਵਿੱਚੋਂ ਉਠਾਏ ਪਿੰਡਾਂ ਦੇ ਲੋਕਾਂ ਦੇ ਹੋਏ ਨੁਕਸਾਨ ਦੀ ਪੂਰਤੀ ਦੀ ਮੰਗ ਕੀਤੀ ਪਰ ਪ੍ਰਧਾਨ ਮੰਤਰੀ ਨੇ ਇਸ ‘ਤੇ ਵੀ ਇਕ ਸ਼ਬਦ ਨਾ ਬੋਲਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ ਕਿਹਾ ਕਿ 350 ਸਾਲ ਪਹਿਲਾਂ ਪੰਜਾਬ ਦੀ ਧਰਤੀ ‘ਤੇ ਗੁਰੂ ਗੋਬਿੰਦ ਸਿੰਘ ਨੇ ਦੇਸ਼ ਵਾਸੀਆਂ ਨੂੰ ‘ਮਾਨਸ ਕੀ ਜਾਤ ਸਭੇ ਏਕ ਪਹਿਚਾਨਬੋ’ ਦੇ ਪੈਗ਼ਾਮ ਨਾਲ ਇਕ ਸੂਤਰ ਵਿੱਚ ਪਰੋਇਆ ਸੀ ਪਰ ਹੁਣ ਵੀ ਦਲਿਤਾਂ ਉੱਤੇ ਜਾਤ-ਪਾਤ ਦੇ ਨਾਂ ‘ਤੇ ਜ਼ੁਲਮ ਢਾਹਿਆ ਜਾ ਰਿਹਾ ਹੈ, ਜਿਸ ਨਾਲ ਸਿਰ ਸ਼ਰਮ ਨਾਲ ਝੁੱਕ ਜਾਂਦਾ ਹੈ। ਸਮਾਂ ਆ ਗਿਆ ਹੈ ਕਿ ਇਸ ਲਈ ਤੰਗਦਿਲੀ ਤੋਂ ਉਪਰ ਉਠਿਆ ਜਾਵੇ।
ਦਲਿਤਾਂ ‘ਤੇ ਹੋ ਰਹੇ ਜ਼ੁਲਮਾਂ ਨਾਲ ਸਿਰ ਝੁਕ ਜਾਂਦੈ : ਮੋਦੀ
ਲੁਧਿਆਣਾ ਵਿੱਚ ਐੱਸਸੀ/ਐੱਸਟੀ ਹੱਬ ਸਕੀਮ ਲਾਂਚ
ਲੁਧਿਆਣਾ/ਬਿਊਰੋ ਨਿਊਜ਼ :
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ ਕਿਹਾ ਕਿ 350 ਸਾਲ ਪਹਿਲਾਂ ਪੰਜਾਬ ਦੀ ਧਰਤੀ ‘ਤੇ ਗੁਰੂ ਗੋਬਿੰਦ ਸਿੰਘ ਨੇ ਦੇਸ਼ ਵਾਸੀਆਂ ਨੂੰ ‘ਮਾਨਸ ਕੀ ਜਾਤ ਸਭੇ ਏਕ ਪਹਿਚਾਨਬੋ’ ਦੇ ਪੈਗ਼ਾਮ ਨਾਲ ਇਕ ਸੂਤਰ ਵਿੱਚ ਪਰੋਇਆ ਸੀ ਪਰ ਹੁਣ ਵੀ ਦਲਿਤਾਂ ਉੱਤੇ ਜਾਤ-ਪਾਤ ਦੇ ਨਾਂ ‘ਤੇ ਜ਼ੁਲਮ ਢਾਹਿਆ ਜਾ ਰਿਹਾ ਹੈ, ਜਿਸ ਨਾਲ ਸਿਰ ਸ਼ਰਮ ਨਾਲ ਝੁੱਕ ਜਾਂਦਾ ਹੈ। ਸਮਾਂ ਆ ਗਿਆ ਹੈ ਕਿ ਇਸ ਲਈ ਤੰਗਦਿਲੀ ਤੋਂ ਉਪਰ ਉਠਿਆ ਜਾਵੇ।
ਇਸ ਮੌਕੇ ਉਨ੍ਹਾਂ ਇੱਥੇ ਐਸਸੀ/ਐਸਟੀ ਹੱਬ ਅਤੇ ਜ਼ੀਰੋ ਡਿਫੈਕਟ ਜ਼ੀਰੋ ਇਫੈਕਟ (ਬਗੈਰ ਕਿਸੇ ਖ਼ਾਮੀ ਵਾਲੇ ਅਤੇ ਵਾਤਾਵਰਨ ‘ਤੇ ਕੋਈ ਪ੍ਰਭਾਵ ਨਾ ਪਾਉਣ ਵਾਲੇ ਤਰੀਕੇ) ਸਕੀਮਾਂ ਲਾਂਚ ਕੀਤੀਆਂ। ਉਨ੍ਹਾਂ ਦਾਅਵਾ ਕੀਤਾ ਕਿ ਲਾਂਚ ਕੀਤੀ ਗਈ ਸਕੀਮ ਨਾਲ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਦੇ ਲੋਕਾਂ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕੋਈ ਵੀ ਐਸਸੀ/ਐਸਟੀ ਵਰਗ ਦਾ ਵਿਅਕਤੀ ਨੌਕਰੀ ਲਈ ਕਤਾਰ ਵਿੱਚ ਖੜ੍ਹਾ ਨਹੀਂ ਹੋਣਾ ਨਹੀਂ ਚਾਹੁੰਦਾ ਤੇ ਜੇ ਉਸ ਨੂੰ ਸਵੈ-ਰੁਜ਼ਗਾਰ ਮਿਲੇਗਾ ਤਾਂ ਉਹ ਹੋਰਾਂ ਨੂੰ ਨੌਕਰੀਆਂ ਦੇਵੇਗਾ।
ਸ੍ਰੀ ਮੋਦੀ ਨੇ ਜ਼ੀਰੋ ਡਿਫੈਕਟ ਜ਼ੀਰੋ ਇਫੈਕਟ ਬਾਰੇ ਕਿਹਾ ਕਿ ਸੰਸਾਰ ਦੀ ਮੰਡੀ ਵਿੱਚ ਭਾਰਤ ਤਾਂ ਹੀ ਆਪਣੀ ਥਾਂ ਬਣਾਏਗਾ ਜੇ ਮਿਆਰ ਵੱਲ ਧਿਆਨ ਦੇਵਾਂਗੇ। ਉਨ੍ਹਾਂ ਕਿਹਾ ਕਿ ਹੁਣ ਇਹ ਜ਼ਰੂਰੀ ਨਹੀਂ ਕਿ ਸਭ ਕੰਮ ਦਿੱਲੀ ਵਿੱਚ ਹੀ ਹੋਣ ਕਿਉਂਕਿ ਦਿੱਲੀ ਤੋਂ ਬਾਹਰ ਵੀ ਦੇਸ਼ ਹੈ। ਇਸੇ ਲਈ ਇਨ੍ਹਾਂ ਸਕੀਮਾਂ ਨੂੰ ਲੁਧਿਆਣਾ ਵਿੱਚ ਲਾਂਚ ਕੀਤਾ ਗਿਆ ਹੈ।
ਕੇਂਦਰੀ ਮੰਤਰੀ ਕਲਰਾਜ ਮਿਸ਼ਰਾ ਨੇ ਸ੍ਰੀ ਮੋਦੀ ਦੀ ਆਮਦ ‘ਤੇ ਸਵਾਗਤੀ ਸ਼ਬਦ ਕਹੇ। ਕੇਂਦਰੀ ਮੰਤਰੀ ਤੇ ਪੰਜਾਬ ਭਾਜਪਾ ਪ੍ਰਧਾਨ ਵਿਜੈ ਸਾਂਪਲਾ ਪ੍ਰਧਾਨ ਮੰਤਰੀ ਨੂੰ ਜੀ ਆਇਆਂ ਕਿਹਾ, ਜਦਕਿ ਧੰਨਵਾਦ ਸ਼ਬਦ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਹੇ। ਇਸ ਮੌਕੇ 250 ਲਘੂ ਉੱਦਮੀਆਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿਚੋਂ ਸ੍ਰੀ ਮੋਦੀ ਨੇ 35 ਉੱਦਮੀਆਂ ਨੂੰ ਸਨਮਾਨਿਤ ਕੀਤਾ। ਇਨ੍ਹਾਂ ਵਿਚੋਂ ਗੁਰਦੇਵ ਕੌਰ ਜਲੰਧਰ ਅਤੇ ਪਰਮਜੀਤ ਸਿੰਘ ਮੁਹਾਲੀ ਹੀ ਪੰਜਾਬ ਤੋਂ ਸਨ, ਜਦਕਿ ਬਾਕੀ ਦੇਸ਼ ਦੇ ਹੋਰ ਹਿੱਸਿਆਂ ਵਿਚੋਂ ਸਨ। ਇਸ ਮੌਕੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਨਅਤ ਮੰਤਰੀ ਮਦਨ ਮੋਹਨ ਮਿਤਲ, ਭਾਜਪਾ ਆਗੂ ਪਿਯੂਸ਼ ਗੋਇਲ, ਹਰੀ ਭਾਈ ਚੌਧਰੀ, ਰਵਿੰਦਰ ਅਰੋੜਾ ਮੌਜੂਦ ਸਨ।
ਬਾਦਲ ਸਰਕਾਰ ਨੂੰ ਘੇਰਨ ਲਈ ਲੱਖਾਂ ਮੁਲਾਜ਼ਮਾਂ ਨੇ ਕਮਰ ਕੱਸੀ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਦੇ ਲੱਖਾਂ ਮੁਲਾਜ਼ਮਾਂ ਨੇ ਬਾਦਲ ਸਰਕਾਰ ਦੀਆਂ ਵਾਅਦਾ ਖ਼ਿਲਾਫ਼ੀਆਂ ਵਿਰੁੱਧ ਵਿਧਾਨ ਸਭਾ ਚੋਣਾਂ ਦੌਰਾਨ ਹੁਕਮਰਾਨ ਗਠਜੋੜ ਅਕਾਲੀ ਦਲ-ਭਾਜਪਾ ਨੂੰ ਘੇਰਨ ਦੀ ਤਿਆਰੀ ਕਸ ਲਈ ਹੈ। ਇਸ ਤਹਿਤ ਮੁਲਾਜ਼ਮਾਂ ਨੇ 20 ਅਕਤੂਬਰ ਤੋਂ ਹੜਤਾਲ ‘ਤੇ ਜਾਣ ਅਤੇ 26 ਅਕਤੂਬਰ ਨੂੰ ਸਮੂਹਕ ਗ੍ਰਿਫ਼ਤਾਰੀਆਂ ਦੇਣ ਦੇ ਫ਼ੈਸਲੇ ਲਏ ਹਨ।
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਜਿਥੇ ਛੇਵੇਂ ਤਨਖਾਹ ਕਮਿਸ਼ਨ ਦੇ ਗਠਨ ਸਬੰਧੀ ਘੇਸਲ ਵੱਟ ਲਈ ਹੈ, ਉਥੇ ਕੀਤੇ ਵਾਅਦੇ ਅਨੁਸਾਰ ਡੀਏ ਦੀਆਂ 17 ਫ਼ੀਸਦ ਦੋ ਕਿਸ਼ਤਾਂ ਦੇ ਟੁੱਟਵੇਂ ਢੰਗ ਨਾਲ ਬਕਾਏ ਜਾਰੀ ਕਰਨ ਦੇ ਫ਼ੈਸਲਿਆਂ ਤੋਂ ਵੀ ਮੂੰਹ ਮੋੜ ਲਿਆ ਹੈ। ਇਸ ਤੋਂ ਇਲਾਵਾ ਸਰਕਾਰ ਕੇਂਦਰੀ ਪੈਟਰਨ ‘ਤੇ 1 ਜੁਲਾਈ 2016 ਤੋਂ ਬਣਦੀ 6 ਫ਼ੀਸਦੀ ਮਹਿੰਗਾਈ ਭੱਤੇ ਦੀ ਕਿਸ਼ਤ ਦੇਣ ਤੋਂ ਵੀ ਟਾਲਾ ਵੱਟ ਰਹੀ ਹੈ। ਸਰਕਾਰ ਅੰਤਰਿਮ ਰਾਹਤ ਦੇਣ ਬਾਰੇ ਵੀ ਚੁੱਪ ਹੈ ਅਤੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਮੁੱਦੇ ਨੂੰ ਵੀ ਲਮਕਾ ਰਹੀ ਹੈ। ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਐਸੋਸੀਏਸ਼ਨ ਦੇ ਪ੍ਰਧਾਨ ਨਛੱਤਰ ਸਿੰਘ ਭਾਈਰੂਪਾ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ 19 ਅਕਤੂਬਰ ਨੂੰ ਪੰਜਾਬ ਭਰ ਵਿਚ ਰੈਲੀਆਂ ਕਰਨ ਅਤੇ 20 ਤੇ 21 ਅਕਤੂਬਰ ਨੂੰ ਕਲਮ ਛੋੜ ਹੜਤਾਲ ਕਰਕੇ ਪੰਜਾਬ ਵਿੱਚ ਸਮੁੱਚਾ ਦਫਤਰੀ ਕੰਮ ਠੱਪ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਐਸੋਸੀਏਸ਼ਨ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਚਾਹਲ ਨੇ ਚਿਤਾਵਨੀ ਦਿੱਤੀ ਕਿ ਜੇਕਰ 21 ਅਕਤੂਬਰ ਤੱਕ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਿੱਧੀ ਕਾਰਵਾਈ ਕੀਤੀ ਜਾਵੇਗੀ।
ਇਸੇ ਦੌਰਾਨ ਪੰਜਾਬ ਅਤੇ ਯੂਟੀ ਦੇ ਮੁਲਾਜ਼ਮਾਂ ਦੀ ਸੰਘਰਸ਼ ਕਮੇਟੀ ਨੇ 19 ਅਕਤੂਬਰ ਨੂੰ ਪੰਜਾਬ ਭਰ ਵਿੱਚ ਜ਼ਿਲ੍ਹਾ ਪੱਧਰ ‘ਤੇ ਸਰਕਾਰ ਦੀਆਂ ਅਰਥੀਆਂ ਫੂਕਣ ਅਤੇ 27 ਅਕਤੂਬਰ ਨੂੰ ਮੁਹਾਲੀ ਵਿੱਚ ਸੂਬਾਈ ਰੈਲੀ ਕਰਕੇ ਸਮੂਹਕ ਗ੍ਰਿਫ਼ਤਾਰੀਆਂ ਦੇਣ ਦਾ ਫ਼ੈਸਲਾ ਲਿਆ ਹੈ। ਸੰਘਰਸ਼ ਕਮੇਟੀ ਦੇ ਇਕ ਕਨਵੀਨਰ ਵੇਦ ਪ੍ਰਕਾਸ਼ ਨੇ ਕਿਹਾ ਕਿ ਪੰਜਾਬ ਵਿੱਚ ਕਿਸੇ ਵੇਲੇ ਵੀ ਚੋਣ ਜ਼ਾਬਤਾ ਲੱਗ ਸਕਦਾ ਹੈ, ਜਿਸ ਕਾਰਨ 26 ਅਕਤੂਬਰ ਤੋਂ ਫੈਸਲਾਕੁਨ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਗੌਰਮਿੰਟ ਟੀਚਰਜ਼ ਯੂਨੀਅਨ ਦੇ ਪ੍ਰੈੱਸ ਸਕੱਤਰ ਹਰਨੇਕ ਸਿੰਘ ਮਾਵੀ ਨੇ ਵੀ 21 ਤੋਂ 25 ਅਕਤੂਬਰ ਤੱਕ ਰਾਜ ਭਰ ਵਿੱਚ ਰੈਲੀਆਂ ਕਰਨ ਉਪਰੰਤ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦੇ ਹਲਕੇ ਰੂਪਨਗਰ ਵਿੱਚ ਪ੍ਰਦਰਸ਼ਨ ਕਰਨ ਦੀ ਚਿਤਾਵਨੀ ਦਿੱਤੀ ਹੈ।
Comments (0)