ਪੰਜਾਬੀ ਨੂੰ ਖ਼ਰਾਬ ਭਾਸ਼ਾ ਦੱਸ ਕੇ ਲਾਈ ਪਾਬੰਦੀ ਖ਼ਿਲਾਫ਼ ਲਾਹੌਰ ਵਿਚ ਰੋਸ ਵਿਖਾਵਾ

ਪੰਜਾਬੀ ਨੂੰ ਖ਼ਰਾਬ ਭਾਸ਼ਾ ਦੱਸ ਕੇ ਲਾਈ ਪਾਬੰਦੀ ਖ਼ਿਲਾਫ਼ ਲਾਹੌਰ ਵਿਚ ਰੋਸ ਵਿਖਾਵਾ

ਲਾਹੌਰ/ਬਿਊਰੋ ਨਿਊਜ਼ :
ਬੀਕਨਹਾਊਸ ਸਕੂਲ ਸਿਸਟਮ ਸਾਹੀਵਾਲ ਵੱਲੋਂ ਪੰਜਾਬੀ ਭਾਸ਼ਾ ਨੂੰ ਗਲਤ ਅਤੇ ਖਰਾਬ ਭਾਸ਼ਾ ਦੱਸਦਿਆਂ ਲਗਾਈ ਗਈ ਪਾਬੰਦੀ ਦੇ ਵਿਰੋਧ ਵਿੱਚ ਲਾਹੌਰ ਵਿਚ ਪੰਜਾਬੀ ਭਾਸ਼ਾ ਬਾਰੇ ਕਾਰਕੁਨਾਂ ਅਤੇ ਸਾਹਿਤਕ ਸੰਗਠਨਾਂ ਵੱਲੋਂ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ।
ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਖ਼ੁਰਸ਼ੀਦ ਮਹਿਮੂਦ ਕਸੂਰੀ ਦੇ ਉਪਰੋਕਤ ਨਿੱਜੀ ਸਕੂਲਾਂ ਵਿਚ ਸਰਕੂਲਰ ਜਾਰੀ ਕਰ ਕੇ ਸਕੂਲ ਦੇ ਅੰਦਰ, ਬਾਹਰ ਅਤੇ ਘਰਾਂ ਵਿੱਚ ਪੰਜਾਬੀ ਭਾਸ਼ਾ ਦਾ ਇਸਤੇਮਾਲ ਕਰਨ ‘ਤੇ ਪਾਬੰਦੀ ਲਗਾਈ ਗਈ ਸੀ। ਵਕੀਲ ਤਾਹਿਰ ਮਹਿਮੂਦ ਸੰਧੂ ਨੇ ਪਾਕਿਸਤਾਨ ਪੰਜਾਬੀ ਅਦਬੀ ਬੋਰਡ ਵੱਲੋਂ ਇਸ ਸਬੰਧੀ ਲਾਹੌਰ ਦੀ ਅਦਾਲਤ ਵਿੱਚ ਪਟੀਸ਼ਨ ਦਾਇਰ ਕਰ ਕੇ ਸਕੂਲ ਨੂੰ ਫ਼ੈਸਲਾ ਵਾਪਸ ਲੈਣ ਅਤੇ ਮੁਆਫ਼ੀ ਮੰਗਣ ਲਈ ਕਿਹਾ ਸੀ। ਉਧਰ ਪੰਜਾਬੀ ਸਾਂਝ ਸੰਗਤ, ਪੰਜਾਬੀ ਪ੍ਰਚਾਰ ਲਹਿਰ, ਪੰਜਾਬੀ ਅਦਬੀ ਸੰਗਤ, ਪੰਜਾਬੀ ਖੋਜਗੜ੍ਹ ਕਸੂਰ, ਕੂਕਨਾਸ ਲਾਇਲਪੁਰ (ਫੈਸਲਾਬਾਦ) ਸਹਿਤ ਹੋਰ ਸਾਹਿਤ ਸੰਗਠਨਾਂ ਨੇ ਬੀਕਨਹਾਊਸ ਸਕੂਲ ਸਿਸਟਮ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਪਾਕਿਸਤਾਨ ਵਿੱਚ ਮਾਂ ਬੋਲੀ ਪੰਜਾਬੀ ਨਾਲ ਬਦਸਲੂਕੀ ਅਤੇ ਨਜ਼ਰ-ਅੰਦਾਜ਼ੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਪ੍ਰਦਰਸ਼ਨ ਦੌਰਾਨ ਕਾਰਕੁਨਾਂ ਵੱਲੋਂ ਹੱਥਾਂ ਵਿੱਚ ਫੜੇ ਬੈਨਰਾਂ ‘ਤੇ ਗੁਰਮੁਖੀ ਵਿੱਚ ‘ਅਸਾਂ ਦੇਸ ਪੰਜਾਬ ਦੇ ਰਾਖੜੇ ਤੇ ਮਾਂ ਬੋਲੀ ਸਾਡੀ ਪੱਤ, ਜੋ ਮੰਦੜਾ ਬੋਲੇ ਇਸ ਨੂੰ ਓ ਜੀਭ ਦਵਾਂਗੇ ਵੱਢ’ ਲਿਖਿਆ ਹੋਇਆ ਸੀ। ਜ਼ਿਕਰਯੋਗ ਹੈ ਕਿ ਪਿਛਲੇ ਵਰ੍ਹੇ ਇਸੇ ਸਕੂਲ ਵੱਲੋਂ ਇਤਿਹਾਸ ਦੇ ਪੇਪਰ ਵਿਚ 1965 ਅਤੇ 1971 ਦੀ ਜੰਗ ਵਿਚ ਪਾਕਿਸਤਾਨ ਦੀ ਭਾਰਤ ਤੋਂ ਹੋਈ ਹਾਰ ਦੇ ਕਾਰਨ ਪੁੱਛਣ ‘ਤੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।