ਸਿੱਧੂ ਨੂੰ ਪੰਜਾਬ ਦੇ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਨਹੀਂ ਕੀਤੀ : ਕਾਂਗਰਸ

ਸਿੱਧੂ ਨੂੰ ਪੰਜਾਬ ਦੇ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਨਹੀਂ ਕੀਤੀ : ਕਾਂਗਰਸ

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਕਾਂਗਰਸ ਨੇ ਇਨ੍ਹਾਂ ਖ਼ਬਰਾਂ ਤੋਂ ਇਨਕਾਰ ਕੀਤਾ ਕਿ ਉਸ ਨੇ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੂੰ ਰਾਜ ਵਿਚ ਪਾਰਟੀ ਦੇ ਸੱਤਾ ਵਿਚ ਆਉਣ ਦੀ ਸਥਿਤੀ ਵਿਚ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਹੈ ਪਰ ਪਾਰਟੀ ਨੇ ਦਾਅਵਾ ਕੀਤਾ ਕਿ ‘ਚੋਣਾਵੀ ਗਠਜੋੜ’ ਲਈ ਭਾਰਤੀ ਕਮਿਊਨਿਸਟ ਪਾਰਟੀ ਨਾਲ ਸੰਪਰਕ ਕੀਤਾ ਗਿਆ ਹੈ। ਕਾਂਗਰਸ ਦੀ ਸੀਨੀਅਰ ਨੇਤਾ ਤੇ ਪਾਰਟੀ ਦੀ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਕਿਹਾ, ‘ਨਹੀਂ ਸਾਡੀ ਉਨ੍ਹਾਂ (ਆਵਾਜ਼-ਏ-ਪੰਜਾਬ) ਨਾਲ ਕੋਈ ਗੱਲਬਾਤ ਨਹੀਂ ਹੋ ਰਹੀ ਹੈ। ਕੇਵਲ ਭਾਰਤੀ ਕਮਿਊਨਿਸਟ ਪਾਰਟੀ ਦੇ ਨੇਤਾਵਾਂ ਨੇ ਸਾਡੇ ਨਾਲ ਸੰਪਰਕ ਕੀਤਾ ਹੈ ਪਰ ਅਜੇ ਗੱਲਬਾਤ ਸ਼ੁਰੂ ਨਹੀਂ ਹੋਈ ਹੈ।’ ਉਨ੍ਹਾਂ ਇਨ੍ਹਾਂ ਖ਼ਬਰਾਂ ਤੋਂ ਵੀ ਇਨਕਾਰ ਕੀਤਾ ਕਿ ਕਾਂਗਰਸ ਨੇ ਸਿੱਧੂ ਨੂੰ ਪੰਜਾਬ ਦੇ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਕਿਹਾ, ‘ਸਾਡਾ ਰੁਖ਼ ਇਹ ਹੈ ਕਿ ਸਿੱਧੂ ਹੋਣ ਜਾਂ ਕੋਈ ਹੋਰ ਵਿਅਕਤੀ ਜੋ ਵੀ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੇ ਉਪ ਪ੍ਰਧਾਨ ਰਾਹੁਲ ਗਾਂਧੀ ਅਤੇ ਸਾਡੀ ਪਾਰਟੀ ਦੀਆਂ ਨੀਤੀਆਂ
ਅਤੇ ਪ੍ਰੋਗਰਾਮਾਂ ਵਿਚ ਭਰੋਸਾ ਰੱਖਦਾ ਹੈ, ਉਹ ਬਿਨਾਂ ਸ਼ਰਤ ਪਾਰਟੀ ਵਿਚ ਸ਼ਾਮਲ ਹੋ ਸਕਦਾ ਹੈ।’ ਇਨ੍ਹਾਂ ਖ਼ਬਰਾਂ ‘ਤੇ ਕਿ ਜੇਕਰ ਸਿੱਧੂ ਕਾਂਗਰਸ ਨਾਲ ਹੱਥ ਮਿਲਾਉਂਦੇ ਹਨ ਤੇ ਆਉਣ ਵਾਲੀਆਂ ਚੋਣਾਂ ਵਿਚ ਪਾਰਟੀ ਰਾਜ ਵਿਚ ਜਿੱਤ ਪ੍ਰਾਪਤ ਕਰਦੀ ਹੈ ਤਾਂ ਉਨ੍ਹਾਂ ਨੂੰ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਹੈ, ਦੇ ਜਵਾਬ ਵਿਚ ਆਸ਼ਾ ਕੁਮਾਰੀ ਨੇ ਕਿਹਾ, ‘ਮੈਂ ਇਸ ‘ਤੇ ਕੁਝ ਨਹੀਂ ਬੋਲ ਸਕਦੀ।’ ਉਨ੍ਹਾਂ ਕਿਹਾ ਕਿ ਕਾਂਗਰਸ ਰਾਜ ਵਿਚ ‘ਭ੍ਰਿਸ਼ਟ’ ਤੇ ‘ਜਨ-ਵਿਰੋਧੀ’ ਅਕਾਲੀ ਭਾਜਪਾ ਦੀ ਗਠਜੋੜ ਸਰਕਾਰ ਨੂੰ ਸੱਤਾ ਵਿਚੋਂ ਬਾਹਰ ਕਰਨਾ ਚਾਹੁੰਦੀ ਹੈ ਤੇ ਹੋਰ ਜੋ ਵੀ ਕੋਈ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ, ਉਹ ‘ਬਿਨਾਂ ਸ਼ਰਤ’ ਨਾਲ ਆ ਸਕਦਾ ਹੈ।

ਸੀ.ਪੀ.ਆਈ ਨਾਲ ਗਠਜੋੜ ਲਈ ਗੱਲਬਾਤ ਜਾਰੀ :
ਆਸ਼ਾ ਕੁਮਾਰੀ ਦਾ ਕਹਿਣਾ ਹੈ ਕਿ ਅਗਲੇ ਸਾਲ ਦੇ ਸ਼ੁਰੂ ਵਿਚ ਹੋਣ ਵਾਲੀਆਂ ਰਾਜ ਵਿਧਾਨ ਸਭਾ ਦੀਆਂ ਚੋਣਾਂ ਵਿਚ ਅਕਾਲੀ-ਭਾਜਪਾ ਗੱਠਜੋੜ ਨਾਲ ਟੱਕਰ ਲੈਣ ਲਈ ਕਾਂਗਰਸ ਦੀ ਭਰਪੂਰ ਕੋਸ਼ਿਸ਼ ਹੈ ਕਿ ਭਾਰਤੀ ਕਮਿਊਨਿਸਟ ਪਾਰਟੀ ਨਾਲ ਕੁਝ ਸੀਟਾਂ ‘ਤੇ ਗਠਜੋੜ ਕੀਤਾ ਜਾਵੇ। ਇਸ ਬਾਰੇ ਬੀਬੀ ਰਾਜਿੰਦਰ ਕੌਰ ਭੱਠਲ ਤੇ ਸ. ਲਾਲ ਸਿੰਘ ਜਿਹੇ ਸੀਨੀਅਰ ਕਾਂਗਰਸੀ ਆਗੂ ਭਾਰਤੀ ਕਮਿਊਨਿਸਟ ਪਾਰਟੀ (ਭਾਕਪਾ) ਨਾਲ ਸੰਪਰਕ ਬਣਾਏ ਹੋਏ ਹਨ। ਵਰਨਣਯੋਗ ਹੈ ਕਿ ਅਤੀਤ ਵਿਚ ਵੀ ਇਨ੍ਹਾਂ ਦੋਵਾਂ ਪਾਰਟੀਆਂ ਵਿਚਾਲੇ ਗਠਜੋੜ ਹੁੰਦਾ ਰਿਹਾ ਹੈ। ਕਈ ਸਾਲ ਪਹਿਲਾਂ ਗਠਜੋੜ ਦੇ ਰੂਪ ਵਿਚ ਦੋ ਕਮਿਊਨਿਸਟ ਉਮੀਦਵਾਰ ਜੇਤੂ ਰਹੇ ਸਨ ਪਰ ਕੁਝ ਸਮਾਂ ਪਾ ਕੇ ਉਹ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ। ਭਾਕਪਾ ਕਾਂਗਰਸ ਤੋਂ ਇਸ ਵਾਰ 6 ਸੀਟਾਂ ਖੁੱਲ੍ਹੀਆਂ ਛੱਡਣ ਦੀ ਮੰਗ ਕਰ ਰਹੀ ਹੈ, ਜਿਸ ਲਈ ਅਜੇ ਤੱਕ ਕਾਂਗਰਸ ਸਹਿਮਤ ਨਹੀਂ ਪਰ ਦੋਵੇਂ ਪਾਰਟੀਆਂ ਚਾਹੁੰਦੀਆਂ ਹਨ ਕਿ ਸੈਕੂਲਰ ਵੋਟਾਂ ਨੂੰ ਵੰਡਣ ਤੋਂ ਰੋਕਿਆ ਜਾਵੇ। ਦਿਲਚਸਪ ਤੇ ਵਰਨਣਯੋਗ ਗੱਲ ਇਹ ਹੈ ਕਿ ਖੱਬੇ ਪੱਖੀ ਪਾਰਟੀਆਂ ਵਿਚੋਂ ਕੋਈ ਹੋਰ ਇਕ ਵੀ ਕਾਂਗਰਸ ਦੇ ਨੇੜੇ ਜਾਣ ਲਈ ਤਿਆਰ ਨਹੀਂ। ਉਧਰ ਇੱਥੇ 4 ਖੱਬੇ ਪੱਖੀ ਪਾਰਟੀਆਂ ਦੇ ਪ੍ਰਤੀਨਿਧਾਂ ਦੀ ਜੋ ਮੀਟਿੰਗ ਕਾਮਰੇਡ ਚਰਨ ਸਿੰਘ ਵਿਰਦੀ ਦੀ ਪ੍ਰਧਾਨਗੀ ਹੇਠ ਹੋਈ, ਵਿਚ ਸਿਧਾਂਤਕ ਤੌਰ ‘ਤੇ ਇਹੀ ਫ਼ੈਸਲਾ ਹੋਇਆ ਕਿ ਰਾਜ ਵਿਧਾਨ ਸਭਾ ਦੀਆਂ ਚੋਣਾਂ ਖੱਬੇ ਤੇ ਲੋਕ ਰਾਜ ਫਰੰਟ ਦੀ ਸ਼ਕਲ ਵਿਚ ਇਕੱਠੇ ਹੋ ਕੇ ਚੋਣਾਂ ਲੜੀਆਂ ਜਾਣ ਪਰ ਪਤਾ ਲੱਗਾ ਹੈ ਕਿ ਮੀਟਿੰਗ ਵਿਚ ਸ਼ਾਮਲ ਕਈ ਆਗੂ ਮਹਿਸੂਸ ਕਰਦੇ ਹਨ ਕਿ ਭਾਕਪਾ ਅੰਦਰਖਾਤੇ ਕਾਂਗਰਸ ਦੇ ਨੇੜੇ ਜਾਣ ਦੀ ਇੱਛੁਕ ਹੈ। ਸੰਭਵ ਹੈ ਕਿ ਉਹ ਆਪਣੀ ਕੌਮੀ ਹਾਈ ਕਮਾਨ ਦੀ ਪ੍ਰਵਾਨਗੀ ਨਾਲ ਅਜਿਹਾ ਕਰਨਾ ਚਾਹੁੰਦੀ ਹੈ।