ਸਿੱਖ ਪੰਚਾਇਤ ਨੇ ਅਮਰੀਕਨ ਸਿਆਸਤ ਵਿਚ ਕੀਤੀ ਸ਼ਮੂਲੀਅਤ

ਸਿੱਖ ਪੰਚਾਇਤ ਨੇ ਅਮਰੀਕਨ ਸਿਆਸਤ ਵਿਚ ਕੀਤੀ ਸ਼ਮੂਲੀਅਤ

ਫਰੀਮਾਂਟ/ ਬਿਊਰੋ ਨਿਊਜ਼
ਫਰੀਮਾਂਟ ਏਰੀਆ ਵਿਚ ਪਿਛਲੇ 5 ਸਾਲਾ ਤੋਂ ਪੰਥਕ ਕਾਰਜਾਂ ਲਈ ਸਾਰੀਆਂ ਮੁੱਖ ਧਿਰਾਂ ਵੱਲੋਂ ਬਣਾਈ ਸਿੱਖ ਪੰਚਾਇਤ ਨੇ ਇਸ ਸਾਲ ਅਮਰੀਕਾ ਦੀ ਸਿਆਸਤ ਵਿਚ ਵੀ ਆਪਣਾ ਪੈਰ ਧਰਿਆ ਹੈ। ਪਿਛਲੇ ਐਤਵਾਰ ਪੰਚਾਇਤ ਵੱਲੋਂ ਆਪਣੇ ਪਹਿਲੇ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਆਪਣੇ ਭਵਿੱਖ ਦੇ ਟੀਚੇ ਅਤੇ ਮੁੱਦੇ ਲਿਆਂਦੇ ਅਤੇ ਸੰਗਤ ਨੂੰ ਵਿਸ਼ਵਾਸ ਦੁਆਇਆ ਕਿ ਸਿੱਖ ਪੰਚਾਇਤ ਅਮਰੀਕਨ ਸਿਆਸਤ ਵਿਚ ਉਨ੍ਹਾਂ ਨੁੰਮਾਇਦਿਆਂ ਨੂੰ ਹੀ ਭੇਜਿਆ ਕਰੇਗੀ ਜਿਹੜੇ ਆਪਣੇ ਨਿੱਜ ਤੋਂ ਉਪਰ ਉੱਠਕੇ ਕੌਮ ਲਈ ਸੇਵਾ ਕਰਨ ਲਈ ਵਚਨਬੱਧ ਹੋਣਗੇ। ਐਤਵਾਰ ਕੀਤੇ ਗਏ ਪ੍ਰੋਗਰਾਮ ਵਿਚ ਫਰੀਮਾਂਟ ਦੇ ਮੇਅਰ ਬਿੱਲ ਹੈਰੀਸਨ ਅਤੇ ਇਸ ਏਰੀਏ ਦੇ ਕਾਂਗਰਸਮੈਨ ਮਾਈਕ ਹਾਂਡਾਂ ਨੇ ਸ਼ਿਰਕਤ ਕੀਤੀ। ਉਨ੍ਹਾਂ ਤੋਂ ਬਿਨਾ ਉਮੀਦਵਾਰ ਵੀ ਇਸ ਸਮਾਗਮ ਵਿਚ ਸ਼ਾਮਿਲ ਹੋਏ। ਸਿੱਖ ਪੰਚਾਇਤ ਵੱਲੋਂ ਭਾਈ ਕਸ਼ਮੀਰ ਸਿੰਘ ਸ਼ਾਹੀ ਨੇ ਸਿੱਖ ਮੁੱਦਿਆਂ ਬਾਰੇ ਜਾਣਕਾਰੀ ਦਿੱਤੀ। ਸਟੇਜ ਦੀ ਸੇਵਾ ਭਾਈ ਜਸਦੇਵ ਸਿੰਘ, ਸੁਪਰੀਮ ਕੌਂਸਲ ਮੈਂਬਰ, ਫਰੀਮਾਂਟ ਨੇ ਕੀਤੀ। ਪੰਚਾਇਤ ਦੇ ਸੀਨੀਅਰ ਲੀਡਰ ਭਾਈ ਗੁਰਮੀਤ ਸਿੰਘ ਖਾਲਸਾ ਅਤੇ ਭਾਈ ਰਾਮ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਸਿੱਖ ਪੰਚਾਇਤ ਨੇ ਯੂਨੀਅਨ ਸਿਟੀ ਦੀ ਚੋਣ ਵਿਚ ਗੈਰੀ ਸਿੰਘ, ਸਕੂਲ ਡਿਸਟ੍ਰਿਕਟ ਲਈ ਸ਼ਰਨ ਕੌਰ ਅਤੇ ਸੈਂਟਾ ਕਲਾਰਾ ਕਾਊਂਸਲ ਲਈ ਪਾਲ ਚਾਹਲ ਦੀ ਮਦਦ ਕਰਨ ਦੀ ਅਪੀਲ ਕੀਤੀ।