ਕੁੰਡੀ ਕੁਨੈਕਸ਼ਨ ਨਾਲ ਚੱਲ ਰਹੇ ਮਾਈਕ ‘ਤੇ ਮਾਨ ਦਾ ਭ੍ਰਿਸ਼ਟਾਚਾਰ ਮੁਕਤ ਪੰਜਾਬ ਦਾ ਭਾਸ਼ਣ

ਕੁੰਡੀ ਕੁਨੈਕਸ਼ਨ ਨਾਲ ਚੱਲ ਰਹੇ ਮਾਈਕ ‘ਤੇ ਮਾਨ ਦਾ ਭ੍ਰਿਸ਼ਟਾਚਾਰ ਮੁਕਤ ਪੰਜਾਬ ਦਾ ਭਾਸ਼ਣ

ਚਮਕੌਰ ਸਾਹਿਬ ‘ਚ ਚੋਰੀ ਦੀ ਬਿਜਲੀ ਨਾਲ ਚਲੀ ਆਮ ਆਦਮੀ ਪਾਰਟੀ ਦੀ ਰੈਲੀ, ਟਰਾਂਸਫਾਰਮਰ ਤੋਂ ਪਾਈ ਸੀ ਕੁੰਡੀ
ਖਰੜ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ ਦੀ ਰੈਲੀ ‘ਚ ਸੰਗਰੂਰ ਤੋਂ ਸੰਸਦ ਮੈਂਬਰ ਅਤੇ ਸਟਾਰ ਪ੍ਰਚਾਰਕ ਭਗਵੰਤ ਮਾਨ ਨੇ ਬਿਜਲੀ ਚੋਰੀ ਨਾਲ ਚੱਲ ਰਹੇ ਮਾਈਕ ਤੋਂ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦਾ ਭਾਸ਼ਣ ਦਿੱਤਾ। ਬਾਦਲ ਅਤੇ ਕੈਪਟਨ ਵਿਰੁੱਧ ਵੀ ਰੱਜ ਕੇ ਬਿਆਨਬਾਜ਼ੀ ਕੀਤੀ।
ਸ੍ਰੀ ਚਮਕੌਰ ਸਾਹਿਬ ਦੇ ਪਿੰਡ ਘੜੂੰਆਂ ਦੇ ਖੇਡ ਮੈਦਾਨ ਵਿਚ ਹੋਈ ਰੈਲੀ ਵਿੱਚ ਨਜ਼ਦੀਕ ਖੇਤਾਂ ‘ਚ ਲੱਗੇ ਟਰਾਂਸਫਾਰਮਰ ਤੋਂ ਬਿਜਲੀ ਚੋਰੀ ਕੀਤੀ ਗਈ, ਪਰ ਇਸ ਦਾ ਪਤਾ ਪਾਵਰਕਾਮ ਦੇ ਅਧਿਕਾਰੀਆਂ ਨੂੰ ਨਹੀਂ ਲੱਗਿਆ। ਪੂਰੀ ਰੈਲੀ ਚੋਰੀ ਦੀ ਬਿਜਲੀ ਨਾਲ ਚਲੀ।
ਮਾਨ ਨੇ ਆਪਣੇ ਭਾਸ਼ਣ ‘ਚ ਲੋਕਾਂ ਨੂੰ ਕਿਹਾ ਕਿ ਬਾਦਲ ਅਤੇ ਕੈਪਟਨ ਲੁਟੇਰੇ ਹਨ। ਇਨ੍ਹਾਂ ਨੂੰ ਪੰਜਾਬ ਵਿਚੋਂ ਭੱਜਣ ਪਵੇਗਾ। ਪਰ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਜਿਸ ਮਾਈਕ ਤੋਂ ਉਹ ਬੋਲ ਰਹੇ ਹਨ, ਉਹ ਚੋਰੀ ਦੀ ਬਿਜਲੀ ਨਾਲ ਚੱਲ ਰਿਹਾ ਹੈ। ਰੈਲੀ ਚਮਕੌਰ ਸਾਹਿਬ ਤੋਂ ‘ਆਪ’ ਦੇ ਉਮੀਦਵਾਰ ਡਾ. ਚਰਨਜੀਤ ਸਿੰਘ ਵੱਲੋਂ ਰੱਖੀ ਗਈ ਸੀ।
‘ਆਪ’ ਵਿਰੁੱਧ ਮਾਮਲਾ ਦਰਜ ਕਰਵਾਇਆ ਜਾਵੇਗਾ : ਐਸ.ਡੀ.ਓ.
ਪਾਵਰਕਾਮ ਦੇ ਐਸ.ਡੀ.ਓ. ਓਂਕਾਰ ਸਿੰਘ ਨੇ ਕਿ ਬਿਜਲੀ ਚੋਰੀ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ। ਜੇ ਬਿਜਲੀ ਚੋਰੀ ਕੀਤੀ ਗਈ ਹੈ ਤਾਂ ਰੈਲੀ ਕਰਨ ਵਾਲਿਆਂ ਵਿਰੁਧ ਇਲੈਕਟ੍ਰਿਸਿਟੀ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ ਅਤੇ ਚੋਣ ਕਮੀਸ਼ਨ ਨੂੰ ਸ਼ਿਕਾਇਤ ਕਰ ਕੇ ਮਾਮਲਾ ਦਰਜ ਕਰਵਾਇਆ ਜਾਵੇਗਾ।
ਦਲਿਤਾਂ ਲਈ ਸਕੀਮ ਦੇ ਫਾਰਮ ਵੰਡੇ, ਉਹ ਵੀ ਬਿਨਾਂ ਨੰਬਰ ਵਾਲੇ :
ਇਹੀ ਨਹੀਂ ਰੈਲੀ ‘ਚ ਲੋਕਾਂ ਨੂੰ ਭਰਮਾਉਣ ਲਈ ਸਟਾਲ ਲਗਾ ਕੇ ਫਾਰਮ ਵੀ ਵੰਡੇ ਗਏ। ਦਲਿਤ ਪਰਿਵਾਰਾਂ ਲਈ ਪੱਕਾ ਮਕਾਨ ਯੋਜਨਾ, ਮੁਫਤ ਗੈਸ ਕੁਨੈਕਸ਼ਨ ਅਤੇ ਮੁਫਤ 400 ਯੂਨਿਟ ਬਿਜਲੀ ਯੋਜਨਾ ਦਾ ਜ਼ਿਕਰ ਸੀ। ਹੈਰਾਨੀ ਇਹ ਹੈ ਕਿ ਇਨ੍ਹਾਂ ਫਾਰਮਾਂ ‘ਤੇ ਕਿਸੇ ਵੀ ਤਰ੍ਹਾਂ ਦਾ ਕੋਈ ਸੀਰੀਅਲ ਨੰਬਰ ਨਹੀਂ ਸੀ, ਜਦਕਿ ਚੋਣ ਕਮਿਸ਼ਨ ਵਲੋਂ ਇਨ੍ਹਾਂ ਗੱਲਾਂ ‘ਤੇ ਪਾਬੰਦੀ ਹੈ। ਇਸ ਬਾਰੇ ਹਲਕਾ ਸ੍ਰੀ ਚਮਕੌਰ ਸਾਹਿਬ ਦੀ ਰਿਟਰਨਿੰਗ ਅਫਸਰ ਨਵਨੀਤ ਕੌਰ ਨੇ ਕਿਹਾ ਕਿ ਸਬੰਧਤ ਟੀਮ ਨੂੰ ਭੇਜ ਕੇ ਜਾਂਚ ਕਰਵਾਈ ਜਾਵੇਗੀ।