‘ਜ਼ਿਆਦਾ ਤੋਂ ਜ਼ਿਆਦਾ ਮੇਰੀ ਪੋਤੀ ਨੂੰ ਮਾਰ ਦਿਓਗੇ’

‘ਜ਼ਿਆਦਾ ਤੋਂ ਜ਼ਿਆਦਾ ਮੇਰੀ ਪੋਤੀ ਨੂੰ ਮਾਰ ਦਿਓਗੇ’

ਕੰਵਲਜੀਤ ਸਿੰਘ ਦਾ ਮੋਦੀ ਸਰਕਾਰ ਨੂੰ ਸਵਾਲ-ਸਰਜੀਕਲ ਸਟਰਾਈਕ ਮਗਰੋਂ ਕਿੰਨੇ ਜਵਾਨ ਸ਼ਹੀਦ ਹੋਏ, ਇਕ ਦੇ ਬਦਲੇ ਦਸ ਸਿਰ ਲਿਆਏ?
ਨਵੀਂ ਦਿੱਲੀ/ਬਿਊਰੋ ਨਿਊਜ਼ :
ਗੁਰਮਿਹਰ ਕੌਰ ਮਾਮਲੇ ਨੂੰ ਲੈ ਕੇ ਹੋਏ ਹੰਗਾਮੇ ਵਿਚ ਉਸ ਦੇ ਦਾਦਾ ਕੰਵਲਜੀਤ ਸਿੰਘ ਖੁੱਲ੍ਹ ਕੇ ਸਮਰਥਨ ਵਿਚ ਆਏ ਹਨ। ਕੰਵਲਜੀਤ ਸਿੰਘ ਨੇ ਗੁਰਮਿਹਰ ਦਾ ਬਚਾਅ ਕਰਦਿਆਂ ਕਿਹਾ, ”ਮੇਰੀ ਪੋਤੀ ਨੇ ਅਜਿਹੀ ਕੋਈ ਗੱਲ ਨਹੀਂ ਕੀਤੀ ਜੋ ਦੇਸ਼ ਦੇ ਖ਼ਿਲਾਫ਼ ਹੋਵੇ। ਮੇਰੀ ਪੋਤੀ ਮਹਿਜ਼ 21 ਵਰ੍ਹਿਆਂ ਦੀ ਹੈ ਤੇ ਲੋਕ ਪਤਾ ਨਹੀਂ ਕੀ-ਕੀ ਬਹਿਸ ਕਰ ਰਹੇ ਹਨ। ਕੇਂਦਰੀ ਮੰਤਰੀ ਨੇ ਵੀ ਕਹਿ ਦਿੱਤਾ ਕਿ ਇਹ ਦੇਸ਼ ਧਰੋਹ ਦਾ ਕੰਮ ਹੈ। ਮੈਨੂੰ ਆਪਣੀ ਪੋਤੀ ਦੀ ਚਿੰਤਾ ਨਹੀਂ। ਵਧ ਤੋਂ ਵਧ ਉਹ ਉਸ ਨੂੰ ਮਾਰ ਹੀ ਦੇਣਗੇ ਨਾ। ਮੈਂ ਪਹਿਲਾਂ ਵੀ ਆਪਣਾ ਪੁੱਤ ਕਾਰਗਿਲ ਜੰਗ ਦੌਰਾਨ ਗਵਾ ਚੁੱਕਾ ਹਾਂ। ਮੇਰਾ ਪੁੱਤ 26 ਦੁਸ਼ਮਣਾਂ ਨੂੰ ਮਾਰਨ ਮਗਰੋਂ ਸ਼ਹੀਦ ਹੋਇਆ ਸੀ। ਜਦੋਂ ਇਹ ਘਟਨਾ ਵਾਰੀ ਤਾਂ ਉਸ ਵਕਤ ਵੀ ਸਰਕਾਰ ਭਾਜਪਾ ਦੀ ਸੀ। ਸਾਨੂੰ ਕਈ ਤਰ੍ਹਾਂ ਦੇ ਵਾਅਦੇ ਕੀਤੇ ਗਏ ਸਨ ਜੋ ਪੂਰੇ ਨਹੀਂ ਹੋਏ ਤੇ ਅੱਜ ਜਦੋਂ ਮੇਰੀ ਪੋਤੀ ਨੂੰ ਲੈ ਕੇ ਵਿਵਾਦ ਖੜ੍ਹਾ ਕੀਤਾ ਜਾ ਰਿਹਾ ਹੈ, ਉਦੋਂ ਵੀ ਸਰਕਾਰ ਭਾਜਪਾ ਦੀ ਹੈ।”
ਕੰਵਲਜੀਤ ਸਿੰਘ ਨੇ ਇਕ ਮੁਲਾਕਾਤ ਦੌਰਾਨ ਕਿਹਾ ਕਿ ਗ੍ਰਹਿ ਮੰਤਰੀ ਕਿਰਨ ਰਿਜਿਜੂ ਨੇ ਗੁਰਮਿਹਰ ਨੂੰ ਲੈ ਕੇ ਗ਼ਲਤ ਬਿਆਨ ਦਿੱਤੇ ਹਨ। ਉਨ੍ਹਾਂ ਨੂੰ ਅਜਿਹਾ ਨਹੀਂ ਬੋਲਣਾ ਚਾਹੀਦਾ। ਸਾਨੂੰ ਬਹੁਤ ਤਕਲੀਫ਼ ਹੋਈ ਹੈ। ਕੰਮ ਸਹੀ ਹੋਣਾ ਚਾਹੀਦਾ ਹੈ, ਭਾਵੇਂ ਸਰਕਾਰ ਕਾਂਗਰਸ ਦੀ ਹੋਵੇ ਤੇ ਚਾਹੇ ਭਾਜਪਾ ਦੀ। ਜਦੋਂ ਤੋਂ ਭਾਜਪਾ ਨੇ ਸਰਜੀਕਲ ਸਟਰਾਈਕ ਕੀਤਾ ਹੈ, ਉਦੋਂ ਤੋਂ ਕਿੰਨੇ ਹੀ ਜਵਾਨ ਸ਼ਹੀਦ ਹੋ ਚੁੱਕੇ ਹਨ। ਕੀ ਇਹ ਇਕ ਦੇ ਬਦਲੇ ਦਸ ਸਿਰ ਲਿਆਏ। ਕੰਵਲਜੀਤ ਸਿੰਘ ਨੇ ਗੁਰਮਿਹਰ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਦੱਸਿਆ ਕਿ ਚਾਰ ਬਾਡੀਗਾਰਡ ਦਿੱਤੇ ਹਨ, ਪਰ ਸੁਰੱਖਿਆ ਗਾਰਡ ਵੀ ਉਨ੍ਹਾਂ ਦੇ ਹੀ ਆਦਮੀ ਹਨ। ਉਨ੍ਹਾਂ ਕਿਹਾ, ”ਮੈਂ ਚਾਹੁੰਦਾ ਹਾਂ ਕਿ ਸਭ ਕੁਝ ਸ਼ਾਂਤ ਹੋ ਜਾਵੇ। ਯੂਨੀਵਰਸਿਟੀਆਂ ਵਿਚ ਝਗੜੇ ਹੋ ਰਹੇ ਹਨ, ਉਹ ਨਹੀਂ ਹੋਣੇ ਚਾਹੀਦੇ।”
ਇਸ ਮਾਮਲੇ ਵਿਚ ਕਾਂਗਰਸ ਦੇ ਨੇਤਾ ਸ਼ਸ਼ੀ ਥਰੂਰ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਆਪਣੀ ਪ੍ਰਤੀਕਿਰਿਆ ਸ਼ੇਅਰ ਕੀਤੀ ਹੈ, ਜਿਸ ਵਿਚ ਉਨ੍ਹਾਂ ਨੇ ਲਿਖਿਆ ਹੈ, ‘ਮੈਂ ਆਪਣੇ ਕ੍ਰਿਕਟ ਦੇ ਹੀਰੋ ਵਰਿੰਦਰ ਸਹਿਵਾਗ ਦੀ ਇਸ ਮਾਮਲੇ ਨੂੰ ਲੈ ਕੇ ਕੀਤੀ ਗਈ ਟਿੱਪਣੀ ਤੋਂ ਬੇਹੱਦ ਨਿਰਾਸ਼ ਹਾਂ।”