ਜਲੰਧਰ ਪੁਲੀਸ ਨੇ ਗੁਰਮਿਹਰ ਕੌਰ ਨੂੰ ਦਿੱਤੀ ਸੁਰੱਖਿਆ

ਜਲੰਧਰ ਪੁਲੀਸ ਨੇ ਗੁਰਮਿਹਰ ਕੌਰ ਨੂੰ ਦਿੱਤੀ ਸੁਰੱਖਿਆ

ਕੈਪਸ਼ਨ-ਜਲੰਧਰ ਵਿੱਚ ਆਪਣੇ ਘਰ ਅੱਗੇ ਮੀਡੀਆ ਨਾਲ ਗੱਲਬਾਤ ਕਰਦੀ ਹੋਈ ਵਿਦਿਆਰਥਣ ਗੁਰਮਿਹਰ ਕੌਰ। 

ਜਲੰਧਰ/ਬਿਊਰੋ ਨਿਊਜ਼ :
ਜਲੰਧਰ ਦੇ ਪੁਲੀਸ ਕਮਿਸ਼ਨਰ ਨੇ ਕਾਰਗਿਲ ਸ਼ਹੀਦ ਕੈਪਟਨ ਮਨਦੀਪ ਸਿੰਘ ਦੀ ਧੀ ਤੇ ਲੇਡੀ ਸ੍ਰੀ ਰਾਮ ਕਾਲਜ (ਦਿੱਲੀ ਯੂਨੀਵਰਸਿਟੀ) ਦੀ ਵਿਦਿਆਰਥਣ ਗੁਰਮਿਹਰ ਕੌਰ ਨੂੰ ਸੁਰੱਖਿਆ ਪ੍ਰਦਾਨ ਕਰਵਾਉਂਦਿਆਂ ਦੋ ਮਹਿਲਾ ਸਿਪਾਹੀਆਂ ਨੂੰ ਇੱਥੇ ਉਸ ਦੇ ਘਰ ਬਾਹਰ ਤਾਇਨਾਤ ਕਰ ਦਿੱਤਾ ਹੈ। ਦਿੱਲੀ ਪੁਲੀਸ ਨੇ ਗੁਰਮਿਹਰ ਕੌਰ ਨੂੰ ਸੋਸ਼ਲ ਮੀਡੀਆ ‘ਤੇ ਬਲਾਤਕਾਰ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਬਾਰੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ। ਕੇਸ ਦਰਜ ਹੋਣ ਤੋਂ ਬਾਅਦ ਹੀ ਜਲੰਧਰ ਕਮਿਸ਼ਨਰੇਟ ਪੁਲੀਸ ਨੇ ਉਸ ਨੂੰ ਸੁਰੱਖਿਆ ਪ੍ਰਦਾਨ ਕਰਵਾਈ ਹੈ। ਇਸ ਦੌਰਾਨ ਇੱਥੇ ਆਪਣੇ ਘਰ ਬਾਹਰ ਗੁਰਮਿਹਰ ਕੌਰ ਨੇ ਮੀਡੀਆ ਅੱਗੇ ਹੱਥ ਜੋੜਦਿਆਂ ਕਿਹਾ ”ਕਿਰਪਾ ਕਰ ਕੇ ਉਸ ਨੂੰ ਪੜ੍ਹਾਈ ਵੱਲ ਧਿਆਨ ਦੇਣ ਦਿਓ, ਉਹ ਹੁਣ ਆਪਣਾ ਸਾਰਾ ਧਿਆਨ ਪੜ੍ਹਾਈ ਵੱਲ ਲਾਉਣਾ ਚਾਹੁੰਦੀ ਹੈ।”  ਉਸ ਦੇ ਘਰ ਬਾਹਰ ਮੀਡੀਆ ਖ਼ਾਸ ਕਰ ਕੇ ਟੀਵੀ  ਚੈਨਲਾਂ ਵਾਲੇ ਡੇਰਾ ਜਮਾਈ ਬੈਠੇ ਸਨ। ਮੀਡੀਆ ਵਾਲਿਆਂ ਤੋਂ ਪ੍ਰੇਸ਼ਾਨ ਲੱਗ ਰਹੀ ਗੁਰਮਿਹਰ ਕੌਰ ਨੇ ਕੁਝ ਮਿੰਟਾਂ ਲਈ ਘਰ ਤੋਂ ਬਾਹਰ ਆ ਕੇ ਕਿਹਾ ਕਿ ਉਹ ਇਸ ਵਿਵਾਦ ਬਾਰੇ ਹੁਣ ਕੁਝ ਹੋਰ ਨਹੀਂ ਕਹਿਣਾ ਚਾਹੁੰਦੀ ਤੇ ਕਿਰਪਾ ਕਰ ਕੇ ਇਸ ਨੂੰ ਇੱਥੇ ਹੀ ਛੱਡ ਦਿਓ ਕਿਉਂਕਿ ਹੁਣ ਉਹ ਆਪਣਾ ਸਾਰਾ ਧਿਆਨ ਪੜ੍ਹਾਈ ਵੱਲ ਲਾਉਣਾ ਚਾਹੁੰਦੀ ਹੈ। ਉਸ ਨੇ ਇਹ ਵੀ ਕਿਹਾ ਕਿ ਕੋਈ ਵੀ ਪੱਤਰਕਾਰ ਉਸ ਨੂੰ ਇਸ ਬਾਰੇ ਹੁਣ ਕੋਈ ਹੋਰ ਸਵਾਲ ਨਾ ਕਰੇ ਕਿਉਂਕਿ ਉਸ ਨੇ ਜੋ ਕਹਿਣਾ ਸੀ, ਉਹ ਕਹਿ ਦਿੱਤਾ। ਇਸ ਦੌਰਾਨ ਉਸ ਦੇ ਦਾਦਾ ਕਮਲਜੀਤ ਸਿੰਘ ਨੇ ਕਿਹਾ ਕਿ ਗੁਰਮਿਹਰ ਕੌਰ ਜਲਦੀ ਆਪਣੀ ਪੜ੍ਹਾਈ ਪੂਰੀ ਕਰਨ ਲਈ ਵਾਪਸ ਦਿੱਲੀ ਚਲੀ ਜਾਵੇਗੀ। ਉਨ੍ਹਾਂ ਕਿਹਾ ਕਿ ਗੁਰਮਿਹਰ ਦਲੇਰ ਲੜਕੀ ਹੈ ਤੇ ਉਸ ਵੱਲੋਂ ਉਠਾਏ ਮੁੱਦਿਆਂ ਨੂੰ ਰਾਜਸੀ ਰੰਗਤ ਨਾ ਦਿੱਤੀ ਜਾਵੇ। ਉਨ੍ਹਾਂ ਦੇ ਪੁੱਤਰ ਕੈਪਟਨ ਮਨਦੀਪ ਸਿੰਘ ਨੇ ਦੇਸ਼ ਲਈ ਜਾਨ ਵਾਰੀ ਹੈ। ਭਾਰਤ-ਪਾਕਿ ਵਿੱਚ ਸ਼ਾਂਤੀ ਦਾ ਮਾਹੌਲ ਰੱਖਣ ਦੀ ਵਕਾਲਤ ਕਰਨ ਵਾਲੀ ਗੁਰਮਿਹਰ ਕੌਰ ਨੇ ਕੋਈ ਗਲਤ ਗੱਲ ਨਹੀਂ ਕੀਤੀ। ਇਸ ਦੌਰਾਨ ਸਿੱਖ ਤਾਲਮੇਲ ਕਮੇਟੀ ਦੀ ਅਗਵਾਈ ਹੇਠ ਵੱਖ ਵੱਖ ਸਿੱਖ ਜਥੇਬੰਦੀਆਂ ਨੇ ਡਿਪਟੀ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੂੰ ਮੰਗ ਪੱਤਰ ਦੇ ਕੇ ਕਿਹਾ ਹੈ ਕਿ ਪ੍ਰਸ਼ਾਸਨ ਗੁਰਮਿਹਰ ਅਤੇ ਉਸ ਦੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਏ। ਇਸ ਮੌਕੇ ਹਾਜ਼ਰ ਗੁਰਮਿਹਰ ਦੇ ਦਾਦਾ ਕਮਲਜੀਤ ਸਿੰਘ ਨੂੰ ਵੀ ਜਥੇਬੰਦੀਆਂ ਨੇ ਭਰੋਸਾ ਦਿੱਤਾ ਕਿ ਉਹ ਗੁਰਮਿਹਰ ਤੇ ਉਨ੍ਹਾਂ ਦੇ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦੇਣਗੇ। ਇਸ ਮੌਕੇ ਹਰਪਾਲ ਸਿੰਘ ਚੱਢਾ ਨੇ ਕਿਹਾ ਕਿ ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਏਬੀਵੀਪੀ ਵਰਗੀ ਜਥੇਬੰਦੀ ਸ਼ਰ੍ਹੇਆਮ ਬਲਾਤਕਾਰ ਦੀ ਧਮਕੀ ਦੇ ਰਹੀ ਹੈ ਤੇ ਸਰਕਾਰ ਹੱਥ ‘ਤੇ ਹੱਥ ਧਰ ਕੇ ਬੈਠੀ ਹੈ।
ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਵੱਲੋਂ ਗੁਰਮਿਹਰ ਦੀ ਹਮਾਇਤ : ਅੰਮ੍ਰਿਤਸਰ : ਗੁਰਮਿਹਰ ਕੌਰ ਨੂੰ ਧਮਕੀਆਂ ਦੇਣ ਦੀ ਨਿੰਦਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਮੁੱਖ ਸਕੱਤਰ ਹਰਚਰਨ ਸਿੰਘ ਨੇ ਆਖਿਆ ਕਿ ਸਿੱਖ ਸੰਸਥਾ ਪੰਜਾਬ ਦੀ ਧੀ ਨਾਲ ਖੜ੍ਹੀ ਹੈ। ਉਨ੍ਹਾਂ ਗੁਰਮਿਹਰ ਕੌਰ ਨੂੰ ਸੁਰੱਖਿਆ ਲਈ ਸਹਿਯੋਗ ਦੇਣ ਦਾ ਵੀ ਭਰੋਸਾ ਦਿੱਤਾ। ਉਨ੍ਹਾਂ ਆਖਿਆ ਕਿ ਦੇਸ਼ ਲਈ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਕੈਪਟਨ ਮਨਦੀਪ ਸਿੰਘ ਦੀ ਬੇਟੀ ਨਾਲ ਅਜਿਹੀ ਦੁਖਦਾਈ ਘਟਨਾ ਵਾਪਰਨਾ ਸ਼ਹੀਦਾਂ ਦਾ ਵੱਡਾ ਅਪਮਾਨ ਹੈ।
ਇਸ ਦੌਰਾਨ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਵੀ ਗੁਰਮਿਹਰ ਕੌਰ ਨੂੰ ਮਿਲ ਰਹੀਆਂ ਧਮਕੀਆਂ ਦਾ ਗੰਭੀਰ ਨੋਟਿਸ ਲੈਂਦਿਆਂ ਆਖਿਆ ਕਿ ਸਮੁੱਚੀ ਸਿੱਖ ਕੌਮ ਉਸ ਨਾਲ ਖੜ੍ਹੀ ਹੈ ਅਤੇ ਉਸ ਦੀ ਇੱਜ਼ਤ ਦੀ ਰਾਖੀ ਕਰਨਾ ਕੌਮ ਦਾ ਫ਼ਰਜ਼ ਹੈ। ਅਕਾਲ ਤਖ਼ਤ ਸਕੱਤਰੇਤ ਤੋਂ ਜਾਰੀ ਇਕ ਬਿਆਨ ਰਾਹੀਂ ਉਨ੍ਹਾਂ ਆਖਿਆ ਕਿ ਇਸ ਮਾਮਲੇ ਵਿੱਚ ਦਿੱਲੀ ਦੀ ਸਰਕਾਰ ਸੁਹਿਰਦਤਾ ਨਾਲ ਕੰਮ ਕਰੇ ਅਤੇ ਜੇ ਕੋਈ ਘਟਨਾ ਵਾਪਰਦੀ ਹੈ ਤਾਂ ਸਿੱਖ ਕੌਮ ਉਸ ਨੂੰ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਦਿੱਲੀ ਦੀ ਸਿੱਖ ਸੰਗਤ ਨੂੰ ਵੀ ਸੁਚੇਤ ਕੀਤਾ ਕਿ ਉਹ ਗੁਰਮਿਹਰ ਕੌਰ ਨਾਲ ਡਟ ਕੇ ਖੜ੍ਹਨ।