ਅਮਰੀਕੀ ਪੁਲੀਸ ਦਾ ਦਾਅਵਾ-ਦੀਪ ਰਾਏ ‘ਤੇ ਹੋਇਆ ਸੀ ਨਸਲੀ ਹਮਲਾ

ਅਮਰੀਕੀ ਪੁਲੀਸ ਦਾ ਦਾਅਵਾ-ਦੀਪ ਰਾਏ ‘ਤੇ ਹੋਇਆ ਸੀ ਨਸਲੀ ਹਮਲਾ

ਹਮਲਾਵਰ ਬਾਰੇ ਜਾਣਕਾਰੀ ਦੇਣ ਵਾਲੇ ਲਈ 6 ਹਜ਼ਾਰ ਡਾਲਰ ਦੇ ਇਨਾਮ ਦਾ ਐਲਾਨ
ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕਾ ਦੇ ਕੈਂਟ ਵਿੱਚ 3 ਮਾਰਚ ਨੂੰ ਸਿੱਖ ਨੌਜਵਾਨ ਦੀਪ ਰਾਏ ਨੂੰ ਘਰ ਬਾਹਰ ਗੋਲੀ ਮਾਰ ਕੇ ਜ਼ਖ਼ਮੀ ਕਰਨ ਵਾਲੇ ਹਮਲਾਵਰ ਬਾਰੇ ਜਾਣਕਾਰੀ ਦੇਣ ਵਾਲੇ ਨੂੰ 6 ਹਜ਼ਾਰ ਡਾਲਰ ਇਨਾਮ ਵਜੋਂ ਦੇਣ ਦਾ ਐਲਾਨ ਕੀਤਾ ਗਿਆ ਹੈ। ਕੈਂਟ ਪੁਲੀਸ ਦੇ ਮੁਖੀ ਕੇਨ ਥੌਮਸ ਨੇ ਦੱਸਿਆ, ‘ਪੀੜਤ ਵੱਲੋਂ ਦਿੱਤੀ ਜਾਣਕਾਰੀ ਸੰਕੇਤ ਦਿੰਦੀ ਹੈ ਕਿ ਉਸ ਨੂੰ ਨਸਲੀ ਕਾਰਨ ਕਰ ਕੇ ਨਿਸ਼ਾਨਾ ਬਣਾਇਆ ਗਿਆ ਹੈ। ਪਰ ਨਫ਼ਰਤੀ ਕਾਰਵਾਈਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ।’
ਪੁਲੀਸ ਨੇ ਹਮਲਾਵਰ ਦਾ ਸਕੈੱਚ ਜਾਰੀ ਕਰ ਦਿੱਤਾ ਹੈ। ਸ੍ਰੀ ਥੌਮਸ ਨੇ ਦੱਸਿਆ ਕਿ ਗੋਲੀ ਮਾਰਨ ਵਾਲਾ ਛੇ ਫੁੱਟ ਲੰਬਾ, ਸਾਧਾਰਨ ਡੀਲ-ਡੌਲ ਵਾਲਾ ਅਤੇ 35-40 ਸਾਲ ਉਮਰ ਦਾ ਸੀ। ਹਮਲੇ ਵਾਲੇ ਦਿਨ ਉਸ ਨੇ ਕਾਲੇ ਰੰਗ ਦੀ ਟੋਪੀ ਵਾਲੀ ਜਰਸੀ ਪਾਈ ਸੀ ਤੇ ਉਸ ਨੇ ਮੂੰਹ ‘ਤੇ ਮਾਸਕ ਪਾਇਆ ਸੀ। ਇਸ ਘਟਨਾ ਦੀ ਕੈਂਟ ਪੁਲੀਸ ਅਤੇ ਐਫਬੀਆਈ ਵੱਲੋਂ ਨਫ਼ਰਤੀ ਅਪਰਾਧ ਵਜੋਂ ਪੜਤਾਲ ਕੀਤੀ ਜਾ ਰਹੀ ਹੈ। ਹਾਲੇ ਤੱਕ ਹਮਲਾਵਰ ਬਾਰੇ ਕੋਈ ਸੁਰਾਗ ਨਾਮ ਮਿਲਣ ਕਾਰਨ ਅਧਿਕਾਰੀਆਂ ਨੇ ਉਸ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਛੇ ਹਜ਼ਾਰ ਅਮਰੀਕੀ ਡਾਲਰ ਇਨਾਮ ਵਜੋਂ ਦੇਣ ਦਾ ਐਲਾਨ ਕੀਤਾ ਹੈ। ਸ੍ਰੀ ਥੌਮਸ ਨੇ ਦੱਸਿਆ, ‘ਕੈਂਟ ਪੁਲੀਸ ਵਿਭਾਗ ਭਾਈਚਾਰੇ ਵਿੱਚ ਕੋਈ ਵੀ ਹਿੰਸਕ ਕਾਰਵਾਈ ਬਾਰੇ ਚਿੰਤਤ ਹੈ। ਇਸ ਅਪਰਾਧਕ ਘਟਨਾ ਦੇ ਹਾਲਾਤਾਂ ਬਾਰੇ ਗੰਭੀਰਤਾ ਅਤੇ ਮੁਕੰਮਲ ਪੜਤਾਲ ਕਰਨ ਦੀ ਲੋੜ ਹੈ।’
ਉਨ੍ਹਾਂ ਦੱਸਿਆ ਕਿ ਪੜਤਾਲ ਹਾਲੇ ਮੁਢਲੇ ਪੱਧਰ ਉਤੇ ਹੈ ਅਤੇ ਹਾਲੇ ਵੀ ਅਸਲ ਹਾਲਾਤ ਬਾਰੇ ਸਮਝਣ ਦਾ ਯਤਨ ਕੀਤਾ ਜਾ ਰਿਹਾ ਹੈ। ਉਸ (ਰਾਏ) ਨੇ ਦਸਤਾਰ ਸਜਾਈ ਹੋਈ ਸੀ। ਮੌਜੂਦਾ ਭੜਕਾਹਟ ਵਾਲੀ ਸਥਿਤੀ ਕਾਰਨ ਮੰਨਿਆ ਜਾ ਰਿਹਾ ਹੈ ਕਿ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਕੈਂਟ ਪੁਲੀਸ ਭਾਈਚਾਰੇ ਦੇ ਮੈਂਬਰਾਂ ਦੀ ਸੁਰੱਖਿਆ ਲਈ ਵਚਨਬੱਧ ਹੈ। ਖ਼ਾਸ ਤੌਰ ‘ਤੇ ਜਦੋਂ ਉਨ੍ਹਾਂ ਨੂੰ ਨਸਲ, ਲਿੰਗ, ਮੂਲ ਅਤੇ ਰਾਸ਼ਟਰੀਅਤਾ ਕਾਰਨ ਨਿਸ਼ਾਨਾ ਬਣਾਇਆ ਜਾ ਰਿਹਾ ਹੋਵੇ।
ਸ੍ਰੀਨਿਵਾਸ ਦੀ ਹੱਤਿਆਰੇ ਨੇ ਪੇਸ਼ੀ ਭੁਗਤੀ :
ਹਿਊਸਟਨ: ਨਫ਼ਰਤੀ ਅਪਰਾਧ ਤਹਿਤ ਭਾਰਤੀ ਇੰਜਨੀਅਰ ਸ੍ਰੀਨਿਵਾਸ ਕੁਚੀਭੋਤਲਾ ਦੀ ਹੱਤਿਆ ਕਰਨ ਅਤੇ ਦੋ ਹੋਰਾਂ ਨੂੰ ਜ਼ਖ਼ਮੀ ਕਰਨ ਦੇ ਮਾਮਲੇ ਵਿੱਚ ਨਾਮਜ਼ਦ ਅਮਰੀਕੀ ਜਲ ਸੈਨਾ ਦੇ ਸਾਬਕਾ ਅਧਿਕਾਰੀ ਐਡਮ ਪੁਰਿੰਟਨ ਨੂੰ ਕੈਨਸਾਸ ਦੀ ਇਕ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜੌਹਨਸਨ ਕਾਊਂਟੀ ਸਰਕਟ ਕੋਰਟ ਵਿਚ ਪੇਸ਼ੀ ਲਈ ਆਏ ਐਡਮ (51) ਦੇ ਸੰਤਰੀ ਰੰਗ ਦਾ ਜੰਪਸੂਟ ਪਾਇਆ ਸੀ ਤੇ ਉਸ ਦੇ ਵਾਲ ਖਿੰਡੇ ਹੋਏ ਸਨ। ਉਹ ਅਦਾਲਤ ਵਿਚ ਸ਼ਾਂਤ ਬੈਠਾ ਰਿਹਾ ਅਤੇ ਆਪਣੇ ਵਕੀਲ ਨਾਲ ਘੁਸਰਮੁਸਰ ਕਰਦਾ ਰਿਹਾ। ਉਸ ਦੇ ਵਕੀਲ ਨੇ ਸਬੂਤਾਂ ਦੀ ਸਮੀਖਿਆ ਲਈ ਅਦਾਲਤ ਤੋਂ ਹੋਰ ਸਮਾਂ ਮੰਗਿਆ ਹੈ। ਐਡਮ ਪੁਰਿੰਟਨ ਨੂੰ ਅਗਲੀ ਸੁਣਵਾਈ ਮੌਕੇ 9 ਮਈ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।