ਏਬੀਵੀਪੀ ਦੇ ਹੰਗਾਮੇ ਕਾਰਨ ਪ੍ਰਸ਼ਾਂਤ ਭੂਸ਼ਨ ਦਾ ਪ੍ਰੋਗਰਾਮ ਹੋਇਆ ਰੱਦ

ਏਬੀਵੀਪੀ ਦੇ ਹੰਗਾਮੇ ਕਾਰਨ ਪ੍ਰਸ਼ਾਂਤ ਭੂਸ਼ਨ ਦਾ ਪ੍ਰੋਗਰਾਮ ਹੋਇਆ ਰੱਦ

ਅਲੀਗੜ੍ਹ (ਉੱਤਰ ਪ੍ਰਦੇਸ਼)/ਬਿਊਰੋ ਨਿਊਜ਼ :
ਇੱਥੇ ਇਕ ਕਾਲਜ ਦੇ ਆਡੀਟੋਰੀਅਮ ਵਿੱਚ ਵਕੀਲ ਪ੍ਰਸ਼ਾਂਤ ਭੂਸ਼ਨ ਦੇ ਪ੍ਰੋਗਰਾਮ ਦੌਰਾਨ ਏਬੀਵੀਪੀ ਵਰਕਰਾਂ ਨੇ ਕਥਿਤ ਤੌਰ ‘ਤੇ ਹੰਗਾਮਾ ਕੀਤਾ। ਇਸ ਕਾਰਨ ਪੁਲੀਸ ਸ੍ਰੀ ਭੂਸ਼ਨ ਨੂੰ ਆਡੀਟੋਰੀਅਮ ਤੋਂ ਬਾਹਰ ਲੈ ਗਈ।
ਇੱਥੇ ਧਰਮ ਸਮਾਜ ਡਿਗਰੀ ਕਾਲਜ ਵਿੱਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਕਾਰਕੁਨਾਂ ਨੇ ਭੂਸ਼ਨ ਦਾ ਇਸ ਗੱਲੋਂ ਵਿਰੋਧ ਕੀਤਾ ਕਿ ਉਨ੍ਹਾਂ ਕਥਿਤ ਤੌਰ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਝੂਠੇ ਦੋਸ਼ ਲਾਉਣ ਦੀ ਕੋਸ਼ਿਸ਼ ਕੀਤੀ। ਏਬੀਵੀਪੀ ਕਾਰਕੁਨਾਂ ਨੇ ਇਸ ਸੈਮੀਨਾਰ ਵਿੱਚ ਏਐਮਯੂ ਵਿਦਿਆਰਥੀ ਯੂਨੀਅਨ ਪ੍ਰਧਾਨ ਫੈਜ਼-ਉਲ ਹਸਨ ਦੀ ਮੌਜੂਦਗੀ ਉਤੇ ਵੀ ਇਤਰਾਜ਼ ਜ਼ਾਹਰ ਕੀਤਾ। ਸਥਿਤੀ ਕਾਬੂ ਤੋਂ ਬਾਹਰ ਹੁੰਦੀ ਦੇਖ ਕੇ ਹਸਨ ਆਡੀਟੋਰੀਅਮ ਤੋਂ ਬਾਹਰ ਚਲਾ ਗਿਆ।
ਪ੍ਰਬੰਧਕਾਂ ਅਤੇ ਏਬੀਵੀਪੀ ਦੋਵਾਂ ਨੇ ਗਾਂਧੀ ਪਾਰਕ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਐਸਪੀ (ਸਿਟੀ) ਅਤੁਲ ਸ੍ਰੀਵਾਸਤਵ ਨੇ ਦੱਸਿਆ ਕਿ ਪੂਰੀ ਪੜਤਾਲ ਮਗਰੋਂ ਕੇਸ ਦਰਜ ਕੀਤਾ ਗਿਆ ਹੈ। ‘ਭ੍ਰਿਸ਼ਟਾਚਾਰ ਮੁਕਤ ਭਾਰਤ ਅਤੇ ਅਮਨ’ ਦੇ ਵਿਸ਼ੇ ਉਤੇ ਇਸ ਸੈਮੀਨਾਰ ਦਾ ਪ੍ਰਬੰਧ ‘ਉੱਤਰ ਪ੍ਰਦੇਸ਼ ਸਵਰਾਜ ਅਭਿਆਨ’ ਨੇ ਕੀਤਾ ਸੀ। ਏਬੀਵੀਪੀ ਆਗੂ ਅਮਿਤ ਗੋਸਵਾਮੀ ਨੇ ਦੱਸਿਆ ਕਿ ਉਹ ਕਾਲਜ ਵਿੱਚ ਫੈਜ਼-ਉਲ ਹਸਨ ਦੀ ਮੌਜੂਦਗੀ ਦਾ ਵਿਰੋਧ ਕਰ ਰਹੇ ਸਨ ਕਿਉਂਕਿ ਉਹ ਜੇਐਨਯੂ ਵਿਦਿਆਰਥੀ ਆਗੂ ‘ਕਨ੍ਹੱਈਆ ਕੁਮਾਰ ਦੇ ਦੇਸ਼ ਵਿਰੋਧੀ ਸਟੈਂਡ’ ਦਾ ਹਮਾਇਤੀ ਹੈ। ਉਨ੍ਹਾਂ ਕਿਹਾ ਕਿ ਅਹਿਮ ਮਸਲਿਆਂ ਉਤੇ ‘ਦੇਸ਼ ਵਿਰੋਧੀ ਸਟੈਂਡ’ ਰੱਖਣ ਵਾਲੇ ਭੂਸ਼ਨ ਵਰਗੇ ਬੰਦਿਆਂ ਦਾ ਵੀ ਸਵਾਗਤ ਨਹੀਂ ਹੈ।
ਬਾਅਦ ਵਿੱਚ ਫੈਜ਼-ਉਲ ਹਸਨ ਨੇ ਕਿਹਾ ਕਿ ਉਹ ਸੈਮੀਨਾਰ ਵਿੱਚ ਭਾਗ ਲੈਣ ਗਿਆ ਸੀ ਕਿਉਂਕਿ ਸੰਵਾਦ ਸਮੇਂ ਦੀ ਲੋੜ ਹੈ ਅਤੇ ਜੇ ਅਸੀਂ ਇਕ ਦੂਜੇ ਤੱਕ ਪਹੁੰਚ ਹੀ ਨਹੀਂ ਕਰ ਸਕਾਂਗੇ ਤਾਂ ਦੇਸ਼ ਕਿਵੇਂ ਮਜ਼ਬੂਤ ਹੋ ਸਕਦਾ ਹੈ।