ਸਿੱਖ ਕਤਲੇਆਮ ਸਬੰਧੀ ਜਾਂਚ ਬਾਰੇ ਪ੍ਰਗਤੀ ਰਿਪੋਰਟ ਪੇਸ਼

ਸਿੱਖ ਕਤਲੇਆਮ ਸਬੰਧੀ ਜਾਂਚ ਬਾਰੇ ਪ੍ਰਗਤੀ ਰਿਪੋਰਟ ਪੇਸ਼

ਮਾਮਲੇ ਦੀ ਅਗਲੀ ਸੁਣਵਾਈ 6 ਮਾਰਚ ਨੂੰ
ਜਾਂਚ ਛੇ ਮਹੀਨਿਆਂ ਵਿੱਚ ਮੁਕੰਮਲ ਕਰਨ ਦੀ ਕੀਤੀ ਸੀ ਮੰਗ
ਨਵੀਂ ਦਿੱਲੀ/ਬਿਊਰੋ ਨਿਊਜ਼ :
ਦਿੱਲੀ ਦੇ 1984 ਦੇ ਸਿੱਖ ਕਤਲੇਆਮ ਸਬੰਧੀ ਕਾਇਮ ਵਿਸ਼ੇਸ਼ ਜਾਂਚ ਟੀਮ (ਸਿੱਟ) ਵੱਲੋਂ ਕੀਤੀ ਜਾਂਚ ਸਬੰਧੀ ਪ੍ਰਗਤੀ ਰਿਪੋਰਟ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਅੱਗੇ ਪੇਸ਼ ਕੀਤੀ। ਰਿਪੋਰਟ ਜਸਟਿਸ ਦੀਪਕ ਮਿਸ਼ਰਾ, ਜਸਟਿਸ ਏ.ਐਮ. ਖਾਨਵਿਲਕਰ ਤੇ ਜਸਟਿਸ ਐਮ.ਐਮ. ਸ਼ਾਂਤਨਾਗੂਡਰ ਦੇ ਬੈਂਚ ਅੱਗੇ ਪੇਸ਼ ਕੀਤੀ ਗਈ, ਜਿਸ ਨੇ ਇਸ ਨੂੰ ਰਿਕਾਰਡ ਉਤੇ ਲੈ ਲਿਆ। ਮਾਮਲੇ ਦੀ ਅਗਲੀ ਸੁਣਵਾਈ 6 ਮਾਰਚ ਨੂੰ ਹੋਵੇਗੀ।
ਗ਼ੌਰਤਲਬ ਹੈ ਕਿ 16 ਜਨਵਰੀ ਨੂੰ ਪਿਛਲੀ ਸੁਣਵਾਈ ਦੌਰਾਨ ਜਾਂਚ ਦੀ ਅਦਾਲਤੀ ਨਿਗਰਾਨੀ ਦੀ ਮੰਗ ਕਰਦੀ ਅਪੀਲ ਦੇ ਆਧਾਰ ਉਤੇ ਬੈਂਚ ਨੇ ਕੇਂਦਰ ਨੂੰ ਇਸ ਸਬੰਧੀ ਇਕ ‘ਵਿਸਥਾਰਤ ਰਿਪੋਰਟ’ ਪੇਸ਼ ਕਰਨ ਲਈ ਆਖਿਆ  ਸੀ। ਉਦੋਂ ਕੇਂਦਰ ਵੱਲੋਂ ਸਿੱਟ ਦਾ ਕੰਮ ‘ਜਾਰੀ ਹੋਣ’ ਦੀ ਗੱਲ ਆਖੀ ਗਈ ਸੀ, ਜਦੋਂ ਕਿ ਬੈਂਚ ਨੇ ਉਸ ਨੂੰ ਚਾਰ ਹਫ਼ਤਿਆਂ ਵਿੱਚ ਇਸ ਮਾਮਲੇ ਸਬੰਧੀ ਚੁੱਕੇ ਗਏ ਕਦਮਾਂ ਦਾ ਵੇਰਵਾ ਦੇਣ ਲਈ ਵੀ ਆਖਿਆ ਸੀ।
ਪਟੀਸ਼ਨਰ ਗੁਰਲਾਡ ਸਿੰਘ ਕਾਹਲੋਂ ਨੇ ਆਖਿਆ ਸੀ ਕਿ ਸਿੱਟ ਦੀ ਮਿਆਦ ਵਿੱਚ ਪਹਿਲਾਂ ਹੀ ਵਾਧਾ ਕੀਤਾ ਜਾ ਚੁੱਕਾ ਹੈ ਤੇ ਇਸ ਦੀ ਮਿਆਦ 17 ਫਰਵਰੀ ਨੂੰ ਪੁੱਗ ਰਹੀ ਸੀ। ਕੇਂਦਰ ਨੇ ਆਪਣੇ ਮੋੜਵੇਂ ਹਲਫ਼ਨਾਮੇ ਵਿੱਚ ਆਖਿਆ ਸੀ ਕਿ ਸਿੱਟ ਦੀ ਜਾਂਚ ਵਿੱਚ ‘ਅਹਿਮ ਪੇਸ਼ਕਦਮੀ’ ਹੋਈ ਹੈ ਅਤੇ 218 ਕੇਸਾਂ ਦੀ ਜਾਂਚ ਕਾਫ਼ੀ ਅੱਗੇ ਪੁੱਜ ਚੁੱਕੀ ਹੈ, ਜਦਕਿ ’22 ਕੇਸਾਂ ਦੀ ਮੁੜ ਜਾਂਚ’ ਦਾ ਫ਼ੈਸਲਾ ਲਿਆ ਗਿਆ ਹੈ।
ਗ਼ੌਰਤਲਬ ਹੈ ਕਿ ਸ੍ਰੀ ਕਾਹਲੋਂ ਜੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਨ, ਨੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਸੀ ਕਿ ਦੰਗਿਆਂ ਦੇ ਪੀੜਤਾਂ ਨੂੰ ਛੇਤੀ ਇਨਸਾਫ਼ ਦਿਵਾਉਣ ਲਈ ਮਾਮਲੇ ਦੀ ਜਾਂਚ ਵਾਸਤੇ ਸਿੱਟ ਕਾਇਮ ਕਰਨ ਦੇ ਹੁਕਮ ਦਿੱਤੇ ਜਾਣ। ਉਨ੍ਹਾਂ ਗ੍ਰਹਿ ਮੰਤਰਾਲੇ ਨੂੰ ਇਹ ਹਦਾਇਤ ਦੇਣ ਦੀ ਵੀ ਬੈਂਚ ਨੂੰ ਅਪੀਲ ਕੀਤੀ ਸੀ ਕਿ ਜਾਂਚ ਦਾ ਕੰਮ ਛੇ ਮਹੀਨਿਆਂ ਵਿੱਚ ਪੂਰਾ ਕੀਤਾ ਜਾਵੇ ਅਤੇ ਜਦੋਂ ਤੱਕ ਚਾਰਜਸ਼ੀਟਾਂ ਦਾਖ਼ਲ ਨਹੀਂ ਹੋ ਜਾਂਦੀਆਂ, ਜਾਂਚ ਸਬੰਧੀ ਸਮੇਂ-ਸਮੇਂ ਉਤੇ ਅਦਾਲਤ ਵਿੱਚ ਪ੍ਰਗਤੀ ਰਿਪੋਰਟ ਪੇਸ਼ ਕੀਤੀ ਜਾਵੇ। ਪਟੀਸ਼ਨਰ ਨੇ ਕਿਹਾ ਕਿ ਕੇਂਦਰ ਨੇ ਤਿੰਨ-ਮੈਂਬਰੀ ਸਿੱਟ 12 ਫਰਵਰੀ, 2015 ਨੂੰ ਕਾਇਮ ਕੀਤੀ ਸੀ ਤੇ ਇਸ ਦੀ ਮਿਆਦ ਵਿੱਚ ਇਕ ਸਾਲ ਦਾ ਵਾਧਾ ਕੀਤਾ ਗਿਆ ਸੀ। ਇਸ ਦੇ ਮੁਖੀ 1986 ਬੈਚ ਦੇ ਆਈਪੀਐਸ ਅਧਿਕਾਰੀ ਪ੍ਰਮੋਦ ਅਸਥਾਨਾ ਹਨ, ਜਦੋਂਕਿ ਰਿਟਾਇਰਡ ਜ਼ਿਲ੍ਹਾ ਤੇ ਸੈਸ਼ਨ ਜੱਜ ਰਾਕੇਸ਼ ਕਪੂਰ ਤੇ ਦਿੱਲੀ ਪੁਲੀਸ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਕੁਮਾਰ ਗਿਆਨੇਸ਼ ਮੈਂਬਰ ਹਨ।
ਗ਼ੌਰਤਲਬ ਹੈ ਕਿ 31 ਅਕਤੂਬਰ, 1984 ਨੂੰ ਮੌਕੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਉਨ੍ਹਾਂ ਦੇ ਸਿੱਖ ਸੁਰੱਖਿਆ ਗਾਰਡਾਂ ਨੇ ਕਤਲ ਕਰ ਦਿੱਤਾ ਸੀ। ਉਨ੍ਹਾਂ ਅਜਿਹਾ ਉਸੇ ਸਾਲ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚੋਂ ਦਹਿਸ਼ਤਗਰਦਾਂ ਦੇ ਖ਼ਾਤਮੇ ਲਈ ਭਾਰਤੀ ਫੌਜ ਵੱਲੋਂ ਕੀਤੇ ਅਪਰੇਸ਼ਨ ਬਲਿਊ ਸਟਾਰ ਦੇ ਵਿਰੋਧ ਵਜੋਂ ਕੀਤਾ ਸੀ। ਇਸ ਘਟਨਾ ਤੋਂ ਅਗਲੇ ਦਿਨ ਕੌਮੀ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਸਿੱਖ ਵਿਰੋਧੀ ਦੰਗੇ ਭੜਕੇ ਸਨ, ਜਿਨ੍ਹਾਂ ਵਿੱਚ 3000 ਤੋਂ ਵੱਧ ਸਿੱਖਾਂ ਦੀਆਂ ਜਾਨਾਂ ਜਾਂਦੀਆਂ ਰਹੀਆਂ ਸਨ। ਇਸ ਦੇ ਬਾਵਜੂਦ ਹਾਲੇ ਤੱਕ ਦੰਗਾ ਪੀੜਤਾਂ ਨੂੰ ਢੁਕਵਾਂ ਇਨਸਾਫ਼ ਨਹੀਂ ਮਿਲਿਆ। ਸ੍ਰੀਮਤੀ ਗਾਂਧੀ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਵਾਲੇ ਉਨ੍ਹਾਂ ਦੇ ਪੁੱਤਰ ਰਾਜੀਵ ਗਾਂਧੀ ਨੇ ਉਲਟਾ ਇਹ ਆਖ ਕੇ ਫ਼ਸਾਦੀਆਂ ਦੀ ਪਿੱਠ ਠੋਕੀ ਸੀ: ”ਕੋਈ ਵੱਡਾ ਦਰਖ਼ਤ ਡਿੱਗਦਾ ਹੈ, ਤਾਂ ਧਰਤੀ ਹਿੱਲਦੀ ਹੀ ਹੈ।” ਦੰਗਾ ਪੀੜਤ ਉਦੋਂ ਤੋਂ ਹੀ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ।