ਸੱਜਣ ਕੁਮਾਰ ਖ਼ਿਲਾਫ਼ ਦਰਜ ਕੇਸਾਂ ਦੇ ਸਮੇਂ ਬਾਰੇ ਜਾਣਕਾਰੀ ਦਿੱਤੀ ਜਾਵੇ : ਹਾਈ ਕੋਰਟ

ਸੱਜਣ ਕੁਮਾਰ ਖ਼ਿਲਾਫ਼ ਦਰਜ ਕੇਸਾਂ ਦੇ ਸਮੇਂ ਬਾਰੇ ਜਾਣਕਾਰੀ ਦਿੱਤੀ ਜਾਵੇ : ਹਾਈ ਕੋਰਟ

ਨਵੀਂ ਦਿੱਲੀ/ਬਿਊਰੋ ਨਿਊਜ਼ :
ਦਿੱਲੀ ਹਾਈ ਕੋਰਟ ਨੇ ਦਿੱਲੀ ਦੇ ਸਿੱਖ ਕਤਲੇਆਮ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿੱਟ) ਨੂੰ ਦੰਗਿਆਂ ਸਬੰਧੀ ਕਾਂਗਰਸ ਆਗੂ ਸੱਜਣ ਕੁਮਾਰ ਖ਼ਿਲਾਫ਼ ਦਾਇਰ ਵੱਖ-ਵੱਖ ਕਤਲ ਕੇਸਾਂ ਦੇ ਸਮੇਂ ਬਾਰੇ ਜਾਣਕਾਰੀ ਦੇਣ ਲਈ ਆਖਿਆ ਹੈ। ਇਹ ਹੁਕਮ ਜਸਟਿਸ ਐਸ.ਪੀ. ਗਰਗ ਦੀ ਅਦਾਲਤ ਨੇ ਜਾਰੀ ਕੀਤੇ ਹਨ। ਬੈਂਚ ਨੇ ਆਪਣੇ ਹੁਕਮਾਂ ਵਿੱਚ ਆਖਿਆ, ”ਤੁਸੀਂ (ਸਿੱਟ) ਨੇ ਲਾਜ਼ਮੀ ਮੁਦਾਇਲਾ (ਸੱਜਣ ਕੁਮਾਰ) ਦੀ ਸ਼ਮੂਲੀਅਤ ਵਾਲੇ ਕੇਸਾਂ ਦੀ ਜਾਂਚ ਕੀਤੀ ਹੋਵੇਗੀ। ਇਸ ਕਾਰਨ, ਤੁਹਾਨੂੰ ਲਾਜ਼ਮੀ ਉਸ ਤੇ ਹੋਰਨਾਂ ਖ਼ਿਲਾਫ਼ ਇਸ ਸਬੰਧੀ ਦਰਜ ਐਫ਼ਆਈਆਰਜ਼ ਦੇ ਸਮੇਂ ਦਾ ਪਤਾ ਹੋਵੇਗਾ।” ਕੇਸ ਦਰਜ ਹੋਣ ਦੇ ਸਮੇਂ ਦੀ ਮੰਗ ਇਸ ਕਾਰਨ ਕੀਤੀ ਗਈ ਹੈ ਕਿਉਂਕਿ ਸੱਜਣ ਕੁਮਾਰ ਸਿੱਖ ਵਿਰੋਧੀ ਕਤਲੇਆਮ ਦੇ ਅਨੇਕਾਂ ਕੇਸਾਂ ਵਿੱਚ ਮੁਲਜ਼ਮ ਹੈ ਅਤੇ ਅਦਾਲਤ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਕੋਈ ਇਕ ਬੰਦਾ ਇੰਨੇ ਕੇਸਾਂ ਵਿੱਚ ਕਿਵੇਂ ਸ਼ਾਮਲ ਹੋ ਸਕਦਾ ਹੈ। ਅਦਾਲਤ ਨੇ ਸਿੱਟ ਨੂੰ ਹੇਠਲੀ ਅਦਾਲਤ ਦੇ ਉਸ ਫ਼ੈਸਲੇ ਦੀ ਕਾਪੀ ਵੀ ਦੇਣ ਲਈ ਆਖਿਆ ਹੈ, ਜਿਸ ਰਾਹੀਂ ਮੁਲਜ਼ਮ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਸੀ। ਅਦਾਲਤ ਨੇ ਸੱਜਣ ਕੁਮਾਰ ਤੇ ਹੋਰਨਾਂ ਮੁਲਜ਼ਮਾਂ ਖ਼ਿਲਾਫ਼ ਇਸ ਸਬੰਧੀ ਦਾਖ਼ਲ ਚਾਰਜਸ਼ੀਟ ਵੀ ਪੇਸ਼ ਕਰਨ ਲਈ ਆਖਿਆ ਹੈ।
ਅਦਾਲਤ ਨੇ ਹੁਕਮ ਦਿੱਤਾ ਕਿ ਇਹ ਸਾਰੇ ਦਸਤਾਵੇਜ਼ ਮਾਮਲੇ ਦੀ ਸੁਣਵਾਈ ਦੀ ਅਗਲੀ ਤਰੀਕ 14 ਮਾਰਚ ਨੂੰ ਪੇਸ਼ ਕੀਤੇ ਜਾਣ। ਸਿੱਟ ਨੂੰ ਇਹ ਹੁਕਮ ਉਦੋਂ ਦਿੱਤੇ ਗਏ, ਜਦੋਂ ਇਹ ਸੱਜਣ ਕੁਮਾਰ ਖ਼ਿਲਾਫ਼ ਦਰਜ 10 ਐਫ਼ਆਈਆਰਜ਼ ਵਿਚੋਂ ਦੋ ਦਾ ਸਮਾਂ ਦੱਸਣ ਵਿੱਚ ਨਾਕਾਮ ਰਹੀ। ਸਿੱਟ ਵੱਲੋਂ ਅਦਾਲਤ ਵਿੱਚ ਪੇਸ਼ ਐਡੀਸ਼ਨਲ ਸਾਲਿਸਟਰ ਜਨਰਲ (ਏਐਸਜੀ) ਸੰਜੇ ਜੈਨ ਨੇ ਅਦਾਲਤ ਨੂੰ ਦੱਸਿਆ ਕਿ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਪਿੱਛੋਂ ਹੋਏ ਕਤਲੇਆਮ ਸਬੰਧੀ ਮੁਲਜ਼ਮ ਖ਼ਿਲਾਫ਼ ਦਿੱਲੀ ਵਿੱਚ 10 ਐਫ਼ਆਈਆਰਜ਼ ਦਰਜ ਕੀਤੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਸਾਰੀਆਂ ਐਫ਼ਆਈਆਰਜ਼ ਦਾ ਸਮਾਂ ਵੱਖੋ-ਵੱਖਰਾ ਹੈ, ਜਿਸ ਤੋਂ ਮੁਲਜ਼ਮ ਦੀ ਮਾਮਲਿਆਂ ਵਿੱਚ ਸ਼ਮੂਲੀਅਤ ਦਾ ਪਤਾ ਲੱਗਦਾ ਹੈ। ਗ਼ੌਰਤਲਬ ਹੈ ਕਿ ਬੈਂਚ ਵੱਲੋਂ ਮੁਲਜ਼ਮ ਨੂੰ ਤਿੰਨ ਸਿੱਖਾਂ ਦੇ ਕਤਲ ਕੇਸ ਵਿੱਚ ਹੇਠਲੀ ਅਦਾਲਤ ਵੱਲੋਂ ਬੀਤੀ 21 ਦਸੰਬਰ ਨੂੰ ਦਿੱਤੀ ਅਗਾਊਂ ਜ਼ਮਾਨਤ ਰੱਦ ਕਰਨ ਸਬੰਧੀ ਸੁਣਵਾਈ ਕੀਤੀ ਜਾ ਰਹੀ ਹੈ।