ਹੋਟਲ ਵਿੱਚ ਅੱਗ ਲੱਗਣ ਦੌਰਾਨ ਧੋਨੀ ਤੇ ਹੋਰ ਖਿਡਾਰੀ ਵਾਲ ਵਾਲ ਬਚੇ

ਹੋਟਲ ਵਿੱਚ ਅੱਗ ਲੱਗਣ ਦੌਰਾਨ ਧੋਨੀ ਤੇ ਹੋਰ ਖਿਡਾਰੀ ਵਾਲ ਵਾਲ ਬਚੇ

ਨਵੀਂ ਦਿੱਲੀ/ਬਿਊਰੋ ਨਿਊਜ਼ :
ਝਾਰਖੰਡ ਕ੍ਰਿਕਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਤੇ ਟੀਮ ਦੇ ਹੋਰ ਮੈਂਬਰ ਇਥੇ ਦੁਆਰਕਾ ਦੇ ਪੰਜ ਤਾਰਾ ਹੋਟਲ ਨੂੰ ਲੱਗੀ ਦੌਰਾਨ ਵਾਲ ਵਾਲ ਬਚ ਗਏ। ਝਾਰਖੰਡ ਦੀ ਟੀਮ ਇਥੇ ਬੰਗਾਲ ਖ਼ਿਲਾਫ਼ ਵਿਜੈ ਹਜ਼ਾਰੇ ਟਰਾਫ਼ੀ ਦਾ ਸੈਮੀ ਫਾਈਨਲ ਮੁਕਾਬਲਾ ਖੇਡਣ ਲਈ ਆਈ ਸੀ। ਝਾਰਖੰਡ ਦੀ ਟੀਮ ਹੋਟਲ ਵਿੱਚ ਠਹਿਰੀ ਹੋਈ ਸੀ। ਘਟਨਾ ਮਗਰੋਂ ਸੈਮੀ ਫਾਈਨਲ ਮੁਕਾਬਲੇ ਇਕ ਦਿਨ ਅੱਗੇ ਪਾ ਦਿੱਤਾ ਗਿਆ ਕਿਉਂਕਿ ਖਿਡਾਰੀਆਂ ਦੀ ਕਿੱਟ ਹੋਟਲ ਵਿੱਚ ਰਹਿ ਗਈ ਸੀ। ਪਾਲਮ ਦੇ ਏਅਰਫੋਰਸ ਮੈਦਾਨ ‘ਤੇ ਖੇਡਿਆ ਜਾਣ ਵਾਲਾ ਇਹ ਮੁਕਾਬਲਾ ਫ਼ਿਰੋਜ਼ਸ਼ਾਹ ਕੋਟਲਾ ਮੈਦਾਨ ‘ਤੇ ਹੋਇਆ।
ਜਾਣਕਾਰੀ ਅਨੁਸਾਰ ਆਈਟੀਸੀ ਵੈਲਕਮ ਹੋਟਲ ਨੂੰ ਜਦੋਂ ਅੱਗ ਲੱਗੀ, ਉਦੋਂ ਧੋਨੀ ਤੇ ਉਨ੍ਹਾਂ ਦੀ ਟੀਮ ਦੇ ਮੈਂਬਰ ਨਾਸ਼ਤਾ ਕਰ ਰਹੇ ਸਨ। ਉਨ੍ਹਾਂ ਨੂੰ ਫ਼ੌਰੀ ਹੰਗਾਮੀ ਹਾਲਾਤ ਵਿੱਚ ਉਥੋਂ ਬਾਹਰ ਕੱਢਿਆ ਗਿਆ। ਪੁਲੀਸ ਸੂਤਰਾਂ ਮੁਤਾਬਕ ਹੋਟਲ ਵਿੱਚ ਲਗਭਗ 540 ਮਹਿਮਾਨ ਮੌਜੂਦ ਸਨ। ਬੀਸੀਸੀਆਈ ਨੇ ਇਕ ਬਿਆਨ ਜਾਰੀ ਕਰਕੇ ਸਾਰੇ ਅਧਿਕਾਰੀਆਂ ਤੇ ਖਿਡਾਰੀਆਂ ਦੇ ਸੁਰੱਖਿਅਤ ਹੋਣ ਦੀ ਪੁਸ਼ਟੀ ਕੀਤੀ ਹੈ। ਦਿੱਲੀ ਫਾਇਰ ਬ੍ਰਿਗੇਡ ਦੇ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ ਸਾਢੇ ਛੇ ਵਜੇ ਹੋਟਲ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ ਅਤੇ 30 ਅੱਗ ਬੁਝਾਊ ਗੱਡੀਆਂ ਨੇ ਪੌਣੇ ਦਸ ਵਜੇ ਦੇ ਕਰੀਬ ਅੱਗ ‘ਤੇ ਕਾਬੂ ਪਾਇਆ। ਉਂਜ ਅੱਗ ਲੱਗਣ ਦੇ ਕਾਰਨਾਂ ਅਜੇ ਪਤਾ ਨਹੀਂ ਲੱਗਾ। ਤਾਮਿਲ ਨਾਡੂ ਤੇ ਝਾਰਖੰਡ ਦੀਆਂ ਟੀਮਾਂ ਨੇ ਹੋਟਲ ਦੇ ਲਗਭਗ 31 ਕਮਰੇ ਬੁੱਕ ਕਰਵਾਏ ਹੋਏ ਸਨ। ਇਸ ਦੌਰਾਨ ਹੋਟਲ ਨੇ ਬਿਆਨ ਜਾਰੀ ਕਰਦਿਆਂ ਦਾਅਵਾ ਕੀਤਾ ਹੈ ਕਿ ਅੱਗ ਹੋਟਲ ਵਿੱਚ ਨਹੀਂ ਬਲਕਿ ਨਾਲ ਲਗਦੇ ਸ਼ੋਪਿੰਗ ਮਾਲ ਵਿਚ ਲੱਗੀ ਸੀ ਤੇ ਖਿਡਾਰੀਆਂ ਤੇ ਅਧਿਕਾਰੀਆਂ ਨੂੰ ਇਹਤਿਆਤ ਵਜੋਂ ਹੋਟਲ ਵਿਚੋਂ ਬਾਹਰ ਲਿਜਾਇਆ ਗਿਆ।