ਮੁਕਾਬਲੇ ‘ਚ ਮਾਰੇ ਗਏ 12 ਜਵਾਨਾਂ ਦੇ ਪਰਿਵਾਰਾਂ ਦੀ ਮਦਦ ਕਰੇਗੀ ਸਾਇਨਾ ਨੇਹਵਾਲ
ਨਵੀਂ ਦਿੱਲੀ/ਬਿਊਰੋ ਨਿਊਜ਼ :
ਲੰਡਨ ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਸਾਇਨਾ ਨੇਹਵਾਲ ਨੇ ਛੇ ਲੱਖ ਰੁਪਏ (ਇੱਕ ਨੂੰ 50 ਹਜ਼ਾਰ ਰੁਪਏ) ਸੀਆਰਪੀਐਫ ਦੇ ਉਨ੍ਹਾਂ 12 ਜਵਾਨਾਂ ਦੇ ਪਰਿਵਾਰਾਂ ਨੂੰ ਦੇਣ ਦਾ ਫ਼ੈਸਲਾ ਕੀਤਾ ਹੈ, ਜਿਹੜੇ ਪਿਛਲੇ ਹਫ਼ਤੇ ਛੱਤੀਸਗੜ੍ਹ ਵਿੱਚ ਹੋਏ ਮੁਕਾਬਲੇ ਵਿੱਚ ਮਾਰੇ ਗਏ ਸਨ। ਸਾਇਨਾ 27 ਸਾਲ ਦੀ ਹੋ ਗਈ ਹੈ। ਉਸ ਨੇ ਕਿਹਾ ਕਿ ਪਿਛਲੇ ਹਫ਼ਤੇ ਜੋ ਕੁਝ ਹੋਇਆ ਉਸ ਨਾਲ ਉਸ ਨੂੰ ਕਾਫ਼ੀ ਦੁਖ ਹੋਇਆ ਹੈ। ਉਸ ਨੇ ਕਿਹਾ ਕਿ ਇਹ ਉਨ੍ਹਾਂ ਪਰਿਵਾਰਾਂ ਦੀ ਛੋਟੀ ਜਿਹੀ ਮਦਦ ਹੈ, ਜਿਨ੍ਹਾਂ ਨੇ ਇੰਨਾ ਵੱਡਾ ਦੁੱਖ ਝੱਲਿਆ ਹੈ। ਸਾਇਨਾ ਨੇ ਬੰਗਲੌਰ ਵਿੱਚ ਗੱਲਬਾਤ ਕਰਦਿਆਂ ਕਿਹਾ, ‘ਮੇਰਾ ਦਿਲ ਉਨ੍ਹਾਂ ਜਵਾਨਾਂ ਲਈ ਦੁਖੀ ਹੈ, ਜਿਹੜੇ ਸਾਡੀ ਰੱਖਿਆ ਲਈ ਆਪਣੀ ਜਾਨ ਦਾਅ ‘ਤੇ ਲਾਉਂਦੇ ਹਨ। ਮੈਂ ਉਨ੍ਹਾਂ ਜਵਾਨਾਂ ਨੂੰ ਵਾਪਸ ਤਾਂ ਨਹੀਂ ਲਿਆ ਸਕਦੀ, ਜਿਨ੍ਹਾਂ ਨੇ ਛੱਤੀਸਗੜ੍ਹ ਵਿੱਚ ਆਪਣੀ ਜਾਨ ਗਵਾਈ, ਪਰ ਮੈਂ ਛੋਟੀ ਜਿਹੀ ਰਾਸ਼ੀ ਦੇ ਰੂਪ ਵਿੱਚ ਛੇ ਲੱਖ ਰੁਪਏ ਦੇਣਾ ਚਾਹੁੰਦੀ ਹਾਂ’ ਅਦਾਕਾਰ ਅਕਸ਼ੈ ਕੁਮਾਰ ਨੇ ਵੀ ਸੁਕਮਾ ਮੁਕਾਬਲੇ ਵਿੱਚ ਮਾਰੇ ਗਏ ਸੀਆਰਪੀਐਫ ਦੇ 12 ਜਵਾਨਾਂ ਦੇ ਪਰਿਵਾਰਾਂ ਲਈ 1.08 ਕਰੋੜ ਰੁਪਏ ਦਿੱਤੇ ਸਨ।
Comments (0)